ਬੁੱਧ ਕਵਿਤਾ/ਬੱਲੀਆਂ ਚੁਗਦੀਆਂ ਮਾਵਾਂ ਧੀਆਂ/ਬੁੱਧ ਸਿੰਘ ਨੀਲੋਂ

ਹਰ ਸਾਲ ਵੈਸਾਖ ਦੇ ਦਿਨੀਂ
ਉਹ ਦੋਵੇਂ ਮਾਵਾਂ ਧੀਆਂ ਖੇਤਾਂ ਵਿੱਚ
ਆਪਣੇ ਹਿੱਸੇ ਦੀਆਂ ਬੱਲੀਆਂ ਚੁਗਦੀਆਂ ਨੇ,
ਇਸ ਤੋਂ ਪਹਿਲਾਂ ਉਹਦੀ ਸੱਸ ਤੇ ਧੀ
ਆਉਂਦੀਆਂ ਸੀ
ਕੇਹੀ ਕੁਦਰਤ ਦੀ ਖੇਡ ਹੈ
ਇਹ ਖੇਤ ਕਿਸੇ ਦੇ ਹਨ ਤੇ ਬੱਲੀਆਂ
ਹਰ ਸਾਲ ਉਨ੍ਹਾਂ ਦੇ ਹਿੱਸੇ ਆਉਦੀਆਂ ਨੇ
ਉਹ ਦੋ ਮਾਵਾਂ ਤੇ ਧੀਆਂ
ਮੁੜਕੋ ਮੁੜਕੀ ਹੋਈਆਂ ਇਕ ਸਿਰੇ ਤੋਂ
ਦੂਜੇ ਸਿਰੇ ਤੱਕ ਆਪਣੀਆਂ ਬੱਲੀਆਂ ਚੁਗਦੀਆਂ ਨੇ
ਜਦ ਕਦੇ ਚਾਰ ਕੁ ਛਿੱਟੇ ਕੱਠੇ ਮਿਲ ਜਾਂਦੇ
ਉਹਦੇ ਅੱਖਾਂ ਦੇ ਵਿੱਚ ਰੌਣਕ ਆ ਜਾਂਦੀ
ਮੁੜਕਾ ਖੁਸ਼ੀ ਦੇ ਸਾਹਾਂ ਦੇ ਨਾਲ ਸੁਕ ਜਾਂਦਾ
ਸੁੱਕਿਆ ਹੋਇਆ ਮੁੜਕਾ ਇਕ ਚਿੱਟੀ
ਜਿਹੀ ਲਕੀਰ ਛੱਡ ਜਾਂਦਾ
ਕਦੇ ਉਹ ਆਪਨੇ ਝੱਗੇ ਦੇ ਨਾਲ
ਮੁੜਕਾ ਪੂੰਝਦੀ ਤਾਂ ਉਹਦਾ ਰੂਪ
ਨਿਖਰ ਆਉਂਦਾ
ਤੇ ਉਹ ਆਪੇ ਹੱਸ ਪੈਂਦੀ
ਉਹ ਆਪਣੀ ਮਾਂ ਤੋਂ ਚਾਰ ਕਦਮ ਅੱਗੇ ਰਹਿੰਦੀ ਤੇ
ਕਦੇ ਵੀ ਪਿੱਛੇ ਪਰਤ ਕੇ ਨਾ ਵੇਖਦੀ
ਪਰ ਖੇਤ ਉਸਨੂੰ ਸਾਰੀ ਦੀ ਸਾਰੀ ਨੂੰ ਵੇਖਦਾ ਰਹਿੰਦਾ
ਖੇਤ ਤਾਂ ਉਸਦਾ ਨਹੀਂ ਸੀ
ਉਹ ਉਸਨੂੰ ਕਿਉਂ ਦੇਖਦਾ ?

