ਰਣਜੀਤ ਸਰਾਂਵਾਲੀ ਵੱਲੋਂ ਅਨੁਵਾਦਿਤ “ਉਦਾਸ ਕੁੜੀ ਦਾ ਹਾਸਾ” ਲੋਕ ਅਰਪਣ

ਮੋਗਾ 12 ਨਵੰਬਰ(ਗਿਆਨ ਸਿੰਘ/ਏ ਡੀ ਪੀ ਨਿਊਜ) ਰਣਜੀਤ ਸਰਾਂਵਾਲੀ ਵੱਲੋਂ ਮੱਧ ਪ੍ਰਦੇਸ਼ ਦੇ ਸ਼ਹਿਰ ਜੱਬਲਪੁਰ ਦੀ ਰਹਿਣ ਵਾਲੀ ਅਤੇ ਦੇਸ਼ ਦੀ ਪ੍ਰਸਿੱਧ ਹਿੰਦੀ ਕਵਿਤਰੀ ਬਾਬੂਸ਼ਾ ਕੋਹਲੀ ਦੀਆਂ ਕਵਿਤਾਵਾਂ ਦੀ ਅਨੁਵਾਦਿਤ ਪੁਸਤਕ “ਉਦਾਸ ਕੁੜੀ ਦਾ ਹਾਸਾ” ਲੋਕ ਅਰਪਣ ਕਰਨ ਲਈ ਨੈਸਲੇ ਦੇ ਰੀਕਰੇਸ਼ਨ ਹਾਲ ਵਿੱਚ ਸੰਖੇਪ ਸਮਾਗਮ ਕੀਤਾ ਗਿਆ। ਇਹ ਪੁਸਤਕ ਲੋਕ ਅਰਪਣ ਕਰਨ ਦੀ ਰਸਮ ਪ੍ਰਸਿੱਧ ਨਾਵਲਕਾਰ ਵਿਅੰਗਕਾਰ, ਕਹਾਣੀਕਾਰ ਕੇ ਐਲ ਗਰਗ ਅਤੇ ਹਾਜ਼ਰ ਸਾਹਿਤਕਾਰਾਂ ਨੇ ਕੀਤੀ।

