ਝਾਰਖੰਡ, 18 ਅਕਤੂਬਰ – ਗਾਜ਼ੀਆਬਾਦ ਦੇ ਕਰਾਸ ਰਿਪਬਲਿਕ ਇਲਾਕੇ ‘ਚ ਰਹਿਣ ਵਾਲੇ ਇਕ ਕਾਰੋਬਾਰੀ ਨੇ ਆਪਣੇ ਘਰ ‘ਚ ਕੰਮ ਕਰਨ ਵਾਲੀ ਨੌਕਰਾਣੀ ਦੇ ਪਿਸ਼ਾਬ ਨਾਲ ਆਟੇ ਨੂੰ ਗੁੰਨ੍ਹ ਕੇ ਰੋਟੀ ਬਣਾਉਣ ਤੋਂ ਬਾਅਦ ਹੁਣ ਝਾਰਖੰਡ ਦੇ ਗੜ੍ਹਵਾ ਤੋਂ ਇਕ ਵੀਡੀਓ ਵਾਇਰਲ ਹੋਈ ਹੈ, ਜਿੱਥੇ ਆਟੇ ਨੂੰ ਪੈਰਾਂ ਨਾਲ ਗੁੰਨ੍ਹਿਆ ਜਾ ਰਿਹਾ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਹਰਕਤ ‘ਚ ਆ ਗਈ ਅਤੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਸਥਾਨਕ ਲੋਕਾਂ ‘ਚ ਰੋਸ ਦਾ ਮਾਹੌਲ ਹੈ।
ਇਹ ਘਟਨਾ ਮਝੀਆਂ ਬਾਜ਼ਾਰ ਥਾਣਾ ਖੇਤਰ ‘ਚ ਵਾਪਰੀ, ਜਿੱਥੇ ਦੋ ਦੁਕਾਨਦਾਰ ਗੋਲਗੱਪਾ ਬਣਾਉਣ ਲਈ ਆਪਣੇ ਪੈਰਾਂ ਨਾਲ ਆਟਾ ਗੁੰਨ੍ਹ ਰਹੇ ਸਨ। ਪੁੱਛਗਿੱਛ ਦੌਰਾਨ ਦੋਵਾਂ ਦੋਸ਼ੀਆਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਗੋਲਗੱਪੇ ਦਾ ਸਵਾਦ ਵਧਾਉਣ ਲਈ ਪਾਣੀ ‘ਚ ਕੁਝ ਮਿਲਾਵਟ ਵੀ ਕਰਦੇ ਸਨ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਦੀ ਵੀਡੀਓ ਬਣਾਉਣ ਵਾਲੇ ਅਰਵਿੰਦ ਯਾਦਵ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦੇ ਚਚੇਰੇ ਭਰਾਵਾਂ ਅੰਸ਼ੂ ਅਤੇ ਰਾਘਵੇਂਦਰ ਨਾਲ ਲੜਾਈ ਹੋਈ ਸੀ। ਇਸ ਤੋਂ ਬਾਅਦ ਉਸ ਨੇ ਅੰਸ਼ੂ ਅਤੇ ਰਾਘਵੇਂਦਰ ਨੂੰ ਪੈਰਾਂ ਨਾਲ ਆਟਾ ਗੁੰਨਦਿਆਂ ਦਾ ਵੀਡੀਓ ਬਣਾ ਕੇ ਵਾਇਰਲ ਕਰ ਦਿੱਤਾ।
ਇਸ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸਥਾਨਕ ਪੁਲਿਸ ਥਾਣਾ ਇੰਚਾਰਜ ਅਕਾਸ਼ ਕੁਮਾਰ ਨੇ ਦੱਸਿਆ ਕਿ ਦੋਵੇਂ ਦੋਸ਼ੀ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ | ਅੰਸ਼ੂ ਝਾਂਸੀ ਜ਼ਿਲ੍ਹੇ ਦੇ ਸੇਸਾ ਪਿੰਡ ਦਾ ਰਹਿਣ ਵਾਲਾ ਹੈ ਅਤੇ ਰਾਘਵੇਂਦਰ ਜਾਲੌਨ ਜ਼ਿਲ੍ਹੇ ਦੇ ਪਿੰਡ ਨੂਰਪੁਰ ਦਾ ਰਹਿਣ ਵਾਲਾ ਹੈ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਕੋਲੋਂ ਇਕ ਸਫੇਦ ਰੰਗ ਦਾ ਠੋਸ ਪਦਾਰਥ ਮਿਲਿਆ ਹੈ, ਜਿਸ ਨੂੰ ਫਟਕੜੀ ਦੱਸਿਆ ਗਿਆ ਹੈ। ਜਦੋਂ ਇਸ ਪਦਾਰਥ ਨੂੰ ਪਾਣੀ ਵਿੱਚ ਮਿਲਾਇਆ ਜਾਂਦਾ ਹੈ, ਤਾਂ ਇਹ ਇਸ ਨੂੰ ਖੱਟਾ ਬਣਾ ਦਿੰਦਾ ਹੈ। ਹੁਣ ਉਸ ਨੂੰ ਮੈਡੀਕਲ ਲੈਬ ਵਿੱਚ ਭੇਜਿਆ ਜਾਵੇਗਾ ਤਾਂ ਜੋ ਉਸ ਦੀ ਜਾਂਚ ਕੀਤੀ ਜਾ ਸਕੇ। ਦੋਵੇਂ ਨੌਜਵਾਨ ਗੜ੍ਹਵਾ ਦੀ ਕਰਿਆਨੇ ਦੀ ਦੁਕਾਨ ਤੋਂ ਚਿੱਟਾ ਕੈਮੀਕਲ ਖਰੀਦਦੇ ਹਨ, ਜਿਸ ਦੀ ਵੀ ਜਾਂਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸਥਾਨਕ ਲੋਕ ਦੋਵਾਂ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕਰ ਰਹੇ ਹਨ।