ਕਵਿਤਾ/ਸਵਾਗਤ ਗੁਰੂ ਨਾਨਕ ਦੇਵ ਜੀ/ਚਰਨਜੀਤ ਸਿੰਘ ਪੰਨੂ ਕੈਲੀਫੋਰਨੀਆ

ਧੰਨਭਾਗ ! ਜੀ ਆਇਆਂ ਨੂੰ।
ਆਓ ਮੇਰੇ ਨਾਨਕ ਜੀ।
ਜੰਮ ਜੰਮ ਆਓ, ਫੇਰਾ ਪਾਓ ਜਲਦੀ,
ਨਿੱਘਰਦੀ ਜਾਂਦੀ ਧਰਤੀ ਤੇ।
ਬਹੁ-ਪੱਖੀ ਵੀਜ਼ੇ ਨੇ ਸਾਰੇ ਤੁਹਾਡੇ ਕੋਲ।
ਤੁਹਾਨੂੰ ਪ੍ਰਯੋਜਿਕ ਦੀ ਲੋੜ ਨਹੀਂ।
ਅਮਰੀਕਾ ਕੈਨੇਡਾ ਚਰਨ ਪਾਓ।
ਸਮੁੰਦਰੀ ਜਹਾਜ਼/ ਕਾਰਗੋ ਵਿਚ ਨਹੀਂ!
ਉਡਣ-ਖਟੋਲੇ ਦੀਆਂ ਚਾਬੀਆਂ,
ਤੁਹਾਡੇ ਅੰਗ ਸੰਗ ਕਹਿਣਗੀਆਂ।
ਸੋਧਣ ਵਾਲੀ ਹੋ ਗਈ ਫੇਰ ਧਰਤ ਲੋਕਾਈ।
ਲੱਖਾਂ ਆਗਾਸ ਪਤਾਲ ਬ੍ਰਹਿਮੰਡ ਘੁੰਮਣੇ ਨੇ।
ਖ਼ੂਨ ਪੀਣੇ ਮਲਕ ਭਾਗੋਆਂ ਨੂੰ ਮਿਲਾਵਾਂਗਾ,
ਸੱਜਣ ਠਗਾਂ ਨੂੰ ਨੰਗਾ ਕਰਾਵਾਂਗਾ,
ਵਲੀ ਕੰਧਾਰੀ ਤੁਹਾਡੇ ਚਰਨੀਂ ਪਵੇਗਾ।
ਭੂਮੀਏਂ ਚੋਰ ਵੀ ਮਿਲਣਗੇ ਇੱਥੇ,
ਜੋ ਦਸਾਂ ਨਹੁੰਆਂ/ਉਂਗਲਾਂ ਦੀ ਕਿਰਤ ਕਰਕੇ,
ਮਾਲ ਲੁੱਟਦੇ ਪੰਡਾਂ ਬੰਨ੍ਹ ਲੈਂਦੇ ਨੇ,
ਲੂਣਾ ਸਲੂਣਾ ਦਾਰੂ ਮੁਰਗ਼ਾ ਚੱਟਮ ਕਰਕੇ,
ਥਾਲ਼ੀ ਵਿਚ ਛੇਕ ਕਰਦੇ ਨੇ,
ਤੇ ਸਭ ਕੁੱਝ ਉਠਾ ਲੈ ਜਾਂਦੇ ਨੇ ਥਾਲ਼ੀ ਸਮੇਤ।
ਊੜਾ ਐੜਾ ਅੰਗਰੇਜ਼ੀ ਸਪੇਨੀ ਬਹੁ-ਭਾਸ਼ਾਈ,
ਕਲਾਸਾਂ ਲੱਗਦੀਆਂ ਨੇ ਮਦਰਸਿਆਂ ਵਿਚ।
ਪੰਡਿਤ ਮੁੱਲਾਂ ਮੌਲਵੀ ਜਾਣਦੇ ਸਾਰੇ,
ਮੁਨਸ਼ੀ ਪੜ੍ਹਾਕੂ ਨੂੰ ਤੇ ਬੱਚੇ ‘ਸਰ’ ਨੂੰ
ਸਬਕ ਸਿਖਾਉਂਦੇ ਨੇ ਹੁਣ।
