
ਮੈਂ ਪਹਿਲੀ ਵਾਰ 1979 ਵਿਚ ਅਹਿਮਦਾਬਾਦ ਗਿਆ ਸਾਂ। ਉਸ ਤੋਂ ਅਗਲੇ ਦਹਾਕੇ ਦੌਰਾਨ ਮੇਰਾ ਆਮ ਹੀ ਉੱਥੇ ਚੱਕਰ ਲੱਗਦਾ ਰਹਿੰਦਾ, ਪੇਸ਼ੇਵਾਰ ਕਾਰਨਾਂ ਕਰਕੇ ਵੀ ਤੇ ਨਿੱਜੀ ਕਾਰਨਾਂ ਕਰਕੇ ਵੀ। ਫਿਰ ਮੈਂ ਮਹਾਤਮਾ ਗਾਂਧੀ ਉੱਤੇ ਖੋਜ ਕਰਨੀ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਅਹਿਮਦਾਬਾਦ ਨਾਲ ਮੇਰਾ ਲਗਾਉ ਹੋਰ ਵਧ ਗਿਆ। ਮੈਂ 2002 ਦੀਆਂ ਗਰਮੀਆਂ ਵਿਚ ਵੀ ਉੱਥੇ ਗਿਆ, ਜੋ ਉਸੇ ਸਾਲ ਦੇ ਸ਼ੁਰੂ ਵਿਚ ਹੋਏ ਭਿਆਨਕ ਗੁਜਰਾਤ ਦੰਗਿਆਂ ਤੋਂ ਬਾਅਦ ਸ਼ਹਿਰ ਦੀ ਮੇਰੀ ਪਹਿਲੀ ਫੇਰੀ ਸੀ। ਸੁਭਾਵਿਕ ਹੀ ਹੈ ਕਿ ਮੈਂ ਸਾਬਰਮਤੀ ਆਸ਼ਰਮ ਵੀ ਗਿਆ, ਜਿੱਥੇ ਮੈਂ ਕੁਝ ਸਮਾਂ ਗੁਜ਼ਾਰਿਆ ਅਤੇ ਆਸ਼ਰਮ ਦੇ ਇਕ ਟਰੱਸਟੀ ਨਾਲ ਗੱਲਬਾਤ ਕੀਤੀ। ਇਹ ਬਹੁਤ ਹੀ ਮਿੱਠਬੋਲੜੇ ਤੇ ਨਿਮਰ ਟਰੱਸਟੀ ਉਦੋਂ ਲਗਾਤਾਰ ਤੀਹ ਸਾਲਾਂ ਤੋਂ ਗਾਂਧੀ ਆਸ਼ਰਮ ਦੀ ਸੇਵਾ ਕਰ ਰਹੇ ਸਨ। ਗੱਲਬਾਤ ਦੌਰਾਨ ਉਨ੍ਹਾਂ ਗੁਜਰਾਤ ਦੰਗਿਆਂ ਨੂੰ ‘ਮਹਾਤਮਾ ਗਾਂਧੀ ਦਾ ਦੂਜਾ ਕਤਲ’ ਕਰਾਰ ਦਿੱਤਾ।
ਉਹ ਵਿਅਕਤੀ, ਜਿਸ ਦੀ ਸੱਤਾ ਦੌਰਾਨ ਇਹ ਦੰਗੇ ਹੋਏ, ਭਾਵ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਪੂਰੀ ਤਰ੍ਹਾਂ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਦੇ ਰੰਗ ਵਿਚ ਰੰਗਿਆ ਹੋਇਆ ਹੈ। ਆਰਐੱਸਐੱਸ ਇਕ ਅਜਿਹੀ ਸੰਸਥਾ ਹੈ ਜਿਸ ਦੀ ਵਿਚਾਰਧਾਰਾ ਗਾਂਧੀ ਦੀ ਖੁੱਲ੍ਹੀ ਤੇ ਵਿਸ਼ਾਲ ਸੋਚ ਦੇ ਉਲਟ ਹੈ। ਮੋਦੀ ਆਰਐੱਸਐੱਸ ਦੇ ਸਰਸੰਘ ਚਾਲਕ ਐਮਐੱਸ ਗੋਲਵਾਲਕਰ ਦੀ ਪੂਜਾ ਕਰਦਿਆਂ ਵੱਡੇ ਹੋਏ ਤੇ ਗੋਲਵਾਲਕਰ ਦੀ ਗਾਂਧੀ ਪ੍ਰਤੀ ਨਫ਼ਰਤ ਜੱਗ ਜ਼ਾਹਰ ਹੈ। ਦਸੰਬਰ 1947 ਵਿਚ ਇਕ ਤਕਰੀਰ ਦੌਰਾਨ ਗੋਲਵਾਲਕਰ ਨੇ ਕਿਹਾ ਸੀ: ‘‘ਮਹਾਤਮਾ ਗਾਂਧੀ ਹੁਣ ਮੁਲਕ ਨੂੰ ਹੋਰ ਗੁਮਰਾਹ ਨਹੀਂ ਕਰ ਸਕਦੇ। ਸਾਡੇ ਕੋਲ ਅਜਿਹੇ ਵਸੀਲੇ ਹਨ, ਕਿ ਇਸ ਤਰ੍ਹਾਂ ਦੇ ਲੋਕਾਂ ਨੂੰ ਫ਼ੌਰੀ ਖ਼ਾਮੋਸ਼ ਕੀਤਾ ਜਾ ਸਕਦਾ ਹੈ, ਪਰ ਸਾਡੀ ਰਵਾਇਤ ਹੈ ਕਿ ਅਸੀਂ ਹਿੰਦੂਆਂ ਦਾ ਬੁਰਾ ਨਹੀਂ ਕਰ ਸਕਦੇ। ਪਰ ਜੇ ਸਾਨੂੰ ਮਜਬੂਰ ਕੀਤਾ ਗਿਆ ਤਾਂ ਸਾਨੂੰ ਅਜਿਹਾ ਕਦਮ ਵੀ ਚੁੱਕਣਾ ਪੈ ਸਕਦਾ ਹੈ।’’
ਮੋਦੀ ਵਾਸਤੇ ਗੋਲਵਾਲਕਰ ‘ਪੂਜਨੀਕ ਸ੍ਰੀ ਗੁਰੂਜੀ’ ਹਨ, ਬਹੁਤ ਹੀ ਸਤਿਕਾਰਤ ਅਧਿਆਪਕ ਤੇ ਉਸਤਾਦ। ਉਨ੍ਹਾਂ ਆਪਣੇ ਕਰੀਅਰ ਦੌਰਾਨ ਬਹੁਤਾ ਕਰਕੇ ਗੋਲਵਾਲਕਰ ਦੇ ਹੀ ਸੋਹਲੇ ਗਾਏ ਅਤੇ ਗਾਂਧੀ ਬਾਰੇ ਸ਼ਾਇਦ ਹੀ ਕਦੇ ਸੋਚਿਆ ਹੋਵੇ। ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਉਹ ਕਦੇ-ਕਦਾਈਂ ਹੀ ਸਾਬਰਮਤੀ ਆਸ਼ਰਮ ਗਏ ਹੋਣਗੇ। ਪਰ, ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਦੀ ਆਸ਼ਰਮ ਵਿਚ ਭਾਰੀ ਦਿਲਚਸਪੀ ਪੈਦਾ ਹੋ ਗਈ। ਇਸ ਦੌਰਾਨ ਉਹ ਹੋਰਨਾਂ ਤੋਂ ਇਲਾਵਾ ਜਪਾਨ ਤੇ ਇਸਰਾਈਲ ਦੇ ਪ੍ਰਧਾਨ ਮੰਤਰੀਆਂ ਅਤੇ ਚੀਨ ਤੇ ਅਮਰੀਕਾ ਦੇ ਰਾਸ਼ਟਰਪਤੀਆਂ ਨੂੰ ਨਾਲ ਲੈ ਕੇ ਸਾਬਰਮਤੀ ਆਸ਼ਰਮ ਗਏ।
ਆਸ਼ਰਮ ਦੇ ਬਹੁਤ ਸਾਰੇ ਟਰੱਸਟੀਆਂ ਨੂੰ ਗਾਂਧੀ ਦੇ ਜੀਵਨ ਬਾਰੇ ਡੂੰਘੀ ਜਾਣਕਾਰੀ ਹੈ, ਇਸੇ ਤਰ੍ਹਾਂ ਇਸ ਦੇ ਅਮਲੇ ਦੇ ਮੈਂਬਰਾਂ ਨੂੰ ਵੀ। ਇਸ ਦੇ ਬਾਵਜੂਦ ਵਿਦੇਸ਼ੀ ਮਹਿਮਾਨਾਂ ਨੂੰ ਆਸ਼ਰਮ ਵਿਚ ਘੁਮਾਉਣ ਤੇ ਇਸ ਬਾਰੇ ਜਾਣਕਾਰੀ ਦੇਣ ਲਈ ਇਨ੍ਹਾਂ ਮਾਹਿਰਾਂ ਵਿਚੋਂ ਕਿਸੇ ਨੂੰ ਕਹਿਣ ਦੀ ਥਾਂ ਇਹ ਕੰਮ ਮੋਦੀ ਨੇ ਖ਼ੁਦ ਕੀਤਾ, ਇਕ ਅਜਿਹੇ ਵਿਅਕਤੀ ਨੇ ਜੋ ਗਾਂਧੀ ਨੂੰ ਨਫ਼ਰਤ ਕਰਨ ਵਾਲਿਆਂ ਦੀ ਸੋਚ ਨੂੰ ਪ੍ਰਣਾਇਆ ਹੋਇਆ ਹੈ। ਇਸ ਮੌਕੇ ਵੀਡੀਓਗ੍ਰਾਫ਼ੀ ਕਰਨ ਵਾਲੇ ਕੈਮਰਾਮੈਨ ਨੂੰ ਇਹੋ ਹਦਾਇਤ ਹੁੰਦੀ ਸੀ ਕਿ ਕੈਮਰੇ ਦੇ ਫਰੇਮ ਵਿਚ ਸਿਰਫ਼ ਭਾਰਤੀ ਪ੍ਰਧਾਨ ਮੰਤਰੀ ਅਤੇ ਵਿਦੇਸ਼ੀ ਮਹਿਮਾਨ ਨੂੰ ਹੀ ਦਿਖਾਉਣਾ ਹੈ, ਕਿਉਂਕਿ ਇਸ ਮੌਕੇ ਮੋਦੀ ਆਸ਼ਰਮ ਵਿਚਲੀਆਂ ਵੱਖ-ਵੱਖ ਥਾਵਾਂ – ਜਿਵੇਂ ਗਾਂਧੀ ਦੇ ਰਹਿਣ ਵਾਲੀ ਝੁੱਗੀ, ਉਨ੍ਹਾਂ ਦੇ ਪ੍ਰਾਰਥਨਾ ਕਰਨ ਦਾ ਸਥਾਨ ਤੇ ਉਨ੍ਹਾਂ ਦਾ ਚਰਖਾ ਆਦਿ – ਵੱਲ ਇਸ਼ਾਰੇ ਕਰ-ਕਰ ਕੇ ਉਨ੍ਹਾਂ ਬਾਰੇ ਵਿਦੇਸ਼ੀ ਮਹਿਮਾਨ ਨੂੰ ਜਾਣਕਾਰੀ ਦਿੰਦਿਆਂ ਇੰਝ ਦਿਖਾਵਾ ਕਰਦੇ ਹਨ ਜਿਵੇਂ ਉਨ੍ਹਾਂ ਨੂੰ ਮਹਾਤਮਾ, ਉਨ੍ਹਾਂ ਦੀ ਜ਼ਿੰਦਗੀ ਤੇ ਉਨ੍ਹਾਂ ਦੇ ਵਿਚਾਰਾਂ ਬਾਰੇ ਬਹੁਤ ਗੂੜ੍ਹੀ ਜਾਣਕਾਰੀ ਹੋਵੇ।