ਕੇ ਐਲ ਗਰਗ ਨੇ ਅਨੁਵਾਦ ਕਾਰਜ ਬਾਰੇ ਬੜੀਆਂ ਮਹੱਤਵਪੂਰਨ ਗੱਲਾਂ ਕੀਤੀਆਂ। ਉਹਨਾਂ ਕਿਹਾ ਕਿ ਕਵਿਤਾ ਦਾ ਅਨੁਵਾਦ ਕਰਨਾ ਬਹੁਤ ਹੀ ਔਖਾ ਹੈ ਕਿਉਂਕਿ ਸ਼ਬਦਾਂ ਦੀ ਰੂਹ ਵਿੱਚ ਉਤਰੇ ਬਗੈਰ ਕਿਸੇ ਰਚਨਾ ਨੂੰ ਭਾਸ਼ਾ ਵਿੱਚ ਨਹੀਂ ਲੈ ਕੇ ਜਾਇਆ ਜਾ ਸਕਦਾ। ਕੇ ਐਲ ਗਰਗ ਨੇ ਰਣਜੀਤ ਸਰਾਂਵਾਲੀ ਨੂੰ ਮੁਬਾਰਕਬਾਦ ਦਿੱਤੀ ਕਿ ਉਸਨੇ ਬਾਬੂਸ਼ਾ ਕੋਹਲੀ ਵਰਗੀ ਨਾਮਵਰ ਕਵਿਤਰੀ ਦੀਆਂ ਰਚਨਾਵਾਂ ਨੂੰ ਬਿਲਕੁਲ ਪੰਜਾਬੀ ਜਾਮਾ ਪਹਿਨਾ ਕੇ ਪੰਜਾਬੀ ਪਾਠਕਾਂ ਤੱਕ ਪੁੱਜਦਾ ਕੀਤਾ ਹੈ। ਬਬੂਸ਼ਾ ਕੋਹਲੀ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਮੰਚ ਦੇ ਪ੍ਰਧਾਨ ਗੁਰਮੀਤ ਕੜਿਆਲਵੀ ਨੇ ਦੱਸਿਆ ਕਿ ਬਬੂਸ਼ਾ ਕੋਹਲੀ ਨੇ ‘ਪ੍ਰੇਮ ਗਲਹਿਰੀ ਦਿਲ ਅਖਰੋਟ’ ‘ਤਟ ਸੇ ਨਹੀਂ ਪਾਣੀ ਸੇ ਬੰਧਤੀ ਹੈ ਨਾਵ’ ‘ਬਾਵਨ ਕਵਿਤਾਏਂ’ ‘ਭਾਪ ਕੇ ਘਰ ਮੇ ਸ਼ੀਸ਼ੇ ਕੀ ਲੜਕੀ’ ‘ਉਸ ਲੜਕੀ ਦਾ ਨਾਮ ਹੈ ਬ੍ਰਹਮਲਤਾ’ ‘ਮਿਜ਼ਰਾਬ’ ਆਦਿ ਪੁਸਤਕਾਂ ਲਿਖ ਕੇ ਹਿੰਦੀ ਸਾਹਿਤ ਦੀ ਨਾਮਵਰ ਹਸਤਾਖ਼ਰ ਬਣ ਚੁੱਕੀ ਹੈ। ਉਸਦੀਆਂ ਕਵਿਤਾਵਾਂ ਨੂੰ ਪੰਜਾਬੀ ਵਿੱਚ ਅਨੁਵਾਦ ਕਰਨਾ ਰਣਜੀਤ ਸਰਾਂਵਾਲੀ ਦਾ ਸਲਾਉਣਯੋਗ ਕੰਮ ਹੈ। ਧਾਮੀ ਗਿੱਲ ਨੇ ਰਣਜੀਤ ਸਰਾਂਵਾਲੀ ਬਾਰੇ ਕਿਹਾ ਕਿ “ਪਾਣੀ ਉੱਤੇ ਮੀਨਾਕਾਰੀ” ਅਤੇ “ਸ਼ੀਸ਼ੇ ਦੀ ਅੱਖ” ਪੁਸਤਕਾਂ ਰਾਹੀਂ ਉਸਨੇ ਪੰਜਾਬੀ ਸ਼ਾਇਰੀ ਵਿੱਚ ਆਪਣਾ ਵਿਲੱਖਣ ਸਥਾਨ ਬਣਾਇਆ ਹੈ ਤੇ ਹੁਣ ਅਨੁਵਾਦ ਕਾਰਜ ਰਾਹੀਂ ਉਸਨੇ ਇੱਕ ਨਵੇਂ ਪੜਾਅ ਵਿੱਚ ਦਾਖਲਾ ਪਾਇਆ ਹੈ। ਨਾਮਵਰ ਸ਼ਾਇਰਾ ਅਮਰਪ੍ਰੀਤ ਕੌਰ ਸੰਘਾ, ਮੰਚ ਦੇ ਸੀਨੀਅਰ ਮੀਤ ਪ੍ਰਧਾਨ ਨਵਨੀਤ ਸਿੰਘ ਸੇਖਾ, ਮੀਡੀਆ ਕੁਆਰਡੀਨੇਟਰ ਅਮਰ ਘੋਲੀਆ, ਰਵਿੰਦਰ ਸਿੰਘ ਅਤੇ ਸਿਮਰਜੀਤ ਸਿੰਮੀ ਨੇ ਰਣਜੀਤ ਸਰਾਂਵਾਲੀ ਨੂੰ ਇਸ ਕਾਰਜ ਲਈ ਮੁਬਾਰਕਬਾਦ ਦਿੰਦਿਆਂ ਆਸ ਪ੍ਰਗਟ ਕੀਤੀ ਕਿ ਰਣਜੀਤ ਹਿੰਦੀ ਸਮੇਤ ਹੋਰ ਭਾਸ਼ਾਵਾਂ ਦੀਆਂ ਵਧੀਆਂ ਰਚਨਾਵਾਂ ਨੂੰ ਪੰਜਾਬੀ ਪਾਠਕਾਂ ਤੱਕ ਲੈ ਕੇ ਜਾਣ ਦਾ ਕਾਰਜ ਕਰਦਾ ਰਹੇਗਾ। ਨੈਸਲੇ ਕਰਮਚਾਰੀ ਯੂਨੀਅਨ ਦੇ ਕਾਰਜਕਾਰੀ ਮੈਂਬਰ ਅਮਰਿੰਦਰ ਸਿੰਘ ਨੇ ਇਸ ਮੌਕੇ ਤੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਨਾਵਲਕਾਰ ਕ੍ਰਿਸ਼ਨ ਪ੍ਰਤਾਪ ਨੇ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ।

ਸਾਂਝਾ ਕਰੋ

ਪੜ੍ਹੋ

ਝਾਰਖੰਡ ’ਚ 65 ਫੀਸਦੀ ਤੱਕ ਪਈਆਂ ਵੋਟਾਂ

ਨਵੀ ਦਿੱਲੀ, 14 ਨਵੰਬਰ – ਝਾਰਖੰਡ ਦੀਆਂ 43 ਅਸੰਬਲੀ ਸੀਟਾਂ...