ਮੇਰਾ ਤੇ ਮੇਰੇ ਪਰਿਵਾਰ ਦਾ ਨੌਸਰਬਾਜ਼ਾਂ ਤੋਂ ਮਸਾਂ ਹੋਇਆ ਬਚਾਅ

ਆਮ ਵਾਂਗ ਸਕੂਲ ਗਿਆ ਹੋਇਆ ਸਾਂ। ਅੱਧੀ ਛੁੱਟੀ ਵੇਲੇ ਮੇਰੇ ਸਹਿ-ਕਰਮੀ ਜਗਰੂਪ ਦਾ ਫੋਨ ਖੜਕਿਆ। ਮਾੜੀ-ਮੋਟੀ ਗੱਲਬਾਤ ਕਰਨ ਤੋਂ ਬਾਅਦ ਉਹ ਬੋਲਿਆ, “ਆਹ ਕੋਲ ਹੀ ਬੈਠਾ ਹੈ। ਕਰ ਲੈ ਗੱਲ।” ਉਸ ਨੇ ਫੋਨ ਮੈਨੂੰ ਫੜਾ ਦਿੱਤਾ। “ਯਾਰ, ਆਪਣੇ ਘਰ ਬੜਾ ਵੱਡਾ ਰੱਫੜ ਪੈ ਗਿਆ ਹੈ। ਛੇਤੀ ਦੇਣੇ ਘਰ ਫੋਨ ਕਰ। ਇਕ ਪੁਲਿਸ ਇੰਸਪੈਕਟਰ, ਆਖ ਰਿਹਾ ਹੈ ਕਿ ਤੈਨੂੰ ਜਬਰ-ਜਨਾਹ ਦੇ ਕੇਸ ਵਿਚ ਫੜ ਲਿਆ ਹੈ।” ਆਪਣੇ ਭਰਾ ਦੀ ਇਹ ਗੱਲ ਸੁਣ ਕੇ ਮੈਂ ਵੀ ਪਰੇਸ਼ਾਨ ਹੋ ਗਿਆ। ਮੈਂ ਤੁਰੰਤ ਆਪਣੀ ਮਾਂ ਨੂੰ ਫੋਨ ਮਿਲਾ ਲਿਆ। ਮਾਂ ਦੇ ਰੋਂਦੀ ਹੋਣ ਕਾਰਨ ਉਸ ਤੋਂ ਚੱਜ ਨਾਲ ਗੱਲ ਨਹੀਂ ਸੀ ਹੋ ਰਹੀ। ਮੇਰੇ ਵਾਰ-ਵਾਰ ਹੌਸਲਾ ਦੇਣ ’ਤੇ ਉਸ ਨੇ ਦੁਖੀ ਮਨ ਨਾਲ ਦੱਸਿਆ, “ਪੁੱਤ, ਮੇਰੇ ਤਾਂ ਹੁਣ ਸਾਹ ’ਚ ਸਾਹ ਆਇਐ। ਉਹ ਤਾਂ ਆਖੀ ਜਾਂਦੇ ਨੇ ਕਿ ਤੈਨੂੰ ਫੜ ਲਿਐ। ਬਾਹਰੇ-ਬਾਹਰ ਛੁਡਵਾਉਣ ਵਾਸਤੇ ਪੈਸੇ ਵੀ ਮੰਗ ਰਹੇ ਨੇ।” ਉਹ ਦੋ ਲੱਖ ਦੀ ਮੰਗ ਕਰ ਰਹੇ ਸਨ। “ਗਾਲ੍ਹਾਂ ਦੀ ਧੂਹ ਵਰ੍ਹਾ ਦਿਉ। ਇਹ ਠੱਗ ਨੇ। ਇਨ੍ਹਾਂ ਨੂੰ ਠੋਕਵਾਂ ਜਵਾਬ ਦਿਉ।”

ਮੈਂ ਮਾਂ ਨੂੰ ਹੌਸਲਾ ਦਿੱਤਾ। ਮਾਂ ਨੇ ਉਵੇਂ ਹੀ ਕੀਤਾ। ਪਲਾਂ ’ਚ ਹੀ ਠੱਗ ਸਮਝ ਗਏ ਕਿ ਉਨ੍ਹਾਂ ਦੀ ਚਾਲ ਨੂੰ ਸਾਹਮਣੇ ਵਾਲੀ ਧਿਰ ਸਮਝ ਚੁੱਕੀ ਹੈ। ਉਹ ਫੋਨ ਕੱਟ ਗਏ। ਕੁਝ ਦੇਰ ਬਾਅਦ ਮੈਨੂੰ ਪੂਰੀ ਗੱਲ ਪਤਾ ਲੱਗੀ। ਸ਼ਾਤਰ ਠੱਗ ਟੋਲੇ ਦੇ ਮੈਂਬਰ ਇਕ ਐੱਸਐੱਚਓ ਦੀ ਫੋਟੋ ਲਾ ਕੇ ਮੇਰੇ ਪਿਤਾ ਜੀ ਨਾਲ ਫੋਨ ’ਤੇ ਗੱਲ ਕਰਨ ਲੱਗ ਪਏ ਸਨ। ਠੱਗਾਂ ਨੇ ਬੜੇ ਪਿਆਰ ਨਾਲ ਗੱਲਾਂ ਕਰਦਿਆਂ ਪਿਤਾ ਜੀ ਤੋਂ ਸਾਡੇ ਪੂਰੇ ਪਰਿਵਾਰ ਦੀ ਜਾਣਕਾਰੀ ਲੈ ਲਈ। ਅੰਤ, ਉਨ੍ਹਾਂ ਨੇ ਮੇਰੇ ’ਤੇ ਇਹ ਗੰਦਾ ਜਿਹਾ ਇਲਜ਼ਾਮ ਲਾ ਦਿੱਤਾ। ਉਹ ਮੇਰੇ ’ਤੇ ਕੇਸ ਦਰਜ ਹੋਣ ਤੋਂ ਬਾਅਦ ਹੋਣ ਵਾਲੀ ਬਦਨਾਮੀ ਅਤੇ ਬਣਦੀ ਸਜ਼ਾ ਬਾਰੇ ਵੀ ਦੱਸਣ ਲੱਗ ਪਏ। ਉਨ੍ਹਾਂ ਨੇ ਆਪਣੇ ਜਾਣੀਂ ਮੇਰੀ ਗੱਲ ਵੀ ਪਿਤਾ ਜੀ ਨਾਲ ਕਰਵਾ ਦਿੱਤੀ। ਮੇਰੇ ਮਿੰਨਤਾਂ ਕਰਨ ਦੀ ਆਵਾਜ਼ ਸੁਣ ਕੇ ਪਿਤਾ ਜੀ ਬਹੁਤ ਡਰ ਗਏ। ਉਨ੍ਹਾਂ ਨੂੰ ਤਾਂ ਦੌਰਾ ਪੈਣ ਵਾਲਾ ਹੋ ਗਿਆ ਸੀ। ਰੋਹਬ ਪਾਉਂਦਿਆਂ, ਉਹ ਫੋਨ ਨਾ ਕੱਟਣ ਬਾਰੇ ਹਦਾਇਤਾਂ ਦੇਣ ਲੱਗ ਪਏ।ਅੰਤ, ਇਕ ਠੱਗ ਸਮਝੌਤੇ ਦੀ ਗੱਲ ਤੋਰਨ ਲੱਗ ਪਿਆ। ਉਹ ਆਨਲਾਈਨ ਬੈਂਕਿੰਗ ਰਾਹੀਂ ਦੱਸੇ ਗਏ ਖਾਤੇ ਵਿਚ ਪੈਸੇ ਪੁਆਉਣ ’ਤੇ ਜ਼ੋਰ ਦੇਣ ਲੱਗ ਪਿਆ। ਕੁਦਰਤੀ ਮੇਰੇ ਮਾਪਿਆਂ ਨੂੰ ਆਨਲਾਈਨ ਬੈਕਿੰਗ ਚਲਾਉਣੀ ਨਾ ਆਉਂਦੀ ਹੋਣ ਕਾਰਨ ਉਹ ਇਸ ਗੱਲ ਤੋਂ ਅਸਮਰੱਥਾ ਜ਼ਾਹਰ ਕਰਨ ਲੱਗ ਪਏ।