ਇਸ ਤਰ੍ਹਾਂ ਆਪਣੇ ਆਪ ਨੂੰ ਸ਼ਰੇਆਮ ਗਾਂਧੀ ਨਾਲ ਜੋੜਨ ਦੀ ਪ੍ਰਧਾਨ ਮੰਤਰੀ ਦੀ ਨਵੀਂ-ਨਵੀਂ ਪੈਦਾ ਹੋਈ ਇੱਛਾ ਬਾਰੇ ਕੀ ਆਖਿਆ ਜਾਵੇ? ਇੰਝ ਜਾਪਦਾ ਹੈ ਜਿਵੇਂ ਮੋਦੀ ਦੀ ਆਪਣਾ ਗੁਣਗਾਨ, ਆਪਣੀ ਮਹਿਮਾ ਤੇ ਵਡਿਆਈ ਕਰਾਉਣ ਦੀ ਖ਼ੁਆਹਿਸ਼ ਨੇ, ਉਨ੍ਹਾਂ ਦੀਆਂ ਪੁਰਾਣੀਆਂ ਸਿਆਸੀ ਵਫ਼ਾਦਾਰੀਆਂ ਅਤੇ ਵਿਚਾਰਧਾਰਕ ਵਚਨਬੱਧਤਾਵਾਂ ਨੂੰ ਪਿੱਛੇ ਪਾ ਦਿੱਤਾ ਹੈ। ਗਾਂਧੀ ਪ੍ਰਤੀ ਆਰਐੱਸਐੱਸ ਦੀ ਸੋਚ ਹਾਲੇ ਵੀ ਪੂਰੀ ਤਰ੍ਹਾਂ ਨਫ਼ਰਤੀ ਹੀ ਹੈ। ਸੋਸ਼ਲ ਮੀਡੀਆ ਉੱਤੇ ਅੰਧਭਗਤ ਸ਼ਰੇਆਮ ਗਾਂਧੀ ਦਾ ਵਿਰੋਧ ਕਰਦੇ ਹਨ। ਪਰ ਮੋਦੀ ਜਾਣਦੇ ਹਨ ਕਿ ਗਾਂਧੀ ਹਾਲੇ ਵੀ ਬਹੁਤ ਪ੍ਰਸੰਗਿਕ ਹਨ, ਜਿਨ੍ਹਾਂ ਦੀ ਨਾ ਸਿਰਫ਼ ਸਮਕਾਲੀ ਚਰਚਾ ਲਈ ਲੋੜ ਹੈ ਸਗੋਂ ਉਹ ਦੁਨੀਆਂ ਭਰ ਵਿਚ ਭਾਰਤੀ ‘ਬਰਾਂਡ’ ਵਜੋਂ ਦਿਓਕੱਦ ਤੇ ਸਤਿਕਾਰੀ ਜਾਂਦੀ ਸ਼ਖ਼ਸੀਅਤ ਵੀ ਹਨ। ਇਸ ਲਈ ਭਾਵੇਂ ਜਪਾਨ ਹੋਵੇ, ਚੀਨ, ਇਸਰਾਈਲ ਜਾਂ ਫਰਾਂਸ ਹੋਵੇ – ਭਾਵੇਂ ਅਮਰੀਕਾ, ਰੂਸ ਜਾਂ ਜਰਮਨੀ ਹੋਣ – ਜੇ ਮੋਦੀ ਨੇ ਆਪਣਾ ਕੋਈ ਪ੍ਰਭਾਵ ਪਾਉਣਾ ਹੈ ਤਾਂ ਜ਼ਰੂਰੀ ਹੈ ਕਿ ਉਹ ਬੜਾ ਗਿਣ-ਮਿਥ ਕੇ ਗਾਂਧੀ ਨੂੰ ਆਪਣੇ ਨਾਲ ਖੜੋਤੇ ਦਿਖਾਉਣ।
ਮੋਦੀ ਵੱਲੋਂ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸਾਬਰਮਤੀ ਆਸ਼ਰਮ ਵਿਚ ਦਿਖਾਈ ਜਾ ਰਹੀ ਰੁਚੀ ਦੇ ਬਾਵਜੂਦ ਉਨ੍ਹਾਂ ਤੇ ਗਾਂਧੀ ਦਰਮਿਆਨ ਜੋ ਇਖ਼ਲਾਕੀ ਤੇ ਵਿਚਾਰਧਾਰਕ ਪਾੜਾ ਹੈ, ਉਸ ਨੂੰ ਕਦੇ ਵੀ ਪੂਰਿਆ ਨਹੀਂ ਜਾ ਸਕਦਾ। ਮੋਦੀ ਇਕ ਅਜਿਹੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਦੀ ਪਾਰਟੀ ਦੇ 300 ਦੇ ਕਰੀਬ ਲੋਕ ਸਭਾ ਮੈਂਬਰਾਂ ਵਿਚ ਇਕ ਵੀ ਮੁਸਲਮਾਨ ਨਹੀਂ ਸੀ ਅਤੇ ਜਿਨ੍ਹਾਂ ਦੀ ਸਰਕਾਰ ਲਗਾਤਾਰ ਘੱਟਗਿਣਤੀ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਪੱਖਪਾਤੀ ਕਾਨੂੰਨ ਪਾਸ ਕਰ ਰਹੀ ਹੈ ਅਤੇ ਇਸ ਦੀਆਂ ਨੀਤੀਆਂ ਅਜਿਹੀਆਂ ਹਨ ਜਿਨ੍ਹਾਂ ਦਾ ਫ਼ਿਰਕੂ ਸਦਭਾਵਨਾ ਦੇ ਦੂਤ ਮਹਾਤਮਾ ਗਾਂਧੀ ਨੇ ਤਾਉਮਰ ਵਿਰੋਧ ਕੀਤਾ। ਇਹ ਇਕ ਅਜਿਹਾ ਇਨਸਾਨ ਹੈ ਜਿਸ ਨੇ ਆਪਣੇ ਨਿੱਜੀ ਇਤਿਹਾਸ ਨੂੰ ਬਹੁਤ ਗਿਣ-ਮਿਥ ਕੇ ਘੜਿਆ ਹੈ, ਜਿਸ ਦੀ ਹਕੂਮਤ ਅਰਥਚਾਰੇ, ਸਿਹਤ ਅਤੇ ਹੋਰ ਸਭ ਕਾਸੇ ਬਾਰੇ ਅੰਕੜਿਆਂ ਨੂੰ ਗਿਣ-ਮਿਥ ਕੇ ਆਪਣੀ ਮਰਜ਼ੀ ਨਾਲ ਬਣਾਉਂਦੀ ਤੇ ਪ੍ਰਚਾਰਦੀ ਹੈ ਅਤੇ ਉਸ ਦੀ ਦੁਨੀਆਂ ਵਿਚ ਉਸ ਇਨਸਾਨ ਲਈ ਕੋਈ ਥਾਂ ਨਹੀਂ, ਜਿਸ ਨੇ ‘ਸੱਤਿਆਮੇਵ ਜਯਤੇ’ ਭਾਵ ਸੱਚ ਦੀ ਜਿੱਤ ਹੋਵੇਗੀ ਦਾ ਨਾਅਰਾ ਦਿੱਤਾ। ਦਰਅਸਲ, ਇਸ ਹਕੂਮਤ ਦਾ ਝੂਠ ਤੇ ਫਰੇਬ ਬਹੁਤ ਵਿਆਪਕ ਹੈ।
ਗਾਂਧੀ ਕੀ ਹੈ? ਗਾਂਧੀ ਹੈ- ਸੱਚਾਈ, ਪਾਰਦਰਸ਼ਤਾ ਅਤੇ ਧਾਰਮਿਕ ਅਨੇਕਤਾਵਾਦ। ਦੂਜੇ ਪਾਸੇ, ਮੋਦੀ ਹੈ – ਪਰਦਾਦਾਰੀ ਅਤੇ ਬਹੁਗਿਣਤੀਵਾਦ। ਇਸ ਹਾਲਤ ਵਿਚ ਮੋਦੀ ਵੱਲੋਂ ਗਾਂਧੀ ਨਾਲ ਰਿਸ਼ਤਿਆਂ ਦਾ ਦਾਅਵਾ ਕਿਵੇਂ ਕੀਤਾ ਜਾ ਸਕਦਾ ਹੈ? ਤਰਕ ਤੇ ਇਖ਼ਲਾਕ ਕਹਿੰਦਾ ਹੈ ਕਿ ਉਹ ਅਜਿਹਾ ਨਹੀਂ ਕਰ ਸਕਦੇ, ਪਰ ਤਾਕਤ ਤੇ ਲਾਲਸਾ ਦੇ ਸਮੀਕਰਣਾਂ ਮੁਤਾਬਿਕ ਉਨ੍ਹਾਂ ਨੂੰ ਅਜਿਹਾ ਜ਼ਰੂਰ ਕਰਨਾ ਚਾਹੀਦਾ ਹੈ। ਇਹੋ ਕਾਰਨ ਹੈ ਕਿ ਅਸੀਂ ਛੇਤੀ ਹੀ ਮੋਦੀ ਦੇ ਦਾਗੀ ਪਿਛੋਕੜ ਨੂੰ, ਉਨ੍ਹਾਂ ਦਾ ਨਾਂ ਗਾਂਧੀ ਨਾਲ ਜੋੜ ਕੇ ਸਫੇਦ ਕਰਨ ਦੀ ਤਾਜ਼ਾ ਕੋਸ਼ਿਸ਼ ਦੇਖਣ ਜਾ ਰਹੇ ਹਾਂ। ਇਸ ਤਹਿਤ ਸਰਕਾਰ ਦੇ ਮਣਾਂ-ਮੂੰਹੀਂ ਫੰਡਾਂ ਦੀ ਮਦਦ ਨਾਲ ਅਤੇ ਸਰਕਾਰ ਦੀ ਹੀ ਸੇਧ ਤਹਿਤ ਸਾਬਰਮਤੀ ਆਸ਼ਰਮ ਨੂੰ ‘ਆਲਮੀ ਪੱਧਰ ਦੀ ਯਾਦਗਾਰ’ ਬਣਾਉਣ ਦੇ ਨਾਂ ’ਤੇ ਬਿਲਕੁਲ ਨਵਾਂ ਰੂਪ ਦੇਣ ਦਾ ਪ੍ਰਾਜੈਕਟ ਉਲੀਕਿਆ ਗਿਆ ਹੈ।
ਗਾਂਧੀ ਕਹਿੰਦੇ ਸਨ, ਮੇਰੀ ਜ਼ਿੰਦਗੀ ਹੀ ਮੇਰਾ ਸੁਨੇਹਾ ਹੈ। ਉਨ੍ਹਾਂ ਨੂੰ ਲੋੜ ਨਹੀਂ ਕਿ ਉਨ੍ਹਾਂ ਦੇ ਨਾਂ ਉੱਤੇ ਸਟੇਡੀਅਮਾਂ ਦੇ ਨਾਂ ਰੱਖੇ ਜਾਣ, ਜਾਂ ਰਾਜਧਾਨੀ ਨੂੰ ਹੀ ਮੁੜ ਤੋਂ ਬਣਾਇਆ ਜਾਵੇ ਤਾਂ ਕਿ ਅਤੀਤ ਦੇ ਹਾਕਮਾਂ ਦੇ ਨਿਸ਼ਾਨ ਮਿਟਾ ਦਿੱਤੇ ਜਾਣ ਅਤੇ ਸਿਰਫ਼ ਉਨ੍ਹਾਂ ਦਾ ਹੀ ਨਾਂ ਹੋਵੇ ਤਾਂ ਕਿ ਇਤਿਹਾਸ ਵਿਚ ਉਨ੍ਹਾਂ ਦੀ ਥਾਂ ਪੱਕੀ ਹੋ ਸਕੇ। ਸਾਬਰਮਤੀ ਆਸ਼ਰਮ ਅੱਜ ਜਿਵੇਂ ਵੀ ਹੈ, ਇਹ ਗਾਂਧੀ ਅਤੇ ਉਨ੍ਹਾਂ ਦੀ ਸੋਚ ਦੇ ਲਿਹਾਜ਼ ਨਾਲ ਪੂਰੀ ਤਰ੍ਹਾਂ ਢੁਕਵੀਂ ਯਾਦਗਾਰ ਹੈ। ਇਸ ਦੀਆਂ ਦਿਲਕਸ਼ ਛੋਟੀਆਂ ਇਮਾਰਤਾਂ ਗਾਂਧੀ ਦੇ ਵੇਲਿਆਂ ਦੀਆਂ ਹਨ। ਇਸ ਦੇ ਦਰੱਖ਼ਤ ਤੇ ਪੰਛੀ, ਖੁੱਲ੍ਹਾ ਦਾਖ਼ਲਾ – ਜਿੱਥੇ ਨਾ ਸੁਰੱਖਿਆ ਗਾਰਡ ਹਨ ਤੇ ਨਾ ਹੀ ਕੋਈ ਦਾਖ਼ਲਾ ਫੀਸ, ਕੋਈ ਖਾਕੀ ਵਰਦੀ ਵਾਲਾ ਪੁਲੀਸ ਮੁਲਾਜ਼ਮ ਨਹੀਂ – ਬੰਦੂਕਾਂ ਵਾਲਾ ਤਾਂ ਕੀ, ਡੰਡੇ ਵਾਲਾ ਵੀ ਨਹੀਂ ਅਤੇ ਨਾਲ ਹੀ ਲਾਗੇ ਦਰਿਆ ਦਾ ਦ੍ਰਿਸ਼ – ਇਹ ਸਾਰਾ ਕੁਝ ਇਸ ਥਾਂ ਨੂੰ ਖ਼ਾਸ ਤੇ ਸਵਾਗਤੀ ਖਾਸਾ ਮੁਹੱਈਆ ਕਰਾਉਂਦਾ ਹੈ ਜਿਹੜਾ ਅੱਜ ਭਾਰਤ ਵਿਚਲੀ ਹੋਰ ਕਿਸੇ ਵੀ ਯਾਦਗਾਰ ਜਾਂ ਅਜਾਇਬਘਰ ਵਿਚ ਨਹੀਂ ਹੈ।
ਗਾਂਧੀ ਵੱਲੋਂ ਬਣਾਏ ਗਏ ਪੰਜ ਆਸ਼ਰਮਾਂ – ਦੋ ਦੱਖਣੀ ਅਫ਼ਰੀਕਾ ਤੇ ਤਿੰਨ ਭਾਰਤ ਵਿਚਲੇ – ਵਿਚੋਂ ਸਾਬਰਮਤੀ ਬੇਸ਼ੱਕ ਸਭ ਤੋਂ ਅਹਿਮ ਹੈ। ਇਸ ਆਸ਼ਰਮ ਨੂੰ ਦੇਖਣ ਲਈ ਪਿਛਲੇ ਸਾਲਾਂ ਦੌਰਾਨ ਭਾਰਤ ਅਤੇ ਸੰਸਾਰ ਭਰ ਵਿਚਲੇ ਲੱਖਾਂ ਹੀ ਲੋਕ ਆ ਚੁੱਕੇ ਹਨ। ਇਨ੍ਹਾਂ ਲੋਕਾਂ ਵਿਚੋਂ ਕੋਈ ਵੀ ਇਸ ਸਥਾਨ ਨਾਲ ਜੁੜੀ ਹੋਈ ਇਤਿਹਾਸਕ ਅਹਿਮੀਅਤ ਦੇ ਨਾਲ ਹੀ ਇਸ ਦੀ ਖ਼ੂਬਸੂਰਤੀ ਤੇ ਸਾਦਗੀ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦਾ।
ਜਦੋਂ ਆਪਣੀ ਖ਼ਾਸ ਕਰੂਰਤਾ ਅਤੇ ਸਮਾਰਕਵਾਦ ਲਈ ਜਾਣੀ ਜਾਂਦੀ ਧਿਰ ਸਾਬਰਮਤੀ ਆਸ਼ਰਮ ਦੇ ਸਬੰਧ ਵਿਚ ਸ਼ਬਦ ‘ਆਲਮੀ ਪੱਧਰ’ ਦੀ ਵਰਤੋਂ ਕਰਦੀ ਹੈ ਤਾਂ ਧੁਰ ਅੰਦਰ ਤੱਕ ਕੰਬਣੀ ਛਿੜ ਜਾਂਦੀ ਹੈ। ਆਸ਼ਰਮ ਦੀ ਹਾਲਤ ਨੂੰ ‘ਸੁਧਾਰਨ’ ਲਈ ਚੁਣਿਆ ਗਿਆ ਆਰਕੀਟੈਕਟ ਹੋਰ ਵੀ ਵੱਧ ਪ੍ਰੇਸ਼ਾਨ ਕਰਨ ਵਾਲਾ ਹੈ। ਉਸ ਦਾ ਕੰਮ ਲਾਸਾਨੀ ਹੈ। ਉਸ ਦੇ ਠੰਢੇ, ਕੰਕਰੀਟ ਦੇ ਢਾਂਚੇ, ਉਸ ਸਭ ਕਾਸੇ ਤੋਂ ਬਹੁਤ ਵੱਖਰੇ ਹਨ ਜੋ ਗਾਂਧੀ ਦੇ ਸਾਬਰਮਤੀ ਤੇ ਸੇਵਾਗ੍ਰਾਮ ਵਿਚ ਘਰਾਂ ਤੇ ਇਮਾਰਤਾਂ ਦੀ ਪਛਾਣ ਹੈ।
