ਗੁਰੂ ਨਾਨਕ ਤੇ ਅੱਜ – ਸੰਤ ਰਾਮ ਉਦਾਸੀ/ਯਸ਼ ਪਾਲ

ਕਿਰਤ ਕਰੋ ਤੇ
ਆਪੋ ‘ਚ ਵੰਡ ਖਾਉ
ਸਾਰੀ ਧਰਤ ਦੇ ਉੱਤੇ ਪ੍ਰਚਾਰਿਆ ਸੀ।
ਭੱਜਾ ਆਇਓਂ ਮਰਦਾਨੇ ਦੀ ਰੱਖਿਆ ਨੂੰ
ਸੱਚੇ ਇਸ਼ਕ ਦਾ ਸਿਲਾ ਤੂੰ ਤਾਰਿਆ ਸੀ।

ਜਿਹੜਾ ਕਰੇ ਸੇਵਾ ਓਹੀ ਖਾਵੇ ਮੇਵਾ
ਦੈਵੀ ਹੱਕਾਂ ਨੂੰ ਤੂੰ ਲਲਕਾਰਿਆ ਸੀ।
ਰਾਜੇ ਅਫਸਰਾਂ ਤੋਂ ਕਦੇ ਭਲਾ ਨਾਹੀਂ
ਫਿਰਕੂ ਧਰਮ ਦਾ ਨਸ਼ਾ ਉਤਾਰਿਆ ਸੀ।

—ਅੱਜ—

ਮਜ੍ਹਬੀ ਕਾਂਗ ਹੈ ਹੜ੍ਹਾਂ ਦੇ ਵਾਂਗ ਆਈ
ਸੱਚੇ ਧਰਮ ਨੂੰ ਜੀਹਨੇ ਹੈ ਰੋੜ੍ਹ ਦਿੱਤਾ।
ਮੁਸਲਿਮ-ਹਿੰਦੂ ਦੀ ਪਿਆਰ-ਗਲਵੱਕੜੀ ਨੂੰ
ਸਾਮਰਾਜ ਨੇ ਫੁੱਟ ਪਾ ਤੋੜ ਦਿੱਤਾ।

ਏਨੇ ਵਧੇ ਨੇ ਭੂਮੀਏ, ਮਲਕ, ਸੱਜਣ
ਤੈਥੋਂ ਇਹਨਾਂ ਦੀ ਗਿਣਤੀ ਨ੍ਹੀ ਕਰੀ ਜਾਣੀ।
ਰਾਖੀ ਲਾਲੋ, ਮਰਦਾਨੇ ਦੀ ਕਰੇਂਗਾ ਕੀ
ਆਪਣੀ ਮਾਲ਼ਾ ਦੀ ਰਾਖੀ ਨ੍ਹੀ ਕਰੀ ਜਾਣੀ।

ਜੇ ਤੂੰ ਕਹੇਂ ਸੰਗੀਤ ਦਾ ਪਾ ਜਾਦੂ
ਜਿੱਤ ਲਵੇਂਗਾ ਇਹਨਾਂ ਪਾਖੰਡੀਆਂ ਨੂੰ।
ਮਿਲਖਾਂ ਵਾਲੜੇ ਇਸੇ ਸੰਗੀਤ ਅੱਗੇ
ਸ਼ਾਮੀਂ ਰੋਜ ਨਚਾਂਵਦੇ ਰੰਡੀਆਂ ਨੂੰ।

ਏਥੇ ਕਲਾ ਤੇ ਕਿਰਤ ਦੀ ਪਏ ਲੋਟੀ
ਬਾਣੀ ਸੁਣਨ ਤੋਂ ਲੋਕਾਂ ਜਵਾਬ ਦੇਣੈ।
ਤੂੰ ਵੀ ਮਹਿੰਗ ਦੀ ਤੰਗੀ ਤੋਂ ਤੰਗ ਆ ਕੇ
ਰੋਟੀ ਲਈ ਅੱਜ ਵੇਚ ਰਬਾਬ ਦੇਣੈ।

ਸਾਦਾ ਯੁੱਗ ਤੇਰਾ, ਗੁੰਝਲਦਾਰ ਸਾਡਾ
ਨਿਰਾ ਸਰਨਾ ਨ੍ਹੀ ਸਤਿਕਰਤਾਰ ਕਹਿ ਕੇ।
ਜੇਕਰ ਫੇਰ ਤੂੰ ਆਉਣਾ ਏ ਜੱਗ ਉੱਤੇ
ਤਾਂ ਫਿਰ ਆਈਂ ਤੂੰ ਕੋਲ ਤਲਵਾਰ ਲੈ ਕੇ।