ਇਸੇ ਦੌਰਾਨ ਮਾਂ ਨੇ ਮੇਰੀ ਪਤਨੀ ਨੂੰ ਫੋਨ ਮਿਲਾ ਲਿਆ। ਆਪਣੀ ਜਮਾਤ ਵਿਚ ਗਈ ਹੋਣ ਕਾਰਨ ਉਹ ਫੋਨ ਨਾ ਚੁੱਕ ਸਕੀ। ਮੇਰੇ ਮਾਪਿਆਂ ਦੀ ਘਬਰਾਹਟ ਹੋਰ ਵੀ ਵਧ ਗਈ। ਸਾਡੇ ਦੋਵਾਂ ਜੀਆਂ ਦੇ ਇਕ ਹੀ ਸਕੂਲ ਵਿਚ ਪੜ੍ਹਾਉਂਦੇ ਹੋਣ ਕਾਰਨ ਮਾਪਿਆਂ ਨੂੰ ਭਾਸਿਆ ਕਿ ਜ਼ਰੂਰ ਅਸੀਂ ਕਿਸੇ ਵੱਡੀ ਮੁਸੀਬਤ ’ਚ ਫਸ ਚੁੱਕੇ ਹਾਂ। ਦੋ-ਤਿੰਨ ਵਾਰ ਫੋਨ ਕਰਨ ਤੋਂ ਬਾਅਦ ਮਾਂ ਨੇ ਹਥਿਆਰ ਸੁੱਟ ਦਿੱਤੇ। ਉੱਧਰ ਠੱਗਾਂ ਨੇ ਆਪਣਾ ਡਰਾਮਾ ਜਾਰੀ ਰੱਖਿਆ। ਅੰਤ, ਮਾਂ ਨੇ ਮੇਰੇ ਵੱਡੇ ਭਰਾ ਨੂੰ ਫੋਨ ਕੀਤਾ ਅਤੇ ਉਸ ਨੇ ਮੇਰੇ ਸਹਿ-ਕਰਮੀ ਜਗਰੂਪ ਨੂੰ। ਕੁਦਰਤੀ ਮੈਂ ਉਸ ਕੋਲ ਹੀ ਬੈਠਾ ਹੋਣ ਕਾਰਨ ਉਸ ਦੇ ਸਾਹ ’ਚ ਸਾਹ ਆਇਆ। ਜਦ ਮਾਂ ਨੇ ਪਿਤਾ ਜੀ ਨੂੰ ਕੰਨ ਵਿਚ ਸੱਚਾਈ ਦੱਸੀ ਤਾਂ ਉਨ੍ਹਾਂ ਨੇ ਉਸ ਨਕਲੀ ਐੱਸਐੱਚਓ ਨੂੰ ਲਲਕਾਰਨਾ ਸ਼ੁਰੂ ਕਰ ਦਿੱਤਾ, “ਯਾਰ, ਜੇ ਮੇਰੇ ਮੁੰਡੇ ਨੇ ਕਿਸੇ ਕੁੜੀ ਨਾਲ ਕੁਝ ਗ਼ਲਤ ਕੀਤਾ ਹੈ ਤਾਂ ਉਸ ਨੂੰ ਸ਼ਰ੍ਹੇਆਮ ਫਾਂਸੀ ਲਾ ਦਿਉ।” ਆਪਣੀ ਚਾਲ ਪੁੱਠੀ ਪੈਂਦਿਆਂ ਵੇਖ ਕੇ ਠੱਗ ਨੇ ਆਪਣਾ ਤੌਰ-ਤਰੀਕਾ ਬਦਲਿਆ, “ਤੁਹਾਡਾ ਮੁੰਡਾ ਤਾਂ ਮਿੰਨਤਾਂ ਕੱਢੀ ਜਾਂਦਾ ਹੈ ਕਿ ਮੇਰੇ ਮਾਂ-ਪਿਓ ਨਾਲ ਗੱਲ ਕਰਵਾ ਦਿਉ। ਉਹ ਮੈਨੂੰ ਬਚਾਅ ਲੈਣਗੇ। ਤੁਸੀਂ ਹੋਰ ਹੀ ਗੱਲਾਂ ਕਰਨ ਲੱਗ ਪਏ ਹੋ।”

