
ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦੇ ਆਉਣ ਸਬੰਧੀ ਕਈ ਤਰ੍ਹਾਂ ਦੇ ਅਨੁਮਾਨ ਲਗਾਏ ਜਾ ਰਹੇ ਹਨ। ਇਸ ਦੌਰਾਨ ਇੰਡੀਅਨ ਕਾਊਂਸਿਲ ਆਫ ਮੈਡੀਕਲ ਰਿਸਰਚ ਦੇ ਮਹਾਂਮਾਰੀ ਵਿਗਿਆਨੀ ਅਤੇ ਇਨਫੈਕਸ਼ਨ ਡੀਜ਼ੀਜ਼ ਦੇ ਮੁਖੀ ਡਾ. ਸਮਿਰਨ ਪਾਂਡਾ ਨੇ ਵੀ ਅਪਣਾ ਅਨੁਮਾਨ ਜ਼ਾਹਿਰ ਕੀਤਾ ਹੈ। ਉਹਨਾਂ ਅਨੁਸਾਰ ਭਾਰਤ ਵਿਚ ਕੋਰੋਨਾ ਦੀ ਤੀਜੀ ਲਹਿਰ ਦਾ ਅਸਰ ਅਗਸਤ ਦੇ ਅਖੀਰ ਤੱਕ ਦੇਖਣ ਨੂੰ ਮਿਲੇਗਾ। ਹਾਲਾਂਕਿ ਇਹ ਦੂਜੀ ਲਹਿਰ ਤੋ ਘੱਟ ਘਾਤਕ ਹੋਵੇਗਾ। ਇਕ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਡਾ. ਪਾਂਡਾ ਨੇ ਕਿਹਾ ਕਿ ਤੀਜੀ ਲਹਿਰ ਦਾ ਅਸਰ ਪੂਰੇ ਦੇਸ਼ ਵਿਚ ਹੋਵੇਗਾ ਪਰ ਇਸ ਦੀ ਸੰਭਾਵਨਾ ਬਹੁਤ ਘੱਟ ਹੈ ਕਿ ਇਹ ਦੂਜੀ ਲਹਿਰ ਜਿੰਨੀ ਘਾਤਕ ਹੋਵੇਗੀ।
ਇਸ ਦੌਰਾਨ ਏਮਜ਼ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਜੇਕਰ ਪਾਬੰਦੀਆਂ ਵਿਚ ਢਿੱਲ ਦਿੱਤੀ ਜਾਂਦੀ ਰਹੀ ਤਾਂ ਤੀਜੀ ਲਹਿਰ ਬਹੁਤ ਭਿਆਨਕ ਹੋ ਸਕਦੀ ਹੈ। ਡਾ. ਪਾਂਡਾ ਨੇ ਅਜਿਹੇ ਚਾਰ ਕਾਰਕ ਦੱਸੇ ਹਨ, ਜੋ ਤੀਜੀ ਲਹਿਰ ਦਾ ਕਾਰਨ ਬਣ ਸਕਦੇ ਹਨ। ਇਹਨਾਂ ਵਿਚ ਪਹਿਲਾ ਹੈ ਕਮਜ਼ੋਰ ਇਮਿਊਨਿਟੀ, ਦੂਜਾ ਹੈ ਨਵੇਂ ਵੇਰੀਐਂਟ, ਤੀਜਾ ਵਾਇਰਸ ਦੇ ਫੈਲਾਅ ਵਿਚ ਤੇਜ਼ੀ। ਉਹਨਾਂ ਕਿਹਾ ਕਿ ਸੂਬਿਆਂ ਵੱਲੋਂ ਢਿੱਲ ਦੇਣ ਵਿਚ ਜਲਦਬਾਜ਼ੀ ਕਰਨ ਨਾਲ ਵੀ ਤੀਜੀ ਲਹਿਰ ਘਾਤਕ ਹੋ ਸਕਦੀ ਹੈ।