ਗੁਰਬਚਨ ਸਿੰਘ ਰੰਧਾਵਾ ਦਾ ਅਣਗਾਇਆ ਗੀਤ/ਪ੍ਰੋ. ਗੁਰਭਜਨ ਸਿੰਘ ਗਿੱਲ

ਅਸੀਂ ਬਟਾਲਾ ਨੇੜੇ ਪਿੰਡ ਕੋਟਲਾਂ ਸ਼ਾਹੀਆ (ਨੇੜੇ ਸ਼ੂਗਰ ਮਿੱਲ ਬਟਾਲਾ) ਵਿੱਚ ਸੁਰਜੀਤ-ਕਮਲਜੀਤ ਸਪੋਰਟਸ ਕੰਪਲੈਕਸ ਵਿੱਚ ਹਰ ਸਾਲ ਕਮਲਜੀਤ ਖੇਡਾਂ ਕਰਵਾਉਂਦੇ ਹਾਂ। ਇਸ ਖੇਡ ਐਸੋਸੀਏਸ਼ਨ ਦੇ ਪ੍ਰਧਾਨ ਪਿਰਥੀਪਾਲ ਸਿੰਘ ਹੇਅਰ ਨੇ ਮੈਨੂੰ ਵੀ ਨਾਲ ਜੋੜਿਆ ਹੋਇਆ ਹੈ। ਅਸੀਂ ਹਰ ਸਾਲ ਕੁਝ ਸਿਰਕੱਢ ਖਿਡਾਰੀ ਸਨਮਾਨਿਤ ਕਰਦੇ ਹਾਂ। ਇਕ ਸਨਮਾਨ ਦਾ ਨਾਮ ‘ਮਾਝੇ ਦਾ ਮਾਣ’ ਪੁਰਸਕਾਰ ਹੈ। ਇਸ ਪੁਰਸਕਾਰ ਲਈ ਪ੍ਰਵਾਨਗੀ ਲੈਣ ਹਿਤ ਜਦ ਮੈਂ ਗੁਰਬਚਨ ਸਿੰਘ ਰੰਧਾਵਾ ਨਾਲ ਟੈਲੀਫੋਨ ਸੰਪਰਕ ਕੀਤਾ ਤਾਂ ਉੱਤਰ ਮਿਲਿਆ, “ਛੱਡ ਯਾਰ, ਛੱਡਿਆ ਗਿਰਾਂ, ਲੈਣਾ ਕੀ ਨਾਂ। ਜੇ ਪੰਜਾਬ ਨੇ ਪਿਛਲੇ 30 ਸਾਲ ਚੇਤੇ ਨਹੀਂ ਕੀਤਾ ਤਾਂ ਹੁਣ ਕੀ ਕਰਨਾ ਹੈ। ਸੱਚ ਮੰਨਿਓ! ਕਾਲਜੇ ਰੁਗ ਭਰਿਆ ਗਿਆ। ਏਨੀ ਬੇਰੁਖ਼ੀ ਆਪਣੇ ਸਿਰਮੌਰ ਧੀਆਂ ਪੁੱਤਰਾਂ ਨਾਲ। ਦੇਸ਼ ਦੇ ਪਹਿਲੇ ਅਰਜੁਨ ਐਵਾਰਡੀ ਖਿਡਾਰੀ ਨਾਲ ਇਹ ਵਿਹਾਰ ਵਲੂੰਧਰ ਗਿਆ। ਮੈਂ ਉਸੇ ਦਿਨ ਧਾਰ ਲਿਆ ਕਿ ਪੰਜਾਬ ਨੂੰ ਆਪਣੇ ਪੁੱਤਰਾਂ/ਧੀਆਂ ਦਾ ਆਦਰ ਕਰਨ ਲਈ ਚੇਤਾ ਕਰਵਾਉਂਦੇ ਰਹਿਣਾ ਹੈ। ਮੇਰੇ ਮੁਹੱਬਤੀ ਸੁਨੇਹੇ ਨੂੰ ਉਨ੍ਹਾਂ ਦੂਜੀ ਵਾਰ ਕਹਿਣ ’ਤੇ ਪ੍ਰਵਾਨ ਕਰ ਲਿਆ। ਉਨ੍ਹਾਂ ਦੇ ਆਉਣ ਨਾਲ ਸਾਰਾ ਮਾਝਾ ਮਹਿਕਵੰਤਾ ਹੋ ਗਿਆ। ਜਾਪਿਆ ਕਣ-ਕਣ ਵਜਦ ਵਿੱਚ ਹੈ। ਪੂਰਾ ਸਟੇਡੀਅਮ ਜ਼ਿੰਦਾਬਾਦ ਦੀ ਗੁੰਜਾਰ ਪਾ ਰਿਹੈ। ਉਸ ਮਗਰੋਂ ਹੁਣ ਗੁਰਬਚਨ ਸਿੰਘ ਰੰਧਾਵਾ ਸਿਰਫ਼ ਅਰਜੁਨ ਐਵਾਰਡੀ ਜਾਂ ਇਸ ਤੋਂ ਵੱਧ ਨਹੀਂ ਸਗੋਂ ਮੇਰੇ ਭਾ ਜੀ ਹਨ। ਦੁਨੀਆ ਲਈ ਕੌੜੇ ਪਰ ਮੇਰੇ ਲਈ ਸ਼ਹਿਦ ਦੇ ਕੁੱਪੇ। ਬਿਲਕੁਲ ਮਨੋਹਰ ਸਿੰਘ ਗਿੱਲ ਵਾਂਗ। ਦੋਵੇਂ ਭਾਊ ਕਮਾਲ ਦੇ ਧਰਤੀ ਪੁੱਤਰ!

ਇਕ ਦਿਨ ਫੋਨ ਆਇਆ। ਮੈਂ ਕਿਹਾ, “ਭਾ ਜੀ ਤੁਸੀਂ ਜਿੰਨੀਆਂ ਤੇਗਾਂ ਵਾਹੀਆਂ ਨੇ, ਇਹ ਵਤਨ ਵਾਸੀਆਂ ਤੇ ਧਰਤੀ ਵਾਲਿਆਂ ਨੂੰ ਦੱਸਣ ਵਾਲੀਆਂ ਨੇ। ਕਿਵੇਂ ਪਿੰਡ ਦਾ ਪੁੱਤਰ, ਖ਼ਾਲਸਾ ਕਾਲਜ ਅੰਮ੍ਰਿਤਸਰ ਦੀ ਪੜ੍ਹਾਈ ਕਰਦਾ-ਕਰਦਾ ਏਸ਼ੀਅਨ ਸਟਾਰ ਤੇ ਮਗਰੋਂ ਓਲੰਪਿਕਸ ਦਾ ਝੰਡਾਬਰਦਾਰ ਬਣਦਾ ਹੈ। ਇਸ ਉਸਾਰ ਗਾਥਾ ਨੂੰ ਪੜ੍ਹ ਕੇ ਨਿਰਬਲ ਪੰਜਾਬੀ ਮਨ ਨੂੰ ਮੁੜ ਲੀਹ ’ਤੇ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਹਾਮੀ ਤਾਂ ਭਰੀ ਪਰ ਅੱਧੇ ਮਨ ਨਾਲ। ਦੂਜੇ ਦਿਨ ਫੋਨ ਆਇਆ, “ਛੋਟੇ ਵੀਰ, ਮੈਂ ਲਿਖਣਾ ਤਾਂ ਚਾਹੁੰਦਾ ਪਰ ਪੰਜਾਬੀ ’ਚ ਉਹ ਗੱਲ ਨਹੀਂ ਬਣਦੀ ਜੋ ਮੈਂ ਬਣਾਉਣੀ ਚਾਹੁੰਦਾਂ।… ਇਹ ਕੰਮ ਪ੍ਰੋ. ਸਰਵਣ ਸਿੰਘ ਕਰ ਸਕਦਾ ਸੀ ਪਰ ਉਹ ਕੈਨੇਡਾ ਚਲਾ ਗਿਆ। ਅੰਗਰੇਜ਼ੀ ’ਚ ਇਕ ਮਿੱਤਰ ਨੇ ਮੇਰੀਆਂ ਦੱਸੀਆਂ ਗੱਲਾਂ ਨੂੰ ਪੁਸਤਕ ਰੂਪ ਵਿੱਚ ਲਿਖਿਐ ਪਰ ਅਜੇ ਸੋਧ ਦੀ ਲੋੜ ਹੈ। ਮੇਰਾ ਪੁੱਤਰ ਰਣਜੀਤ ਉਸ ਦੀ ਸੋਧ ਕਰ ਰਿਹੈ ਪਰ ਉਸ ਦੇ ਅਨੇਕ ਕਾਰੋਬਾਰੀ ਰੁਝੇਵੇਂ ਨੇ।… ਮੈਂ ਖੇਡ ਸਕਦਾ ਸਾਂ, ਖੇਡ ਲਿਆ; ਪੜ੍ਹ ਸਕਦਾ ਹਾਂ, ਪੜ੍ਹ ਰਿਹਾਂ ਪਰ ਲਿਖਣ ਵੱਲੋਂ ਹੱਥ ਤੰਗ ਹੈ। ਸ਼ਬਦ ਤਿਲਕ ਜਾਂਦੇ ਨੇ। ਭਾਵਨਾ ਦਾ ਸਾਥ ਨਹੀਂ ਦਿੰਦੇ। ਕੋਈ ਮੁੰਡਾ ਲੱਭ, ਮੈਂ ਦੱਸੀ ਜਾਵਾਂ ਤੇ ਉਹ ਲਿਖੀ ਜਾਵੇ। ਮੈਨੂੰ ਗੱਲਾਂ ਬਹੁਤ ਆਉਂਦੀਆਂ ਪਰ ਸਾਂਭਣ ਵਾਲਾ ਚਾਹੀਦੈ।”

ਮੇਰੇ ਮੱਥੇ ਨੇ ਹੁੰਗਾਰਾ ਭਰਿਆ। ਇਹ ਕਾਰਜ ਨਵਦੀਪ ਸਿੰਘ ਗਿੱਲ ਸੰਪੂਰਨ ਕਰੇਗਾ। ਨਵਦੀਪ ਜੋ ਸ਼ਹਿਣੇ (ਬਰਨਾਲਾ) ਦਾ ਜੰਮਿਆ ਜਾਇਆ ਹੈ। ਉਸ ਕੋਲ ਬਚਪਨ ਤੋਂ ਹੀ ਸ਼ਬਦ ਸਾਧਨਾ ਦੀ ਮਸ਼ਕ ਹੈ। ਐੱਸਡੀ ਕਾਲਜ ਬਰਨਾਲਾ ’ਚ ਉਹ ਪੰਜਾਬੀ ਸ਼ਾਇਰ ਪ੍ਰੋ. ਰਵਿੰਦਰ ਸਿੰਘ ਭੱਠਲ ਦਾ ਵਿਦਿਆਰਥੀ ਸੀ। ਖੇਡਾਂ ਤਾਂ ਖੇਡਦਾ ਪਰ ਮੇਰੇ ਵਾਂਗੂ ਪੋਲੜ ਸੀ। ਉਤਸ਼ਾਹ ਬਹੁਤ ਪਰ ‘ਮੁੜ੍ਹਕੇ ਦਾ ਮੋਤੀ’ ਨਾ ਬਣ ਸਕਿਆ। ਖੇਡਾਂ ਬਾਰੇ ਪਹਿਲਾ ਲੇਖ ਕਾਲਜ ਮੈਗਜ਼ੀਨ ਲਈ ਦਿੱਤਾ ਤਾਂ ਪੜ੍ਹਨ ਉਪਰੰਤ ਪ੍ਰੋ. ਭੱਠਲ ਤੇ ਪ੍ਰੋ. ਸਰਬਜੀਤ ਔਲਖ ਨੇ ਉਹ ‘ਦੇਸ਼ ਸੇਵਕ’ ਨੂੰ ਛਪਣ ਲਈ ਭੇਜ ਦਿੱਤਾ। ਲੇਖ ਛਪ ਗਿਆ ਤੇ ਨਵਦੀਪ ਖੇਡ ਸਾਹਿਤ ਦਾ ਹੀ ਹੋ ਕੇ ਰਹਿ ਗਿਆ। ਏਸ਼ੀਅਨ ਖੇਡਾਂ ਤੇ ਓਲੰਪਿਕਸ ਵਿੱਚ ਖੁਦ ਜਾ ਕੇ ਖਿਡਾਰੀਆਂ ਬਾਰੇ ਲਿਖਣ ਵਾਲਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੱਤਰਕਾਰੀ ਦੀ ਉਚੇਰੀ ਸਿੱਖਿਆ ਪ੍ਰਾਪਤ ਕਰ ਕੇ ਉਹ ਟ੍ਰਿਬਿਊਨ ਅਦਾਰੇ ਦਾ ਪੱਤਰਕਾਰ ਕਾਮਾ ਬਣ ਗਿਆ। ਜਲੰਧਰ ਤੇ ਚੰਡੀਗੜ੍ਹ ਕੰਮ ਕਰਦਿਆਂ ਉਸ ਕਲਮ ਰਾਹੀਂ ਅਨੇਕਾਂ ਅਣਛੋਹੇ ਖੇਡ ਮਸਲੇ ਉਜਾਗਰ ਕੀਤੇ। ਸ਼ਮਸ਼ੇਰ ਸਿੰਘ ਸੰਧੂ ਤੇ ਸਿੱਧੂ ਦਮਦਮੀ ਦੇ ਉਤਸ਼ਾਹ ਨੇ ਨਵਦੀਪ ਸਿੰਘ ਗਿੱਲ ਨੂੰ ਲੋਹਿਓਂ ਪਾਰਸ ਬਣਾ ਦਿੱਤਾ। ਪੰਜਾਬ ਵਿੱਚ ਖੇਡ ਰਿਕਾਰਡਜ਼ ਦੇ ਤਿੰਨ ਗਿਆਤਾ ਸਰਵੋਤਮ ਨੇ। ਤਿੰਨੇ ਮੇਰੇ ਟੱਬਰ ਦੇ ਜੀਆਂ ਜਿਹੇ। ਰਾਜਦੀਪ ਸਿੰਘ ਗਿੱਲ (ਸੇਵਾ ਮੁਕਤ ਡੀਜੀਪੀ ਪੰਜਾਬ), ਪ੍ਰਭਜੋਤ ਸਿੰਘ (ਟ੍ਰਿਬਿਊਨ ਦੇ ਸਾਬਕਾ ਬਿਊਰੋ ਚੀਫ), ਖੇਡਾਂ ਦੀ ਕੌਮੀ ਕੌਮਾਂਤਰੀ ਡਾਇਰੈਕਟਰੀ ਜਾਨਣਹਾਰਿਆਂ ’ਚ ਤੀਜਾ ਨਾਮ ਨਵਦੀਪ ਸਿੰਘ ਗਿੱਲ ਦਾ ਹੈ।