ਉਹ ਜਾਣਦੀ ਹੈ ਕਦੇ ਕਦੇ
ਖੇਤ ਉਸਦੇ ਵੱਲ ਵੇਖਦਾ ਤਾਂ
ਉਹ ਆਪਣੀ ਮਾਂ ਵੱਲ ਵੇਖਦੀ
ਉਸ ਨਾਲ ਉਹ
ਅੱਖਾਂ ਦੇ ਵਿੱਚ ਸਵਾਲ ਜਵਾਬ ਕਰਦੀ
ਚੁਪ ਚਾਪ ਇਕ ਇਕ ਬੱਲੀ ਚੁਗ ਕੇ ਝੋਲੀ
ਪਾਉਦੀ ਜਦ ਕਦੇ ਉਹ ਬੇ ਧਿਆਨ ਹੋ
ਤੁਰਦੀ ਤਾਂ ਕਰਚਾ ਪੈਰਾਂ ਵਿੱਚ ਨਹੀਂ ਸਗੋਂ
ਉਸਦੀ ਹਿੱਕ ਵਿੱਚ ਚੁੱਭ ਜਾਂਦਾ
ਉਹ ਉਚੀ ਦੇਣੇ ਚੀਕ ਮਾਰਦੀ
ਨੀ ਬੀਬੀ…
ਬੀਬੀ ਦੀ ਤਾਂ ਜਾਨ ਮੁੱਠੀ ਵਿੱਚ ਆ ਜਾਂਦੀ ਤੇ
ਉਹ ਸੂਲਾਂ ਵਰਗੇ ਕਰਚੇ ਨੂੰ
ਧੂਹ ਕੱਢ ਦੀ ਤੇ ਆਪਣੀ ਚੁੰਨੀ ਦੇ ਲੜ ਨਾਲ
ਸਾਫ ਕਰਦੀ ਤਾਂ ਮਾਂ ਗੁਆਚ ਜਾਂਦੀ
ਦੂਰ ਪੇਕੇ ਪਿੰਡ ਪੁਜ ਜਾਂਦੀ
ਬੇਬੇ ਦਾ ਪੱਥਰ ਹੋਇਆ ਚਿਹਰਾ ਦੇਖਦੀ
ਫੇਰ ਚੀਕ ਮਾਰਦੀ
ਨੀ ਬੀਬੀਏ ਏ
ਨੀ ਬੀਬੀ ਮੈਨੂੰ ਕੁਸ ਨਹੀਂ ਹੋਇਆ
ਚੱਲ ਘੁੱਟ ਪਾਣੀ ਪੀ ਲਈਏ
ਉਹ ਪਰੇ ਵਗਦੇ ਖਾਲ ਵਿੱਚੋਂ
ਬੁੱਕਾਂ ਭਰ ਪਾਣੀ ਪੀਦੀ…
ਕਦੇ ਮੂੰਹ ਉਤੇ ਛਿੱਟੇ ਮਾਰਦੀ
ਕਦੇ ਚੁੰਨੀ ਦੇ ਲੜ ਨਾਲ ਕਦੇ ਝੱਗੇ ਦੇ
ਪੱਲੇ ਨਾਲ ਮੂੰਹ ਸਾਫ ਕਰਦੀ
ਪਾਣੀ ਵਿੱਚ ਡੱਕੇ ਸੁਟ ਕੇ ਹੱਸਦੀ ਰਹਿੰਦੀ
ਕਦੇ ਨਾੜ ਦੇ ਨਾਲ ਪਾਣੀ ਪੀਂਦੀ

ਸਦੀਆਂ ਤੋਂ ਉਹ ਹਰ ਸਾਲ ਖੇਤਾਂ ਵਿੱਚੋਂ
ਆਪਣੇ ਹਿੱਸੇ ਦੀਆਂ ਬੱਲੀਆਂ ਚੁਗਦੀਆਂ
ਝੋਲੀਆਂ ਭਰਦੀਆਂ ਖਾਣ ਜੋਗੇ ਦਾਣੇ ਕਰਦੀਆਂ

ਕਦੇ ਬੀਚਰ ਗਈ ਧੀ ਨੂੰ ਆਖਦੀ
ਪੁੱਤ ਆ ਹੀ ਚਾਰ ਦਿਨ ਨੇ ਕੰਮ ਦੇ
ਫੇਰ ਧਰਤੀ ਨੂੰ ਲਾਂਬੂ ਲਾ ਦੇਣਾ ਹੈ
ਉਸਨੂੰ ਲੱਗਦਾ ਖੇਤ ਦੇ ਕਚਰਿਆਂ ਨੂੰ ਨਹੀਂ
ਉਸਦੇ ਢਿੱਡ ਨੂੰ ਅੱਗ ਲੱਗ ਗਈ ਹੋਵੇ
ਉਹ ਭੱਜ ਖਾਲ ਵਿੱਚ ਚੱਪ ਮਾਰ ਬਹਿ ਜਾਂਦੀ
ਅੰਦਰ ਲੱਗੀ ਅੱਗ ਨੂੰ ਸ਼ਾਂਤ ਕਰਦੀ…ਨੀ ਬੀਬੀ….
ਨੀ ਬੀਬੀ ਤੇਰੇ ਤਾਂ ਕੱਪੜੇ ਗੱਚ ਹੋ ਗਏ
ਉਹ ਚੁੱਪ ਚਾਪ ਹਰ ਸਾਲ ਦੀ ਤਰ੍ਹਾਂ
ਖੇਤਾਂ ਵਿੱਚ ਬੱਲੀਆਂ ਚੁਗਦੀ
ਕਦੇ ਕਦੇ ਸੋਚਦੀ ਤੇ ਉਪਰ ਵੱਲ ਮੂੰਹ
ਕਰਕੇ ਉਲਾਂਭੇ ਵਰਗਾ ਰੱਬ ਦਾ ਸੁਕਰਾਨਾ
ਕਰਦੀ, ਤੇਰੀ ਰਜ਼ਾ ਹੈ ਮਾਲਕਾ