ਤੁਹਾਡਾ ਲਾਇਆ ਸਿੱਖੀ ਦਾ ਬੂਟਾ,
ਪ੍ਰਫੁਲਿਤ ਹੋ ਰਿਹਾ ਸਾਰੀ ਦੁਨੀਆ ਤੇ,
ਸ਼ਾਨ ਵਧਾ ਰਿਹਾ ਸਿੱਖੀ ਫੁਲਵਾੜੀ ਦੀ।
ਤੁਹਾਡੇ ਕਰ ਕਮਲਾਂ ਨਾਲ,
ਨਿੱਤ ਨਵੇਂ ਉੱਸਰਦੇ ਰੱਬ ਦੇ ਨਵੇਂ ਘਰ,
ਮੰਦਰ ਗੁਰਦੁਆਰਿਆਂ ਦੇ,
ਨੀਂਹ ਪੱਥਰ ਰਖਾਵਾਂਗਾ ਕੀਰਤੀ ਕਮਾਵਾਂਗਾ।
ਲਾਲੋਆਂ ਦੀ ਕੋਧਰਾ ਰੋਟੀ ਵਿਚੋਂ ਦੁੱਧ ਵਗਾ ਕੇ,
ਟੀ ਵੀ ਅਖ਼ਬਾਰਾਂ ਵਿਚ ਫ਼ੋਟੋ ਕਢਾਵਾਂਗਾ।
ਸੋਸ਼ਲ ਮੀਡੀਆ ਵੀ ਆਪਣਾਹੈ।
ਕਿਰਤ ਕਰਨ ਦੀ ਫ਼ਿਲਾਸਫ਼ੀ ਪ੍ਰਚਾਰਾਂਗਾ।
ਪੰਥ ਨੂੰ ਦਰਪੇਸ਼ ਮਸਲੇ ਨੇ ਬੜੇ ਇੱਥੇ,
ਤੁਹਾਡੇ ਵਿਚਾਰ ਗੋਚਰੇ।
ਤੱਪੜ ਨਹੀਂ ਮਿਲਦੇ ਪੰਗਤ ਵਾਸਤੇ,
ਪੈਂਟ ਕੋਟ ਦੀ ਕਰੀਜ਼ ਟੁੱਟਣ ਦਾ ਖ਼ਤਰਾ ਹੈ,
ਫਾਸਟ ਫੂਡ ਕੜਾਹ ਪੂਰੀ ਪੀਜ਼ਾ ਬਰੰਗੀ,
ਮੇਜ਼ ਸੋਫ਼ੇ ਕੁਰਸੀਆਂ ਤੇ ਵਰਤੇਗੀ।
ਸਮਾਰਟ ਡਰੱਗ ਵਰਤਾਵਾਂਗਾ, ਸਿਰ ਫੇਰਾਂਗਾ,
ਦੁਨੀਆ ਘੁਮਾਵਾਂਗਾ, ਕਰਾਮਾਤ ਦਿਖਾਵਾਂਗਾ।
ਮੈਰਾਥਨ ਦੌੜ ਦਾ ਮੋਢੀ ਬਣਾਵਾਂਗਾ ਤੁਹਾਨੂੰ।
ਮਾਨਵਤਾ ਪੈਗ਼ਾਮ ਦੂਰ ਦੂਰ ਪਹੁੰਚਾਵਾਂਗਾ।
ਗਲੋਬਲ ਪਿੰਡ ਭਰਮਣ ਕਰ ਕੇ,
ਉਦਾਸੀਆਂ ਲਾ ਕੇ ਚਾਰ ਚੁਫੇਰੇ,
ਤੁਹਾਡੇ ਪੈਰਾਂ ਵਿਚ ਬਿਆਈਆਂ
ਨਹੀਂ ਪਾਟਣਗੀਆਂ।
ਫ਼ਸਟ ਏਡ ਬਕਸਾ ਕਰੀਮ ਬੈਂਡ-ਏਡ,
ਨਾਲ ਰਹਿਣਗੇ ਤੁਹਾਡੇ ਹੈਂਡ ਬੈਗ ਵਿਚ।
ਅਣਗਿਣਤ ਬਾਲੇ ਤੇ ਮਰਦਾਨੇ,
ਸਿੱਖਿਅਤ ਕੀਰਤਨੀਏ ਕਥਾਕਾਰ,
ਰਾਹਦਾਰੀ ਲੈਣ ਲਈ ਤੁਹਾਡੇ ਜਥੇ ਵਿਚ,
ਤੁਹਾਡੇ ਸੱਜੇ ਖੱਬੇ ਚੌਰ ਝੁਲਾਉਣਗੇ,
ਗਲ ਵਿਚ ਪੱਲਾ ਪਾ ਪਰਿਕਰਮਾ ਕਰਨਗੇ,
ਗਤਕਾ ਖੇਡਣਗੇ, ਰਬਾਬ ਵਜਾਉਣਗੇ।
ਉਨ੍ਹਾਂ ਦੀ ਰਾਖੀ ਕਰਨੀ ਪਵੇਗੀ ਪਰ,
ਕਬੂਤਰ ਬਣ ਕੇ ਨਾ ਉੱਡ ਜਾਣ ਕਿਤੇ।
ਕੰਪਿਊਟਰ ਤੋਂ ਦੂਰ-ਵਰਤੀ ਕਬਜ਼ਾ,
ਸਮਾਜਿਕ ਕੁਰੀਤੀਆਂ ਤੋਂ ਸੁਰੱਖਿਆ,
ਧਰਮ-ਸੰਕਟ ਕਸ਼ਟ-ਨਿਵਾਰਕ ਸ਼ਬਦ,
ਤੁਹਾਡੇ ਅੰਗ ਸੰਗ ਰਹਿਣਗੇ।
ਬੰਗਲੇ ‘ਚ ਕਊਚ ਤੇ ਬੈਠੇ,
ਸਾਰੀ ਦੁਨੀਆ ਦੀਆਂ ਤੜਾਵਾਂ,
ਤੁਹਾਡੀ ਮਾਊਸ ਵਿਚ ਹੋਣਗੀਆਂ।
ਸੱਚੇ ਸੌਦੇ ਦੀ ਪਿਰਤ ਪੰਗਤ ਬਠਾਉਗੇ।
ਲੰਗਰ ਲਗਾਉਗੇ, ਮੁਫ਼ਤ ਫੂਡ ਛਕਾਉਗੇ।
ਪਾਸਕੂ ਰਹਿਤ ਤੱਕੜੀ ਤੋਲੋਗੇ।
ਹੋਮ-ਲੈੱਸ ਭੁੱਖਿਆਂ ਲਈ,
ਨਵਾਬ ਦੇ ਮੋਦੀ ਖ਼ਾਨੇ ਤੇਰਾਂ ਤੇਰਾ ਬੋਲੋਗੇ।
ਮੱਝਾਂ ਚਰਾਉਗੇ ਬਿਗਾਨੇ ਖੇਤੀਂ,
ਫਨੀਅਰ ਸੱਪ ਤੋਂ ਛਾਂ ਕਰਵਾਉਗੇ।
ਉੱਜੜੀ ਖੇਤੀ ਹਰੀ ਭਰੀ ਦਿਖਾਉਗੇ,
ਰਾਏ ਬੁਲਾਰ ਨੂੰ ਭਰਮਾਉਗੇ, ਨਿਵਾਉਗੇ।
ਭੁੱਖ ਜੰਗ ਮੰਦਹਾਲੀ ਝਗੜੇ ਵਾਲੇ,
ਬਗ਼ਦਾਦ ਮਦੀਨੇ ਹੁਣ ਨਹੀਂ ਜਾਣਾ,
ਮੱਕਾ ਹੁਣ ਨਹੀਂ ਘੁੰਮਦਾ,
ਸਾਇੰਸ ਕਾਟੋ ਵੱਸ ਗਈ ਉੱਥੇ।
ਭੰਡ ਨੂੰ ਮਾਰੇ ਨਾ ਮੰਦਾ ਬੋਲੇ ਕੋਈ,
ਭੰਡ ਨੂੰ ਭੰਡ ਆਪੇ ਮਾਰੀ ਦੁਰਕਾਰੀ ਜਾਏ,
