‘‘ਸੁਪਨੇ ਉਹ ਨਹੀਂ ਹੁੰਦੇ ਜੋ ਨੀਂਦ ਵਿਚ ਆਉਂਦੇ ਹਨ, ਸੁਪਨੇ ਤਾਂ ਉਹ ਹੁੰਦੇ ਹਨ ਜੋ ਨੀਂਦ ਉਡਾ ਕੇ ਲੈ ਜਾਂਦੇ ਹਨ।’’ਇਹ ਸ਼ਬਦ ਭਾਰਤ ਦੇ ਮਹਾਨ ਵਿਗਿਆਨੀ, ਹਰਦਿਲ ਅਜ਼ੀਜ਼ ਰਾਸ਼ਟਰਪਤੀ ਅਤੇ ਮਿਜ਼ਾਈਲ ਮੈਨ ਦੇ ਨਾਂ ਨਾਲ ਜਾਣੇ ਜਾਂਦੇ ਡਾ. ਏਪੀਜੇ ਅਬਦੁਲ ਕਲਾਮ ਦੇ ਹਨ। ਉਨ੍ਹਾਂ ਦਾ ਜਨਮ 15 ਅਕਤੂਬਰ 1931 ਨੂੰ ਪਿਤਾ ਜਲਾਲੁਦੀਨ ਅਤੇ ਮਾਤਾ ਆਸ਼ੀਅੱਮਾ ਦੇ ਘਰ ਰਾਮੇਸ਼ਵਰਮ (ਤਾਮਿਲਨਾਡੂ) ਵਿਖੇ ਹੋਇਆ ਸੀ। ਉਨ੍ਹਾਂ ਦੇ ਪਿਤਾ ਜ਼ਿਆਦਾ ਪੜ੍ਹੇ-ਲਿਖੇ ਨਹੀਂ ਸਨ ਪਰ ਉਹ ਮਹੱਤਵਪੂਰਨ ਮਸਲਿਆਂ ਨੂੰ ਸੰਜੀਦਗੀ ਨਾਲ਼ ਸੁਲਝਾਉਣ ਦਾ ਹੁਨਰ ਰੱਖਦੇ ਸਨ। ਮੁੱਢਲੀ ਪੜ੍ਹਾਈ ਰਾਮੇਸ਼ਵਰਮ ਵਿਚ ਪੂਰੀ ਕਰਨ ਉਪਰੰਤ ਅਬਦੁਲ ਕਲਾਮ ਨੇ ਇੰਟਰ ਕਰ ਕੇ ਬੀਐੱਸਸੀ ਕੀਤੀ। ਉਨ੍ਹਾਂ ਨੂੰ ਬਾਅਦ ਵਿਚ ਇਹ ਇਹਸਾਸ ਹੋਇਆ ਕਿ ਉਨ੍ਹਾਂ ਦਾ ਵਿਸ਼ਾ ਭੌਤਿਕ ਵਿਗਿਆਨ ਨਹੀਂ ਸਗੋਂ ਏਅਰੋਸਪੇਸ ਇੰਜੀਨੀਅਰਿੰਗ ਹੈ। ਫਿਰ ਉਨ੍ਹਾਂ ਨੇ ਮਦਰਾਸ ਇੰਸਟੀਚਿਊਟ ਆਫ ਟੈਕਨਾਲੋਜੀ ਵਿਚ ਦਾਖ਼ਲਾ ਲੈਣਾ ਚਾਹਿਆ ਪ੍ਰੰਤੂ ਉਨ੍ਹਾਂ ਦੇ ਰਾਹ ਵਿਚ ਜੋ ਸਭ ਤੋਂ ਵੱਡੀ ਮੁਸ਼ਕਲ ਸੀ, ਉਹ ਸੀ ਫ਼ੀਸ। ਫ਼ੀਸ ਭਰਨ ਲਈ ਉਨ੍ਹਾਂ ਦੀ ਭੈਣ ਜੌਹਰਾ ਨੇ ਆਪਣੇ ਸੋਨੇ ਦੇ ਕੰਗਨ ਵੇਚ ਦਿੱਤੇ ਸਨ। ਤੰਗੀਆਂ-ਤੁਰਸ਼ੀਆਂ ’ਚੋਂ ਗੁਜ਼ਰਦੇ ਕਲਾਮ ਨੇ ਆਪਣੀ ਪੜ੍ਹਾਈ ਪੂਰੀ ਕੀਤੀ।
ਪੜ੍ਹਾਈ ਪੂਰੀ ਹੋਣ ਉਪਰੰਤ ਉਨ੍ਹਾਂ ਨੇ ਭਾਰਤੀ ਰੱਖਿਆ ਸੰਸਥਾਨ ਵਿਚ ਨੌਕਰੀ ਦੀ ਸ਼ੁਰੂਆਤ ਕੀਤੀ। ਕੁਝ ਸਮੇਂ ਬਾਅਦ ਉਨ੍ਹਾਂ ਦੀ ਚੋਣ ਭਾਰਤੀ ਸਪੇਸ ਏਜੰਸੀ ਵਿਚ ਬਤੌਰ ਪ੍ਰਾਜੈਕਟ ਡਾਇਰੈਕਟਰ (ਰਾਕਟ ਵਿਗਿਆਨੀ) ਦੇ ਤੌਰ ’ਤੇ ਹੋਈ। ਉਨ੍ਹਾਂ ਨੇ ਉਪਗ੍ਰਹਿ ਦਾਗਣ ਲਈ ਸਵਦੇਸ਼ੀ ਲਾਂਚ ਵਹੀਕਲ ਦੇ ਸੁਪਨੇ ਨੂੰ ਅਮਲੀਜਾਮਾ ਪਹਿਨਾਇਆ। ਇਸੇ ਦਾ ਹੀ ਨਤੀਜਾ ਹੈ ਕਿ ਭਾਰਤ ਨੇ ਆਪਣੇ ਦੇਸ਼ ਵਿਚ ਬਣੇ ਲਾਂਚ ਵਹੀਕਲ ਰਾਹੀਂ ਰੋਹਿਣੀ ਉਪਗ੍ਰਹਿ ਪੁਲਾੜ ਵਿਚ ਸਥਾਪਤ ਕੀਤਾ। ਡੀਆਰਡੀਓ ਵਿਚ ਕੰਮ ਕਰਦਿਆਂ ਉਨ੍ਹਾਂ ਨੇ ਅਗਨੀ, ਆਕਾਸ਼ ਅਤੇ ਨਾਗ ਮਿਜ਼ਾਈਲਾਂ ਭਾਰਤ ਦੇ ਰੱਖਿਆ ਸੰਸਥਾਨ ਨੂੰ ਪ੍ਰਦਾਨ ਕਰ ਕੇ ਭਾਰਤ ਦੀ ਰੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਕੀਤਾ। ਸੰਨ 1998 ਵਿਚ ਕੀਤਾ ਪੋਖਰਨ ਪ੍ਰੀਖਣ ਭਾਰਤ ਦੀ ਪਰਮਾਣੂ ਸ਼ਕਤੀ ਵਿਚ ਵਾਧਾ ਕਰ ਕੇ ਦੁਨੀਆ ਨੂੰ ਇਹ ਸੰਦੇਸ਼ ਦੇਣ ਵਿਚ ਕਾਮਯਾਬ ਹੋਇਆ ਕਿ ਭਾਰਤ ਹੁਣ ਸਮੇਂ ਦਾ ਹਾਣੀ ਬਣ ਚੁੱਕਿਆ ਹੈ। ਇਹ ਕਿਸੇ ਵਿਦੇਸ਼ੀ ਤਾਕਤ ਦਾ ਮੁਥਾਜ ਨਹੀਂ ਰਿਹਾ। ਕਲਾਮ ਸਾਬ੍ਹ ਇਕ ਵਿਗਿਆਨੀ ਹੀ ਨਹੀਂ ਸਗੋਂ ਦਾਰਸ਼ਨਿਕ ਵੀ ਸਨ। ਉਨ੍ਹਾਂ ਲਈ ਸਾਰੇ ਮਜ਼ਹਬ ਬਰਾਬਰ ਅਤੇ ਸਨਮਾਨਯੋਗ ਸਨ। ਉਨ੍ਹਾਂ ਨੂੰ ਕਲਾ, ਸੰਗੀਤ ਅਤੇ ਸਾਹਿਤ ਨਾਲ਼ ਵੀ ਬਹੁਤ ਪਿਆਰ ਸੀ।
ਉਹ ਫ਼ੁਰਸਤ ਦੇ ਸਮੇਂ ਵਿਚ ਕਵਿਤਾ ਲਿਖਦੇ ਅਤੇ ਗ਼ਜ਼ਲ ਗਾਇਆ ਕਰਦੇ ਸਨ। ਉਨ੍ਹਾਂ ਦੀ ਆਪਣੀ ਮਾਂ ਨੂੰ ਲਿਖੀ ਕਵਿਤਾ ਅੱਜ ਵੀ ਓਨੀ ਹੀ ਮਹੱਤਤਾ ਰੱਖਦੀ ਹੈ ਜਿੰਨੀ ਉਸ ਸਮੇਂ ਸੀ। ਉਨ੍ਹਾਂ ਨੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਮਹੱਤਵਪੂਰਨ ਕਿਤਾਬਾਂ ਦੀ ਰਚਨਾ ਕੀਤੀ ਜਿਨ੍ਹਾਂ ਵਿਚ ‘ਇੰਡੀਆ 2020-ਏ ਵਿਜ਼ਨ ਫਾਰ ਦਿ ਨਿਊ ਮਿਲੇਨੀਅਮ, ‘ਦਿ ਵਿੰਗਜ਼ ਆਫ ਫਾਇਰ’ (ਸਵੈ-ਜੀਵਨੀ) ,ਇੰਗਨਾਈਟਡ ਮਾਈਂਡਜ਼ ਮਹੱਤਵਪੂਰਨ ਕਿਤਾਬਾਂ ਵਿੱਚੋਂ ਪ੍ਰਮੁੱਖ ਹਨ। ਉਨ੍ਹਾਂ ਦੇ ਅਣਮੁੱਲੇ ਵਿਚਾਰ ਅੱਜ ਵੀ ਨੌਜਵਾਨਾਂ ਵਿਚ ਨਵੀਂ ਉਮੰਗ ਪੈਦਾ ਕਰਦੇ ਹਨ। ਅਬਦੁਲ ਕਲਾਮ ਭਾਰਤ ਨੂੰ ਵਿਗਿਆਨ ਅਤੇ ਤਕਨਾਲੋਜੀ ਪੱਖੋਂ ਸਮੇਂ ਦਾ ਹਾਣੀ ਬਣਾਉਣਾ ਚਾਹੁੰਦੇ ਸਨ। ਡਾ. ਬਿਕਰਮ ਸਾਰਾਭਾਈ ਜਿਨ੍ਹਾਂ ਨੇ ਭਾਰਤੀ ਪੁਲਾੜ ਖੋਜ ਸੰਸਥਾਨ ਦੀ ਨੀਂਹ ਰੱਖ ਕੇ ਭਾਰਤ ਨੂੰ ਪੁਲਾੜ ਵਿਗਿਆਨ ਦੀ ਗੁੜ੍ਹਤੀ ਦਿੱਤੀ ਸੀ, ਡਾ. ਕਲਾਮ ਨੇ ਸਾਰਾਭਾਈ ਦੇ ਉਸ ਅਧੂਰੇ ਸੁਪਨੇ ਨੂੰ ਹਕੀਕਤ ’ਚ ਬਦਲ ਕੇ ਭਾਰਤ ਦੀ ਨੌਜਵਾਨ ਸ਼ਕਤੀ ਅਤੇ ਕਾਬਲੀਅਤ ਦਾ ਲੋਹਾ ਪੂਰੇ ਵਿਸ਼ਵ ਵਿਚ ਮਨਵਾਇਆ।
ਉਹ ਸਾਦਗੀ ਵਾਲੀ ਜ਼ਿੰਦਗੀ ਨੂੰ ਪਹਿਲ ਦਿੰਦੇ ਸਨ। ਗ਼ੁਰਬਤ ਭਰੀ ਜ਼ਿੰਦਗੀ ਵਿੱਚੋਂ ਉਨ੍ਹਾਂ ਨੇ ਸੁਪਨਿਆਂ ਦੀ ਉਡਾਣ ਭਰੀ। ਦੌਲਤ ਅਤੇ ਐਸ਼ੋ-ਆਰਾਮ ਵਾਲੀ ਜ਼ਿੰਦਗੀ ਤੋਂ ਉਹ ਕੋਹਾਂ ਦੂਰ ਰਹੇ। ਦੇਸ਼ ਦੇ ਸਿਰਮੌਰ ਵਿਗਿਆਨੀ ਤੇ ਗਿਆਰਵੇਂ ਰਾਸ਼ਟਰਪਤੀ (25 ਜੁਲਾਈ 2002-25 ਜੁਲਾਈ 2007 ਤੱਕ) ਹੋਣ ਦੇ ਬਾਵਜੂਦ ਇਕ ਸਾਦੇ ਕਮਰੇ ਵਿਚ ਰਹੇ। ਕਲਾਮ ਸਾਬ ਨੂੰ ਮਿਜ਼ਾਈਲ ਮੈਨ ਕਿਹਾ ਜਾਂਦਾ ਹੈ। ਉਹ ਹਮੇਸ਼ਾ ਕਹਿੰਦੇ ਸਨ ਕਿ ਨੌਜਵਾਨ ਬੁਲੰਦੀਆਂ ’ਤੇ ਪਹੁੰਚ ਕੇ ਵੀ ਆਪਣੀ ਮਿੱਟੀ ਨਾਲ ਜੁੜੇ ਰਹਿਣ। ਉਹ ਉਸ ਧਰਤੀ ਮਾਂ ਦਾ ਕਦੇ ਦੇਣਾ ਨਹੀਂ ਦੇ ਸਕਦੇ ਜਿਸ ਦੀ ਮਿੱਟੀ ਨੇ ਉਨ੍ਹਾਂ ਨੂੰ ਮਿਹਨਤ, ਹੌਸਲਾ ਅਤੇ ਕਠਿਨਾਈਆਂ ਦਾ ਡਟ ਕੇ ਸਾਹਮਣਾ ਕਰਨ ਦਾ ਜਜ਼ਬਾ ਬਖ਼ਸ਼ਿਆ। ਉਹ ਆਪਣੀ ਪੈਨਸ਼ਨ ਦੀ ਪੂੰਜੀ ਆਪਣੇ ਪਿੰਡ ਦੀ ਪੰਚਾਇਤ ਨੂੰ ਦਿੰਦੇ ਰਹੇ। ਉਹ 27 ਜੁਲਾਈ 2015 ਨੂੰ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ। ਸਰੀਰਕ ਰੂਪ ਵਿਚ ਤਾਂ ਉਹ ਸਾਡੇ ਵਿਚਕਾਰ ਨਹੀਂ ਰਹੇ ਪਰ ਉਨ੍ਹਾਂ ਦੀ ਪ੍ਰੇਰਨਾਮਈ ਜ਼ਿੰਦਗੀ ਦੀ ਸੁਨਹਿਰੀ ਗਾਥਾ ਹਮੇਸ਼ਾ ਨਿਰਾਸ਼ਾ ਦੇ ਆਲਮ ਵਿਚ ਬੈਠੇ ਨੌਜਵਾਨਾਂ ਨੂੰ ਹੌਸਲੇ ਨਾਲ਼ ਮੁੜ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦਾ ਬਲ ਬਖ਼ਸ਼ੇਗੀ।