ਜੁਝਾਰਵਾਦੀ ਸੋਚ ਨਾਲ ਲਬਰੇਜ਼ ਸ਼ਾਇਰੀ ‘ਨਿਰੀ ਹੋਠਾਂ ਦੀ ਲਾਲੀ ਨਈਂ ਕਲੇਜੇ ਦਾ ਲਹੂ ਵੀ ਲਿਖ’

ਸੁਲੱਖਣ ਸਰਹੱਦੀ ਪੰਜਾਬੀ ਗ਼ਜ਼ਲ ਦਾ ਸੰਸਾਰ ਪ੍ਰਸਿੱਧ ਉਸਤਾਦ ਗ਼ਜ਼ਲਗੋ ਹੈ। ਅੱਧੇ ਸੈਂਕੜੇ ਤੋਂ ਉੱਪਰ ਕਿਤਾਬਾਂ ਦੇ ਸਿਰਜਕ ਸੁਲੱਖਣ ਸਰਹੱਦੀ ਦਾ ਗ਼ਜ਼ਲ ਦੀ ਸੁਲੱਖਣੀ ਘੜੀ ਲਿਆਉਣ ਵਿੱਚ ਇੱਕ ਵੱਡਾ ਯੋਗਦਾਨ ਹੈ, ਜੇ ਇਹ ਕਹਿ ਲਿਆ ਜਾਵੇ ਕਿ ਸੁਲੱਖਣ ਸਰਹੱਦੀ ਦੇ ਨਾਂ ਬਿਨਾਂ ਪੰਜਾਬੀ ਗ਼ਜ਼ਲ ਅਧੂਰੀ ਹੈ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ। ਬਹੁਵਿਧਾਵੀ, ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸੁਲੱਖਣ ਸਰਹੱਦੀ ਦਾ ਨਾਂ ਗ਼ਜ਼ਲ ਵਿਧਾ ਅੰਦਰ ਇੱਕ ਯੁਗ, ਇੱਕ ਦੌਰ ਵਜੋਂ ਉੱਘੜ ਕੇ ਸਾਹਮਣੇ ਆਉਂਦਾ ਹੈ। ਪੰਜਾਬੀ ਗ਼ਜ਼ਲ ਨੂੰ ਸਿਖ਼ਰ ’ਤੇ ਲਿਜਾਣ ਵਾਲੇ ਸਿਰਕੱਢ ਕਵੀਆਂ ਵਿੱਚ ਸੁਲੱਖਣ ਸਰਹੱਦੀ ਨੇ ਸਿਪਾਹ ਸਲਾਰ ਬਣ ਕੇ ਆਪਣੀ ਮੋਹਰੀ ਭੂਮਿਕਾ ਨਿਭਾਈ ਹੈ।

