ਗੋਲਡੀ ਬਰਾੜ ਦੇ ਥਹੁ-ਪਤੇ ਬਾਰੇ ਭੇਤ ਬਣਿਆ

ਚੰਡੀਗੜ੍ਹ, 25 ਅਕਤੂਬਰ – ਪੰਜਾਬ ਵਿਚ ‘ਏ’ ਸ਼੍ਰੇਣੀ ਦੇ ਗੈਂਗਸਟਰ ਤੇ ਸਿੱਧੂ ਮੂਸੇਵਾਲਾ ਦੇ ਕਾਤਲ ਗੋਲਡੀ ਬਰਾੜ ਦੇ ਥਹੁ-ਪਤੇ ਨੂੰ ਲੈ ਕੇ ਨਵੇਂ ਸਵਾਲ ਖੜ੍ਹੇ ਹੋ ਗਏ ਹਨ। ਇਹ ਸਵਾਲ ਖੜ੍ਹਾ ਹੋ ਗਿਆ ਹੈ ਕਿ ‘ਗੋਲਡੀ ਬਰਾੜ ਕਿੱਥੇ ਹੈ?’ ਕੈਨੇਡਾ ਨੇ ਜਿੱਥੇ ਇਕ ਪਾਸੇ ਬਰਾੜ ਨੂੰ ਅਤਿ ਲੋੜੀਂਦੇ ਵਿਅਕਤੀਆਂ ਦੀ ਸੂਚੀ ’ਚੋਂ ਲਾਂਭੇ ਕਰ ਦਿੱਤਾ ਹੈ, ਉਥੇ ਦੂਜੇ ਪਾਸੇ ਬਰਾੜ ਤੇ ਲਾਰੈਂਸ ਬਿਸ਼ਨੋਈ ਉੱਤੇ ਭਾਰਤੀ ਏਜੰਟ ਹੋਣ ਦੇ ਦੋਸ਼ ਲਾਏ ਹਨ। ਇਸ ਦੇ ਨਾਲ ਹੀ ਪੰਜਾਬ ਪੁਲੀਸ ਨੇ ਮੂਸੇਵਾਲਾ ਦੇ ਕਤਲ ਮਗਰੋਂ ਪਿਛਲੇ ਦੋ ਸਾਲਾਂ ਦੌਰਾਨ ਕੈਨੇਡੀਅਨ ਸੁਰੱਖਿਆ ਏਜੰਸੀਆਂ ਨਾਲ ਗੈਂਗਸਟਰ (ਬਰਾੜ) ਦੀ ਸੰਭਾਵੀ ਲੋਕੇਸ਼ਨ ਕਈ ਵਾਰ ਸਾਂਝੀ ਕੀਤੀ, ਪਰ ਏਜੰਸੀਆਂ ਨੇ ਕੋਈ ਹੁੰਗਾਰਾ ਨਹੀਂ ਦਿੱਤਾ। ਪੰਜਾਬ ਪੁਲੀਸ ਨੇ ਭਾਰਤ ਸਰਕਾਰ ਜ਼ਰੀਏ ਗੋਲਡੀ ਬਰਾੜ ਦੀ ਕੈਨੇਡਾ ਵਿਚ ਅਸਲ ਲੋਕੇਸ਼ਨ ਵੀ ਸਾਂਝੀ ਕੀਤੀ।

