ਕਹਾਣੀ/ ਅਗਲਾ ਵਰਕਾ /ਡਾਕਟਰ ਅਜੀਤ ਸਿੰਘ ਕੋਟਕਪੂਰਾ 

ਇਹ ਗੱਲ ਮੇਰੀ ਸਮਝ ਦੀ ਪਕੜ ਵਿਚ ਨਹੀਂ ਆ ਰਹੀ ਸੀ ਕਿ ਲੋਕ ਸੋਹਣੀਆਂ ਨੂੰ ਕਿਓਂ ਕੁੱਟ ਮਾਰ ਕਰਦੇ ਹਨ | ਕਈ ਵਾਰ ਇੰਜ ਲਗਦਾ ਹੈ ਕਿ ਆਪਣੀ ਹਉਮੈ ਨੂੰ ਪੱਠੇ ਪਾਉਣ ਲਈ ਅਜਿਹਾ ਕੀਤਾ ਜਾਂਦਾ ਹੋਵੇਗਾ | ਗੁਰੋ ਦਾ ਸਰੀਰ ਗੁੰਦਵਾਂ ਸੀ ,ਉਸ ਦਾ ਲੰਮਾ ਕੱਦ ,ਰੰਗ ਗੋਰਾ ਨਿਛੋਹ,ਜਿਹੜਾ ਹੱਥ ਲਾਇਆਂ ਹੀ ਮੈਲਾ ਹੁੰਦਾ ਸੀ ,ਅਤੇ ਲੋਕ ਉਸ ਨੂੰ ਤੁਰੇ ਜਾਂਦੇ ਖੜ ਖੜ ਦੇਖਦੇ ਸੀ ,ਅਤੇ ਇਸ ਦੇ ਰੂਪ ਦੀ ਤਾਰੀਫ ਕਰਦੇ ਸੀ ਅਤੇ ਸੋਚਦੇ ਸੀ ਕਿ ਰੱਬ ਨੇ ਵੇਹਲੇ ਬੈਠ ਕੇ ਗੁਰੋ ਨੂੰ ਬਣਾਇਆ ਹੋਵੇਗਾ | ਪ੍ਰੰਤੂ ਬੰਦੇ ਦੇ ਹੰਕਾਰ ਨੇ ਅਤੇ ਸਵਾਰਥ ਨੇ ਉਸ ਨੂੰ ਸਮੇਂ ਤੋਂ ਪਹਿਲਾਂ ਹੀ ਹੱਡੀਆਂ ਦੀ ਮੁੱਠ ਜਿਹਾ ਕਰ ਦਿੱਤਾ  ਸੀ | ਉਸ ਦੀਆਂ ਅੱਖਾਂ ਥੱਲੇ ਕਾਲੇ ਕਾਲੇ ਘੇਰਿਆਂ ਨੇ , ਜਿਨ੍ਹਾਂ ਅੱਖਾਂ ਵਿਚ ਕਦੇ ਧਾਰੀਦਾਰ ਸੁਰਮਾ ਉਸ ਦੇ ਰੂਪ ਨੂੰ ਚਾਰ ਚੰਨ ਲਾਇਆ ਕਰਦਾ ਸੀ, ਉਸ ਨੂੰ ਉਮਰ ਤੋਂ ਵਡੇਰੀ ਬਣਾ ਦਿੱਤਾ

 ਸੀ | ਚੇਹਰੇ ਦੀਆਂ ਝੁਰੜੀਆਂ ਅਤੇ ਚਿੰਤਾ ਦੀਆਂ ਉੱਘੜੀਆਂ ਰੇਖਾਵਾਂ ਉਸ ਦੇ ਦੁਖਾਂ ਦੀ ਕਹਾਣੀ ਨੂੰ ਚੁੱਪ ਚੁਪੀਤੇ ਹੀ ਸੁਣਾਉਣ ਦਾ ਯਤਨ ਕਰ ਰਹੀਆਂ ਸਨ |  
ਆਪਣੇ ਬੱਚਿਆਂ ਦੇ ਭਵਿੱਖ ਬਾਰੇ ਸੋਚ ਰਹੀ ਸੀ ਤੇ ਸੋਚ ਰਹੀ ਸੀ ਕਿ ਜੋ ਉਸ ਨੇ ਆਪਣੇ ਸੁਪਨਿਆਂ ਦੇ ਬਾਦਸ਼ਾਹ ਬਾਰੇ ਸੋਚਿਆ ਸੀ ਉਹ ਤਾਂ ਬਿਲਕੁਲ ਹੀ ਨਹੀਂ ਠੀਕ ਨਿਕਲਿਆ ਸੀ | ਉਹ ਸੋਚਾਂ ਵਿਚ ਗੁਆਚੀ ਹੋਈ ਆਪਣੇ ਅਤੀਤ ਦਾ ਪੰਨਾ ਖੋਲ ਬੈਠੀ | ਹਾਲੇ ਉਸ ਨੇ ਚੰਦਰੀ ਜਵਾਨੀ ਵਿਚ ਪੈਰ ਪਾਇਆ ਹੀ ਸੀ ਕਿ ਮਾਂ ਨੂੰ ਉਸ ਦੇ ਰਿਸ਼ਤੇ ਦੇ ਫਿਕਰ ਪੈ ਗਿਆ ਸੀ | ਉਸ ਦਾ ਬਾਪ ਵੀ ਚਾਹੁੰਦਾ ਸੀ ਕਿ ਧੀ ਨੂੰ ਇਜ਼ਤ ਨਾਲ ਚੰਗਾ ਚੌਖਾ ਘਰ ਦੇਖ ਕੇ ਉਸ ਦੇ ਹੱਥ ਪੀਲੇ ਕਰ ਦਿਤੇ ਜਾਣ | ਇਸ ਲਈ ਉਸ ਨੇ ਚੰਗੇ ਲੜਕੇ ਦੀ ਭਾਲ ਆਰੰਭ ਕਰ ਦਿਤੀ ਸੀ | ਜਿਧਰੋਂ ਵੀ ਉਸ ਨੂੰ ਪਤਾ ਲਗਦਾ ਸੀ ਉਸ ਪਾਸੇ ਹੀ ਪੁੱਛਣਾ ਸ਼ੁਰੂ ਕਰ ਦਿੰਦਾ ਸੀ | ਪਿੰਡ ਵਿਚ ਬਾਰਵੀਂ ਤਕ ਦਾ ਸਕੂਲ ਸੀ ਮੈਂ ਭਾਵੇਂ ਹੋਰ ਪੜ੍ਹਨਾ ਚਾਹੁੰਦੀ ਸੀ ਪਰ ਬਾਪੂ ਨੇ ਮੈਨੂੰ ਹੋਰ ਅੱਗੇ ਪੜ੍ਹਾਉਣ ਤੋਂ ਮਨਾ ਕਰ ਦਿਤਾ ਸੀ | ਉਸ ਨੇ ਮਾਂ ਨੂੰ ਦੱਸਿਆ ਕਿ ਵੱਧ ਪੜ੍ਹੀਆਂ ਕੁੜੀਆਂ ਨੂੰ ਵਿਆਹ ਵੇਲੇ ਵਧੇਰੇ ਦਾਜ ਦੇਣਾ ਪੈਂਦਾਂ ਹੈ ਜਿਸ ਦੀ ਮੇਰੇ ਵਿਚ ਪਰੋਖੇ ਨਹੀਂ ਹੈ | ਮੈਂ ਹੁਣ ਸੇਵਾ ਨਵਿਰਤ ਹੋ ਚੁਕਾਂ ਹਾਂ ਤੇ ਇਸ ਸਮੇਂ ਮਿਲੇ ਪੈਸੇ ਤਾਂ ਉਸ ਵੇਲੇ ਤਕ ਖੁਰ ਜਾਣਗੇ ਇਸ ਲਈ ਬੇਹਤਰ ਹੈ ਕਿ ਚੰਗਾ ਵਰ ਦੇਖ ਇਸ ਨੂੰ ਆਪਣੇ ਘਰ ਹੀ ਤੌਰ ਦਿਤਾ ਜਾਵੇ| ਇਕ ਦਿਨ ਮੈਂ ਆਪਣੀ ਮਾਂ ਨਾਲ ਬੈਠੀ ਗੱਲਾਂ ਕਰ ਰਹੀ ਸੀ ਅਤੇ ਮਾਂ ਮੈ ਮੈਨੂੰ ਰੋਟੀ ਸਬਜ਼ੀ ਬਣਾਉਣ ਬਾਰੇ ਸਿਖਿਆ ਦੇ  ਰਹੀ ਸੀ ਕਿ ਸਾਡਾ ਦਰਵਾਜ਼ਾ ਖੜਕਿਆ | ਮਾਂ ਨੇ ਦਰਵਾਜ਼ਾ ਖੋਲਿਆ ਤਾਂ ਡਿਠਾ ਕਿ ਬਾਹਰ ਮੇਰੀ ਮਾਮੀ ਕਿਰਪਾਲ  ਆਈ ਸੀ | ਉਹ ਇਕ ਨਰਸ ਲੱਗੀ ਹੋਈ ਸੀ | ਨਿਨਾਣ ਭਰਜਾਈ ਘੁੱਟ ਕੇ ਇਕ ਦੂਜੀ ਨੂੰ ਮਿਲੀਆਂ | ਮਾਮੀ ਨੇ ਮੈਨੂੰ ਵੀ ਪਿਆਰ ਦਿਤਾ ਮੇਰੇ ਬਾਪੂ ਨੂੰ ਫਤਹਿ ਬੁਲਾਈ | ਕੁਝ ਦੇਰ ਤਾਂ ਘਰ ਦੀਆਂ ਬਾਰੇ ਗੱਲਾਂ ਚਲੀਆਂ ਫੇਰ  ਮੈਨੂੰ ਚਾਹ ਬਣਾਉਣ ਲਈ ਭੇਜ ਦਿਤਾ | ਮੇਰੇ ਜਾਣ ਤੋਂ ਬਾਅਦ ਮਾਮੀ ਅਸਲ ਗੱਲ ਦੱਸਣ ਲੱਗੀ ਕਿ ਮੈਂ ਤਾਂ ਆਪਣੀ ਗੁਰਸ਼ੀਨ ਲਈ ਇਕ ਰਿਸ਼ਤੇ ਬਾਰੇ ਗੱਲ ਕਰਨ ਆਈ ਸੀ | ਜਰਨੈਲ  ਮੇਰੇ ਗੁਆਂਢ ਵਿਚ ਰਹਿੰਦਾ ਹੈ ਦੱਸ ਜਮਾਤਾਂ ਪਾਸ ਹੈ ਹੁਣ ਆਪਣੇ ਬਾਪ ਮੋਹਨ ਸਿੰਘ  ਨਾਲ ਖੇਤੀ ਵਿਚ ਹੱਥ ਵਟਾਉਂਦਾ ਹੈ | ਉਨ੍ਹਾਂ ਦੀ 10 ਕਿਲੇ ਪੈਲੀ ਹੈ ਕੱਲਾ ਹੀ ਮੁੰਡਾ ਹੈ ਇੱਕ ਭੈਣ ਹੈ ਜੋ ਵਿਆਹੀ ਹੋਈ ਹੈ | ਆਪਣੀ ਗੁਰੋ ਤਾਂ ਉਥੇ ਮੌਜਾਂ ਕਰੂਗੀ | ਵਧੀਆ ਘਰ ਹੈ ਕਿਸੇ ਚੀਜ ਦੀ ਕੋਈ ਘਾਟ ਨਹੀਂ ਹੈ | ਮੇਰੇ ਗੁਆਂਢ ਹੈ ਮੈਂ ਉਸ ਦਾ ਪੂਰਾ ਪੂਰਾ ਧਿਆਨ ਰੱਖ ਸਕਦੀ ਹਾਂ | ਤੁਸੀਂ ਵਿਚਾਰ ਕਰ ਲਵੋ | ਵਿਚਾਰ ਕੇ ਦੱਸ ਦੇਣਾ ਅੱਗੇ ਗੱਲ ਕਰ ਸਕਦੇ ਹਾਂ |ਥੋੜਾ ਸਮਾਂ ਕੱਢ ਕੇ ਆਈ ਸੀ ਹੁਣ ਮੈਂ ਤਾਂ ਵਾਪਿਸ ਜਾਣਾ ਹੈ  ਮੈਂ ਸੁਣ ਲਿਆ ਕਿ ਬਾਪੂ ਜੀ ਕਹਿ ਰਹੇ ਸੀ ਕਿ ਗੁਰੋ ਦੀ ਜ਼ਿਮੇਂਵਾਰੀ ਤੁਹਾਡੀ ਵੀ ਉਤਨੀ ਹੈ ਜਿਤਨੀ ਸਾਡੀ | ਇਹ ਤੁਹਾਨੂੰ ਕੋਈ ਓਪਰੀ ਥੋੜੀ ਹੈ ਜੇ ਤੁਹਾਨੂੰ ਠੀਕ ਲਗਦਾ ਹੈ ਤਾਂ ਗੱਲ ਕਰੋ ਤੇ ਆਪਾਂ ਕੁੜੀ ਦੇ ਹੱਥ ਪੀਲੇ ਕਰਕੇ ਆਪਣੀ ਜ਼ਿਮੇਂਵਾਰੀ ਤੋਂ ਸੁਰਖੁਰੂ ਹੋ ਜਾਈਏ ਤੁਹਾਨੂੰ ਸਾਡੇ ਬਾਰੇ ਤਾਂ ਪਤਾ ਹੀ ਹੈ ਕਿ ਅਸੀਂ ਦਾਜ ਸਰਦਾ ਪੁਜਦਾ  ਹੀ ਦੇ ਸਕਦੇ ਹਾਂ | ਇਸ ਤੇ ਮਾਮੀ ਨੇ ਆਖਿਆ ਕਿ ਉਹ ਲਾਲਚੀ ਨਹੀਂ ਲਗਦੇ ਫੇਰ ਵੀ ਗੱਲ ਪੂਰੀ ਤਰਾਂ ਠਕੋਰ ਕੇ ਕਰ ਲਵਾਂਗੀ | ਗੁਰੋ ਦੇ ਮਾਮੇ ਨੂੰ ਗੱਲ ਖੁਲ ਕੇ ਗੱਲ ਕਰਨ ਲਈ ਕਹਿ ਦੇਵਾਂਗੀ | ਤੁਸੀਂ ਫਿਕਰ ਨਾ ਕਰੋ |  ਸਾਰਿਆਂ ਨੇ ਮਿਲ ਕੇ ਚਾਹ ਪੀਤੀ ਤੇ ਮਾਮੀ ਨੇ ਕਿਹਾ ਨੀ ਗੁਰੋ ਤੂੰ ਤਾਂ ਵਧੀਆ ਚਾਹ ਬਣਾਈ ਹੈ ਮੈਨੂੰ ਲਗਦਾ ਹੈ ਰੋਟੀ ਸਬਜ਼ੀ ਵੀ ਕਰ ਲੈਂਦੀ ਹੋਵੇਂਗੀ | ਮੈਂ ਹੱਸ ਪਈ ਤੇ ਮੇਰੀ ਬੀਬੀ ਨੇ ਕਿਹਾ ਕਿ ਹਾਲੇ ਸਿੱਖਦੀ ਪਈ ਹੈ ਕੋਈ ਨਹੀਂ ਰਸੋਈ ਦੇ ਕੰਮ ਵਿਚ ਤਾਂ ਚੰਗੀ ਹੋ ਜਾਵੇਗੀ | ਭਾਬੀ ਚਿੰਤਾ ਨਾ ਕਰ ਚਾਹ ਵਿਚ ਲੂਣ ਨਹੀਂ ਪਾਓਂਦੀ ਤੇ ਸਬਜ਼ੀ ਵਿਚ ਖੰਡ ਨਹੀਂ ਪਾਉਣ ਲੱਗੀ | ਸਾਰੇ ਮਿਲ ਕੇ ਹੱਸ ਪਏ ਤੇ ਮਾਮੀ ਚੱਲੀ ਗਈ |
 ਮੇਰਾ ਵਿਆਹ ਜਰਨੈਲ ਨਾਲ ਕਰ ਦਿਤਾ ਗਿਆ | ਪਹਿਲੇ ਦਿਨ ਮੈਂ ਆਪਣੇ ਕਮਰੇ ਵਿਚ ਬੈਠੀ ਆਪਣੇ ਸੁਫਨਿਆਂ ਦੇ ਸਰਤਾਜ ਨੂੰ ਉਡੀਕ ਰਹੀ ਸੀ | ਕਾਫੀ ਰਾਤ ਲੰਘੀ ਤੋਂ ਮੇਰੇ ਕਮਰੇ ਦਾ ਬੂਹਾ ਖੁਲਿਆ ਤਾਂ ਇਕ ਦਮ ਹਵਾੜ ਅੰਦਰ ਆਈ ਜੋ ਮੈਨੂੰ ਭੈੜੀ ਲੱਗੀ | ਜੈਲਾ ਸ਼ਰਾਬ ਦਾ ਰੱਜਿਆ ਹੋਇਆ ਸੀ ਮੂੰਹ ਵਿਚੋਂ ਆਵਾਜ਼ ਨਹੀਂ ਨਿਕਲ ਰਹੀ ਸੀ | ਇਕ ਦਮ ਮੰਜੇ ਤੇ ਡਿਗ ਪਿਆ ਜੇ ਮੈਂ ਧਿਆਨ ਨਾ ਕਰਦੀ ਤਾਂ ਉਸ ਨੇ ਭੁੰਜੇ ਹੀ ਡਿਗ ਪੈਣਾ ਸੀ | ਮੈਂ ਉਦਾਸ ਹੋ ਗਈ | ਮੈਂ ਸੋਚਾਂ ਵਿਚ ਪੈ ਗਈ ਇਹ ਮੇਰੇ ਸੁਪਨੇ ਕੀ  ਪੂਰੇ ਕਰੇਗਾ ਜਿਸ ਨੂੰ ਆਪਣੀ ਹੀ ਸੋਝੀ ਨਹੀਂ ਰਹੀ | ਇਸ ਤਰਾਂ ਇਕ ਦੋ ਦਿਨ ਚਲਦਾ ਰਿਹਾ | ਜਦੋਂ ਮੈਂ ਆਪਣੀ ਮਾਮੀ ਨੂੰ ਮਿਲਣ ਆਈ ਨੂੰ ਦੱਸਿਆ ਤਾਂ ਉਹ ਕਹਿੰਦੀ ਫਿਕਰ ਨਾ ਕਰ ਜੱਟਾਂ ਦੇ ਮੁੰਡੇ ਤਾਂ ਸ਼ਰਾਬ ਪੀਂਦੇ ਹੀ ਹੁੰਦੇ ਹਨ | ਹੋਲੀ ਹੋਲੀ ਸਭ ਠੀਕ ਹੋ ਜਾਵੇਗਾ | ਮੈਂ ਚੁੱਪ ਕਰ ਗਈ |