ਚਰਚਾ ਅਧੀਨ ਪੁਸਤਕ ‘ਨਿਰੀ ਹੋਠਾਂ ਦੀ ਲਾਲੀ ਨਈਂ ਕਲੇਜੇ ਦਾ ਲਹੂ ਵੀ ਲਿਖ’ ਅਜਿਹੀ ਪੁਸਤਕ ਹੈ ਜਿਸ ਵਿੱਚ ਸੁਲੱਖਣ ਸਰਹੱਦੀ ਦੇ ਤਿੰਨ ਹਜ਼ਾਰ ਵੱਖ-ਵੱਖ ਸਮੇਂ ਪ੍ਰਕਾਸ਼ਿਤ ਹੋਏ ਉਮਦਾ ਸ਼ਿਅਰਾਂ ਦੀ ਚੋਣ ਵਰਗਾ ਵਿਲੱਖਣ ਕਾਰਜ ਕਰਦਿਆਂ ਡਾ. ਬਲਦੇਵ ਸਿੰਘ ‘ਬੱਦਨ’ ਨੇ ਆਪਣੀ ਸੰਪਾਦਨਾ ਹੇਠ ਪੁਸਤਕ ਰੂਪ ਵਿੱਚ ਸਾਡੇ ਸਨਮੁੱਖ ਕੀਤਾ ਹੈ। ਪੁਸਤਕ ਦੇ ਸ਼ਿਅਰਾਂ ਦਾ ਭਰਮਣ ਕਰਦਿਆਂ ਨਿਰਸੰਦੇਹ ਪਹਿਲੀ ਨਜ਼ਰੇ ਹੀ ਅਸੀਂ ਬੇਬਾਕੀ ਨਾਲ ਇਹ ਗੱਲ ਕਹਿ ਸਕਦੇ ਹਾਂ ਕਿ ਜੁਝਾਰਵਾਦੀ ਸੋਚ ਨਾਲ ਲਬਰੇਜ਼ ਕਵੀ ਦੀ ਸ਼ਾਇਰੀ ਚੰਗਾ ਜੀਵਨ ਜਿਉਣ ਨੂੰ ਪ੍ਰਮੁੱਖਤਾ ਨਾਲ ਉਭਾਰਦੀ ਹੈ। ਸਰਹੱਦੀ ਸੰਘਰਸ਼ੀ, ਮਿਹਨਤਕਸ਼ ਲੋਕਾਂ ਦਾ ਸਤਿਕਾਰ ਕਰਦਾ ਹੋਇਆ ਕਿਰਤੀ ਲੋਕਾਂ ਦੇ ਪੱਖ ਵਿੱਚ ਖੜ੍ਹਦਾ ਹੈ। ਉਸਦੀ ਸ਼ਾਇਰੀ ਲੋਕ ਮਨਾਂ ’ਚ ਲੋਕ ਪੱਖੀ ਲਹਿਰ ਦਾ ਜਜ਼ਬਾ ਪੈਦਾ ਕਰਨ ਦੀ ਸਮਰੱਥ ਰੱਖਦੀ ਹੈ। ਸੁਲੱਖਣ ਸਰਹੱਦੀ ਦੇ ਬਹੁਤ ਸਾਰੇ ਸ਼ਿਅਰ ਅਜੋਕੇ ਪ੍ਰਬੰਧ ਦੇ ਕੋਝ, ਹਨੇਰਗਰਦੀ, ਅਡੰਬਰ, ਗ਼ਰੀਬੀ, ਦੁਖ-ਸੁਖ, ਵਿਤਕਰਾ, ਬੇਵਸੀ, ਤੌਖ਼ਲੇ, ਤ੍ਰਾਸਦੀ, ਗਿਲੇ ਸ਼ਿਕਵੇ, ਵੰਗਾਰਾਂ, ਭੁੱਖਮਰੀ, ਸੰਤਾਪ, ਸਿਆਸਤ, ਧਾੜਵੀ, ਕਰੂਰਤਾ, ਧਾਰਮਿਕ ਦੰਭ, ਝੂਠ ਤੇ ਸਮਾਜ ਵਿੱਚ ਵਾਪਰਦੇ ਹੋਰ ਬਹੁਤ ਕੁਝ ਨੂੰ ਸ਼ਰੇਆਮ ਬੇਨਕਾਬ ਕਰ ਕੇ ਸੱਚ ਸਾਹਮਣੇ ਲਿਆਉਣ ਦਾ ਜੇਰਾ ਰੱਖਦੇ ਹਨ। ਇੱਕ ਸ਼ਿਅਰ ਉਪਰੋਕਤ ਦੀ ਤਸਦੀਕ ਕਰਦਾ ਆਪ ਜੀ ਦੇ ਸਨਮੁੱਖ ਹੈ…