ਵੱਡੀ ਮੱਛੀ ਛੋਟੀ ਨੂੰ ਖਾਏ।
ਪਾਪ ਦੀ ਜੰਜ, ਦਾਜ ਦੇ ਲੋਭੀ,
ਨਸ਼ਿਆਂ ਦੇ ਵਪਾਰੀ ਕੁੜੀ ਮਾਰ ਨੜੀ ਮਾਰ,
ਮਾਣਸ ਖਾਣੇ ਥਾਂ ਥਾਂ ਫਿਰਦੇ,
ਸ਼ਰਮ ਧਰਮ ਦੀ ਓੜ ਕੇ ਲੋਈ।
ਸੋਨੇ ਕੰਗਣ ਕੈਂਠੇ ਗਲ ਹੀਰਿਆਂ ਦੀ ਮਾਲਾ,
ਕੰਨ ਪੜਵਾ ਕੇ ਭੇਸ ਵਟਾਈ ਮਖੌਟੇ ਪਾਈ,
ਨਜੂਮੀ ਨਾਥ ਜੋਗੀ ਨਕਲੀ ਕੁਸੰਤ ਭੇਖੀ,
ਭਵਿੱਖ ਸਵਾਰਦੇ ਰਿੱਧੀਆਂ ਸਿੱਧੀਆਂ ਦੱਸਦੇ,
ਰੂਹਾਨੀ ਜਾਮ ਪਿਲਾਉਂਦੇ,
ਪ੍ਰਵਚਨ ਕਰਦੇ, ਕਲਗ਼ੀ ਮੁਕਟ ਸਜਾਈ।
ਧੂਣੀਆਂ ਲਗਾਈ ਬੈਠੇ ਡੇਰੇ ਜਮਾਈ।
ਤਮ੍ਹਾ ਲਾਲਚ ਨਫ਼ਰਤ ਈਰਖਾ,
ਸੜਦੇ ਤੇਲ ਕੜਾਹੇ ਆਤੰਕਵਾਦ ਵਾਲੇ,
ਅਗਿਆਨਤਾ ਵਾਲੇ, ਮਹਿੰਗਾਈ ਭ੍ਰਿਸ਼ਟਾਚਾਰੀ,
ਦਨਦਨਾਉਂਦੇ ਦੰਦ ਦਿਖਾ ਰਹੇ ਨੇ,
ਦੈਂਤ ਕੌਡੇ ਰਾਖਸ਼ ਮੂੰਹ ਅੱਡੀ ਖੜ੍ਹੇ।
ਦੁਨੀਆ ਨੂੰ ਉਂਗਲਾਂ ਤੇ ਨਚਾਉਂਦੇ,
ਥਾਂ ਥਾਂ ਪੰਗਾ ਲੈਂਦੇ ਚਵਾਤੀਆਂ ਲਗਾਉਂਦੇ,
ਕਸਾਈ ਰਾਜੇ ਸ਼ੀਂਹ ਨੂੰ ਮਿਲਾਵਾਂਗਾ ਇੱਥੇ।
ਨਵੇਂ ਸ਼ਾਸਕ ਟਰੰਪ ਨੂੰ ਮਿਲਾਵਾਂਗਾ,
ਬਦਲ ਜਾਏ ਉਸ ਦੀ ਵਿਉਂਤਬੰਦੀ ਸ਼ਾਇਦ,
ਉਸ ਦਾ ਤਪਦਾ ਖੂਨ-ਪਿਆਸਾ ਹਿਰਦਾ,
ਸ਼ਾਂਤ ਹੋ ਜਾਏ ਤੁਹਾਡੇ ਰੂਹਾਨੀ ਦਰਸ਼ਨ ਕਰ ਕੇ,
ਤੁਹਾਡੇ ਪ੍ਰਵਚਨ ਉਪਦੇਸ਼ ਨੂੰ ਕੰਨੀਂ ਪਾ ਕੇ।
ਜਾਬਰ ਬਾਬਰ ਵਾਲੀ ਚੱਕੀ ਨਹੀਂ ਚੱਲਣੀ ਆਪੇ,
ਹੱਥੀਂ ਪੀਹਣਾ ਪੈਣਾ ਹੁਣ ਆਟਾ।
ਪਾਪ ਦੇ ਸੋਹਲੇ ਲਿਖਣ ਗਾਉਣ ਵਾਲੇ,
ਚੜ੍ਹਦੇ ਨੇ ਸੂਲੀ ਫਾਂਸੀ ਦੇਸ਼ ਨਿਕਾਲੇ।
ਕਰਨੀ ਪੈਣੀ ਗੁਰੀਲਾ ਗੁੰਗੀ ਕਲਮੀ ਵਾਰ,
ਉੱਡਣ ਤਸ਼ਤਰੀਆਂ ਤੇ ਅਗਨ ਬਾਣ,
ਕਰਨੇ ਠੰਢੇ ਲਿਖਤਾਂ ਨਾਲ ਪ੍ਰੇਰਨਾ ਨਾਲ।
ਰੱਬੀ ਬਾਣੀ ਗੰਢਾਂ ਵਿਚ ਬੰਨ੍ਹ ਕੇ,
ਸੂਰਜ ਨੂੰ ਬੁੱਕਲ ਵਿਚ ਲੈਣ ਵਾਂਗ,
ਲੁਕਾ ਕੇ ਰੱਖਦੇ ਬੰਦਸ਼ਾਂ ਵਿਚ।
ਧੂਫ਼ ਦਿੰਦੇ ਮੱਥਾ ਟੇਕਦੇ,
ਪੂਜਾ ਦਾ ਵੱਲ ਸਿਖਾਉਂਦੇ ਆਲੰਬੜਦਾਰ,
ਅੱਖਰ ਸ਼ਬਦ ਅਰਥ ਤੋਂ ਕੋਰੇ ਅਗਿਆਨੀ।
ਆਓ, ਛੇਤੀ ਆਓ, ਖੋਲ੍ਹ ਦਿਓ ਸਾਰੀਆਂ ਗੰਢਾਂ।
ਗੁਰੂ ਗ੍ਰੰਥ ਸਾਹਿਬ ਤੇ ਗੁਰਧਾਮਾਂ ਦੇ,
ਖੁੱਲ੍ਹੇ ਦਰਸ ਦੀਦਾਰ ਮੈਂ ਚਾਹਵਾਂ।
ਦਰਸ਼ਨ ਦੀਜੈ ਖੋਲ੍ਹ ਕਿਵਾੜ।
ਇਨਸਾਨੀਅਤ ਪਿਆਰ, ਸਾਂਝੀਵਾਲਤਾ ਸੰਦੇਸ਼,
ਏਕ ਨੂਰ, ਏਕ ਪਿਤਾ ਏਕਸ ਦੇ ਹਮ ਬਾਰਕ,
ਚਾਰੇ ਕੂਟਾਂ ਵੱਲ ਘਰ ਘਰ ਪਹੁੰਚਾਵਾਂ।
ਮੁਆਫ਼ ਕਰੀਂ, ਮੈਂ ਬੰਦਾ ਤੇਰਾ ਭੁੱਲਣ ਹਾਰ,
ਨਾ ਮੰਦੇ ਸ਼ਬਦ ਕਹਾਈਂ ਮੈਥੋਂ,
ਸੋਈ ਕਰਾਈਂ, ਸੋਈ ਕਹਾਈਂ ਜੋ ਤੈਨੂੰ ਭਾਵੇ,
ਨਾ ਮੰਦੇ ਕਰਮ ਕਰਾਈਂ ਨਿਮਾਣੇ ਪੰਨੂ ਕੋਲੋਂ।(ਚਰਨਜੀਤ ਸਿੰਘ ਪੰਨੂ ਕੈਲੀਫੋਰਨੀਆ)

ਸਾਂਝਾ ਕਰੋ

ਪੜ੍ਹੋ

ਸੁਪਰੀਮ ਕੋਰਟ ਨੇ ਮਹਿਲਾ ਪੁਲਿਸ ਅਧਿਕਾਰੀ ਨੂੰ

ਨਵੀਂ ਦਿੱਲੀ, 15 ਨਵੰਬਰ – ਸੁਪਰੀਮ ਕੋਰਟ ਨੇ ਉੜੀਸਾ ਦੇ...