ਕਾਂਗਰਸ ਨੂੰ ਟਿਕਟਾਂ ਦੀ ਗਲਤ ਵੰਡ ਨੇ ਹਰਾਇਆ

ਹਰਿਆਣਾ ਵਿੱਚ ਮਿਲੀ ਹਾਰ ਤੋਂ ਬਾਅਦ ਕਾਂਗਰਸ ਵੋਟਿੰਗ ਮਸ਼ੀਨਾਂ ਰਾਹੀਂ ਕੀਤੀ ਗਈ ਹੇਰਾਫੇਰੀ ਦਾ ਮੁੱਦਾ ਜ਼ੋਰ-ਸ਼ੋਰ ਨਾਲ ਉਠਾ ਰਹੀ ਹੈ | ਗਿਣਤੀ ਤੋਂ ਇੱਕ ਦਿਨ ਪਹਿਲਾਂ ਭਾਜਪਾ ਵੱਲੋਂ ਇਹ ਕਹਿਣ ਲਈ ਪ੍ਰੈੱਸ ਕਾਨਫ਼ਰੰਸ ਕਰਨਾ ਕਿ ਅਸੀਂ ਜਿੱਤ ਰਹੇ ਹਾਂ, ਸਮਝੋਂ ਬਾਹਰ ਹੈ | ਭਾਜਪਾ ਦੇ ਮੁੱਖ ਮੰਤਰੀ ਦੇ ਉਮੀਦਵਾਰ ਨਾਇਬ ਸਿੰਘ ਸੈਣੀ ਦੇ ਇਹ ਸ਼ਬਦ ਕਿ ਅਸੀਂ ਸਭ ਬੰਦੋਬਸਤ ਕਰ ਲਏ ਹਨ, ਸ਼ੰਕਿਆਂ ਨੂੰ ਜਨਮ ਦਿੰਦੇ ਹਨ | ਸੋਸ਼ਲ ਮੀਡੀਆ ‘ਤੇ ਤਾਂ ਰਾਤ-ਭਰ ਇਹੋ ਸਵਾਲ ਉਠਦੇ ਰਹੇ ਕਿ ਭਾਜਪਾ ਨੇ ਬੰਦੋਬਸਤ ਕਿਸ ਚੀਜ਼ ਦਾ ਕੀਤਾ ਹੈ, ਜੋ ਨਤੀਜੇ ਉਸ ਦੇ ਹੱਕ ਵਿੱਚ ਕਰ ਸਕਦਾ ਹੈ | ਕਾਂਗਰਸ ਪਾਰਟੀ ਨੇ ਮੁੱਖ ਚੋਣ ਕਮਿਸ਼ਨਰ ਨੂੰ ਮਿਲ ਕੇ ਆਪਣੀਆਂ ਸ਼ਿਕਾਇਤਾਂ ਦੇ ਦਿੱਤੀਆਂ ਹਨ | ਇਨ੍ਹਾਂ ਸ਼ਿਕਾਇਤਾਂ ਵਿੱਚ ਕੁਝ ਵੋਟਿੰਗ ਮਸ਼ੀਨਾਂ ਬਾਰੇ ਕਿਹਾ ਹੈ ਕਿ ਉਨ੍ਹਾਂ ਦੀ ਬੈਟਰੀ 99 ਫ਼ੀਸਦੀ ਚਾਰਜ ਸੀ, ਇਨ੍ਹਾਂ ਵਿੱਚ ਭਾਜਪਾ ਅੱਗੇ ਰਹੀ, ਜਦੋਂ ਕਿ 70 ਫ਼ੀਸਦੀ ਚਾਰਜ ਮਸ਼ੀਨਾਂ ਵਿੱਚ ਕਾਂਗਰਸ ਜਿੱਤ ਰਹੀ ਸੀ | ਵੋਟਿੰਗ ਪ੍ਰਕਿਰਿਆ ਦੌਰਾਨ ਵਰਤੀ ਗਈ ਵੋਟਿੰਗ ਮਸ਼ੀਨ ਦੀ ਬੈਟਰੀ ਖਰਚ ਹੀ ਨਾ ਹੋਵੇ, ਇਹ ਕਿਵੇਂ ਹੋ ਸਕਦਾ ਹੈ | ਜੇ ਇਹ ਸੱਚ ਹੈ ਤਾਂ 99 ਫ਼ੀਸਦੀ ਚਾਰਜ ਵਾਲੀਆਂ ਮਸ਼ੀਨਾਂ ਵਰਤੀਆਂ ਗਈਆਂ ਮਸ਼ੀਨਾਂ ਨਾਲ ਬਦਲ ਦਿੱਤੀਆਂ ਗਈਆਂ ਹੋ ਸਕਦੀਆਂ ਹਨ | ਇਸ ਮਸਲੇ ਦਾ ਨਿਬੇੜਾ ਕਦੋਂ ਹੋਵੇਗਾ, ਕਿਸੇ ਨੂੰ ਨਹੀਂ ਪਤਾ, ਪਰ ਇਹ ਸਚਾਈ ਹੈ ਕਿ ਹਰਿਆਣੇ ਦੀਆਂ ਚੋਣਾਂ ਵਿੱਚ ਕਾਂਗਰਸ ਅੰਦਰਲੀ ਪਾਟੋਧਾੜ ਦਾ ਖੁੱਲ੍ਹ ਕੇ ਮੁਜ਼ਾਹਰਾ ਹੋਇਆ | ਟਿਕਟਾਂ ਦੀ ਵੰਡ ਦੇ ਮਾਮਲੇ ਵਿੱਚ ਭੁਪਿੰਦਰ ਸਿੰਘ ਹੁੱਡਾ ਪੂਰੀ ਤਰ੍ਹਾਂ ਹਾਵੀ ਰਿਹਾ |

