ਇੰਗਲੈਂਡ ਨੇ ਪਾਕਿਸਤਾਨ ਨੂੰ 47 ਦੌੜਾਂ ਨਾਲ ਹਰਾ ਕੇ ਜਿੱਤ ਕੀਤੀ ਹਾਸਲ

ਮੁਲਤਾਨ, 12 ਅਕਤੂਬਰ – ਇੰਗਲੈਂਡ ਨੇ ਕੁੱਝ ਨਵੇਂ ਰਿਕਾਰਡਾਂ ਦਾ ਗਵਾਹ ਰਹੇ ਪਹਿਲੇ ਟੈਸਟ ਕ੍ਰਿਕਟ ਮੈਚ ਵਿੱਚ ਅੱਜ ਇੱਥੇ ਪਾਕਿਸਤਾਨ ਨੂੰ ਪਾਰੀ ਅਤੇ 47 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ ਸ਼ੁਰੂਆਤੀ ਲੀਡ ਹਾਸਲ ਕੀਤੀ। ਪਾਕਿਸਤਾਨ ਦੀ ਟੀਮ ਮੈਚ ਦੇ ਪੰਜਵੇਂ ਅਤੇ ਆਖ਼ਰੀ ਦਿਨ ਪਹਿਲੇ ਸੈਸ਼ਨ ’ਚ 220 ਦੌੜਾਂ ’ਤੇ ਆਊਟ ਹੋ ਗਈ। ਪਾਕਿ ਤਰਫ਼ੋਂ ਸਲਮਾਨ ਅਲੀ ਆਗਾ (63) ਅਤੇ ਅਮੀਰ ਜਲਾਲ (ਨਾਬਾਦ 55) ਨੇ ਨੀਮ ਸੈਂਕੜੇ ਜੜ੍ਹੇ ਪਰ ਇਸ ਨਾਲ ਉਹ ਹਾਰ ਦਾ ਫ਼ਰਕ ਹੀ ਘੱਟ ਕਰ ਸਕੇ। ਅਬਰਾਰ ਅਹਿਮਦ ਬੁਖ਼ਾਰ ਹੋਣ ਕਾਰਨ ਬੱਲੇਬਾਜ਼ੀ ਲਈ ਨਹੀਂ ਆਇਆ। ਪਾਕਿਸਤਾਨ ਪਹਿਲੀ ਅਜਿਹੀ ਟੀਮ ਬਣ ਗਈ ਹੈ, ਜਿਸ ਨੂੰ ਪਹਿਲੀ ਪਾਰੀ ’ਚ 500 ਤੋਂ ਵੱਧ ਦੌੜਾਂ ਬਣਾਉਣ ਦੇ ਬਾਵਜੂਦ ਪਾਰੀ ਦੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪਾਕਿਸਤਾਨ ਨੇ ਆਪਣੀ ਪਹਿਲੀ ਪਾਰੀ ’ਚ 556 ਦੌੜਾਂ ਬਣਾਈਆਂ ਸੀ, ਜਿਸ ਦੇ ਜਵਾਬ ਵਿੱਚ ਇੰਗਲੈਂਡ ਨੇ ਆਪਣੀ ਪਹਿਲੀ ਪਾਰੀ ਸੱਤ ਵਿਕਟਾਂ ’ਤੇ 823 ਦੌੜਾਂ ਬਣਾ ਕੇ ਸਮਾਪਤ ਐਲਾਨ ਦਿੱਤੀ। ਖੱਬੇ ਹੱਥ ਦੇ ਸਪਿੰਨਰ ਜੈਕ ਲੀਚ ਨੇ ਆਖ਼ਰੀ ਤਿੰਨ ਵਿਕਟਾਂ ਹਾਸਲ ਕੀਤੀਆਂ। ਉਸ ਨੇ ਕੁੱਲ 30 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਇੰਗਲੈਂਡ ਨੇ ਆਪਣੀ ਪਹਿਲੀ ਪਾਰੀ ’ਚ ਟੈਸਟ ਕ੍ਰਿਕਟ ਦਾ ਚੌਥਾ ਸਭ ਤੋਂ ਵੱਡਾ ਸਕੋਰ ਬਣਾਇਆ। ਉਸ ਤਰਫ਼ੋਂ ਹੈਰੀ ਬਰੂਕ ਨੇ 317 ਅਤੇ ਜੋਅ ਰੂਟ ਨੇ 262 ਦੌੜਾਂ ਬਣਾਈਆਂ। ਦੂਜਾ ਟੈਸਟ ਮੈਚ ਮੰਗਲਵਾਰ ਨੂੰ ਮੁਲਤਾਨ ਵਿੱਚ ਹੀ ਹੋਵੇਗਾ।

