ਪੈਪਸੀਕੋ, ਯੂਨੀਲੀਵਰ ਤੇ ਡੈਨੋਨ ‘ਤੇ ਲੱਗਾ ਭਾਰਤ ‘ਚ ਘੱਟ ਹੈਲਦੀ ਪ੍ਰੋਡਕਟਸ ਵੇਚਣ ਦਾ ਦੋਸ਼

11 ਨਵੰਬਰ – ਗਲੋਬਲ ਪੈਕਡ ਫੂਡ ਕੰਪਨੀਆਂ ਜਿਵੇਂ ਕਿ ਪੈਪਸੀਕੋ , ਯੂਨੀਲੀਵਰ ਤੇ ਡੈਨੋਨ ਭਾਰਤ ਸਮੇਤ ਦੂਸਰੇ ਹੋਰ ਲੋਅ-ਇਨਕਮ ਵਾਲੇ ਦੇਸ਼ਾਂ ਵਿਚ ਘੱਟ ਹੈਲਦੀ ਪ੍ਰੋਡਕਟ ਵੇਚ ਰਹੀਆਂ ਹਨ। ਇਹ ਦੋਸ਼ ਗਲੋਬਲ ਪਬਲਿਕ ਗੈਰ-ਲਾਭਕਾਰੀ ਫਾਊਂਡੇਸ਼ਨ ਐਕਸੈਸ ਟੂ ਨਿਊਟ੍ਰੀਸ਼ਨ ਇਨੀਸ਼ੀਏਟਿਵ (ATNI) ਦੀ ਇਕ ਨਵੀਂ ਸੂਚਕਾਂਕ ਰਿਪੋਰਟ ਵਿਚ ਲਗਾਇਆ ਗਿਆ ਹੈ। ATNI ਗਲੋਬਲ ਇੰਡੈਕਸ ਦੀ ਰਿਪੋਰਟ ਦੇ ਅਨੁਸਾਰ, ਇਹ ਕੰਪਨੀਆਂ ਘੱਟ ਆਮਦਨ ਵਾਲੇ ਦੇਸ਼ਾਂ ਵਿੱਚ ਉਤਪਾਦ ਵੇਚ ਰਹੀਆਂ ਹਨ ਜਿਨ੍ਹਾਂ ਦੀ ਸਿਹਤ ਸਟਾਰ ਰੇਟਿੰਗ ਉੱਚ ਆਮਦਨ ਵਾਲੇ ਦੇਸ਼ਾਂ ਵਿੱਚ ਵੇਚੇ ਜਾ ਰਹੇ ਉਤਪਾਦਾਂ ਨਾਲੋਂ ਕਾਫ਼ੀ ਘੱਟ ਹੈ। ਰਿਪੋਰਟ ‘ਚ ਘੱਟ ਤੇ ਘੱਟ-ਮੱਧਮ ਆਦਮਨ ਵਾਲੇ ਦੇਸ਼ਾਂ ਦੇ ਰੂਪ ‘ਚ ਇਥੋਪੀਆ, ਘਾਨਾ, ਭਾਰਤ, ਕੀਨੀਆ, ਨਾਈਜੀਰੀਆ, ਪਾਕਿਸਤਾਨ, ਫਿਲੀਪੀਨਜ਼, ਤਨਜ਼ਾਨੀਆ ਅਤੇ ਵੀਅਤਨਾਮ ਨੂੰ ਸ਼ਾਮਲ ਕੀਤਾ ਗਿਆ ਹੈ। ਰਿਪੋਰਟ ਅਨੁਸਾਰ ਉਦਾਹਰਨ ਲਈ ਲੇਅਜ਼ ਚਿਪਸ ਤੇ ਟ੍ਰੋਪਿਕਨਾ ਜੂਸ ਵੇਚਣ ਵਾਲੀ ਪੈਪਸੀਕੋ ਨੇ ਆਪਣੇ “ਨਿਊਟਰੀ-ਸਕੋਰ ਏ/ਬੀ” ਵਾਲੇ ਉਤਪਾਦਾਂ ਦੀ ਵਿਕਰੀ ਵਧਾਉਣ ਦਾ ਟੀਚਾ ਰੱਖਿਆ ਹੈ, ਪਰ ਇਹ ਟੀਚਾ ਸਿਰਫ ਯੂਰਪੀਅਨ ਯੂਨੀਅਨ ਦੇ ਸਨੈਕਸ ਪੋਰਟਫੋਲੀਓ ਤਕ ਸੀਮਤ ਹੈ। ਯੂਨੀਲੀਵਰ ਦੇ ਭੋਜਨ ਉਤਪਾਦਾਂ ‘ਚ ਕਵਾਲਿਟੀ ਵਾਲਜ਼, ਮੈਗਨਮ ਆਈਸ ਕਰੀਮ, ਨੌਰ ਸੂਪ ਤੇ ਰੈਡੀ ਟੂ ਈਟ ਕੁਕ ਮਿਕਸ ਸ਼ਾਮਲ ਹਨ ਜਦਕਿ ਡੈਨੋਨ ਭਾਰਤ ‘ਚ ਪ੍ਰੋਟਿਨੈਕਸ ਸਪਲੀਮੈਂਟਸ ਤੇ ਐਪਟਾਮਿਲ ਇਨਫੈਂਟ ਫਾਰਮੂਲਾ ਵੇਚਦਾ ਹੈ।