ਕਦ ਇੱਕ ਇੱਕ ਦਾਣਾ
ਚੁਗਣ ਤੋਂ ਕਰੇਗਾ
ਸੁਰਖਰੂ…?
ਉਹ ਸਵਾਲ ਕਰਦੀ
ਆਪੇ ਜਵਾਬ ਲੱਭਦੀ
ਬੱਲੀਆਂ ਚੁਗਣ ਲੱਗਦੀ
ਸਿਖਰ ਦੁਪਹਿਰੀ ਘਰ ਪਰਤਦੀ

ਬੱਲੀਆਂ ਚੁਗਦੀ ਮਾਂ ਤੇ ਧੀ
ਧੀ ਦੇ ਵੱਲ ਵੇਖਦੀ…ਹੱਸਦੀ
ਅੱਜ ਤਾਂ ਪੁੱਤ ਦੀ ਪੰਡ ਮੇਰੇ ਨਾਲੋਂ ਭਾਰੀ ਹੈ….
ਉਹ ਆਪਣੀ ਪੰਡ ਨੂੰ ਹੋਲ਼ੀ ਸਮਝਦੀ ਹੈ
ਉਸਦੀ ਬੇਬੇ ਵੀ ਇਹੋ ਹੀ ਸੋਚਦੀ ਸੀ
ਫੇਰ ਲੰਮਾ ਹਾਉਕਾ ਭਰਦੀ
ਉਹਦੀ ਨਾਨੀ ਵੀ ਬੱਲੀਆਂ ਚੁਗਦੀ ਹੁੰਦੀ ਸੀ
ਨਾਨੀ ਦੀ ਨਾਨੀ ਵੀ
ਉਹਦੀ ਮਾਂ ਵੀ ਤੇ ਉਹ ਆਪ ਵੀ
ਹੁਣ ਧੀ ਵੀ ਚੁਗਦੀ ਹੈ
ਖੇਤਾਂ ਵਿੱਚੋਂ ਬੱਲੀਆਂ
ਕਦ ਮੁੱਕੇ ਇਹ ਖਲਜਗਣ ?
ਜੇ ਸਿਰ ਉਤੇ ਛੱਤ ਹੁੰਦੀ ?
ਖਬਰੇ ..?

ਪੁੱਤ ਕੱਲ੍ਹ ਤੋਂ ਸਕੂਲ ਜਾਵੀ
ਮੈਂ ਆਪੇ ਚੁਗ ਲਿਆਊਗੀ
ਤੇਰੇ ਹਿੱਸੇ ਦੀਆਂ ਬੱਲੀਆਂ

ਉਹ ਮੰਜੇ ਉਤੇ ਪਈ ਸੋਚਦੀ ਰਹਿੰਦੀ
ਉਹ ਕੀ ਸੋਚਦੀ ਹੋਵੇਗੀ ?.
ਉਹ ਤਾਂ ਸੁੱਤੀਆਂ ਵੀ ਖੇਤਾਂ ਵਿੱਚੋਂ
ਚੁਗਦੀਆਂ ਨੇ
ਕਣਕ ਦੀਆਂ ਬੱਲੀਆਂ
ਧਾਨਾਂ ਦੀਆਂ ਮੁੰਜਰਾਂ
ਦੋਵੇਂ ਮਾਵਾਂ ਧੀਆਂ
ਸਦੀਆਂ ਤੋਂ ਯੁੱਗਾਂ ਤੋਂ

ਕਦੋਂ ਤੱਕ ?
ਬੁੱਧ ਸਿੰਘ ਨੀਲੋੰ
94643 70823

ਸਾਂਝਾ ਕਰੋ

ਪੜ੍ਹੋ