ਨਵੀਂ ਦਿੱਲੀ, 10 ਅਕਤੂਬਰ – ਟੀਮ ਇੰਡੀਆ ਨੇ ਭਾਰਤ ਬਨਾਮ ਬੰਗਲਾਦੇਸ਼ ਵਿਚਾਲੇ ਖੇਡੀ ਜਾ ਰਹੀ ਤਿੰਨ ਮੈਚਾਂ ਦੀ T20I ਸੀਰੀਜ਼ ਦਾ ਪਹਿਲਾ ਮੈਚ ਜਿੱਤ ਲਿਆ ਹੈ। ਪਹਿਲੇ ਟੀ-20 ਮੈਚ ‘ਚ ਟੀਮ ਇੰਡੀਆ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ। ਇਸ ਜਿੱਤ ਨਾਲ ਭਾਰਤੀ ਟੀਮ ਨੇ ਸੀਰੀਜ਼ ‘ਚ 1-0 ਦੀ ਬੜ੍ਹਤ ਬਣਾ ਲਈ ਹੈ। ਗਵਾਲੀਅਰ ‘ਚ ਖੇਡੇ ਗਏ ਪਹਿਲੇ ਟੀ-20 ਮੈਚ ‘ਚ ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਧਮਾਲ ਮਚਾ ਦਿੱਤਾ। ਉਸ ਨੇ ਪਹਿਲੇ T20I ਮੈਚ ਵਿੱਚ ਬੰਗਲਾਦੇਸ਼ੀ ਬੱਲੇਬਾਜ਼ਾਂ ਨੂੰ ਕਾਫੀ ਪਰੇਸ਼ਾਨ ਕੀਤਾ ਅਤੇ ਮੈਚ ਵਿੱਚ ਕੁੱਲ 3 ਵਿਕਟਾਂ ਲਈਆਂ। ਇਸ ਮਾਰੂ ਪ੍ਰਦਰਸ਼ਨ ਤੋਂ ਬਾਅਦ ਅਰਸ਼ਦੀਪ ਸਿੰਘ ਨੂੰ ਆਈਸੀਸੀ ਤੋਂ ਵੱਡਾ ਇਨਾਮ ਮਿਲਿਆ। ਅਰਸ਼ਦੀਪ ਸਿੰਘ ਸਮੇਤ ਭਾਰਤੀ ਖਿਡਾਰੀਆਂ ਨੇ ਤਾਜ਼ਾ ICC T20I ਰੈਂਕਿੰਗ ‘ਚ ਵੱਡਾ ਫ਼ਾਇਦਾ ਕੀਤਾ ਹੈ। ਆਉ ਰੈਂਕਿੰਗ ‘ਤੇ ਇੱਕ ਨਜ਼ਰ ਮਾਰੀਏ।
ਅਰਸ਼ਦੀਪ ਸਿੰਘ ਨੇ 8 ਸਥਾਨਾਂ ਦੀ ਮਾਰੀ ਛਾਲ
ਦਰਅਸਲ, ਆਈਸੀਸੀ ਦੁਆਰਾ ਜਾਰੀ ਤਾਜ਼ਾ ਟੀ-20 ਆਈ ਰੈਂਕਿੰਗ ਵਿੱਚ ਅਰਸ਼ਦੀਪ ਸਿੰਘ ਨੂੰ 8 ਸਥਾਨ ਦਾ ਫ਼ਾਇਦਾ ਹੋਇਆ ਹੈ ਅਤੇ ਉਹ ਹੁਣ ਅੱਠਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਅਰਸ਼ਦੀਪ ਸਿੰਘ ਨੇ ਗਵਾਲੀਅਰ ‘ਚ ਖੇਡੇ ਗਏ ਪਹਿਲੇ ਟੀ-20 ਮੈਚ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ, ਜਿਸ ਦਾ ਉਸ ਨੂੰ ਫ਼ਾਇਦਾ ਹੋਇਆ ਹੈ। ਅਰਸ਼ਦੀਪ ਸਿੰਘ ਨੇ ਬੰਗਲਾਦੇਸ਼ ਖਿਲਾਫ਼ ਪਹਿਲੇ ਟੀ-20 ਮੈਚ ‘ਚ ਕੁੱਲ 3 ਵਿਕਟਾਂ ਲੈ ਕੇ ਬੰਗਲਾਦੇਸ਼ੀ ਬੱਲੇਬਾਜ਼ਾਂ ਨੂੰ ਆਪਣਾ ਸ਼ਿਕਾਰ ਬਣਾਇਆ ਸੀ।
ਹਾਰਦਿਕ ਪਾਂਡਿਆ ਨੂੰ ਵੀ ਹੋਇਆ ਵੱਡਾ ਫ਼ਾਇਦਾ
ਅਰਸ਼ਦੀਪ ਸਿੰਘ ਤੋਂ ਇਲਾਵਾ ਜੇ ਟੀ-20 ਆਈ ਬੱਲੇਬਾਜ਼ੀ ਰੈਂਕਿੰਗ ਦੀ ਗੱਲ ਕਰੀਏ ਤਾਂ ਹਾਰਦਿਕ ਸੱਤ ਸਥਾਨਾਂ ਦੀ ਛਾਲ ਮਾਰ ਕੇ 60ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ T20I ਆਲਰਾਊਂਡਰ ਰੈਂਕਿੰਗ ‘ਚ ਹਾਰਦਿਕ 4 ਸਥਾਨਾਂ ਦਾ ਫ਼ਾਇਦਾ ਲੈ ਕੇ ਤੀਜੇ ਸਥਾਨ ‘ਤੇ ਪਹੁੰਚ ਗਿਆ ਹੈ। ਉਹ ਇੰਗਲੈਂਡ ਦੇ ਲਿਆਮ ਲਿਵਿੰਗਸਟਨ ਅਤੇ ਨੇਪਾਲ ਦੇ ਦੀਪੇਂਦਰ ਸਿੰਘ ਦੇ ਨੇੜੇ ਆਇਆ ਹੈ। ਗਵਾਲੀਅਰ ‘ਚ ਹਾਰਦਿਕ ਦਾ ਬੱਲਾ ਚੰਗਾ ਰਿਹਾ ਅਤੇ ਉਸ ਨੇ 16 ਗੇਂਦਾਂ ਦਾ ਸਾਹਮਣਾ ਕਰਦੇ ਹੋਏ 39 ਦੌੜਾਂ ਬਣਾਈਆਂ। ਉਸ ਦੀ ਪਾਰੀ ਵਿੱਚ 5 ਚੌਕੇ ਅਤੇ ਦੋ ਛੱਕੇ ਸ਼ਾਮਲ ਸਨ।