ਇਸ ਐਨਜੀਓ ਨੇ 30 ਅਜਿਹੀਆਂ ਕੰਪਨੀਆਂ ਦੀ ਰੈਂਕਿੰਗ ਕੀਤੀ ਹੈ ਜਿਨ੍ਹਾਂ ਦੇ ਸਿਹਤ ਸਕੋਰ ਡਿਵੈਲਪਡ ਤੇ ਘੱਟ ਆਮਦਨੀ ਵਾਲੇ ਦੇਸ਼ਾਂ ਵਿਚਕਾਰ ਬਹੁਤ ਵੱਡਾ ਪਾੜਾ ਹੈ। ਇਹ ਸਟਾਰ ਰੇਟਿੰਗ ਸਿਸਟਮ ਆਸਟ੍ਰੇਲੀਆ ਤੇ ਨਿਊਜ਼ੀਲੈਂਡ ‘ਚ ਡਿਵੈੱਲਪ ਕੀਤਾ ਗਿਆ ਹੈ। ਅਜਿਹਾ ਪਹਿਲੀ ਵਾਰ ਹੈ ਜਦੋਂ ATNI ਸੂਚਕ ਅੰਕ ਨੇ ਘੱਟ ਅਤੇ ਉੱਚ ਆਮਦਨੀ ਵਾਲੇ ਦੇਸ਼ਾਂ ਵਿੱਚ ਸਕੋਰ ਨੂੰ ਵੰਡਿਆ ਹੈ। ਭਾਰਤ ਵਿੱਚ ਕੰਮ ਕਰਨ ਵਾਲੀਆਂ ਪ੍ਰਮੁੱਖ ਕੰਪਨੀਆਂ ‘ਚ ਪੈਪਸੀਕੋ, ਡੈਨੋਨ ਤੇ ਯੂਨੀਲੀਵਰ ਸ਼ਾਮਲ ਹਨ। ਯੂਐੱਸ-ਅਧਾਰਿਤ ATNI ਇੰਡੈਕਸ ਅਨੁਸਾਰ, ਹੈਲਥ ਸਟਾਰ ਰੇਟਿੰਗ ਸਿਸਟਮ ਤਹਿਤ ਉਤਪਾਦਾਂ ਨੂੰ 5 ਵਿੱਚੋਂ ਉਨ੍ਹਾਂ ਦੇ ਸਿਹਤ ਸਕੋਰ ਦੇ ਆਧਾਰ ‘ਤੇ ਰੇਟ ਕੀਤਾ ਜਾਂਦਾ ਹੈ। ਜਿਸ ਵਿਚ 5 ਸਭ ਤੋਂ ਵਧੀਆ ਸਕੋਰ ਹੈ ਅਤੇ 3.5 ਤੋਂ ਉੱਪਰ ਦਾ ਸਕੋਰ ਸਿਹਤਮੰਦ ਮੰਨਿਆ ਜਾਂਦਾ ਹੈ। ਘੱਟ ਆਮਦਨੀ ਵਾਲੇ ਦੇਸ਼ਾਂ ‘ਚ ਭੋਜਨ ਕੰਪਨੀਆਂ ਦੇ ਪੋਰਟਫੋਲੀਓ ਦੀ ਜਾਂਚ ਕੀਤੀ ਗਈ ਤੇ 1.8 ਦੇ ਸਕੋਰ ‘ਤੇ ਦਰਜਾਬੰਦੀ ਕੀਤੀ ਗਈ ਜਦੋਂਕਿ ਉੱਚ ਆਮਦਨੀ ਵਾਲੇ ਦੇਸ਼ਾਂ ਵਿੱਚ ਅਜਿਹੇ ਉਤਪਾਦਾਂ ਨੂੰ ਔਸਤਨ 2.3 ਦਾ ਸਕੋਰ ਮਿਲਿਆ ਹੈ।

ਸਾਂਝਾ ਕਰੋ

ਪੜ੍ਹੋ