ਨਾਅਰਿਆਂ ਦਾ ਸੱਚ ਵੀ ਤੇ ਸੰਸਦਾਂ ਦਾ ਕੂੜ ਵੀ,

ਸੁਰਤ ਕੁੱਲ ਸੰਸਾਰ ਦੀ ਬਰ ਹੱਕ ਵਜਾਹਤ ਹੈ ਗ਼ਜ਼ਲ।

ਇੱਕ ਪਾਗਲ ਅੰਦਰੋਂ ਪੱਥਰ ਉਠਾ ਕੇ ਤੁਰ ਗਿਆ,

ਚੀਕਦਾ ਹੈ ਸ਼ਹਿਰ ਕੋਈ ਰੱਬ ਚੁਰਾ ਕੇ ਤੁਰ ਗਿਆ।

ਪੁਸਤਕ ਵਿਚਲੇ ਸ਼ਿਅਰ ਮਾਰਮਿਕ ਢੰਗ ਨਾਲ ਪੇਸ਼ ਹੋਣ ਕਰਕੇ ਮਾਨਵਵਾਦੀ ਧਾਰਨਾ ਵਾਲੀ ਇਸ ਸ਼ਾਇਰੀ ਦੇ ਅਰਥਾਂ ਨੂੰ ਹੋਰ ਵਡੇਰਾ ਕਰਦੇ ਹਨ। ਸੁਲੱਖਣ ਸਰਹੱਦੀ ਦੀ ਅਰਥ ਭਰਪੂਰ ਸ਼ਾਇਰੀ ਹਵਾ ਵਿੱਚ ਲਟਕਦੇ ਅੱਖਰਾਂ ਦੀ ਨਾ ਹੋ ਕੇ ਵਕਤ ਦੇ ਮੱਥੇ ’ਤੇ ਉੱਕਰੀ ਇਬਾਰਤ ਦਾ ਕੰਮ ਕਰਦੀ ਹੈ। ਸ਼ਾਇਰ ਕੋਲ ਆਪਣੀ ਗੱਲ ਕਹਿਣ ਦਾ ਤਰੀਕਾ ਤੇ ਸਲੀਕਾ ਹੈ। ਉਸਦੀ ਸ਼ਾਇਰੀ ਨਵੇਂ ਨਕਸ਼ ਸਿਰਜਦੀ, ਨਵੇਂ ਰਾਹ ਅਪਣਾਉਂਦੀ, ਨਵੀਂ ਦਿਸ਼ਾ ਪ੍ਰਦਾਨ ਕਰਦੀ ਹੈ। ਪੁਸਤਕ ਵਿਚਲੀ ਸ਼ਾਇਰੀ ਆਪਣੇ ਪਾਠਕਾਂ ਨੂੰ ਇੱਕ ਠੋਸ ਅਾਧਾਰ ਬਖ਼ਸ਼ਦੀ ਹੈ। ਜਿਸ ਵਿੱਚ ਸਥਿਤੀਆਂ ਪ੍ਰਸਥਿਤੀਆਂ ਤੇ ਜ਼ਿੰਦਗੀ ਨਾਲ ਸਬੰਧਿਤ ਹੋਰ ਬੜਾ ਕੁਝ ਦਰਜ ਹੈ।

ਮੈਂ ਤਾਂ ਇਕ ਕੰਡੇ ਨੂੰ ਤਕ ਕੇ

ਬਾਗ਼ ਦੀ ਹਾਲਤ ਦਸ ਦੇਵਾਂ,

ਪਰਦੇ ਦਾਰੋ ਮੇਰੇ ਸਾਹਵੇਂ

ਹਰ ਕੋਈ ਬੇ-ਪਰਦਾ ਹੈ।

ਜੇ ਤਿਤਲੀ ਦੋਸਤੀ ਦੀ ਮਰ ਗਈ ਤਾਂ

ਫੇਰ ਨਾ ਕਹਿਣਾ,

ਕੁੜੱਤਣ ਰਿਸ਼ਤਿਆਂ ਵਿਚ ਭਰ ਗਈ ਤਾਂ

ਫੇਰ ਨਾ ਕਹਿਣਾ।

ਸੁਲੱਖਣ ਸਰਹੱਦੀ ਦੇ ਸ਼ਿਅਰਾਂ ਵਿੱਚ ਤੁਜਰਬੇ, ਜਜ਼ਬੇ, ਲਲਕਾਰ, ਵੰਗਾਰ, ਸੰਦੇਸ਼, ਨਿਰਦੇਸ਼, ਭਾਵੁਕਤਾ, ਚਿੰਤਨ, ਡੂੰਘੇ ਅਨੁਭਵ ਦੇ ਦਰਸ਼ਨ ਹੁੰਦੇ ਹਨ। ਕਾਵਿਕ ਗੁਣਾਂ ਨਾਲ ਭਰਪੂਰ ਇਹ ਸ਼ਾਇਰੀ ਭਾਸ਼ਾਈ ਪੱਖ ਤੋਂ ਬੜੀ ਸਰਲ, ਸੂਖ਼ਮ ਤੇ ਸਹਜਤਾ ਨਾਲ ਅਤਿ ਨਾਜ਼ੁਕ ਭਾਵਾਂ ਨੂੰ ਸਾਡੇ ਸਾਹਵੇਂ ਕਰਦੀ ਹੈ। ਰੁਮਕਦੀ ਪੌਣ ਵਰਗੇ ਸ਼ਿਅਰ ਪਾਠਕ ਦੀ ਚੇਤਨਾ ਨੂੰ ਆਪਣੇ ਰੰਗ ਵਿੱਚ ਇਸ ਕਦਰ ਰੰਗ

