ਕਵਿਤਾਵਾਂ

ਸਾਂਝੀ ਦੀਵਾਲੀਏ

ਜਸਵੰਤ ਧਾਪ

ਸਾਂਝੀ ਦੀਵਾਲੀਏ ਨੀ, ਸਾਂਝੀ ਦੀਵਾਲੀਏ।

ਕਿਹੜੇ ਗ਼ਮਖਾਰ ਦੀਵੇ, ਇਸ ਵਾਰੀ ਬਾਲੀਏ।

ਆਪੇ ਹੀ ਦੱਸ ਦੇ ਸਾਨੂੰ, ਤੂੰ ਕਰਮਾਂ ਵਾਲੀਏ।

ਕਿਹੜੇ ਗ਼ਮਖਾਰ ਦੀਵੇ, ਇਸ ਵਾਰੀ ਬਾਲੀਏ।

ਕਿੰਨੇ ਹੀ ਸ਼ੋਰ ਸ਼ਰਾਬੇ, ਕਿੰਨੇ ਹੀ ਰੌਲੇ ਰੱਪੇ,

ਅਮਨਾਂ ਦੀ ਡੌਂਡੀ ਪਿੱਟਦੇ, ਲਾਉਂਦੇ ਨੇ ਲਾਰੇ ਲੱਪੇ,

ਨਿੱਘੀ ਗਲਵੱਕੜੀ ਵਾਲੇ, ਨੁਕਤੇ ਉਛਾਲੀਏ।

ਕਿਹੜੇ ਗ਼ਮਖਾਰ ਦੀਵੇ, ਇਸ ਵਾਰੀ ਬਾਲੀਏ।

ਧੂੰਆਂ ਸਿਆਸਤੀ ਹੈ, ਸਾਹਾਂ ਨੂੰ ਠੱਗੀ ਜਾਂਦਾ,

ਬੇਬਸ ਲਾਚਾਰ ਬੰਦਾ, ਬਸ ਪਿੱਛੇ ਲੱਗੀ ਜਾਂਦਾ,

ਭੀੜਾਂ ਤਬੀਬਾਂ ਦੀਆਂ, ਕਿਸ ਨੂੰ ਵਖਾਲੀਏ।

ਕਿਹੜੇ ਗ਼ਮਖਾਰ ਦੀਵੇ, ਇਸ ਵਾਰੀ ਬਾਲੀਏ।

ਚੱਲਣ ਪਟਾਖੇ ਕਿੱਥੋਂ, ਨਿਕਲੇ ਦੀਵਾਲੇ ਏਥੇ,

ਜੇਬ੍ਹਾਂ ਦੇ ਚੱਪੇ ਚੱਪੇ, ਛਾਲੇ ਹੀ ਛਾਲੇ ਏਥੇ,

ਖ਼ੁਸ਼ੀਆਂ ਨੂੰ ਸਿੰਜੀਏ ਕਿੱਥੇ, ਤੇ ਕਿੱਥੇ ਪਾਲੀਏ।

ਕਿਹੜੇ ਗ਼ਮਖਾਰ ਦੀਵੇ, ਇਸ ਵਾਰੀ ਬਾਲੀਏ।

ਖੁਸ਼ਹਾਲੀ ਭਾਈਚਾਰੇ, ਪਿਆਰਾਂ ਦੀ ਬਾਤ ਦਾ,

ਗੁਰੂਆਂ ਸੁਨੇਹਾ ਦਿੱਤਾ, ਇੱਕ ਮਾਨਸ ਜਾਤ ਦਾ,

ਚਾਨਣ ਦੇ ਵਿੱਚ ਸੁਨੇਹੇ, ਧਾਪ ਸਭ ਢਾਲੀਏ।

ਕਿਹੜੇ ਗ਼ਮਖਾਰ ਦੀਵੇ, ਇਸ ਵਾਰੀ ਬਾਲੀਏ।

ਸੰਪਰਕ: 98551-45330

* * *

ਖ਼ੁਸ਼ੀਆਂ ਲਿਆਈ

ਗੁਰਤੇਜ ਸਿੰਘ ਖੁਡਾਲ

ਦੀਵਾਲੀ ਆਈ, ਦੀਵਾਲੀ ਆਈ,

ਸਾਰਿਆਂ ਲਈ ਹੈ ਖ਼ੁਸ਼ੀਆਂ ਲਿਆਈ,

ਲੋਕ ਘਰਾਂ ਦੀ ਕਰਨ ਸਫ਼ਾਈ,

ਇੱਕ ਦੂਜੇ ਨੂੰ ਸਭ ਦੇਣ ਵਧਾਈ,

ਆਓ ਰਲ ਕੇ ਦੀਵਾਲੀ ਮਨਾਈਏ,

ਫਲ-ਫਰੂਟ ਤੇ ਮਠਿਆਈਆਂ ਖਾਈਏ…

ਪਟਾਕੇ ਸਿਰਫ਼ ਗਰੀਨ ਲਿਆਈਏ,

ਧੂੰਏ ਵਾਲੇ ਨਾ ਪਟਾਕੇ ਚਲਾਈਏ,

ਰੋਸ਼ਨੀਆਂ ਦਾ ਤਿਓਹਾਰ ਦੀਵਾਲ਼ੀ,

ਇਸ ਲਈ ਸਭ ਨੂੰ ਲੱਗੇ ਪਿਆਰੀ…

ਸਾਰੇ ਰਲ ਕੇ ਦੀਵਾਲੀ ਮਨਾਈਏ,

ਰਾਤ ਨੂੰ ਸਾਰੇ ਖ਼ੂਬ ਰੁਸ਼ਨਾਈਏ…

ਸ਼ੋਰ ਸ਼ਰਾਬਾ ਬਿਲਕੁਲ ਨਾ ਕਰੀਏ,

ਦੀਵੇ ਬਾਲ ਕੇ ਰੋਸ਼ਨੀਆਂ ਕਰੀਏ…

ਸਾਰੇ ਇਕੱਠੇ ਦੀਵਾਲੀ ਮਨਾਈਏ,

ਪਿਆਰ ਤੇ ਭਾਈਚਾਰਾ ਵਧਾਈਏ।

ਸੰਪਰਕ: 94641-29118

* * *

ਦੀਵਾਲੀ ਦਾ ਤਿਉਹਾਰ

ਕੁਲਵਿੰਦਰ ਵਿਰਕ

ਆਇਆ ਸਰਬ-ਸਾਂਝਾ ਦੀਵਾਲੀ ਦਾ ਤਿਉਹਾਰ,

ਰਲ਼-ਮਿਲ ਕੇ ਮਨਾਈਏ ਆਓ ਸਾਰੇ ਖ਼ੁਸ਼ੀਆਂ ਨਾਲ।

ਗੁਰੂਆਂ, ਪੀਰਾਂ, ਫ਼ੱਕਰ, ਫ਼ਕੀਰਾਂ ਨੂੰ ਸਿਮਰਦੇ ਰਹੀਏ,

ਕੁਝ ਪਲ-ਘੜੀਆਂ ਜਾ ਕੇ ਦਰ ਉਨ੍ਹਾਂ ਦੇ ਬਹੀਏ।

ਕੁਝ ਲੋਕੀ ਖਵਾਉਣ ਰੋਟੀ, ਦੇ ਕੇ ਚਿੱਟੇ ਕੱਪੜੇ ਨਾਲ,

ਆਇਆ ਸਰਬ-ਸਾਂਝਾ ਦੀਵਾਲੀ ਦਾ ਤਿਉਹਾਰ,

ਰਲ਼-ਮਿਲ ਕੇ ਮਨਾਈਏ ਆਓ ਸਾਰੇ ਖ਼ੁਸ਼ੀਆਂ ਨਾਲ।

ਬਜ਼ੁਰਗਾਂ ਦਾ ਸਤਿਕਾਰ ਵੀ ਹੁੰਦਾ ਬੇਹੱਦ ਜ਼ਰੂਰੀ,

ਬੇਬੇ-ਬਾਪੂ, ਮਾਂ-ਪਿਓ ਤੋਂ ਕਦੇ ਨਾ ਪਾਈਏ ਦੂਰੀ।

ਔਖਾਂ-ਸੌਖਾਂ ਝੱਲ ਕੇ ਵੀ ਜੋ ਲੈਂਦੇ ਬੱਚੜੇ ਪਾਲ,

ਆਇਆ ਸਰਬ-ਸਾਂਝਾ ਦੀਵਾਲੀ ਦਾ ਤਿਉਹਾਰ,

ਰਲ਼-ਮਿਲ ਕੇ ਮਨਾਈਏ ਆਓ ਸਾਰੇ ਖ਼ੁਸ਼ੀਆਂ ਨਾਲ।

ਸ਼ੋਰ ਪ੍ਰਦੂਸ਼ਣ, ਜ਼ਹਿਰੀਲਾ ਧੂੰਆਂ ਨਾ ਕਦੇ ਫੈਲਾਈਏ,

ਆਪ ਵੀ ਸਮਝੀਏ ਤੇ ਦੂਜਿਆਂ ਨੂੰ ਵੀ ਸਮਝਾਈਏ।

ਪਵਨ ਗੁਰੂ ਦੀ ਨਾ ਹਾਨੀ ਕਰੀਏ, ਕਦੇ ਪਟਾਕਿਆਂ ਨਾਲ,

