ਟੋਰਾਂਟੋ, 11 ਨਵੰਬਰ – ਭਾਰਤ ਵੱਲੋਂ ਨਾਮਜ਼ਦ ਦਹਿਸ਼ਤਗਰਦ ਅਰਸ਼ਦੀਪ ਸਿੰਘ ਗਿੱਲ ਉਰਫ਼ ਅਰਸ਼ ਡੱਲਾ ਨੂੰ ਕੈਨੇਡਾ ਦੇ ਓਂਟਾਰੀਓ ਸੂਬੇ ’ਚ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਦੇ ਚਰਚੇ ਹਨ। ਸੂਤਰਾਂ ਨੇ ਕਿਹਾ ਕਿ ਅਰਸ਼ਦੀਪ ਸਿੰਘ ਡੱਲਾ ਨੂੰ ਮਿਲਟਨ ’ਚ 28 ਅਕਤੂਬਰ ਨੂੰ ਚੱਲੀਆਂ ਗੋਲੀਆਂ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਹਾਲਟਨ ਰਿਜਨਲ ਪੁਲੀਸ ਸਰਵਿਸ (ਐੱਚਆਰਪੀਐੱਸ) ਨੇ ਬੀਤੇ ਮੰਗਲਵਾਰ ਕਿਹਾ ਸੀ ਕਿ ਦੋ ਨੌਜਵਾਨਾਂ ਦੇ ਹਸਪਤਾਲ ਆਉਣ ਮਗਰੋਂ ਉਨ੍ਹਾਂ ਦੀ ਪੜਤਾਲ ਕੀਤੀ ਗਈ ਤਾਂ ‘ਸਾਜ਼ਿਸ਼ ਤਹਿਤ ਹਥਿਆਰ ਚਲਾਉਣ’ ਦੇ ਦੋਸ਼ ਹੇਠ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਨ੍ਹਾਂ ’ਚੋਂ ਇਕ ਦਾ ਗੋਲੀ ਲੱਗਣ ਕਾਰਨ ਇਲਾਜ ਕੀਤਾ ਗਿਆ ਸੀ। ਪੁਲੀਸ ਨੇ ਦੋਹਾਂ ਦੀ ਪਛਾਣ ਦਾ ਖ਼ੁਲਾਸਾ ਨਹੀਂ ਕੀਤਾ ਅਤੇ ਕਿਹਾ ਕਿ ਦੋਵੇਂ ਮੁਲਜ਼ਮਾਂ ਨੂੰ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਤੱਕ ਹਿਰਾਸਤ ’ਚ ਰੱਖਿਆ ਗਿਆ ਹੈ। ਡੱਲਾ ’ਤੇ ਦਹਿਸ਼ਤੀ ਕਾਰਵਾਈਆਂ ਅਤੇ ਗੈਂਗਸਟਰ ਰੈਕੇਟ ਚਲਾਉਣ ਦੇ ਦੋਸ਼ ਹਨ ਅਤੇ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਉਸ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੋਈ ਹੈ।
ਸੂਤਰਾਂ ਨੇ ਦਾਅਵਾ ਕੀਤਾ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ’ਚੋਂ ਇਕ ਅਰਸ਼ ਡੱਲਾ ਹੈ ਜੋ ਪਾਬੰਦੀਸ਼ੁਦਾ ਜਥੇਬੰਦੀ ਖਾਲਿਸਤਾਨ ਟਾਈਗਰ ਫੋਰਸ ਨਾਲ ਜੁੜਿਆ ਹੋਇਆ ਹੈ ਅਤੇ ਉਹ ਹਰਦੀਪ ਸਿੰਘ ਨਿੱਝਰ ਤਰਫ਼ੋਂ ਦਹਿਸ਼ਤੀ ਕਾਰਵਾਈਆਂ ਨੂੰ ਅੰਜਾਮ ਦਿੰਦਾ ਸੀ। ਨਿੱਝਰ ਦੀ ਪਿਛਲੇ ਸਾਲ ਜੂਨ ’ਚ ਕੈਨੇਡਾ ’ਚ ਹੱਤਿਆ ਕਰ ਦਿੱਤੀ ਗਈ ਸੀ। ਹਾਲਟਨ ਪੁਲੀਸ ਨੇ ਇਕ ਬਿਆਨ ’ਚ ਕਿਹਾ, ‘‘ਗੁਏਲਫ਼ ਦੇ ਇਕ ਹਸਪਤਾਲ ’ਚ ਦੋ ਨੌਜਵਾਨਾਂ ਦੇ ਪਹੁੰਚਣ ਮਗਰੋਂ ਗੁਏਲਫ਼ ਪੁਲੀਸ ਨੇ 28 ਅਕਤੂਬਰ ਦੀ ਸਵੇਰ ਐੱਚਆਰਪੀਐੱਸ ਨਾਲ ਸੰਪਰਕ ਕੀਤਾ ਸੀ। ਇਕ ਨੌਜਵਾਨ ਦੇ ਹਾਲਟਨ ਖ਼ਿੱਤੇ ’ਚ ਗੋਲੀ ਲੱਗੀ ਸੀ ਅਤੇ ਉਸ ਨੂੰ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ ਸੀ। ਦੂਜਾ ਵਿਅਕਤੀ ਜ਼ਖ਼ਮੀ ਨਹੀਂ ਸੀ। ਐੱਚਆਰਪੀਐੱਸ ਮੇਜਰ ਕ੍ਰਾਈਮ ਬਿਊਰੋ ਵੱਲੋਂ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਾਲਟਨ ਹਿਲਜ਼ ਦੇ 25 ਵਰ੍ਹਿਆਂ ਅਤੇ ਸਰੀ ਬੀਸੀ ਦੇ 28 ਵਰ੍ਹਿਆਂ ਦੇ ਨੌਜਵਾਨ ਖ਼ਿਲਾਫ਼ ਸਾਜ਼ਿਸ਼ ਤਹਿਤ ਹਥਿਆਰ ਚਲਾਉਣ ਦੇ ਦੋਸ਼ ਲਾਏ ਗਏ ਹਨ।
ਸਰਹੱਦ ਪਾਰੋਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ’ਚ ਸ਼ਾਮਲ ਰਿਹੈ ਡੱਲਾ
ਅਰਸ਼ ਡੱਲਾ ’ਤੇ ਪੰਜਾਬ ’ਚ ਮਿੱਥ ਕੇ ਹੱਤਿਆਵਾਂ ਕਰਨ, ਦਹਿਸ਼ਤੀ ਫੰਡਿੰਗ ਅਤੇ ਜਬਰੀ ਵਸੂਲੀ ਦੇ ਮਾਮਲਿਆਂ ’ਚ ਸ਼ਾਮਲ ਹੋਣ ਦੇ ਦੋਸ਼ ਹਨ। ਉਸ ਨੂੰ ਭਾਰਤ ਸਰਕਾਰ ਨੇ ਪਿਛਲੇ ਸਾਲ ਜਨਵਰੀ ’ਚ ਦਹਿਸ਼ਤਗਰਦ ਵਜੋਂ ਨਾਮਜ਼ਦ ਕੀਤਾ ਸੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇਕ ਨੋਟੀਫਿਕੇਸ਼ਨ ’ਚ ਕਿਹਾ ਸੀ ਕਿ ਉਹ ਸਰਹੱਦ ਪਾਰੋਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ’ਚ ਸ਼ਾਮਲ ਹੈ। ਉਸ ’ਤੇ ਪੰਜਾਬ ਦੇ ਲੋਕਾਂ ’ਚ ਡਰ ਪੈਦਾ ਕਰਕੇ ਸੂਬੇ ਦਾ ਫਿਰਕੂ ਮਾਹੌਲ ਵਿਗਾੜਨ ਦੀ ਕੋਸ਼ਿਸ਼ ਸਮੇਤ ਹੋਰ ਵੱਖ ਵੱਖ ਕੇਸ ਦਰਜ ਹਨ ਜਿਨ੍ਹਾਂ ਦੀ ਕੌਮੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਨੋਟੀਫਿਕੇਸ਼ਨ ’ਚ ਕਿਹਾ ਗਿਆ ਸੀ ਕਿ ਕੇਂਦਰ ਸਰਕਾਰ ਦਾ ਮੰਨਣਾ ਹੈ ਕਿ ਡੱਲਾ ਅਤਿਵਾਦ ’ਚ ਸ਼ਾਮਲ ਹੈ ਅਤੇ ਇਸ ਲਈ ਐਕਟ ਦੀ ਧਾਰਾ 35 ਦੀ ਉਪ ਧਾਰਾ (1) ਦੀ ਧਾਰਾ (ਏ) ਤਹਿਤ ਸ਼ਕਤੀਆਂ ਦੀ ਵਰਤੋਂ ਕਰਕੇ ਯੂਏਪੀਏ ਤਹਿਤ ਉਸ ਨੂੰ ਅਤਿਵਾਦੀ ਵਜੋਂ ਨਾਮਜ਼ਦ ਕੀਤਾ ਗਿਆ ਹੈ।