ਪਾਕਿਸਤਾਨ ਕ੍ਰਿਕਟ ਬੋਰਡ ਵੱਲੋਂ ਚੋਣ ਕਮੇਟੀ ’ਚ ਫੇਰਬਦਲ

ਹਾਲ ਹੀ ਵਿੱਚ ਸੇਵਾਮੁਕਤ ਹੋਏ ਅੰਪਾਇਰ ਅਲੀਮ ਡਾਰ ਨੂੰ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਇੰਗਲੈਂਡ ਦੇ ਹੱਥੋਂ ਮੁਲਤਾਨ ਵਿੱਚ ਪਹਿਲੇ ਟੈਸਟ ’ਚ ਟੀਮ ਦੀ ਸ਼ਰਮਨਾਕ ਹਾਰ ਮਗਰੋਂ ਬਣਾਈ ਨਵੀਂ ਕੌਮੀ ਚੋਣ ਕਮੇਟੀ ਵਿੱਚ ਸ਼ਾਮਲ ਕੀਤਾ ਹੈ। ਇੰਗਲੈਂਡ ਨੇ ਪਾਕਿਸਤਾਨ ਨੂੰ ਪਾਰੀ ਅਤੇ 47 ਦੌੜਾਂ ਨਾਲ ਹਰਾਇਆ। ਇਸ ਤੋਂ ਪਹਿਲਾਂ ਪਾਕਿਸਤਾਨੀ ਟੀਮ ਬੰਗਲਾਦੇਸ਼ ਦੇ ਹੱਥੋਂ ਦੋ ਟੈਸਟ ਮੈਚਾਂ ਦੀ ਲੜੀ ਹਾਰ ਗਈ ਸੀ। ਪੀਸੀਬੀ ਨੇ ਸਾਬਕਾ ਟੈਸਟ ਕ੍ਰਿਕਟਰ ਅਕੀਬ ਜਾਵੇਦ, ਅਜ਼ਹਰ ਅਲੀ, ਟੈਸਟ ਅੰਪਾਇਰ ਅਲੀਮ ਦਾਰ ਅਤੇ ਵਿਸ਼ਲੇਸ਼ਕ ਹਸਨ ਚੀਮਾ ਨੂੰ ਕਮੇਟੀ ’ਚ ਸ਼ਾਮਲ ਕੀਤਾ ਹੈ। ਡਾਰ ਪੀਸੀਬੀ ਤੋਂ ਅਜਿਹਾ ਅਹੁਦਾ ਹਾਸਲ ਕਰਨ ਵਾਲਾ ਪਹਿਲਾ ਅੰਪਾਇਰ ਹੈ। ਸਾਬਕਾ ਟੈਸਟ ਬੱਲੇਬਾਜ਼ ਅਸਦ ਸ਼ਫੀਕ ਪਹਿਲਾਂ ਹੀ ਕਮੇਟੀ ਵਿੱਚ ਹੈ, ਜਿਸ ਨੂੰ ਮੁਹੰਮਦ ਯੂਸਫ਼ ਦੇ ਅਸਤੀਫ਼ੇ ਮਗਰੋਂ ਸ਼ਾਮਲ ਕੀਤਾ ਗਿਆ ਸੀ। ਪੀਸੀਬੀ ਨੇ ਕਿਹਾ ਕਿ ਸਾਰੇ ਮੈਂਬਰਾਂ ਨੂੰ ਵੋਟਿੰਗ ਦਾ ਅਧਿਕਾਰ ਹੋਵੇਗਾ।

ਸਾਂਝਾ ਕਰੋ

ਪੜ੍ਹੋ