ਮੇਰੇ ਨਾਲ ਰਾਤ ਗੁਜ਼ਾਰਦਾ ਉਸ ਵੇਲੇ ਮੈਨੂੰ ਲਗਦਾ ਕਿ ਸੁਧਾਰ ਹੋ ਸਕਦਾ ਹੈ | ਪ੍ਰੰਤੂ ਜੈਲੇ ਦੀ ਆਦਤ ਵਿਚ ਕੋਈ ਸੁਧਾਰ ਨਾ ਹੋਇਆ | ਜਦੋਂ ਮੈਂ ਪਿਆਰ ਨਾਲ ਸਮਝਾਉਣਾ ਚਾਹਿਆ ਤਾਂ ਮੈਨੂੰ ਵੀ ਮੰਦਾ ਬੋਲਿਆ ਤੇ ਮੇਰੇ ਉਪਰ ਹੱਥ ਚੁੱਕਿਆ | ਮੈਂ ਇਸ ਨੂੰ ਆਪਣੀ ਕਿਸਮਤ ਜਾਣ ਲਿਆ | ਮੈਂ ਚੁੱਪ ਧਾਰਨ ਕਰ ਲਈ ਤੇ ਹਲਾਤ ਨਾਲ ਇਕ ਚੁੱਪ ਸਮਝੌਤਾ ਕਰ ਲਿਆ ਸੀ  | ਇਸ ਦੌਰਾਨ ਮੈਂ  ਦੋ ਬੱਚਿਆਂ ਦੀ ਮਾਂ ਬਣ ਗਈ ਮੇਰੀ ਸੱਸ ਅਤੇ ਸਹੁਰੇ ਨੇ ਸਮਝਾਉਣ ਦਾ ਯਤਨ ਕੀਤਾ ਪਰ ਜੈਲੇ ਤੇ ਕੋਈ ਵੀ ਅਸਰ ਨਾ ਹੋਇਆ | ਆਪਣੇ ਹੋਰ  ਦੋਸਤਾਂ ਨਾਲ ਮਿਲ ਕੇ ਵਧੇਰੇ ਨਸ਼ਾ ਕਰਨ ਲੱਗ ਗਿਆ | ਘਰ ਦੀਆਂ ਵਸਤਾਂ ਵੇਚ ਕੇ ਆਪਣੀ ਨਸ਼ੇ ਦੀ ਲੋੜ ਨੂੰ ਪੂਰਾ ਕਰਨ ਲੱਗ ਪਿਆ | ਰੋਜ਼ਾਨਾ ਸ਼ਰਾਬ ਪੀ ਕੇ ਘਰ ਵੜਦਾ ਸੀ ਅਤੇ ਆ ਕੇ ਮੰਦੇ ਬੋਲ ਬੋਲਦਾ ਸੀ | ਮੈਂ ਚੁੱਪ ਰਹਿੰਦੀ ਸੀ ਜਦੋਂ ਮੇਰੀ ਸੱਸ ਨੂੰ ਵੀ ਕੁਝ ਮੰਦਾ ਬੋਲਦਾ ਤਾਂ ਮੈਂ ਰੋਕਣ ਦਾ ਯਤਨ ਕਰਦੀ ਮੇਰੇ ਦੋ ਚਾਰ ਜੜ ਦਿੰਦਾ ਸੀ | ਉਸ ਨੇ ਵਾਹੀ ਕਰਨੀ ਛੱਡ ਦਿੱਤੀ | ਪਹਿਲਾਂ ਮੇਰੀ ਸੱਸ ਤੇ ਫੇਰ ਸਹੁਰਾ ਸਾਹਿਬ ਦੁੱਖ ਭੋਗਦੇ ਤੇ ਮੇਰੀ ਤੇ ਬੱਚਿਆਂ ਦੀ  ਹਾਲਤ ਤੇ ਤਰਸ ਕਰਦੇ ,ਇਸ ਫਾਨੀ ਸੰਸਾਰ ਨੂੰ ਛੱਡ ਗਏ |
ਜੈਲਾ ਮਨ ਮੌਜੀ ਹੋ ਗਿਆ | ਉਸ ਨੇ ਆਪਣੀ ਨਸ਼ੇ ਦੀ ਭੁੱਖ ਪੂਰੀ ਕਰਨ ਲਈ  ਜ਼ਮੀਨ ਤੇ ਵਾਢਾ ਧਰ ਲਿਆ | ਦਿਨ ਰਾਤ ਨਸ਼ਿਆਂ ਵਿਚ ਮਸਤ ਰਹਿੰਦਾ ਸੀ | ਉਹ ਕਿਹੜਾ ਨਸ਼ਾ ਸੀ ਜੋ ਉਸ ਨੇ ਨਹੀਂ ਕੀਤਾ ਸੀ |ਉਸ ਨੇ ਬੱਚਿਆਂ ਵਲ ਕਦੇ ਧਿਆਨ ਨਹੀਂ ਕੀਤਾ ਸੀ | ਬਚੇ ਵੀ ਉਸ ਤੋਂ ਡਰਦੇ ਸਨ | ਜਦੋਂ ਉਹ ਸ਼ਰਾਬੀ ਹੋਇਆ ਨਸ਼ੇ ਵਿਚ ਧੁਤ ਘਰੇ ਵੜਦਾ ਮੇਰੀ ਸ਼ਾਮਤ ਆ ਜਾਂਦੀ ਸੀ | ਮੈਨੂੰ ਗੱਲਾਂ ਕੱਢਦਾ ,ਕੁੱਟ ਮਾਰ ਕਰਦਾ ਸੀ ਬਚੇ ਡਰਦੇ ਮੇਰੇ ਕੋਲੇ ਆ ਕੇ ਛੁਪ ਜਾਂਦੇ ਸੀ | ਹੋਲੀ ਹੋਲੀ ਬਚੇ ਵਡੇ ਹੋ ਰਹੇ ਸੀ | ਮੈਂ ਇਹ ਨਹੀਂ ਚਾਹੁੰਦੀ ਸੀ ਕਿ ਬਚੇ ਆਪਣੇ ਬਾਪ ਨੂੰ ਇਸ ਰੂਪ ਵਿਚ ਵੇਖਣ ਪਰ ਜਦੋਂ ਘਰ ਵਿਚ ਉਹ ਮੇਰੀ ਰੋਣ ਕੁਰਲਾਣ ਦੀ ਆਵਾਜ਼ ਸੁਣਦੇ ਸੁਤੇ ਪਏ ਉੱਠ ਜਾਂਦੇ ਸੀ ਹੁਣ ਮੇਰਾ ਇਹ ਘਰ ਨਰਕ ਬਣ ਗਿਆ ਸੀ | ਮੈਂ ਚਾਹੁੰਦੀ ਸੀ ਕਿ ਬੱਚਿਆਂ ਉਪਰ ਇਸ ਮਾਹੌਲ ਦਾ ਅਸਰ ਨਾ ਹੋਵੇ | ਪਰ ਮੈਂ ਤਾਂ ਮਜਬੂਰ ਸੀ | ਪਿੰਡ ਵਿਚ ਬਾਰਵੀਂ ਦਾ ਸਕੂਲ ਸੀ ਕੁੜੀ ਨੂੰ ਬਾਰਵੀਂ ਕਰਵਾ ਦਿੱਤੀ | ਲੜਕਾ ਵੀ ਦਸਵੀਂ ਕਰ ਗਿਆ ਸੀ | ਉਸ ਨੇ ਸਕੂਲ ਤੋਂ ਕਿਨਾਰਾ ਕਰ ਲਿਆ | ਮੈਂ ਉਸ ਨੂੰ ਕਿਸੇ ਕਪੜੇ ਦੀ ਦੁਕਾਨ ਤੇ ਨੌਕਰ ਲਗਵਾ ਦਿਤਾ | ਕਪੜੇ ਦੀ ਦੁਕਾਨ ਤੇ ਕੈਸ਼ੀਅਰ ਦਾ ਕੰਮ ਕਰ ਦਿੰਦਾ ਸੀ | ਮੇਰੇ ਬਚੇ ਮੇਰਾ ਸਹਾਰਾ ਬਣ ਰਹੇ ਸਨ |
ਮੈਨੂੰ ਇਹ ਆਸ ਉਮੀਦ ਸੀ ਕਿ ਜੈਲਾ ਸੁਧਰ ਜਾਵੇਗਾ | ਪਰ ਮੇਰੀ ਇਸ ਉਮੀਦ ਨੂੰ ਵੀ ਫਲ ਨਾ ਲੱਗਿਆ | ਪਰ ਉਸ ਉਪਰ ਕੋਈ ਅਸਰ ਨਾ ਹੋਇਆ | ਇਕ ਦੋ ਵਾਰ ਉਸ ਨੇ ਕਪੜੇ ਵਾਲੇ ਤੋਂ ਮੇਰੇ ਮੁੰਡੇ ਦੀ ਤਨਖਾਹ ਅਗਾਊਂ ਲੈਣ ਦਾ ਯਤਨ ਕੀਤਾ ਪਰ ਦੁਕਾਨ ਵਾਲੇ ਨੇ ਕੋਰਾ ਜਵਾਬ ਦੇ ਦਿਤਾ ਇਸ ਦੀ ਸਜ਼ਾ ਵੀ ਮੈਨੂੰ ਮਿਲੀ ਦੁਕਾਨ ਤੋਂ ਜੁਆਬ ਲੈ ਕੇ ਆਏ ਨੇ ਮੇਰੀ ਹੱਡੀ ਪਸਲੀ ਇਕ ਕਰ ਦਿਤੀ | ਮੈਂ ਬਿਲਕੁਲ ਵੀ ਸਮਝ ਨਾ ਆਈ ਕਿ ਮੈਨੂੰ ਅੱਜ ਕਿਸ ਕਸੂਰ ਦੀ ਸਜ਼ਾ ਦਿਤੀ ਗਈ ਹੈ ਜਦੋਂ ਕਿ ਮੈਂ ਤਾਂ ਨਿਰਦੋਸ਼ ਸਾਂ | ਮਰਦ ਲੋਕ ਕਦੇ ਵੀ ਦੋਸ਼ੀ ਜਾਂ ਨਿਰਦੋਸ਼ ਨਹੀਂ ਦੇਖਦੇ ਜਦੋਂ ਮਨ ਕਰਦਾ ਹੈ ਆਪਣਾ ਗੁਸਾ ਔਰਤ ਉਪਰ ਕੱਢ ਆਪਣਾ ਦਿਲ ਹੌਲਾ ਕਰ ਲੈਂਦੇ ਹਨ ਪ੍ਰੰਤੂ ਜਦੋਂ ਔਰਤ ਨੂੰ ਵੀ ਗੁਸਾ ਆਵੇ ਉਹ ਕਿੱਧਰ ਜਾਵੇ | ਬੱਚਿਆਂ ਨੂੰ ਉਹ ਕੁਝ ਨਹੀਂ ਆਖ ਸਕਦੀ ਕਿਓਂਕਿ ਉਹ ਉਨ੍ਹਾਂ ਉਪਰ ਆਪਣੀ ਜਾਨ ਵਾਰਨ ਨੂੰ ਵੀ ਤਿਆਰ ਰਹਿੰਦੀ ਹੈ | ਮੈਂ ਯਤਨ ਕਰਕੇ ਆਪਣੀ ਲੜਕੀ ਨੂੰ ਨਰਕ ਵਿਚੋਂ ਕੱਢ ਦਿਤਾ ਅਤੇ ਚੰਗਾ ਜਿਹਾ ਘਰ ਦੇਖ ਕੇ ਉਸ ਦਾ ਵਿਆਹ ਕਰ ਦਿਤਾ | ਉਸ ਦੀ ਕਿਸਮਤ ਚੰਗੀ ਸੀ ਉਸ ਨੂੰ ਉਸ ਦੀ ਸੱਸ ਆਪਣੀ ਨੂੰਹ ਨਹੀਂ ਧੀ ਸਮਝਦੀ ਸੀ | ਉਸ ਨੂੰ ਬਹੁਤ ਪਿਆਰ ਕਰਦੀ ਸੀ ਤੇ ਉਸ ਨੂੰ ਰਸੋਈ ਵਿਚ ਸਬਜ਼ੀ ਰੋਟੀ ਬਣਾਉਣ ਵਿਚ ਉਸ ਦੀ ਪੂਰੀ ਮਦਦ ਕਰਦੀ ਸੀ | ਉਸ ਦੇ  ਸਹੁਰੇ ਨੇ ਉਸ ਨੂੰ ਖ਼ਜ਼ਾਨਾ ਮੰਤਰੀ ਮੰਨ ਲਿਆ ਸੀ ਕਿਓਂ ਜੋ ਉਸ ਘਰ ਵਿਚ ਪਹਿਲੀ ਪੜ੍ਹੀ ਹੋਈ ਕੁੜੀ ਆਈ ਸੀ ਅਤੇ ਰੁਪਏ ਪੈਸੇ ਦਾ ਠੀਕ ਹਿਸਾਬ ਕਿਤਾਬ ਰੱਖਦੀ ਸੀ | ਉਹ ਆੜ੍ਹਤੀਏ ਤੋਂ ਹਿਸਾਬ ਲਿਖਵਾ ਕੇ ਲੈ ਆਓਂਦਾ ਸੀ ਤੇ ਆਪਣੀ ਨੂੰਹ ਤੋਂ ਚੈਕ ਕਰਵਾ ਲਿਆ ਕਰਦਾ ਸੀ | ਜੇ ਕਰ ਕੋਈ ਗਲਤੀ ਨਿਕਲਦੀ ਤਾਂ ਜਾ ਆੜ੍ਹਤੀਏ ਨੂੰ ਦਸਦਾ ਸੀ ਅਤੇ  ਆਪ ਜਾ ਕੇ ਠੀਕ ਕਰਵਾ ਲਿਓਂਦਾ ਸੀ | ਇਸ ਤਰਾਂ ਪਰਿਵਾਰ ਖੁਸ਼ੀ ਖੁਸ਼ੀ ਜੀਵਨ ਬਿਤਾ ਰਿਹਾ ਸੀ | ਮੈਨੂੰ ਉਸ ਪਾਸੇ ਤੋਂ ਪੂਰਨ ਤਸੱਲੀ ਸੀ |