ਪੰਜਾਬ ਪੁਲੀਸ ਦੇ ਅਧਿਕਾਰੀਆਂ ਦਰਮਿਆਨ ਇਹ ਚਰਚਾ ਸਿਖਰ ’ਤੇ ਹੈ ਕਿ ਗੋਲਡੀ ਬਰਾੜ ਕੈਨੇਡਾ ਅਧਾਰਿਤ ਏਜੰਸੀ ਜਾਂ ਸਮੂਹ ਦੀ ‘ਸੁਰੱਖਿਅਤ’ ਕਸਟਡੀ ਵਿਚ ਹੈ। ਕੈਨੇਡਾ ਵਿਚ ਭਾਰਤ ਦੇ ਸਾਬਕਾ ਹਾਈ ਕਮਿਸ਼ਨਰ ਸੰਜੈ ਵਰਮਾ ਨੇ ਵੀ ਬਰਾੜ ਨੂੰ ਲੈ ਕੇ ਕੁਝ ਸਵਾਲ ਚੁੱਕੇ ਹਨ। ਵਰਮਾ ਨੇ ਲੰਘੇ ਦਿਨ ਖ਼ਬਰ ਏਜੰਸੀ ਪੀਟੀਆਈ ਨੂੰ ਦਿੱਤੀ ਇੰਟਰਵਿਊ ਵਿਚ ਪੁਸ਼ਟੀ ਕੀਤੀ ਸੀ ਕਿ ਬਰਾੜ ਕੈਨੇਡਾ ਵਿਚ ਸੀ। ਵਰਮਾ ਨੇ ਕਿਹਾ, ‘‘ਗੋਲਡੀ ਬਰਾੜ ਕੈਨੇਡਾ ਵਿਚ ਰਹਿ ਰਿਹਾ ਸੀ। ਸਾਡੀ ਗੁਜ਼ਾਰਿਸ਼ ਉੱਤੇ ਉਸ ਨੂੰ ਵਾਂਟਿਡ ਲਿਸਟ ਵਿਚ ਪਾਇਆ ਗਿਆ। ਹੁਣ ਅਚਾਨਕ ਉਹ ਉਸ ਸੂਚੀ ਵਿਚੋਂ ਗਾਇਬ ਹੋ ਗਿਆ। ਹੁਣ ਮੈਂ ਇਸ ਦਾ ਕੀ ਮਤਲਬ ਕੱਢਾਂ? ਉਸ ਨੂੰ ਜਾਂ ਤਾਂ ਗ੍ਰਿਫ਼ਤਾਰ ਕਰ ਲਿਆ ਜਾਂ ਫਿਰ ਹੁਣ ਉਹ ਲੋੜੀਂਦਾ ਨਹੀਂ ਹੈ।’’ ਵਰਮਾ ਨੇ ਕਿਹਾ ਕਿ ਭਾਰਤ ਨੇ ਬਰਾੜ ਤੇ ਬਿਸ਼ਨੋਈ ਦੇ ਨਾਮ ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ (ਆਰਸੀਐੱਮਪੀ) ਨਾਲ ਸਾਂਝੇ ਕੀਤੇ ਸਨ। ਕੂਟਨੀਤਕ ਨੇ ਕਿਹਾ, ‘‘ਹੁਣ ਇਹ ਤਾਂ ਨਹੀਂ ਕਿ ਕੈਨੇਡਾ ਜਾਂ ਕੈਨੇਡੀਅਨ ਅਥਾਰਿਟੀਜ਼ ਸੁਪਨੇ ’ਚੋਂ ਜਾਗਣ ਤੇ ਕਹਿਣ ਕਿ ਲਾਰੈਂਸ ਬਿਸ਼ਨੋਈ ਇਥੇ ਹੈ ਤੇ ਗੋਲਡੀ ਬਰਾੜ ਇਥੇ ਹੈ। ਉਨ੍ਹਾਂ ਨੂੰ ਇਨ੍ਹਾਂ ਦੋਵਾਂ ਗੈਂਗਸਟਰਾਂ ਬਾਰੇ ਦੱਸਣ ਵਾਲੀ ਭਾਰਤੀ ਏਜੰਸੀ ਸੀ।

ਪੰਜਾਬ ਪੁਲੀਸ ਦੇ ਅਧਿਕਾਰੀਆਂ ਨੇ ਸਾਬਕਾ ਸਫ਼ੀਰ ਸੰਜੈ ਵਰਮਾ ਦੇ ਦਾਅਵਿਆਂ ਦੀ ਹਮਾਇਤ ਕੀਤੀ ਹੈ। ਮੂਸੇਵਾਲਾ ਕੇਸ ਦੀ ਜਾਂਚ ਤੇ ਬਰਾੜ ਦੀ ਅਪਰਾਧਕ ਜ਼ਿੰਦਗੀ ਤੋਂ ਜਾਣੂ ਇਕ ਅਧਿਕਾਰੀ ਨੇ ਆਪਣੀ ਪਛਾਣ ਨਸ਼ਰ ਨਾ ਕੀਤੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਉਹ (ਗੋਲਡੀ ਬਰਾੜ) 29 ਮਈ ਦੀ ਸ਼ਾਮ ਨੂੰ ਕਥਿਤ ਵੀਡੀਓ ਕਾਲ ਉੱਤੇ ਸੰਦੀਪ ਉਰਫ਼ ਕੇਕਰਾ ਤੋਂ ਗਾਇਕ ਸਿੱਧੂ ਮੂਸੇਵਾਲਾ ਦੀ ਮੂਵਮੈਂਟ ਬਾਰੇ ਜਾਣਕਾਰੀ ਲੈ ਰਿਹਾ ਸੀ। ਪੰਜਾਬ ਪੁਲੀਸ ਨੇ ਇਸ ਵੀਡੀਓ ਕਾਲ ਦੇ ਆਈਪੀ ਐਡਰੈੱਸ ਦੀ ਪੈੜ ਨੱਪੀ ਤਾਂ ਪਤਾ ਲੱਗਾ ਕਿ ਇਹ ਕੈਨੇਡਾ ਤੋਂ ਸੀ। ਉਨ੍ਹਾਂ ਕੈਨੇਡਾ ਨਾਲ ਇਹ ਜਾਣਕਾਰੀ ਵੀ ਸਾਂਝੀ ਕੀਤੀ ਕਿ ਗੋਲਡੀ ਬਰਾੜ 17 ਮਾਰਚ 2017 ਨੂੰ ਵਿਦਿਆਰਥੀ ਵੀਜ਼ੇ ’ਤੇ ਕੈਨੇਡਾ ਵਿਚ ਦਾਖ਼ਲ ਹੋਇਆ ਸੀ। ਇਕ ਪੁਲੀਸ ਅਧਿਕਾਰੀ ਨੇ ਕਿਹਾ, ‘‘ਗੋਲਡੀ ਬਰਾੜ ਆਪਣੇ ਅਸਲ ਪਾਸਪੋਰਟ ਨੰਬਰ ਉੱਤੇ ਸਟੱਡੀ ਵੀਜ਼ੇ ’ਤੇ ਕੈਨੇਡਾ ਵਿਚ ਦਾਖ਼ਲ ਹੋਇਆ ਸੀ। ਜੇ ਉਹ ਕੈਨੇਡਾ ਛੱਡ ਕੇ ਕਿਸੇ ਦੂਜੇ ਮੁਲਕ ਗਿਆ ਹੈ ਤਾਂ ਕੈਨੇਡੀਅਨ ਅਥਾਰਿਟੀਜ਼ ਨੂੰ ਇਸ ਤਾਂ ਪਤਾ ਹੋਣਾ ਚਾਹੀਦਾ ਹੈ।’’ ਇਹ ਗੱਲ ਵੀ ਬਹੁਤ ਦਿਲਚਸਪ ਹੈ ਕਿ ਅਮਰੀਕੀ ਸੰਘੀ ਏਜੰਸੀ ਐੱਫਬੀਆਈ ਨੇ ਗੋਲਡੀ ਬਰਾੜ ਨੂੰ ਕੈਨੇਡਾ ਵਿਚ ਦੇਖੇ ਜਾਣ ਸਬੰਧੀ ਇਕ ਰਿਪੋਰਟ ਦੀ ਘੋਖ ਕੀਤੀ ਸੀ। ਮਗਰੋਂ ਏਜੰਸੀ ਨੇ ਭਾਰਤ ਸਰਕਾਰ ਨੂੰ ਦੱਸਿਆ ਕਿ ਇਹ ਝੂਠੀ ਖ਼ਬਰ ਸੀ।

ਸਾਂਝਾ ਕਰੋ

ਪੜ੍ਹੋ

ਪੈਰੋਲ ਉਤੇ ਜੇਲ੍ਹ ਤੋਂ ਬਾਹਰ ਆਏ ਬਲਵੰਤ

ਲੁਧਿਆਣਾ, 20 ਨਵੰਬਰ – ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਪੰਜਾਬ-ਹਰਿਆਣਾ...