
ਮੁੰਬਈ, 26 ਅਕਤੂਬਰ – ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਆਗੂ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਕਤਲ ਕੇਸ ਦਾ ਸਬੰਧ ਇਕ ਵਾਰੀ ਫਿਰ ਪੰਜਾਬ ਨਾਲ ਜੁੜਿਆ ਹੈ। ਹਾਲ ਹੀ ’ਚ ਜਲੰਧਰ ਦੇ ਪੇਂਡੂ ਇਲਾਕਿਆਂ ’ਚ ਰਹਿਣ ਵਾਲੇ ਨੌਜੁਆਨ ਜ਼ੀਸ਼ਾਨ ਦਾ ਨਾਂ ਪੁਲਿਸ ਨੇ ਸਾਹਮਣੇ ਆਇਆ ਸੀ। ਮੁੰਬਈ ਪੁਲਿਸ ਨੇ ਜਲੰਧਰ ’ਚ ਇਸ ਕੇਸ ’ਤੇ ਛਾਪਾ ਮਾਰਿਆ ਸੀ। ਉਥੇ ਹੀ ਲੁਧਿਆਣਾ ਤੋਂ ਇਸ ਕਤਲ ਦੇ ਸਬੰਧ ਦਾ ਪ੍ਰਗਟਾਵਾ ਹੋਇਆ ਹੈ। ਮੁੰਬਈ ਪੁਲਿਸ, ਸੀ.ਆਈ.ਏ.-2 ਅਤੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਮਿਲ ਕੇ ਇਸ ਮਾਮਲੇ ’ਚ ਇਕ ਬਦਮਾਸ਼ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਦਸਿਆ ਕਿ ਮੁਲਜ਼ਮ ਸੁਜੀਤ ਸੁਸ਼ੀਲ ਸਿੰਘ (32) ਉਰਫ਼ ਬੱਬੂ ਨੂੰ ਮੁੰਬਈ ਪੁਲਿਸ ਦੀ ਇਕ ਟੀਮ ਨੇ ਪੰਜਾਬ ਦੇ ਸ਼ਹਿਰ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਅਤੇ ਉਸ ਨੂੰ ਮਹਾਨਗਰ ਲਿਆਂਦਾ ਜਾ ਰਿਹਾ ਹੈ। ਐਨ.ਸੀ.ਪੀ. ਨੇਤਾ ਦੀ 12 ਅਕਤੂਬਰ ਨੂੰ ਮੁੰਬਈ ਦੇ ਬਾਂਦਰਾ ਇਲਾਕੇ ’ਚ ਤਿੰਨ ਬੰਦੂਕਧਾਰੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਸੀ। ਬੱਬੂ ਨੂੰ ਸੀ.ਆਈ.ਏ.-2 ਅਤੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਥਾਣਾ ਜਮਾਲਪੁਰ ਦੇ ਸੁੰਦਰ ਨਗਰ ਇਲਾਕੇ ਤੋਂ ਗ੍ਰਿਫਤਾਰ ਕੀਤਾ। ਲੁਧਿਆਣਾ ਦੇ ਐਸ.ਪੀ.