ਲਹਿੰਦੇ ਪੰਜਾਬ ਦੇ ਪੰਜਾਬੀਆਂ ਨੂੰ ਸਕੂਲਾਂ ਵਿਚ ਪੰਜਾਬੀ ਦੀ ਪੜ੍ਹਾਈ ਲਾਜ਼ਮੀ ਹੋਣ ‘ਤੇ ਵਧਾਈ

ਫਗਵਾੜਾ, 31 ਅਕਤੂਬਰ 2024 – ਪੰਜਾਬੀ, ਲੇਖਕਾਂ, ਪੱਤਰਕਾਰਾਂ ਅਤੇ ਬੁੱਧੀਜੀਵੀਆਂ ਦੀ ਜਥੇਬੰਦੀ ਪੰਜਾਬ ਚੇਤਨਾ ਮੰਚ ਵਲੋਂ ਚੜ੍ਹਦੇ ਪੰਜਾਬ ਦੇ ਸਮੂਹ ਪੰਜਾਬੀਆਂ ਨੂੰ 59ਵੇਂ ‘ਪੰਜਾਬ ਦਿਵਸ’ ਦੀ ਅਤੇ ਲਹਿੰਦੇ ਪੰਜਾਬ ਦੇ ਸਮੂਹ ਪੰਜਾਬੀਆਂ ਨੂੰ ਲਹਿੰਦੇ ਪੰਜਾਬ ਦੀ ਅਸੰਬਲੀ ਵਲੋਂ ਸਰਬ ਸੰਮਤੀ ਨਾਲ ਮਤਾ ਪਾਸ ਕਰਕੇ ਸਰਕਾਰੀ ਸਕੂਲਾਂ ਵਿਚ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਉਣ ਦੀ ਵਿਵਸਥਾ ਕਰਨ ਲਈ ਵਧਾਈ ਦਿੱਤੀ ਗਈ ਹੈ। ਪੰਜਾਬ ਚੇਤਨਾ ਮੰਚ ਦੇ ਆਗੂਆਂ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ, ਜਨਰਲ ਸਕੱਤਰ ਸਤਨਾਮ ਸਿੰਘ ਮਾਣਕ, ਜਥੇਬੰਦ ਸਕੱਤਰ ਗੁਰਮੀਤ ਪਲਾਹੀ, ਦੁਆਬੇ ਦੇ ਸਕੱਤਰ ਰਵਿੰਦਰ ਚੋਟ, ਮਾਝੇ ਦੇ ਸਕੱਤਰ ਰਾਜਿੰਦਰ ਸਿੰਘ ਰੂਬੀ, ਮਾਲਵੇ ਦੇ ਸਕੱਤਰ ਗੁਰਚਰਨ ਸਿੰਘ ਨੂਰਪੁਰ ਤੇ ਚੰਡੀਗੜ੍ਹ ਦੇ ਸਕੱਤਰ ਦੀਪਕ ਚਨਾਰਥਲ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਲਹਿੰਦੇ ਪੰਜਾਬ ਦੇ ਪੰਜਾਬੀ ਲੇਖਕ, ਪੱਤਰਕਾਰ, ਕਲਾਕਾਰ ਤੇ ਬੁੱਧੀਜੀਵੀ ਪਾਕਿਸਤਾਨ ਬਣਨ ਦੇ ਸਮੇਂ ਤੋਂ ਹੀ ਸਕੂਲਾਂ ਵਿਚ ਪੰਜਾਬੀਆਂ ਦੀ ਮਾਂ-ਬੋਲੀ ਨੂੰ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਉਣ ਦੀ ਮੰਗ ਮੰਨਵਾਉਣ ਲਈ ਜੱਦੋ-ਜਹਿਦ ਕਰਦੇ ਆ ਰਹੇ ਸਨ ਅਤੇ ਆਖਰ ਉਨ੍ਹਾਂ ਦੇ ਸੰਘਰਸ਼ ਦੀ ਜਿੱਤ ਹੋਈ ਹੈ।

ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ਼, ਪੰਜਾਬੀ ਦਾ ਮਤਾ ਪੇਸ਼ ਕਰਨ ਵਾਲੇ ਅਸੰਬਲੀ ਮੈਂਬਰ ਅਮਜਦ ਅਲੀ ਜਾਵੇਦ, ਸਪੀਕਰ ਮਲਿਕ ਅਹਿਮਦ ਖ਼ਾਨ ਅਤੇ ਉਨ੍ਹਾਂ ਦਾ ਸਮੁੱਚਾ ਮੰਤਰੀ ਮੰਡਲ ਅਤੇ ਪੰਜਾਬ ਅਸੰਬਲੀ ਦੇ ਸਮੂਹ ਮੈਂਬਰ ਵੀ ਇਸ ਇਤਿਹਾਸਕ ਫ਼ੈਸਲੇ ਲਈ ਵਧਾਈ ਦੇ ਪਾਤਰ ਹਨ। ਦੋਵਾਂ ਪੰਜਾਬਾਂ ਵਿਚ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਪੰਜਾਬੀ ਦੀ ਪੜ੍ਹਾਈ ਨੂੰ ਉਤਸ਼ਾਹਿਤ ਕਰਨ ਨਾਲ ਦੋਵਾਂ ਪੰਜਾਬਾਂ ਵਿਚਕਾਰ ਬੋਲੀ ਤੇ ਸੱਭਿਆਚਾਰ ਦੀਆਂ ਸਾਂਝਾਂ ਨੂੰ ਨਾ ਕੇਵਲ ਜੀਵਤ ਰੱਖਿਆ ਜਾ ਸਕੇਗਾ ਸਗੋਂ ਹੋਰ ਵੀ ਮਜ਼ਬੂਤ ਬਣਾਇਆ ਜਾ ਸਕਦਾ ਹੈ। ਪੰਜਾਬ ਚੇਤਨਾ ਮੰਚ ਦੇ ਆਗੂਆਂ ਵਲੋਂ ਪੰਜਾਬੀਆਂ ਤੇ ਸਮੂਹ ਦੇਸ਼ ਵਾਸੀਆਂ ਨੂੰ ਦੀਵਾਲੀ ਤੇ ਬੰਦੀ ਛੋੜ ਦਿਵਸ ਦੀ ਵੀ ਵਧਾਈ ਦਿੱਤੀ ਗਈ ਹੈ।

ਸਾਂਝਾ ਕਰੋ

ਪੜ੍ਹੋ