ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਮੁਜ਼ਾਹਰਾ

ਪਟਿਆਲਾ, 31 ਅਕਤੂਬਰ – ਪੰਜਾਬ ਭਰ ਵਿੱਚ ਝੋਨੇ ਦੀ ਖਰੀਦ ਅਤੇ ਚੁਕਾਈ ਨਾ ਹੋਣ ਸਮੇਤ ਕਣਕ ਦੀ ਬਿਜਾਈ ਲਈ ਕਿਸਾਨਾਂ ਨੂੰ ਡੀਏਪੀ ਖਾਦ ਨਾ ਮਿਲਣ ਦੇ ਰੋਸ ਵਜੋਂ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਯੂਥ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੇ ਨਵੀਂ ਅਨਾਜ ਮੰਡੀ ਪਟਿਆਲਾ ’ਚ ਰੋਸ ਮਾਰਚ ਮਗਰੋਂ ਮੁਜ਼ਾਹਰਾ ਕੀਤਾ। ਇਸ ਦੌਰਾਨ ਅਕਾਲੀ ਆਗੂਆਂ ਨੇ ਮੰਡੀ ਵਿੱਚ ਝੋਨੇ ਦੀਆਂ ਢੇਰੀਆਂ ’ਤੇ ਬੈਠੇ ਕਿਸਾਨਾਂ ਨਾਲ ਮੁਲਾਕਾਤ ਵੀ ਕੀਤੀ। ਜਾਣਕਾਰੀ ਅਨੁਸਾਰ ਕਿਸਾਨਾਂ ਦੀਆਂ ਸਮੱਸਿਆਵਾਂ ਸੁਣਨ ਮਗਰੋਂ ਪ੍ਰਦਰਸ਼ਨਕਾਰੀਆਂ ਨੇ ਮੰਡੀ ’ਚ ਸਥਿਤ ਮਾਰਕੀਟ ਕਮੇਟੀ ਪਟਿਆਲਾ ਦਾ ਦਫ਼ਤਰ ਘੇਰਿਆ। ਦਫ਼ਤਰ ਘੇਰਨ ਦੀ ਇਸ ਸੰਕੇਤਕ ਕਾਰਵਾਈ ਦੌਰਾਨ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ਼ ਪਿੱਟ ਸਿਆਪਾ ਕੀਤਾ ਗਿਆ। ਇਸ ਮੌਕੇ ਅਕਾਲੀ ਆਗੂਆਂ ਨੇ ਪੱਗਾਂ ਤੇ ਬਾਹਾਂ ’ਤੇ ਕਾਲੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਸਨ। ਅਕਾਲੀ ਦਲ ਦੇ ਇਸ ਪਲੇਠੇ ਐਕਸ਼ਨ ਦੀ ਅਗਵਾਈ ਅਕਾਲੀ ਦਲ ਦੀਆਂ ਸਮੂਹ ਸ਼ਹਿਰੀ ਇਕਾਈਆਂ ਦੇ ਜ਼ਿਲ੍ਹਾ ਪ੍ਰਧਾਨ ਅਮਿਤ ਸਿੰਘ ਰਾਠੀ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਲੰਗ ਅਤੇ ਸ਼ਹਿਰੀ ਪ੍ਰਧਾਨ ਕਰਨਵੀਰ ਸਾਹਨੀ ਨੇ ਕੀਤੀ।

ਇਸ ਦੌਰਾਨ ਸੀਨੀਅਰ ਅਕਾਲੀ ਆਗੂ ਅਤੇ ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਬਣੇ ਸੁਰਜੀਤ ਸਿੰਘ ਗੜ੍ਹੀ, ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂਖੰਨਾ, ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਅਤੇ ਅਕਾਲੀ ਪੱਖੀ ‘ਪੰਜਾਬ ਵਿਦਿਆਰਥੀ ਜਥੇਬੰਦੀ’ ਦੇ ਸਾਬਕਾ ਸੂਬਾਈ ਪ੍ਰਧਾਨ ਸੁਰਿੰਦਰ ਸਿੰਘ ਘੁਮਾਣਾ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਬਲਵਿੰਦਰ ਨੇਪਰਾਂ, ਕੁਲਵਿੰਦਰ ਸੋਨੀ, ਭਪਿੰਦਰ ਗੋਲੂ, ਬਲਵਿੰਦਰ ਸੈਂਭੀ ਸਮੇਤ ਕਈ ਹੋਰ ਪ੍ਰਮੁੱਖ ਆਗੂ ਵੀ ਸ਼ਾਮਲ ਰਹੇ। ਇਸ ਦੌਰਾਨ ਸਰਬਜੀਤ ਝਿੰਜਰ ਨੇ ਜਿੱਥੇ ਪੰਜਾਬ ਤੇ ਕੇਂਦਰ ’ਤੇ ਨਿਸ਼ਾਨੇ ਸਾਧੇ, ਉਥੇ ਗੁਰਪ੍ਰੀਤ ਰਾਜੂ ਖੰਨਾ ਅਤੇ ਸੁਰਜੀਤ ਗੜ੍ਹੀ ਨੇ ਕਿਹਾ ਕਿ ਦਿੱਲੀ ਦੀਆਂ ਬਰੂਹਾਂ ’ਤੇ ਚੱਲੇ ਮੋਰਚੇ ਦੌਰਾਨ ਹੋਈ ਹਾਰ ਦਾ ਬਦਲਾ ਕੇਂਦਰ ਸਰਕਾਰ ਹੁਣ ਕਿਸਾਨਾ ਨੂੰ ਮੰਡੀਆਂ ’ਚ ਰੋਲ ਕੇ ਲੈ ਰਹੀ ਹੈ ਅਤੇ ‘ਆਪ’ ਸਰਕਾਰ ਕੇਂਦਰ ਅੱਗੇ ਗੋਡੇ ਟੇਕ ਚੁੱਕੀ ਹੈ।

ਸਾਂਝਾ ਕਰੋ