ਬਠਿੰਡਾ, 29ਅਕਤੂਬਰ – ਇਸ ਨੂੰ ਬਦਲੇ ਸਿਆਸੀ ਰੰਗਾਂ ਦਾ ਨਜ਼ਾਰਾ ਹੀ ਕਿਹਾ ਜਾ ਸਕਦਾ ਹੈ ਕਿ ਜਿਸ ਮਨਪ੍ਰੀਤ ਸਿੰਘ ਬਾਦਲ ਨੇ ਸਾਲ 1995 ’ਚ ਗਿੱਦੜਬਾਹਾ ਹਲਕੇ ਦੀ ਜਿਮਨੀ ਚੋਣ ਦੌਰਾਨ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਹਰਾਕੇ ਤੱਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਸਿਆਸੀ ਧੋਬੀ ਪਟਕਾ ਮਾਰਿਆ ਸੀ ਉਸੇ ਬੇਅੰਤ ਸਿੰਘ ਦਾ ਪੋਤਾ ਭਾਜਪਾ ਆਗੂ ਰਵਨੀਤ ਬਿੱਟੂ ਨੇ 30 ਸਾਲ ਬਾਅਦ ਹੋਣ ਜਾ ਰਹੀ ਉੱਪ ਚੋਣ ’ਚ ਮਨਪ੍ਰੀਤ ਬਾਦਲ ਨੂੰ ਜਿਤਾਉਣ ਲਈ ਵੋਟਾਂ ਮੰਗੀਆਂ ਹਨ। ਗਿੱਦੜਬਾਹਾ ਹਲਕੇ ’ਚ ਪੁਰਾਣਾ ਇਤਿਹਾਸ ਇੱਕ ਵਾਰ ਫਿਰ ਦੁਰਹਾਇਆ ਜਾ ਰਿਹਾ ਹੈ ਪਰ ਫਰਕ ਐਨਾ ਹੈ ਕਿ ਐਤਕੀਂ ਸਿਆਸੀ ਰਾਜਨੀਤੀ ਦੀਆਂ ਸੂਈਆਂ ਉਲਟ ਹਨ। ਉਸ ਵਕਤ ਮਨਪ੍ਰੀਤ ਬਾਦਲ ਅਕਾਲੀ ਦਲ ਤਰਫੋਂ ਚੋਣ ਮੈਦਾਨ ਵਿੱਚ ਉੱਤਰਿਆ ਸੀ ਜਦੋਂਕਿ ਉਦੋਂ ਕਾਂਗਰਸੀ ਉਮੀਦਵਾਰ ਕੋਈ ਹੋਰ ਸੀ ਪਰ ਪਾਰਟੀ ਦੇ ਝੰਡਾ ਬਰਦਾਰ ਮੁੱਖ ਮੰਤਰੀ ਬੇਅੰਤ ਸਿੰਘ ਸਨ।ਇਹ ਉਹ ਦਿਨ ਸਨ ਜਦੋਂ ਸੱਤਾ ਤੇ ਬਿਰਾਜਮਾਨ ਬੇਅੰਤ ਸਿੰਘ ਦਾ ਦਬਦਬਾ ਹੀ ਐਨਾ ਜਿਆਦਾ ਸੀ ਕਿ ਉਨ੍ਹਾਂ ਦੀ ਮਰਜੀ ਬਗੈਰ ਪੰਜਾਬ ’ਚ ਪੱਤਾ ਤੱਕ ਨਹੀਂ ਹਿੱਲਦਾ ਸੀ।ਇਸ ਮਾਮਲੇ ਦੀ ਪੁਣਛਾਣ ਲਈ ਰਤਾ ਪਿੱਛੇ ਚੱਲਦੇ ਹਾਂ। ਸਾਲ 1992 ਦੀ ਗੱਲ ਹੈ ਜਦੋਂ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲੱਗਿਆ ਹੋਇਆ ਸੀ ਅਤੇ ਖਾੜਕੂਵਾਦ ਸ਼ਿਖਰਾਂ ਤੇ ਸੀ। ਇੰਨ੍ਹਾਂ ਦਿਨ ਦੌਰਾਨ ਖਾੜਕੂਆਂ ਦੀ ਤੂਤੀ ਬੋਲਦੀ ਹੋਣ ਕਾਰਨ ਦਿਨ ਖੜ੍ਹੇ ਹੀ ਬਜ਼ਾਰ ਬੰਦ ਅਤੇ ਲੋਕ ਘਰਾਂ ’ਚ ਕੈਦ ਹੋ ਜਾਂਦੇ ਸਨ। ਇਸ ਮੌਕੇ ਪੰਜਾਬ ’ਚ ਸਰਕਾਰ ਬਨਾਉਣ ਦੇ ਮੰਤਵ ਤਹਿਤ ਵਿਧਾਨ ਸਭਾ ਚੋਣਾਂ ਕਰਵਾਉਣ ਦਾ ਫੈਸਲਾ ਕੀਤਾ ਗਿਆ ਸੀ। ਇਸ ਮੌਕੇ ਖਾੜਕੂ ਧਿਰਾਂ ਦੀਆਂ ਧਮਕੀਆਂ ਕਾਰਨ ਅਕਾਲੀ ਦਲ ਨੇ ਇਨ੍ਹਾਂ ਚੋਣਾਂ ਦਾ ਬਾਈਕਾਟ ਕਰ ਦਿੱਤਾ ਜਿਸ ਦੇ ਚੱਲਦਿਆਂ ਬਾਦਲਾਂ ਦੇ ਗੜ੍ਹ ਗਿੱਦੜਬਾਹਾ ਤੋਂ ਕਾਂਗਰਸੀ ਉਮੀਦਵਾਰ ਰਘਬੀਰ ਸਿੰਘ ਜਿੱਤਿਆ ਸੀ।
ਸਾਲ 1992 ਤੋਂ 1995 ਤੱਕ ਪੁੱਜਦਿਆਂ ਪੁੱਜਦਿਆਂ ਅਮਨ ਕਾਨੂੰਨ ਦੇ ਪੱਖ ਤੋਂ ਸਥਿਤੀ ’ਚ ਕਾਫੀ ਬਦਲਾਅ ਦੇਖਣ ਨੂੰ ਮਿਲ ਰਹੇ ਸਨ। ਪੰਜਾਬ ਪੁਲਿਸ ਖਾੜਕੂਵਾਦ ਨੂੰ ਖਤਮ ਕਰਨ ਲਈ ਅੱਡੀ ਚੋਟੀ ਦਾ ਜੋਰ ਲਾ ਰਹੀ ਸੀ । ਪੁਲਿਸ ਮੁਕਾਬਲਿਆਂ ਦੌਰਾਨ ਖਾੜਕੂਆਂ ਦਾ ਮਾਰਿਆ ਜਾਣਾ ਨਿੱਤ ਦਿਨ ਦੀ ਗੱਲ ਸੀ। ਉਨ੍ਹੀਂ ਦਿਨੀਂ ਗਿੱਦੜਬਾਹਾ ਦੇ ਵਿਧਾਇਕ ਰਘਬੀਰ ਸਿੰਘ ਨੂੰ ਅਦਾਲਤੀ ਫੈਸਲੇ ਕਾਰਨ ਅਸਤੀਫ਼ਾ ਦੇਣਾ ਪਿਆ ਜਿਸ ਕਰਕੇ ਜੂਨ 1995 ’ਚ ਇਸ ਹਲਕੇ ਵਿੱਚ ਚੋਣ ਕਰਵਾਉਣ ਦਾ ਐਲਾਨ ਕਰ ਦਿੱਤਾ ਗਿਆ। ਤੱਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਨੇ ਚੋਣ ਜਿੱਤਣ ਲਈ ਸਮੂਹ ਮੰਤਰੀ ਮੰਡਲ ਦੇ ਡੇਰੇ ਗਿੱਦੜਬਾਹਾ ਹਲਕੇ ਦੇ ਪਿੰਡਾਂ ਵਿੱਚ ਲੁਆ ਦਿੱਤੇ ਜਿਸ ਦਾ ਮਕਸਦ ਅਕਾਲੀ ਦਲ ਨੂੰ ਹਰਾਕੇ ਪ੍ਰਕਾਸ਼ ਸਿੰਘ ਬਾਦਲ ਦਾ ਉਨ੍ਹਾਂ ਦੇ ਸਿਆਸੀ ਕਿਲੇ ਵਿੱਚ ਰਾਜਨੀਤਕ ਵਜ਼ੂਦ ਖਤਮ ਕਰਨਾ ਸੀ। ਇਸ ਜਿੱਤ ਰਾਹੀਂ ਬੇਅੰਤ ਸਿੰਘ ਇਹ ਵੀ ਦਰਸਾਉਣਾ ਚਾਹੁੰਦੇ ਸਨ ਦੀ ਕਿ ਖਾੜਕੂਵਾਦ ਦੇ ਖਾਤਮੇ ਨਾਲ ਜੁੜੇ ਵਿਵਾਦਾਂ ਦੇ ਬਾਵਜੂਦ ਕਾਂਗਰਸ ਦੀ ਮਕਬੂਲੀਅਤ ਅਜੇ ਵੀ ਬਰਕਰਾਰ ਹੈ। ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਨੇ 1992 ਦੇ ਬਾਈਕਾਟ ਕਾਰਨ ਸਿਆਸੀ ਤੌਰ ਤੇ ਸੰਕਟ ’ਚ ਫਸੇ ਅਕਾਲੀ ਦਲ ਨੂੰ ਮੁੱਖ ਧਾਰਾ ’ਚ ਲਿਆਉਣ ਲਈ ਆਪਣੇ ਭਤੀਜੇ ਅਤੇ ਸਾਬਕਾ ਐਮਪੀ ਗੁਰਦਾਸ ਸਿੰਘ ਬਾਦਲ ਦੇ ਲੜਕੇ ਮਨਪ੍ਰੀਤ ਬਾਦਲ ਨੂੰ ਚੋਣ ਲੜਾਉਣ ਦਾ ਪੱਤਾ ਚੱਲ ਦਿੱਤਾ। ਇਸ ਮੌਕੇ ਇੱਕ ਪਾਸੇ ਮੁੱਖ ਮੰਤਰੀ ਬੇਅੰਤ ਸਿੰਘ ਅਤੇ ਉਨ੍ਹਾਂ ਦਾ ਸਮੁੱਚਾ ਮੰਤਰੀ ਮੰਡਲ ਸੀ ਅਤੇ ਦੂਸਰੀ ਤਰਫ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਵਰਕਰ ਜਿੰਨ੍ਹਾਂ ’ਚ ਹਕੂਮਤ ਦਾ ਖੌਫ ਵੀ ਸੀ।
ਗਿੱਦੜਬਾਹਾ ਹਲਕੇ ਦੇ ਇੱਕ ਬਜ਼ੁਰਗ ਨੇ ਦੱਸਿਆ ਕਿ ਇਸ ਮੌਕੇ ਵੱਡੇ ਬਾਦਲ ਨੂੰ ਚੋਣ ਮੈਦਾਨ ਚੋਂ ਹਟਾਉਣ ਲਈ ਧਮਕੀਆਂ ਵੀ ਦਿੱਤੀਆਂ ਗਈਆਂ ਸਨ। ਇਸ ਦੇ ਬਾਵਜੂਦ ਅਕਾਲੀ ਦਲ ਤੇ ਕਾਂਗਰਸ ਵਿੱਚ ਸਿੱਧਾ ਅਤੇ ਗਹਿਗੱਚ ਮੁਕਾਬਲਾ ਹੋਇਆ ਜਿਸ ਦੌਰਾਨ ਅਕਾਲੀ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ ਕਾਂਗਰਸ ਦੇ ਉਮੀਦਵਾਰ ਦੀਪਕ ਗਰਗ ਨੂੰ 2115 ਵੋਟਾਂ ਨਾਲ ਹਰਾ ਕੇ ਜਿੱਤ ਦਾ ਅਜਿਹਾ ਝੰਡਾ ਗੱਡਿਆ ਜਿਸ ਨਾਲ ਥੱਕ ਹਾਰਕੇ ਘਰਾਂ ’ਚ ਦੁਬਕੇ ਬੈਠੇ ਅਕਾਲੀਆਂ ਦੀ ਸਿਆਸੀ ਵਾਪਸੀ ਹੋਈ ਸੀ। ਗਿੱਦੜਬਾਹਾ ਜਿਮਨੀ ਚੋਣ ’ਚ ਹੋਈ ਜਿੱਤ ਕਾਰਨ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਸਾਲ 1997 ’ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਪ੍ਰਚੰਡ ਬਹੁਮੱਤ ਨਾਲ ਸੱਤਾ ’ਚ ਪਰਤਿਆ। ਅਕਾਲੀ ਦਲ ਨੇ ਸਾਲ 2007 ਅਤੇ 2012 ਵਿੱਚ ਵੀ ਦੋ ਵਾਰ ਸਰਕਾਰਾਂ ਬਣਾਈਆਂ। ਹੁਣ 2022 ’ਚ ਜਿੱਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸੰਸਦ ਮੈਂਬਰ ਬਣਨ ਕਰਕੇ ਦਿੱਤੇ ਅਸਤੀਫੇ ਕਾਰਨ 30 ਸਾਲ ਬਾਅਦ ਫਿਰ ਤੋਂ ਜਿਮਨੀ ਚੋਣ ਹੋਣ ਜਾ ਰਹੀ ਹੈ।ਮਨਪ੍ਰੀਤ ਨੇ ਅਕਾਲੀ ਦਲ ਤੋਂ ਵੱਖ ਹੋਕੇ ਪੀਪਲਜ਼ ਪਾਰਟੀ ਬਣਾਈ ਅਤੇ ਮਗਰੋਂ ਕਾਂਗਰਸ ਦਾ ਹੱਥ ਫੜ ਲਿਆ। ਮਨਪ੍ਰੀਤ ਬਾਦਲ ਸਾਲ 2022 ’ਚ ਵਿਧਾਨ ਸਭਾ ਚੋਣ ਹਾਰਨ ਉਪਰੰਤ ਬੀਜੇਪੀ ’ਚ ਚਲੇ ਗਏ ਅਤੇ ਰਵਨੀਤ ਬਿੱਟੂ ਨੇ ਵੀ ਲੋਕ ਸਭਾ ਚੋਣਾਂ ਮੌਕੇ ਭਾਜਪਾ ’ਚ ਸ਼ਮੂਲੀਅਤ ਕਰ ਲਈ ਸੀ। ਹੈਰਾਨੀਜਨਕ ਹੈ ਕਿ ਰਵਨੀਤ ਬਿੱਟੂ ਅਤੇ ਉਨ੍ਹਾਂ ਦੇ ਦਾਦੇ ਖਿਲਾਫ ਮੋਰਚਾ ਲਾਉਣ ਵਾਲੇ ਮਨਪ੍ਰੀਤ ਬਾਦਲ ਦੇ ਇੱਕ ਹੀ ਸਿਆਸੀ ਪਲੇਟਫਾਰਮ ਤੇ ਹਨ। ਰਵਨੀਤ ਬਿੱਟੂ ਨੇ ਪਹਿਲਾਂ ਮਨਪ੍ਰੀਤ ਬਾਦਲ ਦੇ ਕਾਗਜ਼ ਦਾਖਲ ਕਰਵਾਏ ਅਤੇ ਆਪ ਆਗੂ ਪ੍ਰਿਤਪਾਲ ਸ਼ਰਮਾ ਨੂੰ ਭਾਜਪਾ ’ਚ ਸ਼ਾਮਲ ਕਰਵਾਇਆ। ਬਿੱਟੂ ਵੱਲੋਂ ਚੋਣ ਪ੍ਰਚਾਰ ਕਰਨ ਦੀ ਚਰਚਾ ਹੈ ਜਿਸ ਨੂੰ ਦੇਖਦਿਆਂ ਆਖਿਆ ਜਾ ਸਕਦਾ ਹੈ ਕਿ ਸਿਆਸਤ ਕਦੋਂ ਰੰਗ ਵਟਾ ਲਵੇ ਪਤਾ ਹੀ ਨਹੀਂ ਲੱਗਦਾ । ਤਾਂਹੀ ਦਾਦੇ ਨੂੰ ਹਰਾਉਣ ਵਾਲੇ ਲਈ ਪੋਤਾ ਵੋਟਾਂ ਮੰਗ ਰਿਹਾ ਹੈ।