ਕਾਜੀ, ਪਾਦਰੀ, ਭਿਖਸ਼ੂ, ਭਾਈ, ਜੈਨੀ
ਸੱਚੇ ਧਰਮ ਉੱਤੇ ਕਾਰੀ ਚੋਟ ਬਾਬਾ।
ਵੇਖ! ਅੱਜ ਕਿੰਨੇ ਇੱਜੜ ਵਿਹਲੜਾਂ ਦੇ
ਤੇਰੇ ਲਾਲੋ ਦੇ ਚਰ ਗਏ ਮੋਠ ਬਾਬਾ।

ਕੀਹਨੂੰ ਕੀਹਨੂੰ ਸੁਧਾਰੇਂਗਾ ਦੱਸ ਆ ਕੇ
ਲੰਮੇ ਪੈਂਡੇ ਨੇ ਤੈਨੂੰ ਘਰਕਾ ਦੇਣੈ।
ਹੋਕਾ ਸੱਚ ਦਾ ਦਿੱਤਾ ਜੇ, ਪੁਲਿਸ ਹੱਥੋਂ
‘ ਨਕਸਲਬਾੜੀਆ ’ ਕਹਿ ਕੇ ਮਰਵਾ ਦੇਣੈ।

ਨਰਕ ਸੁਰਗ ਦੇ ਨਾਅਰੇ ‘ਤੇ ਲੁੱਟਦੇ ਨੇ
ਤੇਰੇ ਨਾਂ ‘ਤੇ ਚੜ੍ਹਾਵੇ ਵੀ ਵੰਡਦੇ ਨੇ।
ਪਰ ਤੇਰੇ ਵਾਂਗ ਜੋ ਸੱਚ ਦਾ ਦਏ ਹੋਕਾ
ਉਹਨੂੰ ਨਾਸਤਿਕ ਆਖ ਕੇ ਭੰਡਦੇ ਨੇ।

ਤੇਰੇ ਨਾਂ ਥੱਲੇ ਲੱਖਾਂ ਜ਼ੁਲਮ ਹੁੰਦੇ
ਡੰਕੇ ਚੋਟ ਲਾ ਕੇ ਤੈਨੂੰ ਕਹਾਂਗਾ ਮੈਂ।
ਜੇ ਤੂੰ ਰੀਝੇਂਗਾ ਐਵੇਂ ਅਡੰਬਰਾਂ ‘ਤੇ
ਬਾਗੀ ਤੇਰੀ ਖੁਦਾਈ ਤੋਂ ਰਹਾਂਗਾ ਮੈਂ।

ਨਿਰਾ ਝੂਠ ਨਈਂ ਏਥੇ ਕੁੱਝ ਸੱਚ ਵੀ ਏ
ਜਾਈਂ ਝੂਠ ਤੋਂ ਨਾ ਘਬਰਾ ਬਾਬਾ।
ਜਿਹੜੇ ਜੂਝਦੇ ਲਾਲੋ ਨੇ ਸੱਚ ਖਾਤਿਰ
ਤੈਨੂੰ ਹੱਥਾਂ ‘ਤੇ ਲੈਣਗੇ ਚਾ ਬਾਬਾ।

ਤੰਗ ਆਏ ਮਜ਼ਦੂਰ ਨੇ ਲੋਟੂਆਂ ਤੋਂ
ਤੇਰੇ ਵਰਗੇ ਦੀ ਅਗਵਾਈ ਉਡੀਕਦੇ ਨੇ।
ਜੇਰਾ ਕੱਢੀਂ ‘ਉਦਾਸੀ’ ਤੂੰ ਪੰਜਵੀਂ ਨੂੰ
ਤੈਨੂੰ ਲਾਲੋ ਦੇ ਭਾਈ ਉਡੀਕਦੇ ਨੇ।

ਪੇਸ਼ਕਸ਼ : ਯਸ਼ ਪਾਲ (ਵਰਗ ਚੇਤਨਾ)
(98145-35005)

ਸਾਂਝਾ ਕਰੋ

ਪੜ੍ਹੋ

ਸੁਪਰੀਮ ਕੋਰਟ ਨੇ ਮਹਿਲਾ ਪੁਲਿਸ ਅਧਿਕਾਰੀ ਨੂੰ

ਨਵੀਂ ਦਿੱਲੀ, 15 ਨਵੰਬਰ – ਸੁਪਰੀਮ ਕੋਰਟ ਨੇ ਉੜੀਸਾ ਦੇ...