‘ਦਿਸ਼ਾ’ ਵੱਲੋ ਪੁਸਤਕ ਲੋਕ ਅਰਪਨ ਅਤੇ ਗੋਸ਼ਟੀ ਦੇ ਸ਼ਾਨਦਾਰ ਸਮਾਗਮ

ਬਰੈਂਪਟਨ, 14 ਨਵੰਬਰ – ਬਰੈਂਪਟਨ ਵਿੱਚ ਔਰਤਾਂ ਦੀ ਸਰਗ਼ਰਮ ਸੰਸਥਾ ‘ਦਿਸ਼ਾ ਅਤੇ ‘ਹੈਟਸ-ਅੱਪ ਨਾਟਕ ਟੀਮ ਵੱਲੋਂ ਬੀਤੇ ਸ਼ਨੀਵਾਰ ਨੂੰ ਬਲਜੀਤ ਰੰਧਾਵਾ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਲੇਖ ਨਹੀਂ ਜਾਣੇ ਨਾਲ਼ ਉੱਪਰ ਸ਼ਾਨਦਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਇਸ ਵਿਚ ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ਅਤੇ ਸੁਰਜੀਤ ਕੌਰ ਵੋੱਲੋਂ ਪੁਸਤਕ ਉੱਪਰ ਪੇਪਰ ਪੇਸ਼ ਕੀਤੇ ਗਏ ਅਤੇ ਕਈ ਹੋਰਨਾਂ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ। ਸਮਾਗ਼ਮ ਦੇ ਪ੍ਰਧਾਨਗੀ-ਮੰਡਲ ਵਿੱਚ ਪ੍ਰਮੁੱਖ ਕਹਾਣੀਕਾਰ ਡਾ. ਵਰਿਆਮ ਸਿੰਘ ਸੰਧੂ, ਪੁਸਤਕ ਲੇਖਿਕਾ ਬਲਜੀਤ ਰੰਧਾਵਾ, ਸੁਰਿੰਦਰ ਨੀਰ ਡਾ. ਕੰਵਲਜੀਤ ਕੌਰ ਢਿੱਲੋਂ ਸ਼ਾਮਲ ਸਨ।

ਡਾ. ਕੁਲਦੀਪ ਕੌਰ ਪਾਹਵਾ ਨੇ ਆਪਣੇ ਪੇਪਰ ਵਿੱਚ ਬਲਜੀਤ ਰੰਧਾਵਾ ਅਤੇ ਉਸਦੀ ਲੇਖਣੀ ਦੀ ਸਰਾਹਨਾ ਕਰਦਿਆਂ ਜਿੱਥੇ ਪੁਸਤਕ ਦੇ ਵੱਖ-ਵੱਖ ਲੇਖਾਂ ਵਿਚ ਦਰਸਾਏ ਗਏ ਕੈਨੇਡਾ ਦੇ ਸਮਾਜਿਕ ਜੀਵਨ ਅਤੇ ਇੱਥੇ ਆਉਣ ਵਾਲੇ ਨਵੇਂ ਇਮੀਗਰੈਂਟਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ, ਉੱਥੇ ਉਨ੍ਹਾਂ ਆਪਣੇ ਸੰਬੋਧਨ ਵਿੱਚ ਪੁਸਤਕ ਦੇ ਰੂਪਕ ਪੱਖ ਨੂੰ ਵੀ ਉਭਾਰਿਆ। ਉਨ੍ਹਾਂ ਕਿਹਾ ਕਿ ਬਲਜੀਤ ਨੇ ਇਸ ਪੁਸਤਕ ਵਿੱਚ ਕੈਨੇਡਾ ਬਾਰੇ ਵਿਸਤ੍ਰਿਤ ਜਾਣਕਾਰੀ ਲੇਖਾਂ ਅਤੇ ਪੀੜਤ ਲੜਕੀ ਵੱਲੋ ਚਿੰਨਾਤਮਕ ਰੂਪ ਵਿੱਚ ਆਪਣੀ ਮਾਂ ਨੂੰ ਲਿਖੀ ਗਈ ਚਿੱਠੀ ਕਾਬਲੇ ਤਾਰੀਫ ਹੈ।