ਨਵਦੀਪ ਨੇ ਇਹ ਸ਼ੁਭ ਕੰਮ ਹੱਥਾਂ ’ਚ ਲੈ ਕੇ ਭਵਿੱਖ ਪੀੜ੍ਹੀਆਂ ਲਈ ਮਾਣਮੱਤਾ ਕਾਰਜ ਕੀਤਾ ਹੈ। ਗੁਰਬਚਨ ਸਿੰਘ ਰੰਧਾਵਾ ਦੇ ਜਾਣਕਾਰੀ ਸਰੋਤਾਂ ਤੋਂ ਇਲਾਵਾ ਵੀ ਉਸ ਨੇ ਟੋਕੀਓ ਓਲੰਪਿਕਸ-1964 ਅਤੇ ਉਸ ਤੋਂ ਪਿਛਲੀਆਂ ਖੇਡਾਂ ਦੇ ਰਿਕਾਰਡ ਤੇ ਖ਼ਬਰਾਂ ਫਰੋਲੀਆਂ ਹਨ। ਸਮੁੰਦਰ ਰਿੜਕ ਕੇ ਮੁੜ੍ਹਕੇ ਦੇ ਮੋਤੀ ਨੂੰ ਸਾਡੇ ਸਨਮੁਖ ਪੇਸ਼ ਕੀਤਾ ਹੈ। ਇਸ ਪੁਸਤਕ ਵਿੱਚ ਰਾਜਦੀਪ ਸਿੰਘ ਗਿੱਲ ਨੇ ਵੀ ਕੰਘੀ ਵਾਹੀ ਹੈ ਤੇ ਪ੍ਰਿੰਸੀਪਲ ਸਰਵਣ ਸਿੰਘ ਨੇ ਵੀ। ਕੁਝ ਥਾਵਾਂ ’ਤੇ ਮੈਂ ਵੀ ਸ਼ਬਦ ਸੋਧਾਂ ਸੁਝਾਈਆਂ। ਖਿੜੇ ਮੱਥੇ ਪ੍ਰਵਾਨ ਕਰ ਕੇ ਨਵਦੀਪ ਸਿੰਘ ਗਿੱਲ ਨੇ ਇਸ ਪ੍ਰਸਤਕ ਨੂੰ ਦਸਤਾਵੇਜ਼ ਵਜੋਂ ਸ਼ਿੰਗਾਰਿਆ ਹੈ। ਹੁਣ ਭਾਸ਼ਾ ਵਿਭਾਗ ਨੇ ਨਵਦੀਪ ਗਿੱਲ ਦੀ ਪੁਸਤਕ ਉੱਡਣਾ ਬਾਜ਼’ ਨੂੰ ਸਾਲ 2022 ਲਈ ਸਰਵੋਤਮ ਪੁਸਤਕ ਚੁਣਦਿਆਂ ਭਾਈ ਵੀਰ ਸਿੰਘ ਪੁਰਸਕਾਰ ਲਈ ਚੁਣਿਆ ਹੈ। ਇਹ ਗੁਰਬਚਨ ਭਾ ਜੀ ਲਈ ਵੀ ਮਾਣ ਵਾਲੀ ਗੱਲ ਹੈ ਤੇ ਨਵਦੀਪ ਲਈ ਵੀ।

ਸਾਂਝਾ ਕਰੋ

ਪੜ੍ਹੋ

ਹਰਿਆਣਾ ਸਾਹਿਤ ਅਕੈਡਮੀ ਦੀ ਪੱਤ੍ਰਿਕਾ ‘ਹਰੀਗੰਧਾ’ ਰਿਲੀਜ਼

ਜੀਂਦ, 24 ਨਵੰਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਮ ਲੋਕਾਂ...