“ਜਿਹੜੀ ਫਾਂਸੀ ਤੂੰ ਲੁਆ ਸਕਦਾ ਏਂ ਲੁਆ ਦੇ। ਜੇ ਮੇਰਾ ਪੁੱਤ ਗ਼ਲਤ ਹੈ ਤਾਂ ਮੈਂ ਉਸ ਨੂੰ ਬਚਾਉਣ ਲਈ ਇਕ ਵੀ ਪੈਸਾ ਨਹੀਂ ਦੇਣਾ ਹੈ।” ਪਿਤਾ ਜੀ ਨੇ ਅੰਤਿਮ ਫ਼ੈਸਲਾ ਸੁਣਾ ਦਿੱਤਾ। ਉਸ ਠੱਗ ਨੇ ਨਤੀਜੇ ਭੁਗਤਣ ਦੀਆਂ ਧਮਕੀਆਂ ਦਿੰਦੇ ਹੋਏ ਫੋਨ ਕੱਟ ਦਿੱਤਾ। ਦੋ-ਚਾਰ ਮਿੰਟਾਂ ’ਚ ਹੀ ਅਸੀਂ ਲਗਪਗ ਅੱਧੇ ਘੰਟੇ ਤੋਂ ਮਾਨਸਿਕ ਤਸੀਹੇ ਸਹਿ ਰਹੇ ਆਪਣੇ ਮਾਪਿਆਂ ਨੂੰ ਇਕ ਵੱਡੇ ਸਦਮੇ ਅਤੇ ਹੋਣ ਵਾਲੀ ਲੁੱਟ ਤੋਂ ਬਚਾਅ ਲਿਆ। ਅੱਧੀ ਛੁੱਟੀ ਖ਼ਤਮ ਹੋ ਚੁੱਕੀ ਸੀ ਪਰ ਮੇਰਾ ਮਨ ਭਟਕਣ ਲੱਗ ਪਿਆ। ਵਿਦਿਆਰਥੀਆਂ ਨੂੰ ਚੁੱਪ ਕਰ ਕੇ ਬੈਠ ਜਾਣ ਦੀ ਹਦਾਇਤ ਦੇ ਕੇ ਮੈਂ ਫਿਰ ਤੋਂ ਘਰ ਫੋਨ ਮਿਲਾ ਲਿਆ। ਹੁਣ ਮੇਰੇ ਮਾਪੇ ਬੜੇ ਹੀ ਹੌਸਲੇ ’ਚ ਸਨ। ਉਨ੍ਹਾਂ ਦੇ ਮਨ ਤੋਂ ਇਕ ਬਹੁਤ ਵੱਡਾ ਬੋਝ ਲਹਿ ਚੁੱਕਾ ਸੀ। ਮੈਂ ਆਪਣੀ ਪਤਨੀ ਨੂੰ ਵੀ ਇਸ ਸਭ ਬਾਰੇ ਜਾਣਕਾਰੀ ਦੇ ਦਿੱਤੀ ਸੀ। ਜਦ ਇਸ ਗੱਲ ਦਾ ਸਾਰੇ ਸਹਿ-ਕਰਮੀਆਂ ਨੂੰ ਪਤਾ ਲੱਗਿਆ ਤਾਂ ਉਹ ਹੋਰ ਵੀ ਤੱਥ ਸਾਂਝੇ ਕਰਨ ਲੱਗ ਪਏ। ਇਹ ਠੱਗ ਪਰਿਵਾਰਕ ਜਾਣਕਾਰੀ ਲੈ ਕੇ ਵਿਦੇਸ਼ ਗਏ ਵਿਦਿਆਰਥੀਆਂ ਦੇ ਮਾਪਿਆਂ ਨੂੰ ਡਰਾ-ਧਮਕਾ ਕੇ ਅਜਿਹੀਆਂ ਫਿਰੌਤੀਆਂ ਵਸੂਲ ਕਰਦੇ ਹਨ। ਦਿਨ-ਰਾਤ ਦਾ ਫ਼ਰਕ ਅਤੇ ਸੁੱਤੇ ਹੋਣ ਕਾਰਨ ਕਈ ਵਾਰ ਬੱਚੇ ਅਤੇ ਰਿਸ਼ਤੇਦਾਰ ਵੀ ਫੋਨ ਨਹੀਂ ਚੁੱਕਦੇ ਹਨ।

