ਦੇਸ਼ ਦੀ ਆਜ਼ਾਦੀ ਕਾਇਮ ਰੱਖਣ ਲਈ ਕਮਿਊਨਿਸਟ ਪਾਰਟੀ ਦੀ ਮਜ਼ਬੂਤੀ ਅਤੀ ਜ਼ਰੂਰੀ

ਮਾਨਸਾ, 14 ਨਵੰਬਰ – ਆਰਥਿਕ ਤੇ ਸਮਾਜਿਕ ਨਾ ਬਰਾਬਰੀ ਕਰਕੇ ਦੇਸ਼ ਬਰਬਾਦੀ ਵੱਲ ਵਧ ਰਿਹਾ ਹੈ। ਦੇਸ਼ ਦੇ ਹੁਕਮਰਾਨ ਸਰਮਾਏਦਾਰਾਂ ਦੇ ਝੋਲੀ ਚੁੱਕ ਬਣ ਚੁੱਕੇ ਹਨ। ਸੰਵਿਧਾਨ, ਲੋਕਤੰਤਰ ਤੇ ਧਰਮਨਿਰਪੱਖਤਾ ਖਤਮ ਹੋਣ ਕਿਨਾਰੇ ਹੈ, ਜਿਸ ਦੇ ਬਚਾਅ ਤੇ ਦੇਸ਼ ਦੀ ਆਜ਼ਾਦੀ ਦੀ ਬਹਾਲੀ ਲਈ ਧਰਮਨਿਰਪੱਖਤਾ ਤੇ ਕਮਿਊਨਿਸਟ ਪਾਰਟੀ ਦੀ ਮਜ਼ਬੂਤੀ ਅਤਿ ਜ਼ਰੂਰੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾ. ਹਰਦੇਵ ਸਿੰਘ ਅਰਸ਼ੀ ਨੇ ਸ਼ਹਿਰੀ ਕਮੇਟੀ ਦੀ ਮੀਟਿੰਗ ਮੌਕੇ ਹਾਜ਼ਰ ਸਾਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਅਰਸ਼ੀ ਨੇ ਚੌਕਸ ਕਰਦਿਆਂ ਕਿਹਾ ਕਿ ਇਸ ਸਮੇਂ ਦੇਸ਼ ਤੇ ਪੰਜਾਬ ਗੰਭੀਰ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਹੁਕਮਰਾਨਾਂ ਦੀ ਮਾੜੀ ਨੀਅਤ ਤੇ ਖੋਟ ਕਰਕੇ ਸਮਾਜ ’ਚ ਵੰਡੀਆਂ ਪੈ ਰਹੀਆਂ ਹਨ, ਜਿਸ ਤੋਂ ਸੱਤਾਧਾਰੀ ਧਿਰ ਦੀ ਵਿਤਕਰੇਬਾਜ਼ੀ ਸਾਫ ਝਲਕ ਰਹੀ ਹੈ।ਉਨ੍ਹਾ ਕਿਹਾ ਕਿ ਪਾਰਟੀ ਦੀ 100ਵੀਂ ਵਰ੍ਹੇਗੰਢ ਨੂੰ ਪੂਰੇ ਦੇਸ਼ ਵਿੱਚ ਹਰ ਪੱਧਰ ’ਤੇ ਮਨਾਉਂਦਿਆਂ ਪਾਰਟੀ ਪ੍ਰੋਗਰਾਮ, ਕੁਰਬਾਨੀ ਨੂੰ ਜਨਤਕ ਕਰਨ ਲਈ ਪੂਰਾ ਸਾਲ ਪ੍ਰੋਗਰਾਮ ਕੀਤੇ ਜਾਣਗੇ ਤੇ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਇੱਕ ਕੀਤਾ ਜਾਵੇਗਾ।

ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਤੇ ਏਟਕ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਕੁਲਵਿੰਦਰ ਉੱਡਤ ਨੇ ਕਿਹਾ ਕਿ 30 ਦਸੰਬਰ ਦੀ ਮਾਨਸਾ ਵਿਖੇ ਹੋਣ ਵਾਲੀ ਵਿਸ਼ਾਲ ਰਾਜਸੀ ਰੈਲੀ ਇਤਿਹਾਸਕ ਸਿੱਧ ਹੋਵੇਗੀ। ਜਿਸ ਦੀਆਂ ਤਿਆਰੀਆਂ ਜੰਗੀ ਪੱਧਰ ’ਤੇ ਅਰੰਭ ਕਰ ਦਿੱਤੀਆਂ ਹਨ। ਆਗੂਆਂ ਨੇ ਰੈਲੀ ਵਿੱਚ ਹਰ ਵਰਗ ਦੇ ਲੋਕਾਂ ਦੀ ਸ਼ਮੂਲੀਅਤ ਅਤੇ ਸਫਲਤਾ ਲਈ ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀਆਂ, ਦੁਕਾਨਦਾਰਾਂ ਤੇ ਛੋਟੇ ਵਪਾਰੀਆਂ ਤੱਕ ਪਹੁੰਚ ਕੀਤੀ ਜਾ ਰਹੀ ਹੈ ।ਰੈਲੀ ਮੌਕੇ ਕਿਸਾਨ-ਮਜ਼ਦੂਰ, ਦੁਕਾਨਦਾਰਾਂ ਤੇ ਛੋਟੇ ਵਪਾਰੀਆਂ ਦੇ ਕਰਜ਼ਾ ਮੁਆਫ਼ੀ, ਖੇਤੀ, ਰੁਜ਼ਗਾਰ ਅਤੇ ਮਨਰੇਗਾ ਨੂੰ ਲਾਗੂ ਕਰਨ ’ਤੇ ਚਰਚਾ ਕੀਤੀ ਜਾਵੇਗੀ।

ਮੀਟਿੰਗ ਦਰਸ਼ਨ ਮਾਨਸ਼ਾਹੀਆ ਦੀ ਪ੍ਰਧਾਨਗੀ ਹੇਠ ਹੋਈ। ਸ਼ਹਿਰੀ ਸਕੱਤਰ ਰਤਨ ਭੋਲਾ, ਮੀਤ ਸਕੱਤਰ ਨਰੇਸ਼ ਕੁਮਾਰ ਬੁਰਜ ਹਰੀ, ਨੌਜਵਾਨ ਆਗੂ ਹਰਪ੍ਰੀਤ ਮਾਨਸਾ, ਮੁਲਾਜ਼ਮ ਆਗੂ ਰਾਜ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਵਰਕਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਅਤੇ ਫੰਡ ਕਮੇਟੀ ਦਾ ਗਠਨ ਕੀਤਾ ਗਿਆ।
ਮੀਟਿੰਗ ਮੌਕੇ ਪੰਜਾਬ ਪੁਲਸ ਵੱਲੋਂ ਰਾਏ ਕੇ ਕਲਾਂ ਵਿੱਚ ਕਿਸਾਨਾਂ ’ਤੇ ਕੀਤੇ ਲਾਠੀਚਾਰਜ ਦੀ ਨਿੰਦਾ ਕੀਤੀ ਗਈ।ਨ ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਸਟਰ ਕ੍ਰਿਸ਼ਨ ਜੋਗਾ, ਸਾਧੂ ਰਾਮ ਢਲਾਈ ਵਾਲੇ, ਲਾਭ ਸਿੰਘ ਮੰਢਾਲੀ, ਸੁਖਦੇਵ ਸਿੰਘ ਮਾਨਸਾ, ਜੀਤ ਰਾਮ, ਬਲਵਿੰਦਰ ਸਿੰਘ, ਪੁਸ਼ਪਿੰਦਰ ਚੌਹਾਨ, ਬਲਵੀਰ ਭੋਲਾ, ਰਿੰਕੂ ਮਾਨਸਾ, ਗੁਰਤੇਜ ਸਿੰਘ ਐੱਫ ਸੀ ਆਈ, ਲੀਲਾ ਸਿੰਘ, ਨਿਰਮਲ ਸਿੰਘ ਮਾਨਸਾ, ਗੁਰਦਾਸ ਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

ਸਾਂਝਾ ਕਰੋ

ਪੜ੍ਹੋ

ਸੰਪਾਦਕੀ : ਪੰਜਾਬੀ ਕਾਨਫਰੰਸਾਂ ਦਾ ਪੰਜਾਬੀ ਲਈ

       ਵਿਸ਼ਵ ਪੱਧਰ ‘ਤੇ ਅਮਰੀਕਾ,ਕਨੇਡਾ,ਭਾਰਤ,ਪਾਕਿਸਤਾਨ ‘ਚ ਪੰਜਾਬੀ ਬੋਲੀ...