ਇਕ ਦਿਨ ਮੈਂ ਇਕੱਲੀ ਘਰ ਵਿਚ ਸੀ ,ਜੈਲਾ ਬਾਹਰੋਂ ਤਪਿਆ ਹੋਇਆ ਆਇਆ ਤੇ ਮੈਨੂੰ ਕੁੱਟਣ ਲੱਗ ਪਿਆ ਉਸ ਦੇ ਹੱਥ ਵਿਚ ਕੁਹਾੜੀ ਆ ਗਈ |ਉਹ ਮੈਨੂੰ ਮਾਰ ਦੇਣਾ ਚਾਹੁੰਦਾ ਸੀ | ਮੈਂ ਉਸ ਨੂੰ ਜ਼ਮੀਨ ਵੇਚਣ ਨਹੀਂ ਦੇ ਰਹੀ ਸੀ | ਉਸ ਨੇ ਪਹਿਲਾਂ ਹੀ ਮੇਰੇ ਗਹਿਣੇ ਮੈਥੋਂ ਚੋਰੀ ਵੇਚ ਦਿਤੇ ਸਨ |
ਦੋ ਦਿਨ ਪਹਿਲਾਂ ਉਹ ਘਰ ਵਿਚ ਖੜੀਆਂ ਦੋਵੇਂ ਮੱਝਾਂ ਵੇਚ ਚੁਕਾ ਸੀ | ਹੁਣ ਉਸ ਦੀ ਨਿਗਾ ਜ਼ਮੀਨ ਉਪਰ ਸੀ | ਮੇਰੇ ਸਹੁਰੇ ਨੇ ਆਪਣੇ ਪੁੱਤ ਦੇ ਚਾਲੇ ਦੇਖ ਕੇ ਜ਼ਮੀਨ ਮੇਰੇ ਨਾਂ ਕਰਵਾ ਦਿਤੀ ਸੀ | ਹੁਣ ਜੈਲਾ ਚਾਹੁੰਦਾ ਸੀ ਕਿ ਕੁਝ ਜ਼ਮੀਨ ਵੇਚ ਕੇ ਉਸ ਨੂੰ ਨਸ਼ੇ ਲਈ ਰਕਮ ਦਿਤੀ ਜਾਵੇ | ਉਸ ਦੇ ਇਸ ਕੰਮ ਵਿਚ ਮੈਂ ਅੜਿੱਕਾ ਬਣੀ ਹੋਈ ਸੀ | ਇਸ ਲਈ ਉਹ ਮੈਨੂੰ ਵੱਢ ਕੇ ਸੁੱਟ ਦੇਣਾ ਚਾਹੁੰਦਾ ਸੀ | ਉਸ ਨੂੰ ਇਹ ਤਾਂ ਇਲਮ ਹੀ ਨਹੀਂ ਸੀ ਕਿ ਜ਼ਮੀਨ ਮੇਰੇ ਤੇ ਮੇਰੇ ਮੁੰਡੇ ਦੇ ਨਾਂ ਸੀ |  ਮਾਪਿਆਂ ਕੋਲ ਮੈਂ ਦੁੱਖ ਨਹੀਂ ਫਰੋਲਦੀ ਸੀ ਮੈਂ ਨਹੀਂ ਚਾਹੁੰਦੀ ਸੀ ਕਿ ਉਹ ਮੇਰੀ ਹਾਲਤ ਜਾਣ ਉਦਾਸ ਹੋਣ | ਉਹ ਤਾਂ ਮੈਨੂੰ ਸੁਖੀ ਹੀ ਜਾਣਦੇ ਸੀ  ਪਹਿਲਾਂ ਮੇਰੇ ਪਿਤਾ ਜੀ ਅਤੇ ਫਿਰ ਮਾਂ ਇਸ ਦੁਨੀਆ ਨੂੰ ਛੱਡ ਉਥੇ ਚਲੇ ਗਏ ਜਿਥੋਂ ਕਦੇ ਕੋਈ ਵਾਪਿਸ ਨਹੀਂ ਆਇਆ |
ਜਦੋਂ ਉਸ ਦੇ ਹੱਥ ਕੁਹਾੜੀ ਆ ਗਈ ਤੇ ਮੇਰੇ ਵਲ ਨੂੰ ਹੋਇਆ ਤਾਂ ਮੈਂ ਭੱਜ ਕੇ ਗੁਆਂਢੀਆਂ ਦੇ ਘਰ ਚਲੀ ਗਈ ਤੇ ਉਨ੍ਹਾਂ ਘਰ ਦੇ ਅੰਦਰ ਛੁਪ ਗਈ | ਮੇਰੇ ਗੁਆਂਢੀਆਂ ਨੇ ਮਦਦ ਕੀਤੀ ਤੇ ਉਸ ਨੂੰ ਰੋਕ ਦਿਤਾ ਕੇ ਸਾਡੇ ਘਰ ਵਿਚ ਤੂੰ ਉਸ ਨੂੰ ਕੁਝ ਨਹੀਂ ਕਹਿ ਸਕਦਾ | ਜੈਲੇ ਨੇ ਗੁਆਂਢੀ ਨੂੰ ਵੀ ਮੰਦਾ ਬੋਲਿਆਂ ਤੇ ਕੁਹਾੜੀ ਉਸ ਵਲ ਉਲਾਰੀ | ਗੁਆਂਢੀ ਨੇ ਕੁਹਾੜੀ ਖੋਹ ਲਈ ਤੇ ਉਸ ਨੂੰ ਭਜਾ ਦਿਤਾ | ਮੈਂ ਰਾਤ ਉਨ੍ਹਾਂ ਘਰੇ ਕਟੀ | ਆਪਣੇ ਮੁੰਡੇ ਨੂੰ ਸੁਨੇਹਾ ਭੇਜ ਕੇ ਉਥੇ ਹੀ ਸੱਦ ਲਿਆ ਤੇ ਰਾਤ ਉਥੇ ਹੀ ਕੱਟ ਲਈ | ਸਵੇਰ ਹੋਈ ਤੋਂ ਜੈਲੇ ਨੇ ਠਾਣੇ ਰਪਟ ਲਿਖਵਾ ਦਿਤੀ ਕਿ ਮੇਰੀ ਗੁਰੋ ਨੂੰ ਗੁਆਂਢੀ ਨੇ ਕੱਢ ਲਿਆ ਹੈ | ਜਦੋਂ ਪੁਲਿਸ ਆਈ ਤਾਂ ਅਸਲੀਅਤ ਦਾ ਪਤਾ ਲੱਗਾ ਤਾਂ ਉਹ ਸਰਪੰਚ ਦੇ ਆਖੇ ਵਾਪਿਸ ਮੁੜ ਗਏ | ਸਰਪੰਚ ਨੇ ਸਾਡੀ ਸੁਲਾਹ ਸਫਾਈ ਕਰਵਾ ਦਿਤੀ |ਅਸੀਂ ਦੋਵੇਂ ਮਾਂ ਪੁੱਤ ਘਰੇ ਆ ਗਏ | ਹੁਣ ਮੈਨੂੰ ਜੈਲਾ ਤੰਗ ਕਰਦਾ ਸੀ ਤੇ ਮੁੰਡੇ ਨੂੰ ਮਾਰ ਦੇਣ ਦੀਆਂ ਧਮਕੀਆਂ ਦੇਣ ਲੱਗ ਪਿਆ i ਮੈਂ ਡਰ ਗਈ | ਮੈਂ ਆਪਣੇ ਗੁਆਂਢੀ ਨੂੰ ਦੱਸਿਆ | ਉਸ ਨੇ ਮੇਰੀ ਮਦਦ ਕੀਤੀ ਠਾਣੇ ਅੰਦਰ ਅਰਜ਼ੀ ਦਿਵਾ ਦਿਤੀ ਕਿ ਜੇ ਕਰ ਸਾਨੂੰ ਕੁਝ ਹੋਇਆ ਤਾਂ ਇਸ ਦਾ ਜ਼ਿਮੇਵਾਰ ਜੈਲਾ ਹੀ ਹੋਵੇਗਾ | ਮੈਂ ਰੋਜ਼ ਰੋਜ਼ ਦੇ ਕਲੇਸ਼ ਤੋਂ ਅੱਕ ਚੁਕੀ ਸੀ ਇਸ ਲਈ ਮੈਂ ਇਹ ਫੈਸਲਾ ਕਰ ਲਿਆ ਅਸੀਂ ਜੈਲੇ ਤੋਂ ਵੱਖਰੇ ਹੋ ਜਾਵਾਂਗੇ | ਇਸ ਰਿਸ਼ਤੇ ਦਾ ਭਾਰ ਚੱਕ ਚੱਕ ਮੈਂ ਹਾਰ ਚੁਕੀ ਸੀ | ਇਕ ਸ਼ਾਇਰ ਦੇ ਅਨੁਸਾਰ ——-
ਵੋ ਅਫਸਾਨਾ ਜਿਸੇ ਅੰਜਾਮ ਤਕ ਲਾਨਾ ਨਾ ਹੋ ਮੁਮਕਿਨ ,
ਉਸੇ ਇਕ ਖੂਬਸੂਰਤ ਮੋੜ ਦੇ ਕਰ ਛੋੜਨਾ ਅੱਛਾ |
ਗੁਆਂਢੀ ਦੀ ਮਦਦ ਨਾਲ ਸਰਪੰਚ ਤਕ ਪਹੁੰਚ ਕੀਤੀ | ਸਰਪੰਚ ਪਹਿਲਾਂ ਹੀ ਕਹਿ ਚੁਕਾ ਸੀ ਕਿ ਰੋਜ਼ ਰੋਜ਼ ਦੇ ਕਲੇਸ਼ ਤੋਂ ਬੇਹਤਰ ਹੈ ਕਿ ਵੱਖਰੇ ਹੋ ਜਾਓ | ਉਸ ਨੇ ਸਾਡੇ ਘਰ ਵਿਚ ਕੰਧ ਕਢਵਾ ਦਿਤੀ | ਉਸ ਨੇ ਆਖਿਆ ਕਿ ਹੁਣ ਤੁਸੀਂ ਆਪੋ ਵਿਚ ਵਰਤੋਂ ਵਿਹਾਰ ਬੰਦ ਕਰੋ ਤਾਂ ਕਿ ਤੁਹਾਡੇ ਘਰ ਅੰਦਰ ਤੇ ਪਿੰਡ ਵਿਚ ਸ਼ਾਂਤਮਈ ਮਾਹੌਲ ਬਣਿਆ ਰਹੇ |  ਮੈਂ ਇਹ ਸੋਚਦੀ ਸੀ ਕਿ ਆਪਣੇ ਪੁੱਤ ਨਾਲ ਸ਼ਾਂਤ ਜ਼ਿੰਦਗੀ ਜੀ ਸਕਾਂਗੀ | ਭਾਵੇਂ ਦਿਲਾਂ ਦੇ ਅੰਦਰ ਪਹਿਲਾਂ ਹੀ ਕੰਧਾਂ ਪੈ ਚੁਕੀਆਂ ਸਨ | ਅੱਜ ਕੰਧ ਪੈਣ ਨਾਲ ਲੋਕ ਦਿਖਾਵਾ ਵੀ ਖਤਮ ਹੋ ਗਿਆ ਸੀ | ਇਕ ਸ਼ਾਇਰ ਨੇ ਕਿਆ ਖੂਬਸੂਰਤ ਲਿਖਿਆ ਹੈ ਕਿ ——-
ਤਾਅਲੁੱਕ ਬੋਝ ਬਨ  ਜਾਏ ,ਤੋਂ ਉਸ ਕੋ ਤੋੜਨਾ ਅੱਛਾ 