-ਡੀ. ਅਮਨਦੀਪ ਸਿੰਘ ਬਰਾੜ ਨੇ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ। ਟੀਮ ’ਚ ਕਾਊਂਟਰ ਇੰਟੈਲੀਜੈਂਸ ਦੇ ਇੰਸਪੈਕਟਰ ਵਿਕਰਮ ਅਤੇ ਕੈਲਾਸ਼ ਅਤੇ ਸੀ.ਆਈ.ਏ.-2 ਤੋਂ ਇੰਸਪੈਕਟਰ ਰਾਜੇਸ਼ ਸ਼ਰਮਾ ਅਤੇ ਏਐਸਆਈ ਰਘੁਬੀਰ ਸਿੰਘ ਸ਼ਾਮਲ ਸਨ। ਜਿਵੇਂ ਹੀ ਪੁਲਿਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਸੁਜੀਤ ਸੁੰਦਰ ਨਗਰ ਭਾਮੀਆ ਦੇ ਇਲਾਕੇ ’ਚ ਲੁਕਿਆ ਹੋਇਆ ਹੈ, ਪੁਲਿਸ ਟੀਮਾਂ ਨੇ ਛਾਪਾ ਮਾਰ ਕੇ ਉਸ ਨੂੰ ਕਾਬੂ ਕਰ ਲਿਆ।
ਮਿਲੀ ਜਾਣਕਾਰੀ ਮੁਤਾਬਕ ਸੁਜੀਤ ਮੁੰਬਈ ’ਚ ਰਹਿੰਦਾ ਹੈ ਅਤੇ ਉਹ ਅਪਣੇ ਸਹੁਰੇ ਘਰ ਆਇਆ ਹੋਇਆ ਸੀ। ਸੂਤਰਾਂ ਮੁਤਾਬਕ ਮੁਲਜ਼ਮ ਨਿਤਿਨ ਦੇ ਖਾਤੇ ’ਚ 25 ਹਜ਼ਾਰ ਰੁਪਏ ਆਉਣੇ ਸਨ ਪਰ ਉਕਤ ਮੁਲਜ਼ਮ ਨੇ ਉਹ ਪੈਸਾ ਅਪਣੇ ਖਾਤੇ ’ਚ ਜਮ੍ਹਾ ਕਰਵਾ ਲਿਆ ਅਤੇ ਨਿਤਿਨ ਨੂੰ ਦੇਣਾ ਸੀ ਪਰ ਇਸ ਤੋਂ ਪਹਿਲਾਂ ਬੱਬੂ ਨੂੰ ਕਾਬੂ ਕਰ ਲਿਆ ਗਿਆ। ਨਿਤਿਨ ਨੇ ਬਾਬਾ ਸਿੱਦੀਕੀ ਦੀ ਰੇਕੀ ਕੀਤੀ ਸੀ। ਜਲਦੀ ਹੀ ਪੁਲਿਸ ਇਸ ਮਾਮਲੇ ’ਚ ਵੱਡੇ ਪ੍ਰਗਟਾਵੇ ਕਰ ਸਕਦੀ ਹੈ। ਇਸ ਮਾਮਲੇ ਨੂੰ ਲੈ ਕੇ ਮੁੰਬਈ ਕ੍ਰਾਈਮ ਬ੍ਰਾਂਚ ਨੇ ਕਿਹਾ ਕਿ ਪੁੱਛ-ਪੜਤਾਲ ਦੌਰਾਨ ਇਸ ਮਾਮਲੇ ’ਚ ਗ੍ਰਿਫਤਾਰ ਕੀਤੇ ਗਏ ਇਕ ਮੁਲਜ਼ਮ ਰਾਮ ਕਨੌਜੀਆ ਨੂੰ ਪਤਾ ਲੱਗਾ ਕਿ ਉਸ ਨੂੰ ਪਹਿਲਾਂ ਐਨ.ਸੀ.ਪੀ. ਨੇਤਾ ਬਾਬਾ ਸਦੀਕੀ ਨੂੰ ਮਾਰਨ ਦਾ ਠੇਕਾ ਦਿਤਾ ਗਿਆ ਸੀ ਅਤੇ ਉਸ ਨੇ ਇਸ ਲਈ ਇਕ ਕਰੋੜ ਰੁਪਏ ਦੀ ਮੰਗ ਕੀਤੀ ਸੀ। ਇਸ ਤੋਂ ਪਹਿਲਾਂ ਗ੍ਰਿਫਤਾਰ ਕੀਤੇ ਗਏ ਇਕ ਦੋਸ਼ੀ ਦੇ ਫੋਨ ’ਚ ਬਾਬਾ ਸਿੱਦੀਕੀ ਦੇ ਬੇਟੇ ਜ਼ੀਸ਼ਾਨ ਸਿੱਦੀਕੀ ਦੀ ਤਸਵੀਰ ਮਿਲੀ ਸੀ, ਜੋ ਉਸ ਦੇ ਹੈਂਡਲਰ ਨੇ ਸਨੈਪਚੈਟ ਰਾਹੀਂ ਦੋਸ਼ੀ ਨੂੰ ਭੇਜੀ ਸੀ।