ਇੰਝ ਜਾਪਦਾ ਹੈ ਜਿਵੇਂ ਚੁਣਿਆ ਗਿਆ ਇਮਾਰਤਸਾਜ਼ ਹੀ ਅਜਿਹਾ ਇਕੋ ਇਕ ਆਰਕੀਟੈਕਟ ਹੈ, ਜਿਸ ਬਾਰੇ ਪ੍ਰਧਾਨ ਮੰਤਰੀ ਨੇ ਸੁਣਿਆ ਹੋਵੇ। ਦਿੱਲੀ, ਵਾਰਾਣਸੀ ਅਤੇ ਅਹਿਮਦਾਬਾਦ ਵਿਚਲੇ ਹੋਰਨਾਂ ਸਰਕਾਰੀ ਪ੍ਰਾਜੈਕਟਾਂ ਵਾਂਗ ਹੀ ਸਾਬਰਮਤੀ ਆਸ਼ਰਮ ਦੇ ਸੁਧਾਰ ਦਾ ਕੰਮ ਵੀ ਆਪਣੇ ਆਪ ਇਸੇ ਆਰਕੀਟੈਕਟ ਦੇ ਹਵਾਲੇ ਕਰ ਦਿੱਤਾ ਗਿਆ। ਨਾਲ ਹੀ ਮੋਦੀ ਨੇ ਇਸ ਪ੍ਰਾਜੈਕਟ ਉੱਤੇ ਕੰਮ ਕਰਨ ਲਈ ਗੁਜਰਾਤ ਦੇ ਕੁਝ ਅਧਿਕਾਰੀਆਂ ਨੂੰ ਵੀ ਤਾਇਨਾਤ ਕੀਤਾ ਹੈ ਜਿਨ੍ਹਾਂ ਉੱਤੇ ਇਸੇ ਤਰ੍ਹਾਂ ਉਹ ਭਰੋਸਾ ਕਰਦੇ ਹਨ। ਆਸ਼ਰਮ ਦੇ ‘ਮੁੜਵਿਕਾਸ’ ਦੀ ਯੋਜਨਾ ਮੋਦੀ ਦੀ ਕਰੀਬੀ ਮੰਡਲੀ ਨੇ ਹੀ ਬਣਾਈ ਹੈ ਜਿਸ ਲਈ ਆਰਕੀਟੈਕਟਾਂ, ਸੰਭਾਲਕਰਤਾਵਾਂ, ਗਾਂਧੀਵਾਦੀਆਂ ਜਾਂ ਵਿਦਵਾਨਾਂ ਆਦਿ ਦੀ ਕੋਈ ਸਲਾਹ ਨਹੀਂ ਲਈ ਗਈ। ਇੰਨਾ ਹੀ ਨਹੀਂ ਸਗੋਂ ਆਸ਼ਰਮ ਦੇ ਟਰੱਸਟੀਆਂ ਨੂੰ ਵੀ ਇਸ ਯੋਜਨਾ ਤੇ ਇਸ ਦੇ ਵੇਰਵਿਆਂ ਤੋਂ ਪੂਰੀ ਤਰ੍ਹਾਂ ਹਨੇਰੇ ਵਿਚ ਰੱਖਿਆ ਗਿਆ।
ਮੋਦੀ ਦੀ ਸਾਬਰਮਤੀ ਯੋਜਨਾ ਪੂਰੀ ਭੇਤਭਰੀ ਹੈ ਅਤੇ ਇਸ ਦੀ ਖਾਸੀਅਤ ਸਿਰਫ਼ ਆਪਣੇ ਕਰੀਬੀਆਂ ਨੂੰ ਫ਼ਾਇਦਾ ਪਹੁੰਚਾਉਣਾ ਹੈ। ਇਮਾਰਤਸਾਜ਼ੀ ਦੀ ਇਹ ਕਾਰਵਾਈ ਆਸ਼ਰਮ ਵਿਚ ਇਸ ਤੋਂ ਪਹਿਲਾਂ ਕੀਤੇ ਗਏ ਅਜਿਹੇ ਦਖ਼ਲ ਦੇ ਬਿਲਕੁਲ ਉਲਟ ਹੈ। ਪਹਿਲੀ ਕਾਰਵਾਈ 1960ਵਿਆਂ ਵਿਚ ਕੀਤੀ ਗਈ ਸੀ ਜੋ ਸ਼ਲਾਘਾਯੋਗ ਢੰਗ ਨਾਲ ਬੜੀ ਮਾਮੂਲੀ ਸੀ। ਉਦੋਂ ਉਸ ਵਕਤ ਦੇ ਟਰੱਸਟੀਆਂ ਨੇ ਫ਼ੇਸਲਾ ਕੀਤਾ ਕਿ ਆਸ਼ਰਮ ਵਿਚ ਇਕ ਛੋਟੇ ਜਿਹੇ ਮਿਊਜ਼ੀਅਮ ਦੀ ਲੋੜ ਹੈ ਅਤੇ ਇਸ ਦੀ ਜ਼ਿੰਮੇਵਾਰੀ ਉਨ੍ਹਾਂ ਆਪਣੇ ਕਿਸੇ ਸਾਥੀ ਗੁਜਰਾਤੀ ਨੂੰ ਨਹੀਂ ਸਗੋਂ ਮੁੰਬਈ ਦੇ ਚਾਰਲਸ ਕੌਰੇਆ ਨੂੰ ਸੌਂਪੀ। ਭਾਵ ਆਰਕੀਟੈਕਟ ਇਕ ਵੱਖਰੇ ਧਰਮ ਅਤੇ ਭਾਰਤ ਦੇ ਇਕ ਵੱਖਰੇ ਖਿੱਤੇ ਤੋਂ ਸੀ ਅਤੇ ਇਹ ਗਾਂਧੀ ਦੀ ਫ਼ਿਰਕੂ ਤੇ ਇਲਾਕਾਈ ਸੌੜੇਪਣ ਵਿਰੋਧੀ ਸੋਚ ਨੂੰ ਹੀ ਅੱਗੇ ਵਧਾਉਣ ਵਾਲੀ ਗੱਲ ਸੀ। ਫਿਰ ਉਹ ਅਜਿਹਾ ਆਰਕੀਟੈਕਟ ਸੀ ਜਿਸ ਦਾ ਕੰਮ ਬਹੁਤ ਸਲਾਹਿਆ ਜਾਂਦਾ ਸੀ। ਉਨ੍ਹਾਂ ਵੱਲੋਂ ਇਨਸਾਨੀ ਪੈਮਾਨੇ ’ਤੇ ਉਸਾਰਿਆ ਗਿਆ ਇਹ ਅਜਾਇਬਘਰ ਆਪਣੇ ਖੁੱਲ੍ਹੇ ਗਲਿਆਰਿਆਂ ਅਤੇ ਚਾਰੇ ਪਾਸੇ ਲੱਗੇ ਦਰਖ਼ਤਾਂ ਸਦਕਾ, ਗਾਂਧੀ ਦੇ ਆਪਣੇ ਸਮੇਂ ਦੇ ਢਾਂਚਿਆਂ ਵਿਚ ਬੜੀ ਖ਼ੂਬਸੂਰਤੀ ਨਾਲ ਰਚ-ਮਿਚ ਗਿਆ।