ਡਾ. ਸੁਖਦੇਵ ਸਿੰਘ ਝੰਡ ਨੇ ਆਪਣੇ ਪੇਪਰ ਵਿੱਚ ਬਲਜੀਤ ਰੰਧਾਵਾ ਦੀ ਇਸ ਪੁਸਤਕ ਨੂੰ ‘ਕੈਨੇਡਾ ਦੇ ਸਮਾਜਿਕ ਜੀਵਨ ਦਾ ਦਰਪਣ’ ਕਰਾਰ ਦਿੰਸਿਆਂ ਕਿਹਾ ਕਿ ਜਿਵੇਂ ਸ਼ੀਸ਼ਾ ਕਦੇ ਝੂਠ ਨਹੀਂ ਬੋਲਦਾ ਅਤੇ ਉਹ ਓਹੀ ਤਸਵੀਰ ਵਿਖਾਉਂਦਾ ਹੈ ਜੋ ਕੁਝ ਉਸ ਦੇ ਸਾਹਮਣੇ ਹੁੰਦਾ ਹੈ, ਬਿਲਕੁਲ ਉਵੇਂ ਵੀ ਬਲਜੀਤ ਦੀ ਇਹ ਪੁਸਤਕ ਕੈਨੇਡਾ ਦੀਆਂ ਕੌੜੀਆਂ ਸੱਚਾਈਆਂ, ਲੋਕਾਂ ਦੀਆਂ ਦੁਸ਼ਵਾਰੀਆਂ ਅਤੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਹੂ-ਬ-ਹੂ ਪੇਸ਼ ਕਰਦੀ ਹੈ। ਸੁਰਜੀਤ ਕੌਰ ਨੇ ਆਪਣੇ ਪੇਪਰ ਵਿੱਚ ਵਿੱਚ ਦੱਸਿਆ ਕਿ ਬਲਜੀਤ ਰੰਧਾਵਾ ਦੀ ਕੈਨੇਡਾ ਬਾਰੇ ਵੱਡਮੁੱਲੀ ਜਾਣਕਾਰੀ ਨਾਲ ਭਰਪੂਰ ਇਸ ਪੁਸਤਕ ਵਿਚ ਉਸਦੇ ਵੱਲੋਂ ਕੈਨੇਡਾ ਦੇ ਸਮਾਜ, ਇੱਥੋਂ ਦੇ ਵਰਕ ਕਲਚਰ, ਵਾਤਾਵਰਣ, ਕੈਨੇਡਾ ਦੇ ਇਤਿਹਾਸਕ ਪਿਛੋਕੜ ਅਤੇ ਮੌਜੂਦਾ ਹਾਲਾਤ ਬਾਰੇ ਬਾਖ਼ੂਬੀ ਦਰਸਾਇਆ ਗਿਆ ਹੈ।

ਇੱਥੇ ਇਹ ਜ਼ਿਕਰਯੋਗ ਹੈ ਕਿ ਬਲਜੀਤ ਦੀ ਇਸ ਪੁਸਤਕ ਵਿਚਲੇ ਲੇਖਾਂ ਦੇ ਅਧਾਰਿਤ ਨਾਟਕ “ਪੈਰਾਂ ਨੂੰ ਕਰਾ ਦੇ ਝਾਂਜਰਾਂ (ਲੇਖਕ ਨਿਰਦੇਸ਼ਕ ਹੀਰਾ ਰੰਧਾਵਾ) ਦੀਆਂ ਪੇਸ਼ਕਾਰੀਆਂ ਕੈਨੇਡਾ ਅਤੇ ਪੰਜਾਬ ਦੇ ਬਹੁਤ ਸਾਰੇ ਥਾਂਵਾਂ ‘ਤੇ ਹੋਈਆਂ ਹਨ ਜਦ ਕਿ ਏਸੇ ਹੀ ਕਿਤਾਬ ਦੇ ਲੇਖਾਂ ਉੱਤੇ ਅਧਾਰਿਤ ਨਾਟਕ “ਮਾਏ ਨੀ ਮੈਂ ਕੀਹਨੂੰ ਆਖਾਂ?” (ਲੇਖਕ ਨਿਰਦੇਸ਼ਕ ਗੁਰਿੰਦਰ ਮਕਨਾ) ਦੀਆਂ ਪੇਸ਼ਕਾਰੀਆਂ ਵੀ ਪੰਜਾਬ ਵਿੱਚ ਬਹੁਤ ਸਾਰੇ ਥਾਂਵਾਂ ‘ਤੇ ਹੋਈਆਂ ਜਿਨ੍ਹਾਂ ਨੂੰ ਲੋਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ। ਬਲਜੀਤ ਰੰਧਾਵਾ ਵੱਲੋਂ ਵੀ ਆਪਣੇ ਸੰਬੋਧਨ ਵਿੱਚ ਪੁਸਤਕ ਉੱਪਰ ਪੇਪਰ ਪੇਸ਼ ਕਰਨ ਵਾਲੇ ਬੁਲਾਰਿਆਂ ਅਤੇ ਹਾਜ਼ਰੀਨ ਦਾ ਹਾਰਦਿਕ ਧੰਨਵਾਦ ਕੀਤਾ ਗਿਆ। ‘ਢਾਹਾਂ ਪੁਰਸਕਾਰ ਜੇਤੂ ਸੁਰਿੰਦਰ ਨੀਰ ਨੂੰ ‘ਦਿਸ਼ਾ ਦੀਆਂ ਮੈਂਬਰ ਬੀਬੀਆਂ ਵੱਲੋਂ ਸਨਮਾਨ-ਚਿੰਨ੍ਹ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ।

ਸਮਾਗ਼ਮ ਵਿਚ ਹੀਰਾ ਰੰਧਾਵਾ ਵੱਲੋਂ ਹਿੰਦੀ ਨਾਟਕਾਂ ਦੀ ਪੰਜਾਬੀ ਵਿੱਚ ਅਨੁਵਾਦ ਕੀਤੀ ਗਈ ਪੁਸਤਕ ‘ਸੱਚ ਦੀ ਸਰਦਲ ‘ਤੇ’ ਹੈਟਸ-ਅੱਪ ਦੇ ਕਲਾਕਾਰਾਂ ਅਤੇ ਮੁੱਖ ਮਹਿਮਾਨ ਵੱਲੋਂ ਲੋਕ-ਅਰਪਿਤ ਕੀਤੀ ਗਈ। ਇਸ ਦੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਪੁਸਤਕ ਵਿਚ ਤਿੰਨ ਨਾਟਕ ‘ਸੱਚ ਦੀ ਸਰਦਲ ‘ਤੇ, ‘ਜਨਤਾ ਪਾਗਲ ਹੋ ਗਈ ਅਤੇ ‘ਬਾਲ ਭਗਵਾਨ’ ਸ਼ਾਮਲ ਕੀਤੇ ਗਏ ਹਨ ਜੋ ਹਿੰਦੀ ਵਿੱਚ ਕਰਮਵਾਰ ‘ਚੌਰਾਹੇ ਪਰ (ਅੰਮ੍ਰਿਤ ਲਾਲ ਮਦਾਨ), ‘ਪਾਗਲ ਲੋਕ (ਸ਼ਿਵ ਰਾਮ) ਅਤੇ ‘ਬਾਲ ਭਗਵਾਨ (ਸ਼ਵਦੇਸ਼ ਦੀਪਕ) ਵੱਲੋਂ ਲਿਖੇ ਗਏ ਹਨ। ਉਨ੍ਹਾਂ ਵੱਲੋਂ ਸਮਾਗ਼ਮ ਦੇ ਬੁਲਾਰਿਆਂ ਅਤੇ ਸਰੋਤਿਆਂ ਦਾ ਬੜੇ ਭਾਵਪੂਰਤ ਸ਼ਬਦਾਂ ਵਿੱਚ ਧੰਨਵਾਦ ਕੀਤਾ ਗਿਆ।