ਨਤੀਜੇ ਵਜੋਂ ਦਲਿਤ ਆਗੂ ਕੁਮਾਰੀ ਸ਼ੈਲਜਾ ਪਹਿਲੇ 13 ਦਿਨ ਚੋਣ ਮੈਦਾਨ ਵਿੱਚੋਂ ਗਾਇਬ ਰਹੀ | ਭਾਜਪਾ ਨੇ ਇਸੇ ਨੂੰ ਮੁੱਦਾ ਬਣਾ ਕੇ ਹੁੱਡਾ ਦੇ ਜੱਟਵਾਦ ਵਿਰੁੱਧ ਸਭ ਬਰਾਦਰੀਆਂ ਨੂੰ ਆਪਣੇ ਨਾਲ ਜੋੜ ਲਿਆ | ਭਾਜਪਾ ਨੇ 2017 ਦੀਆਂ ਯੂ ਪੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ‘ਯਾਦਵਾਂ ਦੀ ਸਰਕਾਰ’ ਦਾ ਜਿਹੜਾ ਫਾਰਮੂਲਾ ਵਰਤ ਕੇ ਅਖਿਲੇਸ਼ ਯਾਦਵ ਤੋਂ ਸੱਤਾ ਖੋਹੀ ਸੀ, ਇੱਥੇ ਵੀ ਜਾਟਾਂ ਦੀ ਸਰਕਾਰ ਵਿਰੁੱਧ ਸਭ ਧਿਰਾਂ ਨੂੰ ਇਕੱਠਾ ਕਰਕੇ ਵਰਤ ਲਿਆ | ਇਸੇ ਨਾਅਰੇ ਹੇਠ ਰਾਜ ਦੇ 21 ਫ਼ੀਸਦੀ ਦਲਿਤ, ਜਿਨ੍ਹਾਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਵੋਟ ਪਾਈ ਸੀ, ਭਾਜਪਾ ਦੇ ਪਾਲੇ ਵਿੱਚ ਚਲੇ ਗਏ | ਇਨ੍ਹਾਂ ਚੋਣਾਂ ਵਿੱਚ ਕਾਂਗਰਸ ਦੀ ਹਾਰ ਲਈ ਟਿਕਟਾਂ ਦੀ ਗਲਤ ਵੰਡ ਵੀ ਜ਼ਿੰਮੇਵਾਰ ਹੈ | ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਬਾਗੀ ਉਮੀਦਵਾਰਾਂ ਵਾਲੀਆਂ 15 ਸੀਟਾਂ ਵਿੱਚੋਂ ਕਾਂਗਰਸ 13 ਹਾਰ ਗਈ ਤੇ ਭਾਜਪਾ 12 ਜਿੱਤ ਗਈ | ਇੱਕ ਲੋਕ ਦਲ ਹਿੱਸੇ ਆ ਗਈ | ਟਿਕਟਾਂ ਦੀ ਗਲਤ ਵੰਡ ਦਾ ਨਤੀਜਾ ਹੀ ਸੀ ਕਿ ਬਹਾਦੁਰਗੜ੍ਹ ਸੀਟ ਕਾਂਗਰਸ ਦਾ ਬਾਗੀ ਉਮੀਦਵਾਰ ਜਿੱਤ ਗਿਆ ਤੇ ਕਾਂਗਰਸ ਤੀਜੇ ਥਾਂ ਆਈ | ਫਰੀਦਾਬਾਦ ਜ਼ਿਲ੍ਹੇ ਦੀ ਤਿਗਾਂਵ ਸੀਟ ਤੋਂ ਕਾਂਗਰਸ ਨੇ ਸਾਬਕਾ ਵਿਧਾਇਕ ਲਲਿਤ ਨਾਗਰ ਦਾ ਟਿਕਟ ਕੱਟ ਦਿੱਤਾ |

ਉਹ ਬਾਗੀ ਲੜਿਆ ਤੇ ਤੀਜੇ ਨੰਬਰ ‘ਤੇ ਆ ਕੇ ਕਾਂਗਰਸ ਦੇ ਉਮੀਦਵਾਰ ਨੂੰ ਹਰਾ ਦਿੱਤਾ | ਇਸ ਤਰ੍ਹਾਂ ਬਲਬਗੜ੍ਹ ਹਲਕੇ ਦੀ ਟਿਕਟ ਨਾ ਮਿਲਣ ਕਾਰਨ ਸ਼ਾਰਦਾ ਰਾਠੌਰ ਬਾਗੀ ਲੜ ਕੇ ਦੂਜੇ ਨੰਬਰ ‘ਤੇ ਆਈ ਤੇ ਕਾਂਗਰਸੀ ਉਮੀਦਵਾਰ ਨੂੰ ਤੀਜੇ ਨੰਬਰ ‘ਤੇ ਧੱਕ ਦਿੱਤਾ | ਅੰਬਾਲਾ ਕੈਂਟ ਵਿੱਚ ਬਾਗੀ ਕਾਂਗਰਸੀ ਚਿਤਰਾ ਸਰਵਾਰਾ ਅਨਿਲ ਵਿੱਜ ਤੋਂ 7277 ਵੋਟਾਂ ਦੇ ਫ਼ਰਕ ਨਾਲ ਹਾਰੀ, ਜਦੋਂ ਕਿ ਕਾਂਗਰਸ ਦਾ ਅਧਿਕਾਰਤ ਉਮੀਦਵਾਰ ਪਲਵਿੰਦਰ ਪਾਲ ਵਿੱਜ ਨਾਲੋਂ 45000 ਵੋਟਾਂ ਘੱਟ ਲੈ ਕੇ ਤੀਜੀ ਥਾਂ ‘ਤੇ ਰਿਹਾ | ਕਰੀਬੀ ਮੁਕਾਬਲੇ ਵਾਲੀਆਂ ਘੱਟੋ-ਘੱਟ 11 ਸੀਟਾਂ ਹਨ, ਜਿੱਥੇ ਬਾਗੀ ਕਾਂਗਰਸੀਆਂ ਨੇ ਪਾਰਟੀ ਉਮੀਦਵਾਰਾਂ ਦੀ ਹਾਰ ਦੇ ਫ਼ਰਕ ਨਾਲੋਂ ਵੱਧ ਵੋਟਾਂ ਹਾਸਲ ਕੀਤੀਆਂ ਹਨ | ਇਹ ਸੀਟਾਂ ਹਨ : ਕਾਲਕਾ, ਦਾਦਰੀ, ਮਹੇਂਦਗੜ੍ਹ, ਤੋਸ਼ਾਮ, ਸੋਹਨਾ, ਸਮਾਲਖਾ, ਸਫੀਦੋਂ, ਰਾਨੀਆ, ਰਾਈ, ਬਾਢੜਾ ਤੇ ਉਚਾਨਾ ਕਲਾਂ | ਇਨ੍ਹਾਂ ਬਾਗੀ ਕਾਂਗਰਸੀਆਂ ਨੇ ਦੂਜੇ ਪਾਸਿਓਾ ਪੂਰੀ ਮਦਦ ਲਈ ਤੇ ਉਹ ਜ਼ੋਰ ਨਾਲ ਲੜੇ ਅਤੇ ਕਾਂਗਰਸੀ ਉਮੀਦਵਾਰਾਂ ਨੂੰ ਲੈ ਬੈਠੇ | ਜੇਕਰ ਬਾਗੀ ਮਜ਼ਬੂਤੀ ਨਾਲ ਵੀ ਨਾ ਲੜਦੇ ਤਾਂ ਕਾਂਗਰਸ ਅਸਾਨੀ ਨਾਲ ਬਹੁਮਤ ਹਾਸਲ ਕਰ ਜਾਂਦੀ | ‘ਇੰਡੀਆ’ ਗੱਠਜੋੜ ਵਿੱਚ ਸ਼ਾਮਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ 4 ਸੀਟਾਂ ਉੱਤੇ ਕਾਂਗਰਸੀ ਉਮੀਦਵਾਰਾਂ ਦੀ ਹਾਰ ਦੇ ਅੰਤਰ ਨਾਲੋਂ ਵੱਧ ਵੋਟਾਂ ਲੈ ਕੇ ਉਨ੍ਹਾਂ ਦੀ ਹਾਰ ਦਾ ਕਾਰਨ ਬਣੇ | ਕਾਂਗਰਸ ਨੂੰ ਚਾਹੀਦਾ ਹੈ ਕਿ ਸਭ ਤੋਂ ਪਹਿਲਾਂ ਆਪਣੇ ਘਰ ਦੀ ਸਫ਼ਾਈ ਕਰੇ ਤੇ ‘ਇੰਡੀਆ’ ਗੱਠਜੋੜ ਦੀਆਂ ਬਾਕੀ ਧਿਰਾਂ ਨੂੰ ਵੀ ਨਾਲ ਲੈ ਕੇ ਚੱਲੇ, ਨਹੀਂ ਤਾਂ ਮਹਾਰਾਸ਼ਟਰ ਤੇ ਝਾਰਖੰਡ ਵਿੱਚ ਵੀ ਇਹੋ ਹਾਲ ਹੋ ਸਕਦਾ ਹੈ |

ਸਾਂਝਾ ਕਰੋ

ਪੜ੍ਹੋ

* ਬੋਲ ਫ਼ਿਲਿਸਤੀਨੀ ਮੁਟਿਆਰ ਦੇ!*

*ਭਾਵੁਕ ਬੋਲ…* *ਇੱਕ ਫ਼ਿਲਿਸਤੀਨੀ* *ਮੁਟਿਆਰ ਦੇ!* ਵੇਦਨਾ,ਪੀੜਾ,ਰੋਹ…. ਫ਼ਿਲਿਸਤੀਨ ਬੋਲਦਾ ਹੈ...