ਮਾਪੇ ਇਨ੍ਹਾਂ ਦੇ ਚੁੰਗਲ ’ਚ ਆਸਾਨੀ ਨਾਲ ਫਸ ਜਾਂਦੇ ਹਨ। ਸਵੇਰ ਨੂੰ ਜਦ ਅਸਲੀਅਤ ਪਤਾ ਲੱਗਦੀ ਹੈ ਤਾਂ ਉਦੋਂ ਨੂੰ ਤਾਂ ਚਿੜੀਆਂ ਖੇਤ ਚੁਗ ਚੁੱਕੀਆਂ ਹੁੰਦੀਆਂ ਹਨ। ਮੈਨੂੰ ਆਪਣੇ ਮਾਪਿਆਂ ’ਤੇ ਇਹੀ ਗੁੱਸਾ ਆ ਰਿਹਾ ਸੀ ਕਿ ਕੀ ਉਨ੍ਹਾਂ ਨੂੰ ਮੇਰੇ ’ਤੇ ਯਕੀਨ ਨਹੀਂ ਹੈ? ਕੀ ਮੈਂ ਦੋ ਜਵਾਨ ਬੇਟੀਆਂ ਦਾ ਬਾਪ ਹੋ ਕੇ ਵੀ ਅਜਿਹਾ ਘਟੀਆ ਕੰਮ ਕਰ ਸਕਦਾ ਹਾਂ? ਉਨ੍ਹਾਂ ਦੇ ਇਸ ਤਰ੍ਹਾਂ ਦਾ ਵਿਵਹਾਰ ਕਰਨ ਕਾਰਨ ਮੇਰਾ ਗੁੱਸਾ ਸੱਤਵੇਂ ਅਸਮਾਨ ’ਤੇ ਚੜ੍ਹ ਗਿਆ। ਜੋ ਜਵਾਬ ਮੈਨੂੰ ਮਿਲਿਆ, ਉਹ ਮੈਂ ਦੱਸਦਾ ਹਾਂ। “ਪੁੱਤ, ਸਾਨੂੰ ਤੇਰੇ ’ਤੇ ਤਾਂ ਪੂਰਾ ਯਕੀਨ ਹੈ ਪਰ ਤੇਰੇ ਵਿਰੋਧੀਆਂ ’ਤੇ ਨਹੀਂ। ਉਹ ਤੈਨੂੰ ਬਦਨਾਮ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ।” ਪਿਤਾ ਜੀ ਦੇ ਇਨ੍ਹਾਂ ਸ਼ਬਦਾਂ ਨਾਲ ਮੇਰਾ ਆਪਣੇ ਮਾਪਿਆਂ ’ਤੇ ਆਇਆ ਗੁੱਸਾ ਠੰਢਾ ਪੈ ਗਿਆ।

ਉਂਜ ਮੇਰਾ ਸੁਭਾਅ ਰਿਹਾ ਹੈ ਕਿ ਜਿੱਥੇ ਕਿਤੇ ਵੀ ਕੋਈ ਗ਼ਲਤ ਕੰਮ ਹੋ ਰਿਹਾ ਹੋਵੇ ਤਾਂ ਮੈਂ ਉਸ ਦਾ ਸਦਾ ਵਿਰੋਧ ਕਰਦਾ ਹਾਂ। ਭਾਵੇਂ ਮੇਰਾ ਸਕਾ ਵੀ ਹੋਵੇ, ਮੈਂ ਅੜ ਜਾਂਦਾ ਹਾਂ। ਜੇ ਕਿਤੇ ਇਹ ਧੱਕਾ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਹੋਵੇ ਤਾਂ ਮੇਰਾ ਖ਼ੂਨ ਖੌਲ਼ ਉੱਠਦਾ ਹੈ। ਆਪਾ ਭੁੱਲ ਕੇ ਮੈਂ ਧੱਕੇਸ਼ਾਹੀ ਸਹਿ ਰਹੀ ਧਿਰ ਦੇ ਹੱਕ ’ਚ ਡਟ ਜਾਂਦਾ ਹਾਂ। ਉਦੋਂ ਮੈਨੂੰ ਆਪਣੇ-ਆਪ ਦੀ ਭੋਰਾ ਵੀ ਪਰਵਾਹ ਨਹੀਂ ਰਹਿੰਦੀ। ਮੈਂ ਆਪਣੇ ਹੀ ਮਹਿਕਮੇ ਦੇ ਪੱਖਪਾਤੀ ਅਫ਼ਸਰਾਂ ਅਤੇ ਉਨ੍ਹਾਂ ਦੇ ਚਮਚਿਆਂ ਵਿਰੁੱਧ ਡਟ ਕੇ ਲੜਿਆ ਵੀ ਹਾਂ। ਦੋ ਵਿਭਾਗਾਂ ਦੀ ਆਪਸੀ ਟੱਕਰ ਕਾਰਨ ਹੋ ਰਹੀ ਮੁਲਾਜ਼ਮਾਂ ਦੀ ਖੱਜਲ-ਖੁਆਰੀ ਦਾ ਵਿਰੋਧ ਕਰਨ ਕਾਰਨ ਤਾਂ ਕਿਸਾਨ ਮੋਰਚੇ ਦੇ ਆਗੂਆਂ ਦੇ ਹੁਕਮ ’ਤੇ ਮੈਂ ਇਕ ਯੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਵੀ ਬਣ ਗਿਆ ਸਾਂ। ਮੈਨੂੰ ਅੱਜ ਵੀ ਮਾਣ ਹੈ ਕਿ ਮੈਂ ਇਕ ਆਗੂ ਦੀ ਤਰ੍ਹਾਂ ਲੜਿਆ ਸਾਂ। ਬਾਅਦ ’ਚ ਕਮਜ਼ੋਰ ਅਖਵਾਉਂਦਾ ਮੁਲਾਜ਼ਮ ਵਰਗ ਸ਼ੇਰ ਬਣ ਕੇ ਸਰਕਾਰਾਂ ਅਤੇ ਅਫ਼ਸਰਸ਼ਾਹੀ ਨੂੰ ਟੱਕਰਿਆ। ਕਈ ਵੱਡੇ-ਵੱਡੇ ਤਤਕਾਲੀ ਮੰਤਰੀਆਂ, ਮੁੱਖ-ਮੰਤਰੀਆਂ ਅਤੇ ਕੇਂਦਰੀ ਨੇਤਾਵਾਂ ਦੀਆਂ ਗ਼ਲਤ ਨੀਤੀਆਂ ਦਾ ਡਟ ਕੇ ਵਿਰੋਧ ਵੀ ਕੀਤਾ। ਇਸ ਕਾਰਨ ਮੈਨੂੰ ਦੋ ਵਾਰ ਹਵਾਲਾਤ ਦੀ ਹਵਾ ਵੀ ਖਾਣੀ ਪਈ। ਮੈਂ ਇਸ ਸਭ ਤੋਂ ਡਰਿਆ ਨਹੀਂ ਸਾਂ। ਹਰ ਸੰਘਰਸ਼ ਨੇ ਨਵਾਂ ਰੂਪ ਧਾਰ ਕੇ ਮਾਣ-ਮੱਤੀਆਂ ਜਿੱਤਾਂ ਹਾਸਲ ਕੀਤੀਆਂ।

ਸਾਂਝਾ ਕਰੋ

ਪੜ੍ਹੋ

ਸੁਪਰੀਮ ਕੋਰਟ ਨੇ ਮਹਿਲਾ ਪੁਲਿਸ ਅਧਿਕਾਰੀ ਨੂੰ

ਨਵੀਂ ਦਿੱਲੀ, 15 ਨਵੰਬਰ – ਸੁਪਰੀਮ ਕੋਰਟ ਨੇ ਉੜੀਸਾ ਦੇ...