ਪ੍ਰੰਤੂ ਮੇਰੇ ਨਸੀਬ ਹੀ ਖੋਟੇ ਸਨ | ਅੱਜ ਜੈਲਾ ਆਪਣੇ ਦੋਸਤ ਨਾਲ ਆ ਕੇ ਮੈਨੂੰ ਕੁੱਟ ਗਏ ਸਨ ਅਤੇ ਆਪਣੇ ਵਲੋਂ ਅਧਮੋਈ ਕਰ ਕੇ ਭੱਜ ਗਏ ਸਨ | ਮੇਰੇ ਲੜਕੇ ਦੇ ਵੀ ਸੱਟਾਂ ਮਾਰ ਗਏ ਸਨ | ਅਸੀਂ ਦੋਵੇਂ ਸੁਣ ਰਹੇ ਸਾਂ ਕਿ ਜੈਲਾ ਆਖ ਰਿਹਾ ਸੀ ਕਿ ਪਿੰਡ ਛੱਡ ਜਾਓ ਨਹੀ ਤਾਂ ਤੁਹਾਡਾ ਕਤਲ ਕਰ ਦਿਤਾ ਜਾਵੇਗਾ | ਮੈਂ ਆਪਣੇ ਗੁਆਂਢੀ ਨੂੰ ਦੱਸਿਆ | ਮੇਰੀ ਗੁਆਂਢਣ ਮਰੀ ਨੂੰ 5 ਸਾਲ ਹੋ ਚੁਕੇ ਸਨ ਅਤੇ ਉਹ ਇਕੱਲਾ ਹੀ ਰਹਿ ਰਿਹਾ ਸੀ | ਕਦੇ ਇਕ  ਲੜਕੀ ਆ ਕੇ ਉਸ ਦੀ ਮਦਦ ਕਰ ਜਾਂਦੀ ਸੀ ਅਤੇ ਕਦੇ ਦੂਸਰੀ ਆ ਜਾਂਦੀ ਸੀ ਇਸ ਤਰਾਂ ਉਸ ਦੀ ਦਿਨ ਕਟੀ ਹੋ ਰਹੀ ਸੀ | ਜਦੋਂ ਮੈਂ ਉਸ ਨੂੰ ਰਾਤ ਵਾਲੀ ਘਟਨਾ ਦੱਸਣ ਗਈ ਸੀ ਤੇ ਉਸ ਦੀ ਲੜਕੀ ਵੀ ਬੈਠੀ ਸੀ ਉਸ ਨੇ ਸਾਰੀ ਗੱਲ ਸੁਣੀਂ ਸੀ | ਸਾਰੀ ਗੱਲ ਖਤਮ ਹੋਣ ਤੋਂ ਬਾਅਦ ਉਸ ਨੇ ਮੈਨੂੰ ਦੂਸਰੇ ਕਮਰੇ ਵਿਚ ਲਿਜਾ ਕੇ ਕਿਹਾ ਕਿ ਆਂਟੀ ਤੁਸੀਂ ਮੇਰੇ ਪਾਪਾ ਦੀ ਰੋਟੀ ਬਣਾ ਲਿਆ ਕਰੋ ਕਦੇ ਤੁਹਾਡਾ ਮੁੰਡਾ ਇਧਰ ਦੇ ਜਾਵੇਗਾ ਕਦੇ ਪਾਪਾ ਉਧਰ ਜਾ ਕੇ ਖਾ ਆਇਆ ਕਰਨਗੇ | ਮੈਂ ਕਿਹਾ ਮੈਂ ਸੋਚ ਕੇ ਦਸਾਂਗੀ | ਅਗਲੇ ਦਿਨ ਮੈਂ ਉਸ ਨੂੰ ਕਿਹਾ ਕਿ ਇਸ ਘਰ ਵਿਚ ਤਾਂ ਇਹ ਸੰਭਵ ਨਹੀਂ ਹੈ ਕਿਓਂ ਜੋ ਜੈਲਾ ਪਹਿਲਾਂ ਹੀ ਇਲਜ਼ਾਮ ਲਾ ਚੁੱਕਾ ਹੈ ਕਿ ਮੈਂ ਤੇਰੇ ਪਾਪਾ ਨਾਲ ਰਲੀ ਹੋਈ ਹਾਂ | ਪਰ ਜੇ ਅਸੀਂ ਕਿਤੇ ਹੋਰ ਰਹਿ ਲਈਏ ਤਾਂ ਇਕੋ ਘਰ ਵਿਚ ਵੀ ਰਹਿ ਸਕਦੇ ਹਾਂ |
ਲੜਕੀ ਨੇ ਆਪਣੇ ਪਾਪਾ ਨਾਲ ਗੱਲ ਕੀਤੀ ਤਾਂ ਅਸਾਂ ਰਲ ਕੇ ਫੈਸਲਾ ਕੀਤਾ ਕਿ ਉਨ੍ਹਾਂ ਦੇ ਖੇਤਾਂ ਵਿਚ ਘਰ ਪਾ ਕੇ ਇਕੱਠੇ ਰਹਿ ਸਕਦੇ ਹਾਂ | ਤੇ ਮੈਂ ਜੈਲੇ ਤੋਂ ਤਲਾਕ ਲੈ ਲਵਾਂਗੀ ਤੇ ਤਲਾਕ ਛੇਤੀ ਹੀ ਮਿਲ ਜਾਵੇਗਾ ਕਿਓਂ ਜੋ ਅਸੀਂ ਕਾਫੀ ਸਮੇਂ ਤੋਂ ਵੱਖਰੇ ਵੱਖਰੇ ਰਹਿੰਦੇ ਹਾਂ | ਵਕੀਲ ਨੂੰ ਮਿਲ ਕੇ ਤਲਾਕ ਦੀ ਅਰਜ਼ੀ ਪਾ ਦਿੱਤੀ ਗਈ | ਸਰਪੰਚ ਨੂੰ ਇਤਲਾਹ ਦੇ ਦਿਤੀ | ਖੇਤਾਂ ਵਿਚ ਘਰ ਪਾ ਲਿਆ ਗਿਆ ਤੇ ਮੈਂ ਆਪਣੇ ਨਸੀਬਾਂ ਦਾ ਅਗਲਾ ਵਰਕਾ ਫਰੋਲਣ ਲਗੀ ਕਿ ਅਗੇ ਸ਼ਾਇਦ ਸੁਖਾਂ ਦੀ ਜ਼ਿੰਦਗੀ ਹੋਵੇ ਤੇ ਨਰਕ ਵਿਚੋਂ ਨਿਕਲਿਆ ਜਾ ਸਕੇ |  |
-ਡਾਕਟਰ ਅਜੀਤ ਸਿੰਘ ਕੋਟਕਪੂਰਾ 
ਸਾਂਝਾ ਕਰੋ

ਪੜ੍ਹੋ

ਜਿ਼ਮਨੀ ਚੋਣਾਂ: ਦਲ-ਬਦਲੀ ਅਤੇ ਪਰਿਵਾਰਵਾਦ/ਸੁਖਦੇਵ ਸਿੰਘ

ਭਾਰਤ ਦੇ ਹੋਰਨਾਂ ਸੂਬਿਆਂ ਦੇ ਨਾਲ-ਨਾਲ ਪੰਜਾਬ ਦੇ ਚਾਰ ਵਿਧਾਨ...