ਰਾਸ਼ਟਰੀ ਕੈਂਸਰ ਜਾਗਰੂਕਤਾ ਦਿਵਸ ਹਰ ਸਾਲ 7 ਨਵੰਬਰ ਨੂੰ ਮਨਾਇਆ ਜਾਂਦਾ ਹੈ, ਜਿਸ ਦਾ ਮੁੱਖ ਉਦੇਸ਼ ਲੋਕਾਂ ’ਚ ਕੈਂਸਰ ਦੀ ਬਿਮਾਰੀ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਉਨ੍ਹਾਂ ਨੂੰ ਇਸ ਦੇ ਲੱਛਣਾਂ, ਕਾਰਨਾਂ ਅਤੇ ਇਲਾਜ ਦੇ ਬਦਲਾਂ ਬਾਰੇ ਸਹੀ ਜਾਣਕਾਰੀ ਪ੍ਰਦਾਨ ਕਰਨਾ ਹੈ। ਕੈਂਸਰ ਨੂੰ ਸ਼ੁਰੂਆਤੀ ਅਵਸਥਾ ’ਚ ਪਛਾਣ ਕੇ ਇਲਾਜ ਦੁਆਰਾ ਕਾਬੂ ਕੀਤਾ ਜਾ ਸਕਦਾ ਹੈ। ਇਸ ਲਈ ਇਸ ਦਿਨ ਕਈ ਥਾਵਾਂ ‘ਤੇ ਕੈਂਸਰ ਸਬੰਧੀ ਜਾਣਕਾਰੀ ਤੇ ਜਾਗਰੂਕਤਾ ਭਰਪੂਰ ਵਿਸ਼ੇਸ਼ ਸੈਮੀਨਾਰ, ਵੈਬੀਨਾਰ ਤੇ ਕੈਂਪ ਆਯੋਜਿਤ ਕੀਤੇ ਜਾਂਦੇ ਹਨ, ਤਾਂ ਜੋ ਲੋਕ ਕੈਂਸਰ ਤੋਂ ਸੁਰੱਖਿਅਤ ਰਹਿਣ ਲਈ ਸਾਵਧਾਨੀਆਂ ਵਰਤ ਸਕਣ।
ਮੌਤ ਦਾ ਦੂਸਰਾ ਵੱਡਾ ਕਾਰਨ
ਭਾਵੇਂ ਵਿਗਿਆਨ ਅਜੇ ਤਕ ਕੈਂਸਰ ਦੇ ਮੁੱਖ ਕਾਰਨਾਂ ਦਾ ਚੰਗੀ ਤਰ੍ਹਾਂ ਨਾਲ ਪਤਾ ਨਹੀਂ ਲਗਾ ਸਕਿਆ ਪਰ ਫਿਰ ਵੀ ਕੁਝ ਕਾਰਨ ਜਿਵੇਂ ਸਿਗਰਟ, ਸ਼ਰਾਬ ਅਤੇ ਤੰਬਾਕੂ ਦਾ ਖੁੱਲ੍ਹਾ ਸੇਵਨ, ਕੀਟਨਾਸ਼ਕ ਦਵਾਈਆਂ ਦਾ ਛਿੜਕਾਅ, ਵੱਧ ਰਿਹਾ ਪ੍ਰਦੂਸ਼ਣ, ਪਰਾਂਵੈਗਣੀ ਕਿਰਨਾਂ, ਸਾਡਾ ਵਿਗੜ ਰਿਹਾ ਖਾਣ-ਪੀਣ ਅਤੇ ਰਹਿਣ-ਸਹਿਣ ਆਦਿ ਕੈਂਸਰ ਲਈ ਜ਼ਿੰਮੇਵਾਰ ਦੱਸੇ ਜਾਂਦੇ ਹਨ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਨੇ ਦੁਨੀਆ ਭਰ ਵਿਚ ਸਭ ਤੋਂ ਵੱਧ ਮੌਤਾਂ ਲਈ ‘ਕੈਂਸਰ’ ਨੂੰ ਦੂਸਰਾ ਸਭ ਤੋਂ ਵੱਡਾ ਕਾਰਨ ਮੰਨਿਆ ਹੈ।