ਲੈਂਦੇ ਹਨ ਿਕ ਪਾਠਕ ਨੂੰ ਪਤਾ ਹੀ ਨਹੀਂ ਚੱਲਦਾ ਉਹ ਕਦ ਜ਼ਿਹਨੀ ਤੌਰ ’ਤੇ ਸ਼ਾਇਰ ਨਾਲ ਆਪਣੀ ਕਦਮ ਤਾਲ ਕਰਨੀ ਸ਼ੁਰੂ ਕਰ ਦਿੰਦਾ ਹੈ। ਇਸ ਪ੍ਰਾਪਤੀ ਨੂੰ ਸੁਲੱਖਣ ਸਰਹੱਦੀ ਦੀ ਸ਼ਾਇਰੀ ਦਾ ਖ਼ੂਬਸੂਰਤ ਹਾਸਿਲ ਕਹਿ ਕੇ ਵਡਿਆਇਆ ਜਾ ਸਕਦੇ ਹੈ…

ਨਿਰੀ ਹੋਠਾਂ ਦੀ ਲਾਲੀ ਨਈਂ

ਕਲੇਜੇ ਦਾ ਲਹੂ ਵੀ ਲਿਖ,

ਗ਼ਜ਼ਲ ਵਿਚ ਬਹੁਤ ਕੁਝ ਹੁੰਦੈ,

ਤੂੰ ਕੇਵਲ ਕਾਫੀਆ ਨਾ ਦੇ।

ਕਦੋਂ ਦੀ ਮਰ ਗਈ ਹੁੰਦੀ,

ਜੇ ਰਹਿੰਦੀ ਥੀਸਿਸਾਂ ਅੰਦਰ,

ਗ਼ਜ਼ਲ ਮੁਟਿਆਰ ਹੋਈ ਹੈ ਕਿ

ਮਿੱਟੀ ਦੇ ਘਰਾਂ ਅੰਦਰ।

ਇਸ ਪੁਸਤਕ ਦੇ ਸਬੰਧ ਵਿੱਚ ਬਹੁਤ ਕੁਝ ਹੋਰ ਵੀ ਕਿਹਾ, ਲਿਖਿਆ ਜਾ ਸਕਦਾ ਹੈ। ਲੰਮੀ ਚੌੜੀ ਗੱਲਬਾਤ ਕੀਤੀ ਜਾ ਸਕਦੀ ਹੈ। ਪਰ ਬਹੁਤ ਕੁਝ ਪਾਠਕਾਂ ਦੇ ਨਜ਼ਰੀਏ ’ਤੇ ਛੱਡਦਾ ਹੋਇਆ ਮੈਂ ਇਸ ਪੁਸਤਕ ਨੂੰ ‘ਜੀ ਆਇਆਂ ਨੂੰ’ ਕਹਿੰਦੇ ਹੋਏ ਪਾਠਕਾਂ ਨੂੰ ਦੱਸ ਪਾਉਂਦਾ ਹਾਂ ਕਿ ਜੇਕਰ ਉਹ ਸੁਲੱਖਣ ਸਰਹੱਦੀ ਦੇ ਸ਼ਬਦਾਂ ਦੀ ਅਗਰਬੱਤੀ ਵਰਗੀ ਮਹਿਕ ਨੂੰ ਮਾਨਣਾ ਚਾਹੁੰਦੇ ਹਨ ਤਾਂ ਇਸ ਪੁਸਤਕ ਨੂੰ ਨਵਰੰਗ ਪਬਲੀਕੇਸ਼ਨ, ਸਮਾਣਾ ਵੱਲੋਂ ਬੜੀ ਖ਼ੂਬਸੂਰਤ ਦਿੱਖ ਵਿੱਚ ਛਾਪਿਆ ਗਿਆ ਹੈ। ਖ਼ਰੀਦ ਕੇ ਪੜ੍ਹ ਸਕਦੇ ਹਨ। ਪੁਸਤਕ ਦੇ ਕੁੱਲ ਪੰਨੇ 302-/, ਮੁੱਲ 395-/ਰੁਪਏ ਹੈ।

ਸਾਂਝਾ ਕਰੋ

ਪੜ੍ਹੋ

ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਅਮਰੀਕਾ ’ਚ

ਨਵੀਂ ਦਿੱਲੀ, 19 ਨਵੰਬਰ – ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਛੋਟੇ...