ਘੋਖਵੀਂ ਨਜ਼ਰ ਦਾ ਮਾਲਕ, ਬੁੱਧ ਸਿੰਘ ਨੀਲੋਂ/ਪ੍ਰੋ਼.(ਡਾ.) ਮੇਹਰ ਮਾਣਕ

ਬੁੱਧ ਸਿੰਘ ਨੀਲੋਂ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ ਉਹ ਸਾਹਿਤਕ ਅਤੇ ਵਿਦਿਅਕ ਦੇ ਖੋਜ ਖੇਤਰ ਵਿੱਚ ਬੌਧਿਕਤਾ ਦੀ ਡੂੰਘੀ ਆਪਣੀ ਪਕੜ ਕਰਕੇ ਜਾਣ ਪਛਾਣਿਆ ਨਾਂ ਹੈ । ਨੀਲੋਂ ਦਾ ਜਨਮ ਲੁਧਿਆਣੇ ਜਿਲ੍ਹੇ ਦੇ ਬਹੁਤ ਹੀ ਚਰਚਿਤ ਪਿੰਡ ਨੀਲੋਂ ਕਲਾਂ ਵਿਖੇ ਸ. ਮੇਹਰ ਸਿੰਘ ਦੇ ਘਰੇ ਜਸਵੰਤ ਕੌਰ ਦੀ ਕੁੱਖੋਂ ਬਹੁਤ ਹੀ ਸਧਾਰਨ ਪਰਿਵਾਰ ਦੇ ਵਿੱਚ ਹੋਇਆ। ਬੁੱਧ ਸਿੰਘ ਦੋ ਭੈਣਾਂ ਅਤੇ ਦੋ ਭਰਾਵਾਂ ਵਿੱਚ ਸਭ ਤੋਂ ਵੱਡਾ ਹੈ । ਇਹ ਉਹ ਪਰਿਵਾਰ ਨਿੱਤ ਦੀ ਕਿਰਤ ਦੇ ਫ਼ਲ ਉੱਤੇ ਜੀਵਨ ਬਸਰ ਕਰਦਾ ਆਇਆ ਹੈ। ਅਜਿਹੇ ਹਾਲਾਤ ਕਰਕੇ ਉਹ ਸਿਰਫ ਅੱਠਵੀਂ ਤੱਕ ਹੀ ਸਕੂਲ ਵਿੱਚ ਪੜ੍ਹ ਸਕਿਆ ਅਤੇ ਘਰੇਲੂ ਬੇ ਵਸੀਆਂ ਕਰਕੇ ਮਾਪਿਆਂ ਨੇ ਚੁੱਲ੍ਹੇ ਦੀ ਅੱਗ ਮਘਦੀ ਰੱਖਣ ਲਈ ਉਸ ਨੂੰ ਸਕੂਲੋਂ ਹਟਾ ਕੇ ਸੀਰੀ ਰਲਾ਼ ਦਿੱਤਾ । ਆਪਣੀ ਧੁੰਨ ਦਾ ਪੱਕਾ ਹੋਣ ਕਰਕੇ ਉਹ ਪ੍ਰਾਈਵੇਟ ਪੇਪਰ ਦੇ ਕੇ ਅੱਠਵੀਂ ਜਮਾਤ ਪਾਸ ਕਰਕੇ ਫੇਰ ਸਕੂਲ ਵਿੱਚ ਦਾਖਲਾ ਲੈ ਪੜ੍ਹਨ ਲੱਗ ਪਿਆ । ਉਹ ਘਰੇਲੂ ਨਾ ਸਾਜ਼ਗਾਰ ਹਾਲਤਾਂ ਕਰਕੇ ਦਸਵੀਂ ਜਮਾਤ ਦੇ ਵਿੱਚ ਪੜ੍ਹਦਾ ਹੋਇਆ ਵੀ, ਛੁੱਟੀ ਵਾਲ਼ੇ ਦਿਨ ਲੁਧਿਆਣੇ ਵਿਖੇ ਰਾਜ ਮਿਸਤਰੀ ਦੇ ਨਾਲ ਦਿਹਾੜੀ ਕਰਦਾ ਰਿਹਾ। ਅਜਿਹੇ ਘਰੇਲੂ ਆਰਥਿਕ ਮਾੜੇ ਹਾਲਾਤਾਂ ਕਰਕੇ ਉਹ ਸਿਰਫ ਹਾਇਰ ਸੈਕੰਡਰੀ ਤੱਕ ਹੀ ਸਕੂਲੀ ਰਸਮੀ ਵਿਦਿਆ ਹਾਸਲ ਕਰ ਸਕਿਆ । ਘਰ ਦੀ ਆਰਥਿਕ ਤੰਗੀ ਨੇ ਉਸ ਦੇ ਪੜ੍ਹਨ ਦੀ ਖਾਹਿਸ਼ ਪੂਰੀ ਨਾ ਹੋਣ ਦਿੱਤੀ।

ਉਸ ਨੂੰ ਫੈਕਟਰੀਆਂ ਦੇ ਵਿੱਚ ਕੰਮ ਕਰਨਾ ਪਿਆ ਤੇ ਫੇਰ ਆਪਣੀ ਲਗਨ ਅਤੇ ਕਾਬਲੀਅਤ ਕਾਰਨ ਅਖ਼ਬਾਰ ਦੇ ਵਿੱਚ ਬਤੌਰ ਪਰੂਫ ਰੀਡਰ ਲੱਗ ਗਿਆ। ਉਸ ਨੇ ਰੋਜ਼ਾਨਾ ਅੱਜ ਦੀ ਆਵਾਜ਼, ਨਵਾਂ ਜਮਾਨਾ, ਅਕਾਲੀ ਪੱਤ੍ਰਿਕਾ ਦੇ ਵਿੱਚ ਕਈ ਵਰੇ ਸੰਪਾਦਕੀ ਬੋਰਡ ਵਿੱਚ ਵੀ ਆਪਣੀਆਂ ਸੇਵਾਵਾਂ ਨਿਭਾਈਆਂ। ਉਸ ਨੇ ਆਪਣੇ ਜ਼ਿੰਦਗੀ ਦੇ ਕਾਫੀ ਪੰਜਾਬੀ ਭਵਨ ਲੁਧਿਆਣਾ ਵਿਖੇ ਗੁਜਾਰੇ। ਕਲਮ ਦਾ ਧਨੀ ਹੋਣ ਕਰਕੇ ਉਸ ਵਿੱਚ ਸਾਹਿਤਕ ਮਸ ਬਹੁਤ ਮੌਜੂਦ ਰਹੀ। ਇਸ ਕਰਕੇ ਪੰਜਾਬੀ ਦਾ ਕੋਈ ਵੀ ਅਖ਼ਬਾਰ ਤੇ ਸਾਹਿਤਕ ਮੈਗਜੀਨ ਅਜਿਹਾ ਨਹੀ ਜਿੱਥੇ ਉਸ ਦੇ ਲੇਖ ਤੇ ਕਵਿਤਾਵਾਂ ਨਾ ਛਪੀਆਂ ਹੋਣ। ਉਹ ਸੰਨ 1983 ਦੇ ਵਿੱਚ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਛਪਦਾ ਰਿਹਾ ਉਹ ਆਪਣੇ ਇਲਾਕੇ ਦੀਆਂ ਪੰਜਾਬੀ ਸਾਹਿਤਕ ਸੰਸਥਾਵਾਂ ਦੇ ਨਾਲ਼ ਜੁੜਿਆ ਹੀ ਨਹੀਂ ਰਿਹਾ ਸਗੋ ਪਿੰਡ ਵਿੱਚ ਹਰ ਸਾਲ ਸਾਹਿਤਕ ਸਮਾਗਮ ਤੇ ਨਾਟਕ ਕਰਵਾਉਂਦਾ ਸੁੱਤੇ ਲੋਕਾਂ ਨੂੰ ਜਗਾਉਂਦਾ ਵੀ ਰਿਹਾ। ਉਸ ਨੇ ਹਿੰਮਤ ਕਰਕੇ ਅਨੇਕਾਂ ਨੌਜਵਾਨਾਂ ਨੂੰ ਪੱਤਰਕਾਰਤਾ ਦੇ ਖੇਤਰ ਨਾਲ ਜੋੜਿਆ ਅਤੇ ਖ਼ਬਰਾਂ ਲਿਖਣ ਦੇ ਗੁਰ / ਢੰਗ ਤੌਰ ਤਰੀਕੇ ਵੀ ਦੱਸੇ ਤਾਂ ਕਿ ਉਨ੍ਹਾਂ ਵਿੱਚਲੀ ਸ਼ਕਤੀ ਨੂੰ ਉਸਾਰੂ ਖੇਤਰ ਵਿੱਚ ਲਾਇਆ ਜਾ ਸਕੇ ।

ਭਾਵੇਂ ਉਸ ਕੋਲ ਕੋਈ ਉੱਚ ਡਿਗਰੀ ਨਹੀਂ ਸੀ ਜਿਸ ਕਾਰਨ ਉਹ ਸਰਕਾਰੀ ਨੌਕਰੀ ਹਾਸਲ ਨਹੀਂ ਕਰ ਸਕਿਆ ਪਰ ਕਮਾਲ ਦੀ ਗੱਲ ਇਹ ਹੈ ਕਿ ਉਹ ਆਪਣੀ ਕਾਬਲੀਅਤ ਦੇ ਦੱਮ ‘ਤੇ ਪੰਜਾਬੀ ਦੇ ਅਨੇਕਾਂ ਸਾਹਿਤਕ ਤੇ ਰਾਜਨੀਤਿਕ ਮੈਗ਼ਜ਼ੀਨਾਂ ਦਾ ਕਾਲਮ ਨਵੀਸ ਰਿਹਾ। ਉਹ ਕੋਈ ਤੇਈ ਵਰ੍ਹੇ ਪੰਜਾਬੀ ਸਾਹਿਤ ਅਕਾਦਮੀ, ਪੰਜਾਬੀ ਭਵਨ ਲੁਧਿਆਣਾ ਦੀ ਲਾਇਬ੍ਰੇਰੀ ਦੇ ਵਿੱਚ ਸਹਾਇਕ ਵਜੋਂ ਕਾਰਜਸ਼ੀਲ ਰਿਹਾ ਇਸੇ ਦੌਰਾਨ ਉਸ ਨੇ ਲਾਇਬ੍ਰੇਰੀ ਦੀਆਂ ਕਿਤਾਬਾਂ ‘ਤੇ ਐਮ.ਏ. ਐਮ.ਫਿਲ.ਪੀ.ਐੱਚ.ਡੀ ਤੇ ਡੀ.ਲਿਟ ਦੇ ਖੋਜ ਨਿਬੰਧ ਤੇ ਖੋਜ ਪ੍ਰਬੰਧ ਤੇ ਹਰ ਵਿਧਾ ਦੀਆਂ ਕਿਤਾਬਾਂ ਉੱਤੇ ਪੂਰੀ ਮੁਹਾਰਤ ਹਾਸਲ ਕਰ ਲਈ । ਉਹ ਅਕਸਰ ਦੱਸਦਾ ਹੋ ਕਿ ਜਦੋਂ ਉਸ ਨੇ ਪੀ.ਐੱਚ.ਡੀ. ਦੇ ਥੀਸਿਸ ਪੜ੍ਹਨੇ ਸ਼ੁਰੂ ਕੀਤੇ ਤਾਂ ਇਹਨਾਂ ਦੇ ਵਿੱਚ ਗੜਬੜਾਂ ਨੂੰ ਵੇਖ ਕੇ ਉਹ ਦੰਗ ਰਹਿ ਗਿਆ ਅਤੇ ਉਸ ਨੇ ਆਪਣੀ ਬੌਧਿਕਤਾ ਦੀ ਦਿਆਨਤਦਾਰੀ ਦੇ ਸਿਰ ਤੇ ਇਸ ਸਬੰਧੀ ਪਰਦਾ ਚੁੱਕਣ ਦਾ ਤਹੱਈਆ ਕਰ ਲਿਆ। ਜਦੋਂ ਉਸ ਨੇ ਤੱਥਾਂ ਸਾਹਿਤ ਪਰਦਾ ਚੁੱਕਿਆ ਤਾਂ ਉਸ ਦੀ ਚਰਚਾ ਯੂਨੀਵਰਸਿਟੀਆਂ ਤੇ ਖੋਜਾਰਥੀਆਂ ਤੋਂ ਲੈ ਕੇ ਦੂਰ ਦੂਰ ਤੱਕ ਹੋਣ ਲੱਗੀ । ਉਸ ਨੇ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿੱਚ ਹੋਏ ਥੀਸਿਸਾਂ ਦੀਆਂ ਨਕਲਾਂ ਨੂੰ ਸਬੂਤਾਂ ਸਮੇਤ ਅਖਬਾਰਾਂ ਦੇ ਵਿੱਚ ਛਾਪਣ ਦਾ ਹੌਸਲਾ ਕੀਤਾ ।

ਇਸ ਦੇ ਨਾਲ ਉਸ ਦੀ ਚਰਚਾ ਤਾਂ ਬਹੁਤ ਹੋ ਗਈ ਪਰ ਉਸ ਨੂੰ ਅਨੇਕਾਂ ਕਿਸਮ ਦੇ ਸੰਕਟਾਂ ਨੇ ਆ ਘੇਰਿਆ ਜਿਸ ਵਿੱਚ ਧਮਕੀਆਂ ਤੋਂ ਲੈ ਕੇ ਫਾਕੇ ਝੱਲਣੇ ਪਏ। ਜਿਹੜੇ ਲੋਕਾਂ ਨੇ ਉਸ ਦੀ ਬੌਧਿਕ ਮਦਦ ਲੈ ਕੇ ਚੰਗੀਆਂ ਨੌਕਰੀਆਂ ਪ੍ਰਾਪਤ ਕੀਤੀਆਂ ਉਨ੍ਹਾਂ ਨੇ ਕਦੇ ਵੀ ਮਾੜੇ ਸਮੇਂ ਵਿੱਚ ਆ ਕੇ ਉਸ ਦੀ ਬਾਂਹ ਫੜਨ ਦੀ ਹਿੰਮਤ ਨਹੀ ਕੀਤੀ। ਭਾਵੇਂ ਉਸ ਦੀ ਨੌਕਰੀ ਵੀ ਜਾਂਦੀ ਲੱਗੀ ਪਰ ਉਸ ਨੇ ਆਪਣਾ ਖੋਜ ਅਤੇ ਸਾਹਿਤਕ ਸਿਰਜਣਾ ਦਾ ਕਾਰਜ ਜਾਰੀ ਰੱਖਿਆ। ਉਸ ਨੇ ਬੜੀ ਹਿੰਮਤ ਨਾਲ਼ ਪੰਜਾਬ , ਹਰਿਆਣਾ, ਦਿੱਲੀ, ਚੰਡੀਗੜ੍ਹ ਤੇ ਜੰਮੂ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਹੋਏ ਬਹੁਤ ਸਾਰੇ ਖੋਜ ਕਾਰਜਾਂ ਵਿੱਚ ਮਚੀਆਂ ਧਾਂਦਲੀਆਂ ਨੂੰ ਨੰਗਾ ਕੀਤਾ।ਉਹ ਆਪਣੇ ਲੰਮੇ ਤਜਰਬੇ ਕਾਰਨ ਇੱਕ ਸੁਲਝੇ ਹੋਏ ਸਿਪਾਹੀ ਵਾਂਗ ਸਾਹਿਤਕ ਚੋਰਾਂ ਨੂੰ ਫੜਨ ਵਿੱਚ ਬਹੁਤ ਮਾਹਿਰ ਹੈ। ਉਹ ਕਿਸੇ ਵੀ ਕਿਤਾਬ ਦੀ ਲਿਖਤ ਨੂੰ ਪਹਿਲੀ ਨਜ਼ਰੇ ਵੇਖ ਝੱਟ ਦੱਸ ਦਿੰਦਾ ਹੈ ਕਿ ਇਹ ਕਿਸ ਲੇਖਕ ਦੀ ਕਿਹੜੀ ਕਿਤਾਬ ਦੇ ਕਿਹੜੇ ਪੰਨੇ ਤੋਂ ਚੁੱਕ ਕੇ ਲਿਖੀ ਗਈ ਹੈ। ਪੰਜਾਬੀ ਸਾਹਿਤਕ ਖ਼ੇਤਰ ਦੇ ਖੋਜ ਕਾਰਜ ਵਿੱਚ ਹੋ ਰਹੀ ਚੋਰੀ ਨੂੰ ਪਕੜਣ ਵਾਲ਼ਾ ਉਹ ਆਪਣੇ ਆਪ ਵਿੱਚ ਇੱਕ ਚੱਲਦਾ ਫਿਰਦਾ ਸੌਫਟਵੇਅਰ ਹੈ। ਸਾਹਿਤਕ ਧਾਂਦਲੀਆਂ ਸਬੰਧੀ ਉਸ ਦੀ “ਪੰਜਾਬੀ ਸਾਹਿਤ ਦਾ ਮਾਫ਼ੀਆ” ਕਿਤਾਬ ਜਲਦ ਹੀ ਮਾਰਕੀਟ ਵਿੱਚ ਆ ਰਹੀ ਹੈ। ਪਰ ਹੈਰਾਨੀ ਦੀ ਗੱਲ ਹੈ ਇਸ ਸਬੰਧੀ ਅੱਜ ਤੱਕ ਕਦੇ ਵੀ ਕੋਈ ਬਣਦੀ ਕਾਰਵਾਈ ਨਹੀਂ ਹੋਈ। ਪੰਜਾਬੀ ਦੇ ਵਿਦਿਅਕ ਖੇਤਰ ਦੇ ਖੋਜ ਕਾਰਜਾਂ ਦਾ ਰਸਾਤਲ ਵੱਲ ਜਾਣਾ ਇਸ ਦੀ ਮੂੰਹ ਬੋਲਦੀ ਤਸਵੀਰ ਹੈ।

ਇਸ ਤੋਂ ਇਲਾਵਾ ਉਸਨੇ ਪੰਜਾਬੀ ਦੇ ਲੋਕ ਕਵੀ ਤੇ ਕਵੀਸ਼ਰ ਬਾਬੂ ਰਜਬ ਅਲੀ ਦੀ ਪੁਸਤਕ “ਕਲਾਮ ਬਾਬੂ ਰਜਬ ਅਲੀ ” 2009 ਦੇ ਵਿੱਚ ਸੰਪਾਦਿਤ ਕੀਤੀ । ਜਿਸ ਦੇ ਹੁਣ ਤੱਕ ਪੰਜ ਐਡੀਸ਼ਨ ਆ ਚੁੱਕੇ ਹਨ। ਇਸ ਤੋਂ ਬਿਨਾਂ ਸੱਤ ਕਿਤਾਬਾਂ ਅਨੁਵਾਦ ਕੀਤੀਆਂ ਹਨ। ਉਸ ਦੀ ਪੰਜਾਬ ਬਾਰੇ ਖੋਜ ਪੁਸਤਕ ” ਪੰਜਾਬ ਦੀ ਤਸਵੀਰ ” ਦੇ ਵੀ ਹੁਣ ਤੱਕ ਤਿੰਨ ਐਡੀਸ਼ਨ ਆ ਚੁੱਕੇ ਹਨ। ਬੇਸ਼ੱਕ ਉਸ ਕੋਲ ਕੋਈ ਉੱਚ ਰਸਮੀ ਡਿਗਰੀ ਨਹੀਂ ਪਰ ਉਸ ਨੇ ਆਪਣੇ ਲੰਮੇ ਤਜਰਬੇ ਕਾਰਨ ਅਨੇਕਾਂ ਹੀ ਪੀ. ਐਚ. ਡੀ. ਕਰ ਰਹੇ ਵਿਦਿਆਰਥੀਆਂ ਨੂੰ ਗਾਈਡ ਕੀਤਾ। ਉਸ ਦੇ ਹੁਣ ਤੱਕ ਕੀਤੇ ਉਪਰੋਕਤ ਕਾਰਜਾਂ ਦਾ ਕਿਸੇ ਸੰਸਥਾ ਨੇ ਮੁੱਲ ਨਹੀਂ ਪਾਇਆ।
ਇਹ ਹਰਫਨਮੌਲਾ ਖੋਜੀ ਲੇਖਕ ਹਰ ਲੇਖ ਦੇ ਵਿੱਚ ਹਰ ਦਿਨ ਨਵੀਆਂ ਨਵੀਆਂ ਗੱਲਾਂ ਕਰਦਾ ਵੇਖਿਆ ਜਾ ਸਕਦਾ ਹੈ। ਇਸ ਦਾ ਦਾਇਰਾ ਬਹੁਤ ਵਸੀਹ ਹੈ। ਊਹ ਸਾਹਿਤ ਤੋਂ ਲੈਕੇ ਰਾਜਨੀਤੀ, ਆਰਥਿਕਤਾ ਅਤੇ ਸਮਾਜਕ ਮੁੱਦਿਆਂ ਉੱਤੇ ਅਵਾਮੀ ਭਾਸ਼ਾ ਵਿੱਚ ਖੁਲ੍ਹ ਕੇ ਲਿਖਦਾ ਹੈ। ਕਦੇ ਬੁੱਧ ਬਾਣ ਛੱਡਦਾ ਹੈ, ਕਦੇ ਬੁੱਧ ਬੋਲ ਬੋਲਦਾ ਹੈ , ਕਦੇ ਤਾਇਆ ਬਿਸ਼ਨਾ ਬਣਦਾ ਹੈ, ਕਦੇ ਪਿਆਜ ਦੇ ਛਿਲਕੇ ਲਾਹੁੰਦਾ ਹੈ, ਕਦੇ ਪੋਲ ਖੋਲ੍ਹਦਾ ਹੈ, ਕਦੇ ਇਲਤੀਨਾਮਾ ਤੇ ਬੁੱਧ ਚਿੰਤਨ ਕਰਦਾ ਵੇਖਿਆ ਜਾ ਸਕਦਾ ਹੈ।

ਯੂਟਿਊਬ, ਫੇਸ ਬੁੱਕ, ਰੇਡੀਓ ਅਤੇ ਅਖਬਾਰਾਂ ਵਿੱਚ ਇਸ ਨੂੰ ਸਹਿਜੇ ਹੀ ਚਰਚਾ ਕਰਦੇ ਵੇਖਿਆ ਜਾ ਸਕਦਾ ਹੈ। ਅੱਜਕਲ੍ਹ ਉਹ ਲੁਧਿਆਣੇ ਤੋਂ ਰੋਜ਼ਾਨਾ ਨਿਕਲਦੇ ਅਖ਼ਬਾਰ ਪ੍ਰਾਇਮ ਉਦੇ ਦਾ ਸੰਪਾਦਕ ਹੈ। ਉਹ ਲੰਮੇ ਲੰਮੇ ਸਮਾਜਿਕ ਸਰੋਕਾਰਾਂ ਨਾਲ ਜੁੜੇ ਲੇਖ ਲਿਖਦਾ ਹੈ। ਇਹ ਆਪਣੀ ਪਤਨੀ ਬਲਜੀਤ ਕੌਰ ਤੇ ਬੇਟੇ ਗੌਰਵਦੀਪ ਸਿੰਘ (ਦੀਪ ਸਾਹਨੀ) ਦੇ ਨਾਲ ਬਹੁਤ ਹੀ ਸਧਾਰਨ ਜ਼ਿੰਦਗੀ ਜੀਅ ਰਿਹਾ ਹੈ। ਇਹ ਹਮੇਸ਼ਾ ਦੂਜਿਆਂ ਦੀ ਮੱਦਦ ਕਰਨ ਵਾਲਾ ਕਾਮਰੇਡੀ ਸੁਭਾਅ ਦਾ ਮਾਲਕ ਹੈ। ਇਸ ਉੱਤੇ ਮਾਰਕਸਵਾਦੀ ਵਿਚਾਰਧਾਰਾ ਦਾ ਗਹਿਰਾ ਪ੍ਰਭਾਵ ਹੈ। ਇਸ ਕਰਕੇ ਇਹ ਹਮੇਸ਼ਾ ਹੀ ਸਥਾਪਤੀ ਵਿਰੋਧੀ ਪੁਜੀਸ਼ਨ ਦਾ ਧਾਰਨੀ ਰਿਹਾ ਹੈ। ਉਹ ਮਿੱਤਰਾਂ ਦਾ ਮਿੱਤਰ ਹੈ। ਉਸ ਨੂੰ ਸੱਚ ਗੱਲ ਕਹਿਣ ਵਿੱਚ ਕੋਈ ਝਿਜਕ ਮਹਿਸੂਸ ਨਹੀਂ ਹੁੰਦੀ। ਇਸੇ ਸੁਭਾਅ ਦਾ ਕਈ ਲੋਕ ਨਿੱਜੀ ਲਾਹਾ ਖੱਟਦੇ ਰਹੇ ਹਨ। ਕੁੱਝ ਵੀ ਹੈ ਉਸ ਨੂੰ ਮਾੜਾ ਚੰਗਾ ਕਹਿਣ ਵਾਲੇ ਵੀ ਮੈਂ ਕਈ ਵਾਰ ਪਿਆਰਦੇ ਵੇਖੇ ਹਨ। ਸੱਚ ਮੁੱਚੀਂ ਉਹ ਇੱਕ ਕਲਮੀ, ਕਰਮੀ ਕਿਰਤੀ ਯੋਧਾ ਹੈ ਜਿਸ ਦੀ ਸਾਹਿਤਕ ਖੇਤਰ ਵਿੱਚ ਇੱਕ ਵਿਲੱਖਣ ਥਾਂ ਹੈ ਇਸੇ ਕਰਕੇ ਉਸ ਦੀ ਤੂਤੀ ਬੋਲਦੀ ਹੈ। ਨੀਲੋਂ ਦਾ ਨਾਂ ਹੀ ਬੁੱਧ ਸਿੰਘ ਹੋ ਜਾਣਾ ਕੋਈ ਛੋਟੀ ਗੱਲ ਨਹੀਂ।ਦੂਸਰੀ ਸਭ ਤੋਂ ਵੱਡੀ ਗੱਲ ਪੰਜਾਬੀ ਸਾਹਿਤਕ ਜਗਤ ਦੇ ਵਿਸ਼ਾਲ ਖੋਜ ਖੇਤਰ ਵਿੱਚ ਨੀਲੋਂ ਦਾ ਕੋਈ ਬਦਲ ਨਹੀਂ।

ਸਾਂਝਾ ਕਰੋ

ਪੜ੍ਹੋ