ਪੇਂਡੂ ਔਰਤਾਂ ’ਚ ਸਰਵਿਕਸ ਕੈਂਸਰ ਹੋਣ ਦੀ ਵੱਧ ਸੰਭਾਵਨਾ
ਇੰਡੀਅਨ ਕਾਊਂਸਲ ਆਫ ਮੈਡੀਕਲ ਰਿਸਰਚ ਦੀ ਰਿਪੋਰਟ ਮੁਤਾਬਿਕ ਭਾਰਤ ਵਿਚ ਹਰ ਸਾਲ ਲਗਭਗ ਨੌ ਲੱਖ ਵਿਅਕਤੀ ਕੈਂਸਰ ਕਾਰਨ ਆਪਣੀਆਂ ਕੀਮਤੀ ਜਾਨਾਂ ਗੁਆ ਬੈਠਦੇ ਹਨ, ਜਿਨ੍ਹਾਂ ਵਿਚ ਔਰਤਾਂ ਦੀ ਸੰਖਿਆ ਪੁਰਸ਼ਾਂ ਦੇ ਮੁਕਾਬਲੇ ਵੱਧ ਹੁੰਦੀ ਹੈ। ਇਸ ਰਿਪੋਰਟ ਨੇ ਛਾਤੀ ਦੇ ਕੈਂਸਰ ਨੂੰ ਔਰਤਾਂ ਦੀ ਮੌਤ ਲਈ ਸਭ ਤੋਂ ਵੱਧ ਜ਼ਿੰਮੇਵਾਰ ਠਹਿਰਾਇਆ ਹੈ, ਜਦੋਂਕਿ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਨੂੰ ਦੂਸਰੇ ਸਥਾਨ ਉੱਪਰ ਔਰਤਾਂ ਦੀ ਮੌਤ ਲਈ ਜ਼ਿੰਮੇਵਾਰ ਮੰਨਿਆ ਹੈ। ਇਹ ਬਹੁਤ ਚਿੰਤਾ ਦੀ ਗੱਲ ਹੈ ਕਿ ਭਾਰਤ ਵਿਚ ਕੇਵਲ 1 ਫ਼ੀਸਦੀ ਔਰਤਾਂ 2 ਸਾਲਾਂ ਦੀ ਮਿਆਦ’ਚ ਕਿਸੇ ਵੀ ਕਿਸਮ ਦੀ ਕੈਂਸਰ ਸਕ੍ਰੀਨਿੰਗ ਪ੍ਰਕਿਰਿਆ ਵਿੱਚੋਂ ਲੰਘਦੀਆਂ ਹਨ।
ਨੈਸ਼ਨਲ ਇਨਸਟੀਚਿਊਟ ਆਫ ਕੈਂਸਰ ਪਰੀਵੈਨਸ਼ਨ ਐਂਡ ਰਿਸਰਚ ਨੋਇਡਾ ਦੀ ਰਿਪੋਰਟ ਅਨੁਸਾਰ ਵੀ 27 ਫ਼ੀਸਦੀ ਭਾਰਤੀ ਔਰਤਾਂ ਛਾਤੀ ਦੇ ਕੈਂਸਰ ਅਤੇ 23 ਫ਼ੀਸਦੀ ਔਰਤਾਂ ਸਰਵਿਕਸ ਕੈਂਸਰ ਦੀ ਬਿਮਾਰੀ ਨਾਲ ਪੀੜਤ ਸਨ। ਇਸ ਰਿਪੋਰਟ ਮੁਤਾਬਿਕ ਸ਼ਹਿਰੀ ਔਰਤਾਂ ਦੇ ਮੁਕਾਬਲੇ ਪੇਂਡੂ ਔਰਤਾਂ ਵਿਚ ਸਰਵਿਕਸ ਕੈਂਸਰ ਹੋਣ ਦੀ ਵੱਧ ਸੰਭਾਵਨਾ ਹੁੰਦੀ ਹੈ। ਫੈਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ ਦੀ ਰਿਪੋਰਟ ਮੁਤਾਬਿਕ ਭਾਰਤ ਵਿਚ ਕੈਂਸਰ ਦੀ ਸਮੱਸਿਆ ਇਸ ਹੱਦ ਤਕ ਨਿਰੰਤਰ ਵੱਧਦੀ ਜਾ ਰਹੀ ਹੈ ਕਿ ਦੁਨੀਆ ਵਿਚ ਚੀਨ ਅਤੇ ਅਮਰੀਕਾ ਤੋਂ ਬਾਅਦ ਭਾਰਤ ਅਜਿਹਾ ਦੇਸ਼ ਬਣ ਗਿਆ ਹੈ, ਜਿੱਥੇ ਸਭ ਤੋਂ ਵੱਧ ਔਰਤਾਂ ਕੈਂਸਰ ਤੋਂ ਪੀੜਤ ਹਨ।
ਇਸ ਰਿਪੋਰਟ ਨੇ ਬੜੇ ਹੈਰਾਨੀਜਨਕ ਤੱਥ ਪੇਸ਼ ਕੀਤੇ ਕਿ ਕੈਂਸਰ ਦਾ ਇਲਾਜ ਕਰਵਾ ਰਹੀਆਂ 2000 ਔਰਤਾਂ ਵਿੱਚੋਂ 1200 ਔਰਤਾਂ ਨੂੰ ਤੀਸਰੀ ਜਾਂ ਆਖਰੀ ਸਟੇਜ ‘ਤੇ ਕੈਂਸਰ ਹੋਣ ਬਾਰੇ ਪਤਾ ਚੱਲਿਆ, ਜਿਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਸਾਡੇ ਦੇਸ਼ ਦੀਆਂ ਔਰਤਾਂ ਇਸ ਬਿਮਾਰੀ ਸਬੰਧੀ ਬਹੁਤ ਘੱਟ ਜਾਗਰੂਕ ਹਨ।ਚੰਡੀਗੜ੍ਹ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਸੰਗਰੂਰ ਅਤੇ ਮਾਨਸਾ ਆਦਿ ਜ਼ਿਲ੍ਹਿਆਂ ਵਿਚ ਟਾਟਾ ਮੈਮੋਰੀਅਲ ਸੈਂਟਰ ਮੁੰਬਈ ਵੱਲੋਂ ਪੀਜੀਆਈ. ਚੰਡੀਗੜ੍ਹ ਅਤੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨਾਲ ਸਾਂਝੇ ਤੌਰ ‘ਤੇ ਕਰਵਾਈਆਂ ਜਨਸੰਖਿਆ ਅਧਾਰਿਤ ਕੈਂਸਰ ਰਜਿਸਟਰੀਆਂ ਅਨੁਸਾਰ ਔਰਤਾਂ ਛਾਤੀ ਦੇ ਕੈਂਸਰ ਨਾਲ ਸਭ ਤੋਂ ਵੱਧ ਪੀੜਤ ਸਨ ਤੇ ਫਿਰ ਸਰਵਿਕਸ ਕੈਂਸਰ ਤੋਂ ਪੀੜਤ ਸਨ।
ਇਨ੍ਹਾਂ ਰਜਿਸਟਰੀਆਂ ਦੁਆਰਾ ਇਹ ਵੀ ਪਤਾ ਲੱਗਿਆ ਕਿ ਜਿੱਥੇ ਔਰਤਾਂ ਵਿਚ ਕੈਂਸਰ ਹੋਣ ਦੀ ਸੰਭਾਵਨਾ 6 ਫ਼ੀਸਦੀ ਤੋਂ 13 ਫ਼ੀਸਦੀ ਤਕ ਹੁੰਦੀ ਹੈ, ਉੱਥੇ ਮਰਦਾਂ ਵਿਚ ਇਸ ਬਿਮਾਰੀ ਦੇ ਹੋਣ ਦੀ ਸੰਭਾਵਨਾ ਘਟ ਕੇ 5 ਫ਼ੀਸਦੀ ਤੋਂ 11 ਫ਼ੀਸਦੀ ਤਕ ਰਹਿ ਜਾਂਦੀ ਹੈ। ਏਮਜ਼ ਹਸਪਤਾਲ ਵਿਚ ਸਰਜੀਕਲ ਆਨਕਾਲੋਜੀ ਵਿਭਾਗ ਦੇ ਪ੍ਰੋਫੈਸਰ ਨੇ ਦੱਸਿਆ ਕਿ ਕਿ ਪਿਛਲੇ 10 ਤੋਂ 15 ਸਾਲਾਂ ਵਿੱਚ ਨੌਜਵਾਨ ਔਰਤਾਂ ਵਿਚ ਕੈਂਸਰ ਦੇ ਮਾਮਲੇ ਜ਼ਿਆਦਾ ਆ ਰਹੇ ਹਨ ਅਤੇ ਛਾਤੀ ਦੇ ਕੈਂਸਰ ਦੇ ਮਾਮਲਿਆਂ ਵਿਚ ਉਹ ਔਰਤਾਂ ਸ਼ਾਮਿਲ ਹਨ, ਜਿਨ੍ਹਾਂ ਦੀ ਉਮਰ 40 ਸਾਲ ਤੋਂ ਘੱਟ ਹੈ। ਮੈਕਸ ਹਸਪਤਾਲ ਦੇ ਕੈਂਸਰ ਕੇਅਰ ਇੰਸਟੀਚਿਊਟ ‘ਚ ਮੈਡੀਕਲ ਆਨਾਕੋਲੌਜੀ ਵਿਭਾਗ ਦੇ ਨਿਦੇਸ਼ਕ ਨੇ ਦੱਸਿਆ ਕਿ ਬ੍ਰੈਸਟ ਕੈਂਸਰ ਦੇ ਮਾਮਲੇ ਪਹਿਲਾਂ 50 ਤੋਂ 60 ਸਾਲ ਦੀ ਉਮਰ ਵਿਚ ਜ਼ਿਆਦਾ ਆਉਂਦੇ ਸਨ ਪਰ ਹੁਣ 20 ਸਾਲ ਦੀ ਉਮਰ ਤੋਂ ਉੱਪਰ ਦੀਆਂ ਕੁੜੀਆਂ ਵੀ ਇਸ ਦੀ ਲਪੇਟ ਵਿੱਚ ਆ ਰਹੀਆਂ ਹਨ, ਜੋ ਬਹੁਤ ਅਸਾਧਾਰਨ ਗੱਲ ਹੈ।
ਬਿਮਾਰੀ ਪ੍ਰਤੀ ਸੋਚ ਨੂੰ ਬਦਲਣਾ
ਭਾਵੇਂ ਸਾਡਾ ਦੇਸ਼ ਇਸ ਸਮੇਂ ਵਿਚ ਕੈਂਸਰ ਦੀ ਸਮੱਸਿਆ ਨਾਲ ਜੂਝ ਰਿਹਾ ਹੈ ਪ੍ਰੰਤੂ ਇਸ ਨਾਲ ਇਹ ਆਧਾਰ ਰਹਿਤ ਧਾਰਨਾ ਜੋੜ ਦੇਣੀ ਠੀਕ ਨਹੀਂ ਕਿ ਇਹ ਇਕ ਲਾਇਲਾਜ ਅਤੇ ਜਾਨਲੇਵਾ ਬਿਮਾਰੀ ਹੈ, ਜੋ ਬਹੁਤ ਜਲਦੀ ਫੈਲਦੀ ਹੈ ਅਤੇ ਇਸ ਨਾਲ ਮਰੀਜ਼ ਦਾ ਅੰਤ ਨਿਸ਼ਚਿਤ ਹੀ ਹੁੰਦਾ ਹੈ। ਇਸ ਧਾਰਨਾ ਨੂੰ ਬਦਲਣ ਤੇ ਲੋਕਾਂ ਵਿਚ ਜਾਗਰੂਕਤਾ ਫੈਲਾਉਣ ਲਈ ਮੀਡੀਆ ਬਹੁਤ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਅਖ਼ਬਾਰਾਂ, ਰੇਡੀਓ, ਟੈਲੀਵਿਜ਼ਨ ਅਤੇ ਇੰਟਰਨੈੱਟ ਰਾਹੀਂ ਕੈਂਸਰ ਦੇ ਕਾਰਨਾਂ ਅਤੇ ਬਚਾਅ ਸਬੰਧੀ ਡਾਕਟਰਾਂ ਤੇ ਬੁੱਧੀਜੀਵੀਆਂ ਦੇ ਉਪਯੋਗੀ ਲੇਖ ਅਤੇ ਇੰਟਰਵਿਊ ਜਿੱਥੇ ਹਾਂ-ਪੱਖੀ ਭੂਮਿਕਾ ਨਿਭਾ ਸਕਦੇ ਹਨ, ਉੱਥੇ ਇਸ ਬਿਮਾਰੀ ‘ਤੇ ਜਿੱਤ ਪ੍ਰਾਪਤ ਕਰ ਚੁੱਕੇ ਕੈਂਸਰ ਸਰਵਾਈਵਰਾਂ ਦੇ ਤਜਰਬੇ ਸਾਂਝੇ ਕਰ ਕੇ ਵੀ ਸਮਾਜ ਦੀ ਇਸ ਬਿਮਾਰੀ ਪ੍ਰਤੀ ਸੋਚ ਨੂੰ ਬਦਲਿਆ ਜਾ ਸਕਦਾ ਹੈ।
ਮੀਡੀਆ ਦਾ ਸਦਉਪਯੋਗ
ਪ੍ਰਸਿੱਧ ਸ਼ਖ਼ਸੀਅਤਾਂ, ਜਿਵੇਂ ਭਾਰਤੀ ਫਿਲਮ ਅਦਾਕਾਰਾ ਮੁਮਤਾਜ਼, ਲੀਜ਼ਾ ਰੇਅ, ਸੋਨਾਲੀ ਬੇਂਦਰੇ, ਮਹਿਮਾ ਚੌਧਰੀ, ਮਨੀਸ਼ਾ ਕੋਇਰਾਲਾ ਅਤੇ ਹੀਨਾ ਖ਼ਾਨ ਤੋਂ ਇਲਾਵਾ ਹਾਲੀਵੱਡ ਅਦਾਕਾਰਾ ਐਂਜਲੀਨਾ ਜੌਲੀ, ਸੁਜ਼ੈਨ ਸੋਮਰਜ਼, ਸਿਨਥੀਆ ਨਿਕਸਨ, ਮੈਲੀਸਾ ਐਥਰਿਜ, ਬਾਰਬਰਾ ਮੋਰੀ ਅਤੇ ਸ਼ੈਰਿਲ ਕਰੋਅ ਵਰਗੀਆਂ ਅਨੇਕਾਂ ਕੈਂਸਰ ਜੇਤੂ ਹਸਤੀਆਂ ਨੇ ਪੁਸਤਕਾਂ, ਫਿਲਮਾਂ, ਇੰਟਰਵਿਊ ਅਤੇ ਡਾਕੂਮੈਂਟਰੀਆਂ ਦੁਆਰਾ ਮੀਡੀਆ ਦਾ ਸਦਉਪਯੋਗ ਕੀਤਾ ਅਤੇ ਕੈਂਸਰ ਨਾਲ ਜੂਝ ਰਹੇ ਲੋੜਵੰਦ ਮਰੀਜ਼ਾਂ ਦੀ ਦੇਖਭਾਲ ਅਤੇ ਇਲਾਜ ਲਈ ਸਮਾਜਸੇਵੀ ਸੰਸਥਾਵਾਂ ਬਣਾ ਕੇ ਇਕ ਮਿਸਾਲ ਕਾਇਮ ਕੀਤੀ। ਇਸ ਲਈ ਕੈਂਸਰ ਦੀ ਰੋਕਥਾਮ ਵਿਚ ਉਸਾਰੂ ਸਰਕਾਰੀ ਯਤਨ ਤੇ ਚੰਗੀ ਜੀਵਨਸ਼ੈਲੀ, ਸਮੇਂ ਸਿਰ ਜਾਂਚ ਅਤੇ ਡਾਕਟਰੀ ਇਲਾਜ, ਸਹੀ ਜਾਣਕਾਰੀ ਅਤੇ ਜਾਗਰੂਕਤਾ ਕਾਫੀ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ।