ਲਾਰੈਂਸ ਬਿਸ਼ਨੋਈ ਗਰੋਹ ਨੇ ਲਈ ਬਾਬਾ ਸਿੱਦੀਕੀ ’ਤੇ ਹਮਲੇ ਦੀ ਜ਼ਿੰਮੇਵਾਰੀ

ਮੁੰਬਈ, 14 ਅਕਤੂਬਰ – ਇੱਥੇ ਐੱਨ ਸੀ ਪੀ ਆਗੂ ਬਾਬਾ ਸਿੱਦੀਕੀ ਦੀ ਹੱਤਿਆ ਦੀ ਲਾਰੈਂਸ ਬਿਸ਼ਨੋਈ ਗਰੋਹ ਨੇ ਜ਼ਿੰਮੇਵਾਰੀ ਲੈ ਲਈ ਹੈ। ਸ਼ੁਭੂ ਲੋਨਕਰ ਮਹਾਰਾਸ਼ਟਰ ਨਾਂਅ ਦੇ ਯੂਜ਼ਰ ਨੇ ਸੋਸ਼ਲ ਮੀਡੀਆ ’ਤੇ ਲਾਰੈਂਸ ਤੇ ਉਸ ਦੇ ਸਾਥੀਆਂ ਨੂੰ ਟੈਗ ਕਰਦਿਆਂ ਕਿਹਾਸਲਮਾਨ ਖਾਨ, ਅਸੀਂ ਇਹ ਜੰਗ ਨਹੀਂ ਚਾਹੁੰਦੇ ਸੀ ਪਰ ਤੂੰ ਸਾਡੇ ਭਾਈ ਦਾ ਨੁਕਸਾਨ ਕਰਵਾਇਆ, ਅੱਜ ਜੋ ਬਾਬਾ ਸਿੱਦੀਕੀ ਦੀਆਂ ਸਿਫਤਾਂ ਦੇ ਪੁਲ ਬੰਨ੍ਹ ਰਹੇ ਹੋ, ਉਹ ਇਕ ਸਮੇਂ ਦਾਊਦ ਨਾਲ ਮਕੋਕਾ ਐਕਟ ਹੇਠ ਸੀ। ਜੇ ਕੋਈ ਸਾਡੇ ਭਾਈ ਨੂੰ ਮਰਵਾਏਗਾ ਤਾਂ ਅਸੀਂ ਜਵਾਬ ਦੇਵਾਂਗੇ। ਸਲਮਾਨ ਖਾਨ ਦੀ ਬਾਂਦਰਾ ਰਿਹਾਇਸ਼ ’ਤੇ ਪੁਲਸ ਸੁਰੱਖਿਆ ਵਧਾ ਦਿੱਤੀ ਗਈ ਹੈ ਕਿਉਂਕਿ ਸਲਮਾਨ ਖਾਨ ਨੂੰ ਲਾਰੈਂਸ ਬਿਸ਼ਨੋਈ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੋਈ ਹੈ। ਬਾਬਾ ਸਿੱਦੀਕੀ ਕੋਲ ਵਾਈ ਸਕਿਉਰਿਟੀ ਸੀ, ਪਰ ਵਾਰਦਾਤ ਵੇਲੇ ਉਨ੍ਹਾ ਨਾਲ ਕੋਈ ਵੀ ਕਾਂਸਟੇਬਲ ਨਹੀਂ ਸੀ। ਪੁਲਸ ਅਨੁਸਾਰ ਹਮਲਾਵਰਾਂ ਨੇ ਆਪਣੇ ਮੂੰਹ ਬੰਨ੍ਹੇ ਹੋਏ ਸਨ ਤੇ ਤਿੰਨ ਵਿੱਚੋਂ ਦੋ ਹਮਲਾਵਰਾਂ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਪੁੱਛਗਿਛ ਵਿਚ ਉਨ੍ਹਾਂ ਨੇ ਦੱਸਿਆ ਕਿ ਉਹ ਪਿਛਲੇ ਦੋ ਮਹੀਨਿਆਂ ਤੋਂ ਬਾਬਾ ਦੀ ਰੇਕੀ ਕਰ ਰਹੇ ਸਨ। ਐੱਨ ਸੀ ਪੀ ਆਗੂ ’ਤੇ ਗੋਲੀਬਾਰੀ ਦੀ ਇਹ ਘਟਨਾ ਸ਼ਨੀਵਾਰ ਸ਼ਾਮੀਂ ਨਿਰਮਲ ਨਗਰ ’ਚ ਕੋਲਗੇਟ ਗਰਾਊਂਡ ਨੇੜੇ ਉਸ ਦੇ ਵਿਧਾਇਕ ਬੇਟੇ ਦੇ ਦਫਤਰ ਸਾਹਮਣੇ ਵਾਪਰੀ। ਸਿੱਦੀਕੀ ਹਾਲ ਹੀ ਦੌਰਾਨ ਕਾਂਗਰਸ ਪਾਰਟੀ ਛੱਡ ਕੇ ਐੱਨ ਸੀ ਪੀ ’ਚ ਸ਼ਾਮਲ ਹੋਏ ਸਨ।

