ਬੀਸੀ ਦੇ ਗਵਰਨਰ ਵਲੋਂ ਐੱਨਡੀਪੀ ਨੂੰ ਨਵੀਂ ਸਰਕਾਰ ਬਣਾਉਣ ਦਾ ਸੱਦਾ

ਵੈਨਕੂਵਰ, 29 ਅਕਤੂਬਰ – ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ 19 ਅਕਤੂਬਰ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਦੋ ਹਲਕਿਆਂ ’ਚ ਜਿੱਤ-ਹਾਰ ਦਾ ਫਰਕ 100 ਵੋਟਾਂ ਤੋਂ ਘੱਟ ਰਹਿਣ ਕਰ ਕੇ ਨਿਯਮਾਂ ਮੁਤਾਬਕ ਦੁਬਾਰਾ ਗਿਣਤੀ ਹੋਈ ਤੇ ਸਰੀ ਗਿਲਫਰਡ ਹਲਕੇ ਦਾ ਪਲੜਾ ਨਿਊ ਡੈਮੋਕਰੈਟਿਕ ਪਾਰਟੀ  ਦੇ ਹੱਕ ’ਚ ਭਾਰੂ ਹੋਣ ’ਤੇ ਪਾਰਟੀ ਨੇ 47 ਵਿਧਾਇਕਾਂ ਨਾਲ ਸਪਸ਼ਟ ਬਹੁਮਤ ਹਾਸਲ ਕਰ ਲਿਆ ਹੈ। ਸੂਬੇ ਦੇ ਲੈਫਟੀਨੈਂਟ ਗਵਰਨਰ ਜੈਨਤ ਔਸਟਿਨ ਨੇ ਪਾਰਟੀ ਆਗੂ ਡੇਵਿਡ ਈਬੀ ਨੂੰ ਸਰਕਾਰ ਬਣਾਉਣ ਦਾ ਸੱਦਾ ਵੀ ਦੇ ਦਿੱਤਾ ਹੈ। ਬੀਸੀ ਕੰਜ਼ਰਵੇਟਿਵ ਕੋਲ 44 ਵਿਧਾਇਕ ਹਨ ਤੇ ਦੋ ਸੀਟਾਂ ਗਰੀਨ ਪਾਰਟੀ ਕੋਲ ਹਨ। ਐੱਨਡੀਪੀ ਦੀ ਗਰਾਰੀ ਆਪਣਾ ਸਪੀਕਰ ਬਣਾਉਣ ਮੌਕੇ ਫਸੇਗੀ।

ਨਿਯਮਾਂ ਮੁਤਾਬਿਕ ਸਪੀਕਰ ਬਿੱਲ ਪਾਸ ਕਰਨ ਮੌਕੇ ਵੋਟ ਨਹੀਂ ਪਾ ਸਕਦਾ। ਅਜਿਹੇ ਮੌਕੇ ਹੁਣ ਐੱਨਡੀਪੀ ਨੂੰ ਬਹੁਮਤ ਨਾਲ ਬਿਲ ਪਾਸ ਕਰਾਉਣ ਲਈ ਕਿਸੇ ਹੋਰ ਵੱਲ ਝਾਕਣਾ ਪਏਗਾ। 2017 ’ਚ ਜੌਹਨ ਹੌਰਗਨ ਦੀ ਸਰਕਾਰ ਮੂਹਰੇ ਵੀ ਇਹੀ ਸਮੱਸਿਆ ਖੜ੍ਹੀ ਹੋਣ ਕਰਕੇ ਉਸਨੂੰ ਗਰੀਨ ਪਾਰਟੀ ਦਾ ਸਮਰਥਨ ਲੈਣਾ ਪਿਆ ਸੀ। ਬਿਲਕੁਲ ਉਵੇਂ ਹੁਣ ਵੀ ਉਹ ਤਵਾਜ਼ਨ ਗਰੀਨ ਦੇ ਹੱਥ ਆ ਗਿਆ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਸਿਆਸਤ ‘ਚ ਆਉਣ ਤੋਂ ਪਹਿਲਾਂ ਨਾਮਵਰ ਵਕੀਲ ਰਹੇ ਡੇਵਿਡ ਈਬੀ ਕਿੰਨੇ ਪੰਜਾਬੀ ਵਿਧਾਇਕਾਂ ਨੂੰ ਮੰਤਰੀ ਮੰਡਲ ਵਿੱਚ ਥਾਂ ਦੇਣਗੇ?

ਸਾਂਝਾ ਕਰੋ

ਪੜ੍ਹੋ