ਸਮਾਗ਼ਮ ਦੀ ਪ੍ਰਧਾਨਗੀ ਕਰ ਰਹੇ ਡਾ. ਵਰਿਆਮ ਸਿੰਘ ਸੰਧੂ ਨੇ ‘ਦਿਸ਼ਾ ਦੀਆਂ ਪ੍ਰਬੰਧਕ ਬੀਬੀਆਂ ਵੱਲੋਂ ਆਯੋਜਿਤ ਕੀਤੇ ਗਏ ਇਸ ਸਫ਼ਲ ਸਮਾਗਮ ਦੀ ਸਰਾਹਨਾ ਕਰਦਿਆਂ ਬਲਜੀਤ ਰੰਧਾਵਾ ਨੂੰ ਉਸ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼ ਜਿਸ ਦਾ ਮੁੱਖ-ਬੰਦ ਉਨ੍ਹਾਂ ਵੱਲੋਂ ਲਿਖਿਆ ਗਿਆ ਹੈ, ਦੀ ਹਾਰਦਿਕ ਵਧਾਈ ਦਿੱਤੀ। ਉਨ੍ਹਾਂ ਹੀਰਾ ਰੰਧਾਵਾ ਨੂੰ ਹਿੰਦੀ ਨਾਟਕਾਂ ਦੀ ਪੰਜਾਬੀ ਵਿਚ ਅਨੁਵਾਦ ਕੀਤੀ ਗਈ ਪੁਸਤਕ ‘ਸੱਚ ਦੀ ਸਰਦਲ਼ ‘ਤੇ’ਦੀ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਹੀਰਾ ਰੰਧਾਵਾ ਜਿੱਥੇ ਨਾਟਕ ਦੇ ਖ਼ੇਤਰ ਵਿੱਚ ਬਾਖ਼ੂਬੀ ਕੰਮ ਕਰ ਰਿਹਾ ਹੈ, ਉੱਥੇ ਬਲਜੀਤ ਨੇ ਇਹ ਵਾਰਤਕ ਪੁਸਤਕ ਲਿਖ ਕੇ ਪੰਜਾਬੀ ਵਾਰਤਕ ਸਾਹਿਤ ਵਿਚ ਆਪਣਾ ਵਧੀਆ ਯੋਗਦਾਨ ਪਾਇਆ ਹੈ ਅਤੇ ਭਵਿੱਖ ਵਿਚ ਉਸ ਕੋਲੋਂ ਹੋਰ ਵੀ ਵਧੀਆ ਲਿਖੇ ਜਾਣ ਦੀ ਆਸ ਹੈ। ਸਮਾਗ਼ਮ ਵਿਚ ‘ਦਿਸ਼ਾ ਵੱਲੋਂ ਲਹਿੰਦੇ ਪੰਜਾਬ ਦੇ ਸਕੂਲਾਂ ਵਿਚ ਪੰਜਾਬੀ ਜ਼ਰੂਰੀ ਵਿਸ਼ੇ ਵਜੋਂ ਪੜ੍ਹਾਏ ਜਾਣ ਬਾਰੇ ਅਸੈਂਬਲੀ ਵਿਚ ਸਰਬਸੰਮਤੀ ਨਾਲ ਕੀਤੇ ਗਏ ਫ਼ੈਸਲੇ ਦੀ ਪ੍ਰਸ਼ੰਸਾ, ਇਜ਼ਰਾਈਲ-ਫ਼ਲਸਤੀਨ ਜੰਗ ਵਿੱਚ ਹੋ ਰਹੇ ‘ਜਨ-ਸੰਘਾਰ ਵਿਰੁੱਧ ਆਵਾਜ਼ ਉਠਾਉਣ ਅਤੇ ਬਰੈਂਪਟਨ ਵਿਚ ਬੀਤੇ ਦਿਨੀਂ ਦੋ ਆਪਸ ਵਿਰੋਧੀ ਗਰੁੱਪਾਂ ਵਿਚਕਾਰ ਹੋਈਆਂ ਹਿੰਸਕ ਝੜਪਾਂ ਦੀ ਨਿਖੇਧੀ ਕਰਨ ਬਾਰੇ ਤਿੰਨ ਮਤੇ ਪੇਸ਼ ਕੀਤੇ ਗਏ ਜਿਨ੍ਹਾਂ ਨੂੰ ਹਾਜ਼ਰੀਨ ਵੱਲੋਂ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ।