ਹੱਤਿਆਕਾਂਡ ’ਚ ਫੜੇ ਗਏ ਦੋ ਮੁਲਜ਼ਮ ਹਰਿਆਣਾ ਦਾ ਗੁਰਮੇਲ ਸਿੰਘ ਅਤੇ ਯੂ ਪੀ ਦਾ ਧਰਮਰਾਜ ਕਸ਼ਯਪ ਹਨ। ਤੀਜੇ ਤੇ ਮੁੱਖ ਮੁਲਜ਼ਮ ਸ਼ਿਵ ਦੀ ਭਾਲ ਜਾਰੀ ਸੀ। ਸ਼ਿਵ ਅਤੇ ਧਰਮਰਾਜ ਯੂ ਪੀ ਦੇ ਬਹਿਰਾਇਚ ਦੇ ਰਹਿਣ ਵਾਲੇ ਹਨ। ਦੋਵਾਂ ਦਾ ਕੋਈ ਪਿਛਲਾ ਅਪਰਾਧਕ ਰਿਕਾਰਡ ਨਹੀਂ ਹੈ। ਗੁਰਮੇਲ ਕੈਥਲ ਦੇ ਨਰੜ ਪਿੰਡ ਦਾ ਹੈ। ਉਹ ਪਹਿਲਾਂ ਸਿੱਧਾ ਸਾਦਾ ਨੌਜਵਾਨ ਸੀ, ਜੋ ਬਾਅਦ ਵਿਚ ਲਾਰੈਂਸ ਬਿਸ਼ਨੋਈ ਗਰੋਹ ਨਾਲ ਜੁੜ ਗਿਆ। ਉਸ ਦਾ ਨਾਂ ਸਾਲ 2019 ਵਿਚ ਉਸ ਵੇਲੇ ਸੁਰਖੀਆਂ ਵਿਚ ਆਇਆ ਸੀ ਜਦੋਂ ਉਸ ਨੇ ਆਪਣੇ ਪਿੰਡ ਦੇ ਇਕ ਨੌਜਵਾਨ ਸੁਨੀਲ ਦੀ ਹੱਤਿਆ ਕਰ ਦਿੱਤੀ ਸੀ।

ਉਸ ਦੇ ਪਰਵਾਰਕ ਮੈਂਬਰਾਂ ਨੇ ਕਿਹਾ ਹੈ ਕਿ 11 ਸਾਲ ਪਹਿਲਾਂ ਉਨ੍ਹਾਂ ਗੁਰਮੇਲ ਸਿੰਘ ਨੂੰ ਘਰੋਂ ਕੱਢ ਦਿੱਤਾ ਸੀ। ਕੈਥਲ ਦੇ ਐੱਸ ਪੀ ਰਾਜੇਸ਼ ਕਾਲੀਆ ਨੇ ਦੱਸਿਆ ਕਿ ਗੁਰਮੇਲ ਸਿੰਘ 2019 ’ਚ ਹੱਤਿਆ ਦੇ ਇਕ ਮਾਮਲੇ ’ਚ ਗਿ੍ਰਫਤਾਰ ਕੀਤਾ ਗਿਆ ਸੀ, ਜਿਸ ’ਚ ਉਸ ਨੂੰ ਜ਼ਮਾਨਤ ਮਿਲ ਗਈ ਸੀ। ਸਾਲ 2022 ’ਚ ਜੇਲ੍ਹ ਅੰਦਰੋਂ ਉਸ ਕੋਲੋਂ ਇਕ ਮੋਬਾਈਲ ਫੋਨ ਮਿਲਣ ਮਗਰੋਂ ਇਕ ਹੋਰ ਕੇਸ ਦਰਜ ਕੀਤਾ ਗਿਆ ਸੀ। ਉਸ ’ਤੇ ਇਕ ਨੌਜਵਾਨ ਨੂੰ ਕੁੱਟਣ ਦਾ ਕੇਸ ਵੀ ਦਰਜ ਹੈ। ਗੁਰਮੇਲ ਦੀ ਦਾਦੀ ਫੂਲੀ ਦੇਵੀ ਨੇ ਕਿਹਾ ਕਿ ਉਸ ਦੇ ਮਾਪਿਆਂ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਹੈ ਅਤੇ ਪਰਿਵਾਰ ਨੇ ਉਸ ਨਾਲੋਂ 11 ਸਾਲ ਪਹਿਲਾਂ ਨਾਤਾ ਤੋੜ ਲਿਆ ਸੀ। ਉਹ ਉਨ੍ਹਾਂ ਲਈ ਹੁਣ ਕੁਝ ਵੀ ਨਹੀਂ ਹੈ। ਉਸ ਨੂੰ ਕਾਨੂੰਨ ਮੁਤਾਬਕ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਮੁੰਬਈ ਕ੍ਰਾਈਮ ਬ੍ਰਾਂਚ ਨੇ ਮੁਲਜ਼ਮਾਂ ਕੋਲੋਂ 28 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਕਿਸੇ ਕੌਮਾਂਤਰੀ ਗਰੋਹ ਨਾਲ ਵੀ ਜੁੜੇ ਹੋ ਸਕਦੇ ਹਨ। ਪੁਲਸ ਨੇ ਦੋਹਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਦਿਆਂ 14 ਦਿਨਾਂ ਦੇ ਪੁਲਸ ਰਿਮਾਂਡ ਦੀ ਮੰਗ ਕੀਤੀ। ਅਦਾਲਤ ਨੇ ਗੁਰਮੇਲ ਸਿੰਘ ਨੂੰ 21 ਅਕਤੂਬਰ ਤਕ ਪੁਲਸ ਰਿਮਾਂਡ ’ਤੇ ਦੇ ਦਿੱਤਾ ਹੈ ਜਦਕਿ ਧਰਮਰਾਜ ਦੀ ਪੁਲਸ ਕਸਟਡੀ ਨਹੀਂ ਮਿਲੀ।

ਸਾਂਝਾ ਕਰੋ

ਪੜ੍ਹੋ