ਚੰਡੀਗੜ੍ਹ, 29 ਅਕਤੂਬਰ – ਪੰਜਾਬ ਪੁਲੀਸ ਨੇ ਉੱਤਰ ਪ੍ਰਦੇਸ਼ ਪੁਲੀਸ ਦੇ ਸਹਿਯੋਗ ਨਾਲ ਲਖਨਊ ਵਿੱਚ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਮੁਲਜ਼ਮ ਪੰਜਾਬ ਵਿੱਚ ਕਤਲਾਂ ਤੇ ਹੋਰ ਗੰਭੀਰ ਮਾਮਲਿਆਂ ਵਿਚ ਲੋੜੀਂਦੇ ਹਨ। ਪੰਜਾਬ ਪੁਲੀਸ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿਚੋਂ ਬਿਕਰਮਜੀਤ ਉਰਫ ਵਿੱਕੀ, ਤਰਨ ਤਾਰਨ ਵਾਸੀ ਗੁਰਪ੍ਰੀਤ ਸਿੰਘ ਉਰਫ਼ ਗੋਪੀ ਮਾਹਲ ਦੇ ਕਤਲ ਮਾਮਲੇ ਦਾ ਮੁੱਖ ਮੁਲਜ਼ਮ ਹੈ ਅਤੇ ਦੂਜਾ ਮੁਲਜ਼ਮ ਪੰਜਾਬ ਸਿੰਘ ਸਤੰਬਰ 2024 ਵਿੱਚ ਫਿਰੋਜ਼ਪੁਰ ਵਿੱਚ ਹੋਏ ਤੀਹਰੇ ਕਤਲ ਦਾ ਮੁੱਖ ਮੁਲਜ਼ਮ ਹੈ।
ਪੁਲੀਸ ਅਧਿਕਾਰੀਆਂ ਅਨੁਸਾਰ ਦੋਹੇਂ ਮੁਲਜ਼ਮ ਕਥਿਤ ਤੌਰ ’ਤੇ ਵਿਦੇਸ਼ਾਂ ਵਿੱਚ ਸਥਿਤ ਗੈਂਗਸਟਰਾਂ ਦੇ ਨਿਰਦੇਸ਼ਾਂ ਹੇਠ ਕੰਮ ਕਰ ਰਹੇ ਸਨ। ਇਸ ਤੋਂ ਪਹਿਲਾਂ ਪੰਜਾਬ ਪੁਲੀਸ ਨੇ ਸੰਗਠਿਤ ਅਪਰਾਧਿਕ ਨੈਟਵਰਕ ਨੂੰ ਨਸ਼ਟ ਕਰਨ ਲਈ 27 ਅਕਤੂਬਰ ਨੂੰ ਪੰਜਾਬ ਵਿੱਚ ਹੈਰੋਇਨ ਦੇ ਸਭ ਤੋਂ ਵੱਡੇ ਤਸਕਰੀ ਨੈਟਵਰਕ ’ਤੇ ਕਾਰਵਾਈ ਕਰਦਿਆਂ 105 ਕਿਲੋਗ੍ਰਾਮ ਹੈਰੋਇਨ, 31.93 ਕਿਲੋ ਕੈਫੀਨ ਐਨਹਾਈਡ੍ਰਸ ਅਤੇ 5 ਵਿਦੇਸ਼ੀ ਪਿਸਤੌਲ ਅਤੇ 1 ਦੇਸੀ ਕੱਟਾ ਬਰਾਮਦ ਕਰ ਕੇ ਤੁਰਕੀ ਸਥਿਤ ਨਸ਼ਾ ਤਸਕਰ ਨਵ ਭੁੱਲਰ ਦੇ ਦੋ ਅਹਿਮ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।