ਮੇਰੇ ਇਕ ਅਹਿਮਦਾਬਾਦੀ ਕਰੀਬੀ ਮਜ਼ਾਕ ਵਿਚ ਕਹਿੰਦੇ ਹਨ ਕਿ ਦੇਸ਼ ਵਿਚ ਭਾਵੇਂ ਖੁਸ਼ਕਿਸਮਤੀ ਨਾਲ ਇਕ ਰਾਸ਼ਟਰ, ਇਕ ਪਾਰਟੀ ਵਾਲਾ ਢਾਂਚਾ ਨਾ ਬਣੇ, ਪਰ ਇਹ ਜ਼ਰੂਰ ਹੈ ਕਿ ਅਸੀਂ ਇਸ ਨੂੰ ਇਕ ਰਾਸ਼ਟਰ, ਇਕ ਆਰਕੀਟੈਕਟ ਵਾਲਾ ਬਣਾ ਦੇਵਾਂਗੇ। ਜੇ ਕੋਈ ਅਰਬਪਤੀ ਚਾਹੇ ਕਿ ਉਸ ਦੇ ਸਮੁੰਦਰੀ ਕਿਨਾਰੇ ਵਾਲੇ ਘਰ ਨੂੰ, ਉਸ ਦੇ ਆਮ ਰਹਿਣ ਵਾਲੇ ਘਰ, ਪਹਾੜਾਂ ਵਾਲੇ ਘਰ ਤੇ ਹੋਰ ਇਮਾਰਤਾਂ ਦਾ ਡਿਜ਼ਾਈਨ ਤੇ ਉਸਾਰੀ ਉਸ ਦੀ ਨਿੱਜੀ ਦੌਲਤ ਨਾਲ ਕੋਈ ਇੱਕੋ ਇਨਸਾਨ ਕਰੇ ਤਾਂ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ। ਪਰ ਜੇ ਸਾਰੇ ਹੀ ਅਹਿਮ ਸਰਕਾਰੀ ਪ੍ਰਾਜੈਕਟ ਕਿਸੇ ਇੱਕੋ ਆਰਕੀਟੈਕਟ ਨੂੰ ਸੌਂਪੇ ਜਾਂਦੇ ਹਨ ਜਿਸ ਲਈ ਉਸ ਨੂੰ ਦੇਸ਼ ਦੇ ਕਰਦਾਤਾਵਾਂ ਦੀ ਕਮਾਈ ਵਿਚੋਂ ਅਦਾਇਗੀਆਂ ਕੀਤੀਆਂ ਜਾਂਦੀਆਂ ਹਨ ਤਾਂ ਇਹ ਜ਼ਰੂਰ ਗ਼ਲਤ ਹੋਵੇਗਾ। ਦਰਅਸਲ, ਅਜਿਹਾ ਸਿਰਫ਼ ਤਾਨਾਸ਼ਾਹ ਹਕੂਮਤਾਂ ਵਿਚ ਹੀ ਹੁੰਦਾ ਹੈ ਕਿ ਕੋਈ ਇੱਕੋ ਆਰਕੀਟੈਕਟ ਕਿਸੇ ਖ਼ਾਸ ਆਗੂ ਜਾਂ ਉਸ ਦੇ ਚਹੇਤਿਆਂ ਨਾਲ ਜੁੜਿਆ ਹੋਵੇ। ਇਸ ਤਰ੍ਹਾਂ ਜੇ ਇੱਕੋ ਵਿਅਕਤੀ ਨੂੰ ਕਿਸੇ ਪੁਰਾਣੇ ਮੰਦਰਾਂ ਵਾਲੇ ਸ਼ਹਿਰ ਦਾ ਡਿਜ਼ਾਈਨ ਮੁੜ ਤਿਆਰ ਕਰਨ, ਆਧੁਨਿਕ ਰਾਜਧਾਨੀ ਉਸਾਰਨ ਅਤੇ ਨਾਲ ਹੀ ਗਾਂਧੀ ਦੇ ਭਵਨ ਦੀ ਉਸਾਰੀ ਦੇ ਯੋਗ ਸਮਝਿਆ ਜਾਂਦਾ ਹੈ ਤਾਂ ਇਹ ਮੋਦੀ ਹਕੂਮਤ ਦਾ ਭਾਈ-ਭਤੀਜਾਵਾਦ ਤੇ ਕੁਨਬਾਪਰਵਰੀ ਵਾਲਾ ਰਵੱਈਆ ਹੀ ਆਖਿਆ ਜਾਵੇਗਾ।
ਇਕ ਬਿਹਤਰ ਜਾਂ ਦਲੇਰ ਦੁਨੀਆਂ ਵਿਚ ਮੋਦੀ ਅਤੇ ਉਨ੍ਹਾਂ ਦੇ ਸਾਥੀ ਆਪਣੀ ਕਰੂਰਤਾ ਫੈਲਾਉਣ ਤੋਂ ਬਾਅਦ ਬਚ ਕੇ ਨਹੀਂ ਨਿਕਲ ਸਕਦੇ। ਅਫ਼ਸੋਸ ਦੀ ਗੱਲ ਇਹ ਹੈ ਕਿ ਸਾਬਰਮਤੀ ਆਸ਼ਰਮ ਨੂੰ ਚਲਾਉਣ ਵਾਲੇ ਟਰੱਸਟ ਵਿਚ ਵੱਡੀ ਉਮਰ ਦੇ ਔਰਤਾਂ ਤੇ ਮਰਦ ਸ਼ਾਮਲ ਹਨ ਜਿਹੜੇ ਸਾਰੇ ਹੀ ਗੁਜਰਾਤ ਵਿਚ ਰਹਿੰਦੇ ਹਨ। ਉਹ ਇਸ ਡਰ ਕਾਰਨ ਨਹੀਂ ਬੋਲ ਸਕਦੇ ਕਿ ਉਨ੍ਹਾਂ ਜਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਇਸ ਬਦਲੇਖੋਰ ਸਰਕਾਰ ਵੱਲੋਂ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਇਸ ਕਾਰਨ ਮੋਦੀ ਤੇ ਉਨ੍ਹਾਂ ਦੇ ਸਾਥੀਆਂ ਦੀਆਂ ਮਨਸੂਬਾਬੰਦੀਆਂ ਬੇਰੋਕ ਅੱਗੇ ਵਧਦੀਆਂ ਜਾਣਗੀਆਂ। ਪਰ ਇਨ੍ਹਾਂ ਯੋਜਨਾਵਾਂ ਵਿਚ ਅਜਿਹਾ ਕੁਝ ਨਹੀਂ ਹੈ ਜੋ ਉਸ ਦੇ ਆਪਣੇ ਹਿੱਤ, ਆਪਣੇ ਸੁਆਰਥ ਲਈ ਨਾ ਹੋਵੇ। ਜ਼ਾਹਰ ਹੈ ਕਿ ਮੋਦੀ ਵੱਲੋਂ ਸਾਬਰਮਤੀ ਆਸ਼ਰਮ ਦਾ ‘ਮੁੜਵਿਕਾਸ’ ਮਹਾਤਮਾ ਗਾਂਧੀ ਪ੍ਰਤੀ ਪੈਦਾ ਹੋਏ ਕਿਸੇ ਪਿਆਰ ਜਾਂ ਸਤਿਕਾਰ ਕਾਰਨ ਨਹੀਂ ਕਰਵਾਇਆ ਜਾ ਰਿਹਾ ਸਗੋਂ ਇਸ ਲਈ ਕਰਵਾਇਆ ਜਾ ਰਿਹਾ ਹੈ ਕਿ ਉਹ ਇਸ ਤਰ੍ਹਾਂ ਆਪਣੀ ਦਿੱਖ ਨੂੰ ਲਿਸ਼ਕਾਉਣਾ ਚਾਹੁੰਦੇ ਹਨ, ਆਪਣੇ ਅਤੀਤ ਨੂੰ ਨਵੇਂ ਸਿਰਿਉਂ ਲਿਖਣਾ ਚਾਹੁੰਦੇ ਹਨ।
ਨਵੀਂ ਦਿੱਲੀ ਦੇ ਸੈਂਟਰਲ ਵਿਸਟਾ ਦੇ ਕੀਤੇ ਜਾ ਰਹੇ ਉਜਾੜੇ ਦਾ ਵੱਡੇ ਪੱਧਰ ’ਤੇ ਵਿਰੋਧ ਹੋ ਰਿਹਾ ਹੈ। ਇਸ ਦੇ ਬਾਵਜੂਦ ਨੈਤਿਕ ਨਜ਼ਰੀਏ ਤੋਂ ਦੇਖੀਏ ਤਾਂ ਸਾਬਰਮਤੀ ਆਸ਼ਰਮ ਦਾ ਤਜਵੀਜ਼ਤ ਉਜਾੜਾ ਇਸ ਤੋਂ ਵੀ ਕਿਤੇ ਵੱਧ ਫ਼ਿਕਰ ਵਾਲੀ ਗੱਲ ਹੈ। ਇਕ ਚੁਣੇ ਹੋਏ ਪ੍ਰਧਾਨ ਮੰਤਰੀ ਵਜੋਂ ਮੋਦੀ ਨੂੰ ਰਾਜਧਾਨੀ ਵਿਚ ਜਨਤਕ ਜ਼ਮੀਨ ਉੱਤੇ ਇਮਾਰਤਾਂ ਉਸਾਰਨ – ਭਾਵੇਂ ਉਹ ਕਿੰਨੀਆਂ ਵੀ ਬਦਸੂਰਤ ਤੇ ਮਹਿੰਗੀਆਂ ਹੋਣ – ਲਈ ਕੁਝ ਵਾਜਬੀਅਤ ਹਾਸਲ ਹੈ। ਪਰ ਸਾਬਰਮਤੀ ਆਸ਼ਰਮ ਦਾ ਮਾਮਲਾ ਇਸ ਤੋਂ ਬਿਲਕੁਲ ਵੱਖਰਾ ਹੈ। ਸਾਬਰਮਤੀ ਆਸ਼ਰਮ ਅਤੇ ਗਾਂਧੀ ਦਾ ਰਿਸ਼ਤਾ ਨਾ ਮਹਿਜ਼ ਅਹਿਮਦਾਬਾਦ ਨਾਲ ਹੈ, ਨਾ ਹੀ ਇਕੱਲੇ ਗੁਜਰਾਤ ਜਾਂ ਇੱਥੋਂ ਤੱਕ ਕਿ ਇਕੱਲੇ ਭਾਰਤ ਨਾਲ ਵੀ ਨਹੀਂ ਹੈ ਸਗੋਂ ਉਹ ਹਰੇਕ ਮਨੁੱਖ ਨਾਲ ਸਬੰਧਤ ਹਨ – ਜਨਮ ਲੈ ਚੁੱਕੇ ਨਾਲ ਵੀ ਤੇ ਅਣਜੰਮੇ ਨਾਲ ਵੀ। ਇਕ ਅਜਿਹਾ ਸਿਆਸਤਦਾਨ ਜਿਸ ਦਾ ਸਾਰਾ ਜੀਵਨ ਗਾਂਧੀ ਦੇ ਵਿਰੋਧ ਵਾਲਾ ਹੋਵੇ ਅਤੇ ਇਕ ਆਰਕੀਟੈਕਟ ਜਿਸ ਦੀ ਮੁੱਖ ਯੋਗਤਾ ਉਸ ਸਿਆਸਤਦਾਨ ਨਾਲ ਨੇੜਤਾ ਹੀ ਹੈ, ਨੂੰ ਮਹਾਤਮਾ ਨਾਲ ਜੁੜੀਆਂ ਸਾਰੀਆਂ ਥਾਵਾਂ ਵਿਚੋਂ ਸਭ ਤੋਂ ਪਵਿੱਤਰ ਸਥਾਨ ਨਾਲ ਖਿਲਵਾੜ ਕਰਨ ਦਾ ਕੋਈ ਅਖ਼ਤਿਆਰ ਨਹੀਂ।
ਈਮੇਲ: ramachandraguha@yahoo.in