ਸਟਾਕਹੋਮ, 11 ਅਕਤੂਬਰ – ਨੋਬੇਲ ਕਮੇਟੀ ਨੇ ਵੀਰਵਾਰ ਸਾਹਿਤ ਦਾ ਨੋਬੇਲ ਇਨਾਮ ਦੱਖਣੀ ਕੋਰੀਆਈ ਲੇਖਿਕਾ ਹਾਨ ਕਾਂਗ ਨੂੰ ਦੇਣ ਦਾ ਐਲਾਨ ਕੀਤਾ। ਕਾਂਗ (53) ਨੂੰ ਇਹ ਐਵਾਰਡ ਦੇਣ ਲਈ ਉਸ ਦੀ ‘ਗੂੜ੍ਹ ਕਾਵਮਈ ਵਾਰਤਕ’ ਬਦਲੇ ਚੁਣਿਆ ਗਿਆ ਹੈ। ਕਮੇਟੀ ਨੇ ਕਿਹਾਉਸ ਦੀ ਗੂੜ੍ਹ ਕਾਵਮਈ ਵਾਰਤਕ, ਜਿਹੜੀ ਇਤਿਹਾਸਕ ਸਦਮਿਆਂ ਦਾ ਸਾਹਮਣਾ ਕਰਦੀ ਹੈ ਅਤੇ ਇਨਸਾਨੀ ਜ਼ਿੰਦਗੀ ਦੀ ਨਜ਼ਾਕਤ ਨੂੰ ਜ਼ਾਹਰ ਕਰਦੀ ਹੈ, ਵਾਸਤੇ ਇਹ ਸਨਮਾਨ ਦਿੱਤਾ ਜਾ ਰਿਹਾ ਹੈ। ਕਾਂਗ ਇਸ ਤੋਂ ਪਹਿਲਾਂ ਆਪਣੇ ਬੇਚੈਨ ਕਰ ਦੇਣ ਵਾਲੇ ਨਾਵਲ ‘ਦਾ ਵੈਜੀਟੇਰੀਅਨ’ ਲਈ 2016 ਦਾ ਬੁੱਕਰ ਐਵਾਰਡ ਵੀ ਜਿੱਤ ਚੁੱਕੀ ਹੈ। ਇਹ ਨਾਵਲ ਇਕ ਅਜਿਹੀ ਔਰਤ ਦੀ ਕਹਾਣੀ ਉਤੇ ਆਧਾਰਤ ਹੈ, ਜਿਸ ਵੱਲੋਂ ਮਾਸ ਖਾਣਾ ਬੰਦ ਕਰ ਦੇਣ ਨਾਲ ਉਸ ਲਈ ਤਬਾਹਕੁੰਨ ਸਿੱਟੇ ਨਿਕਲਦੇ ਹਨ।