ਇਸ ਦੌਰਾਨ ਰਛਪਾਲ ਕੌਰ ਗਿੱਲ, ਜਗੀਰ ਕਾਹਲੋਂ, ਬਲਤੇਜ, ਕਰਮਜੀਤ ਗਿੱਲ ਅਤੇ ਰਾਜਵੰਤ ਸੰਧੂ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ। ਪਰਮਜੀਤ ਦਿੱਲੀ ਵੱਲੋਂ ‘ਦਿਸ਼ਾ ਵੱਲੋਂ ਸਮਾਗ਼ਮ ਰਚਾਏ ਗਏ ਇਸ ਸਮਾਗ਼ਮ ਵਿੱਚ ਪਧਾਰੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ। ਇਹ ਸਮਾਗ਼ਮ ਵਿਸ਼ੇਸ਼ ਰੂਪ ਵਿੱਚ ਬੀਬੀਆਂ ਵੱਲੋਂ ਆਯੋਜਿਤ ਕੀਤਾ ਗਿਆ, ਇਸ ਲਈ ਇਸ ਵਿੱਚ ਉਨ੍ਹਾਂ ਦੀ ਗਿਣਤੀ ਵਧੇਰੇ ਹੋਣੀ ਸੁਭਾਵਿਕ ਸੀ ਪਰ ਫਿਰ ਵੀ ਕਈ ‘ਬੀਬਿਆਂ ਨੇ ਵੀ ਇਸ ਸਮਾਗ਼ਮ ਵਿੱਚ ਹਾਜ਼ਰੀ ਭਰੀ ਜਿਨ੍ਹਾਂ ਵਿੱਚ ਹਰਦਿਆਲ ਝੀਤਾ, ਨਿਰਮਲ ਜਸਵਾਲ, ਮਲਵਿੰਦਰ ਸਿੰਘ, ਤਲਵਿੰਦਰ ਸਿੰਘ ਮੰਡ, ਪ੍ਰੋ. ਨਛੱਤਰ ਸਿੰਘ ਗਿੱਲ, ਦਲਬੀਰ ਸਿੰਘ ਕਥੂਰੀਆ, ਕਰਮਜੀਤ ਸਿੰਘ ਗਿੱਲ ਅਤੇ ‘ਹੈਟਸ-ਅੱਪ ਟੀਮ ਦੇ ਕਲਾਕਾਰ ਸ਼ਿੰਗਾਰਾ ਸਮਰਾ, ਅਮੁੱਕ-ਰਾਬੀਆ, ਸੁੰਦਰਪਾਲ ਰਾਜਾਸਾਂਸੀ, ਰਿੰਟੂ ਭਾਟੀਆ, ਪ੍ਰੀਤ ਗਿੱਲ ਆਦਿ ਸ਼ਾਮਲ ਸਨ।

ਸਾਂਝਾ ਕਰੋ

ਪੜ੍ਹੋ

ਪੰਜਾਬੀ ਯੂਨੀਵਰਸਿਟੀ ’ਚ ਰੈਗੂਲਰ ਵੀਸੀ ਤਾਇਨਾਤ ਕਰਨ

ਪਟਿਆਲਾ, 22 ਨਵੰਬਰ – ਪੰਜਾਬੀ ਯੂਨੀਵਰਸਿਟੀ ਵਿਖੇ ਰੈਗੂਲਰ ਵਾਈਸ ਚਾਂਸਲਰ...