ਆਇਆ ਸਰਬ-ਸਾਂਝਾ ਦੀਵਾਲੀ ਦਾ ਤਿਉਹਾਰ,

ਰਲ਼-ਮਿਲ ਕੇ ਮਨਾਈਏ ਆਓ ਸਾਰੇ ਖ਼ੁਸ਼ੀਆਂ ਨਾਲ।

ਸੁੱਚੀ ਕਿਰਤ-ਕਮਾਈ ਵਿੱਚੋਂ ਰਹੀਏ ਕੱਢਦੇ ਦਸਵੰਧ,

ਉਹੀ ਪੈਸਿਆਂ ਨਾਲ ਕਰੀਏ ਮਦਦ, ਜੋ ਨੇ ਜ਼ਰੂਰਤਮੰਦ।

ਦੇਈਏ ਮੋਟੇ ਕੱਪੜੇ, ਠੁਰ-ਠੁਰ ਕਰਨ ਜੋ ਠੰਢ ਦੇ ਨਾਲ

ਆਇਆ ਸਰਬ-ਸਾਂਝਾ ਦੀਵਾਲੀ ਦਾ ਤਿਉਹਾਰ,

ਰਲ਼-ਮਿਲ ਕੇ ਮਨਾਈਏ ਆਓ ਸਾਰੇ ਖ਼ੁਸ਼ੀਆਂ ਨਾਲ।

ਸਰਬ-ਸਾਂਝੇ ਅਤੇ ਪਾਵਨ ਹਨ, ਇਹ ਸਾਡੇ ਤਿਉਹਾਰ,

ਕੀਤੇ ਹਨ ਗੁਰੂਆਂ, ਪੀਰਾਂ ਨੇ ਜੋ ਸਾਡੇ ਸਿਰ ਉਪਕਾਰ।

ਕਹੇ ‘ਕੁਲਵਿੰਦਰ ਵਿਰਕ’ ਮੰਨ ਲਓ, ਬਣਕੇ ਬੀਬੇ ਬਾਲ,

ਆਇਆ ਸਰਬ-ਸਾਂਝਾ ਦੀਵਾਲੀ ਦਾ ਤਿਉਹਾਰ,

ਰਲ਼-ਮਿਲ ਕੇ ਮਨਾਈਏ ਆਓ, ਸਾਰੇ ਖ਼ੁਸ਼ੀਆਂ ਨਾਲ।

ਸੰਪਰਕ: 78146-54133

* * *

ਹੋਣੀ ਰੋਸ਼ਨੀ

ਜਗਜੀਤ ਸਿੰਘ ਲੱਡਾ

ਹੋਣੀ ਰੋਸ਼ਨੀ ਹੈ ਹੁਣ ਚਾਰੇ ਪਾਸੇ

ਕਿ ਮਿੱਤਰਾ ਦੀਵਾਲੀ ਆ ਗਈ।

ਗ਼ਮ ਭੁੱਲ ਹੋਣੇ ਮੁੱਖਾਂ ਉੱਤੇ ਹਾਸੇ,

ਕਿ ਮਿੱਤਰਾ ਦੀਵਾਲੀ ਆ ਗਈ।

ਲੜੀਆਂ ਖਰੀਦ ਲਈਆਂ ਸਭ ਪਰਿਵਾਰਾਂ ਨੇ,

ਭਰ ਗਏ ਬਨੇਰੇ ਨਾਲੇ ਭਰੀਆਂ ਦੀਵਾਰਾਂ ਨੇ,

ਮਾਰਨ ਲਿਸ਼ਕਾਰੇ ਜੋ ਘਰ ਸੀ ਉਦਾਸੇ,

ਕਿ ਮਿੱਤਰਾ ਦੀਵਾਲੀ ਆ ਗਈ।

ਹੋਣੀ ਰੋਸ਼ਨੀ ਹੈ ਹੁਣ ਚਾਰੇ ਪਾਸੇ,

ਕਿ ਮਿੱਤਰਾ ਦੀਵਾਲੀ ਆ ਗਈ।

ਦੇਖ ਲੈ ਬਾਜ਼ਾਰ ਪੂਰੇ ਹੀ ਸਜ ਗਏ ਨੇ,

ਚੀਜ਼ਾਂ ਨਾਲ ਗਾਹਕਾਂ ਨੂੰ ਲੁਭਾਉਂਦੇ ਪਏ ਨੇ,

ਕਹਿੰਦੇ ਮੇਲਾ ਲੁੱਟੋ ਮੁੜੋ ਨਾ ਨਿਰਾਸੇ,

ਕਿ ਮਿੱਤਰਾ ਦੀਵਾਲੀ ਆ ਗਈ।

ਹੋਣੀ ਰੋਸ਼ਨੀ ਹੈ ਹੁਣ ਚਾਰੇ ਪਾਸੇ,

ਕਿ ਮਿੱਤਰਾ ਦੀਵਾਲੀ ਆ ਗਈ।

ਕਿਤੇ ਮਠਿਆਈ ਕਿਤੇ ਫਲ ਪਏ ਨੇ ਦਿਸਦੇ,

ਖਿੱਲਾਂ, ਖੇਡਣੇ ਕਿਤੇ ਸੁੱਕੇ ਮੇਵੇ ਵਿਕਦੇ,

ਕਿਤੇ ਲੱਡੂ ਕਿਤੇ ਬਣਦੇ ਪਏ ਪਤਾਸੇ,

ਕਿ ਮਿੱਤਰਾ ਦੀਵਾਲੀ ਆ ਗਈ।

ਹੋਣੀ ਰੋਸ਼ਨੀ ਹੈ ਹੁਣ ਚਾਰੇ ਪਾਸੇ,

ਕਿ ਮਿੱਤਰਾ ਦੀਵਾਲੀ ਆ ਗਈ।

‘ਲੱਡੇ’ ਨੇ ਸਜਾਵਟੀ ਫੁੱਲ ਲੈ ਲਏ ਨੇ,

ਲਏ ਨਾ ਪਟਾਕੇ ਧੂੰਆਂ ਕਰਦੇ ਪਏ ਨੇ,

ਕਹਿੰਦਾ ਛੱਡ ਸ਼ੋਰ ਖੱਟ ਲਓ ਸ਼ਾਬਾਸ਼ੇ,

ਕਿ ਮਿੱਤਰਾ ਦੀਵਾਲੀ ਆ ਗਈ।

ਹੋਣੀ ਰੋਸ਼ਨੀ ਹੈ ਹੁਣ ਚਾਰੇ ਪਾਸੇ,

ਕਿ ਮਿੱਤਰਾ ਦੀਵਾਲੀ ਆ ਗਈ।

ਸੰਪਰਕ: 98555-31045

* * *

ਦਮ ਲੈ, ਟੱਕਰ ਦੇਵਾਂਗੇ

ਰਘੁਵੀਰ ਸਿੰਘ ਕਲੋਆ

ਭਰਮਾਂ ਨੂੰ ਪਾਲੀ ਬੈਠੇ ਹਾਂ

ਸੱਚ ਨੂੰ ਟਾਲ਼ੀ ਬੈਠੇ ਹਾਂ।

ਸਾਡਾ ਰਾਮ ਵੀ ਆਵੇਗਾ

ਬਾਲ ਦੀਵਾਲੀ ਬੈਠੇ ਹਾਂ।

ਉਡੀਕ ਅਮੁੱਕ ਅਸਾਡੀ ਹੈ

ਦੀਦੜੇ ਗਾਲ਼ੀ ਬੈਠੇ ਹਾਂ।

ਰਾਹ ਰੋਸ਼ਨ ਰਹੇ ਉਮੀਦਾਂ ਦਾ

ਖ਼ੁਦ ਨੂੰ ਬਾਲੀ ਬੈਠੇ ਹਾਂ।

ਵੇਖਾਂਗੇ ਸੁਰਖ਼ ਸਵੇਰੇ ਵੀ

ਹਾਲੇ ਰਾਤ ਕਾਲ਼ੀ, ਬੈਠੇ ਹਾਂ।

ਢਹਿ ਢੱਠਾ ਢਾਰਾ, ਢੱਠੇ ਨਾ

ਨਾ ਮਾਰ ਤਾਲ਼ੀ, ਬੈਠੇ ਹਾਂ।

ਦਮ ਲੈ, ਟੱਕਰ ਦੇਵਾਂਗੇ

ਹਾਰੇ ਨਾ, ਹਾਲੀ ਬੈਠੇ ਹਾਂ।

ਸੰਪਰਕ: 98550-24495

* * *

ਸਾਂਝਾ ਕਰੋ

ਪੜ੍ਹੋ

ਸਿੱਧੂ ਨੇ ਸੋਸ਼ਲ ਮੀਡੀਆ ਤੇ ਅਪਲੋਡ ਕੀਤਾ

25 , ਨਵੰਬਰ – ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ...