ਸ਼ਰਮ ਦਾ ਘਾਟਾ

ਜੰਮੂ-ਕਸ਼ਮੀਰ ਤੇ ਹਰਿਆਣਾ ਅਸੰਬਲੀਆਂ ਦੇ ਅੱਜ ਚੋਣ ਨਤੀਜੇ ਜੋ ਵੀ ਨਿਕਲਣ, ਪਰ ਇਨ੍ਹਾਂ ਚੋਣਾਂ ਨੇ ਇੱਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਹੈ ਕਿ ਭਾਜਪਾ ਸੱਤਾ ’ਤੇ ਕਾਬਜ਼ ਹੋਣ ਲਈ ਕਿਸੇ ਵੀ ਹੱਦ ਤੱਕ ਡਿਗ ਸਕਦੀ ਹੈ। ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ਅਸੰਬਲੀ ਚੋਣਾਂ ਕਰਾਉਣ ਲਈ ਮਜਬੂਰ ਹੋਈ ਭਾਜਪਾ ਨੇ ਪੂਰੀ ਕੋਸ਼ਿਸ਼ ਕੀਤੀ ਕਿ ਦੋਹੀਂ ਥਾਈਂ ਸਰਕਾਰ ’ਤੇ ਉਸ ਦਾ ਕਬਜ਼ਾ ਹੋਵੇ। ਇਸ ਲਈ ਉਸ ਨੇ ਆਪਣੇ ਰਵਾਇਤੀ ਪ੍ਰਭਾਵ ਵਾਲੇ ਜੰਮੂ ਇਲਾਕੇ ਵਿੱਚ ਤਾਂ ਪੂਰੀ ਤਾਕਤ ਨਾਲ ਚੋਣ ਲੜੀ, ਪਰ ਕਸ਼ਮੀਰ ਵਾਦੀ ’ਚ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਦੇ ਗੱਠਜੋੜ ਨੂੰ ਰੋਕਣ ਲਈ ਅਸਿੱਧੇ ਤੌਰ ’ਤੇ ਉਨ੍ਹਾਂ ਤਾਕਤਾਂ ਦਾ ਸਹਾਰਾ ਲਿਆ, ਜਿਨ੍ਹਾਂ ਨੂੰ ਉਹ ਦਹਿਸ਼ਤਗਰਦ ਤੇ ਪਾਕਿਸਤਾਨ-ਪ੍ਰਸਤ ਵੱਖਵਾਦੀ ਕਹਿ ਕੇ ਭੰਡਦੀ ਨਹੀਂ ਸੀ ਥੱਕਦੀ ਹੁੰਦੀ। ਕਸ਼ਮੀਰ ਵਿੱਚ ਭਾਜਪਾ ਨੇ 47 ਵਿੱਚੋਂ ਸਿਰਫ 19 ਸੀਟਾਂ ਲੜੀਆਂ ਅਤੇ ਕਈ ਸੀਟਾਂ ’ਤੇ ਸਾਂਸਦ ਇੰਜੀਨੀਅਰ ਰਸ਼ੀਦ ਦੀ ਅਵਾਮੀ ਇਤਿਹਾਦ ਪਾਰਟੀ ਦੇ ਉਮੀਦਵਾਰਾਂ ਅਤੇ ਜਮਾਇਤੇ ਇਸਲਾਮੀ ਨਾਲ ਜੁੜੇ ਤੇ ਹੋਰ ਆਜ਼ਾਦ ਉਮੀਦਵਾਰਾਂ ਦੀ ਹਮਾਇਤ ਕੀਤੀ, ਜਿਨ੍ਹਾਂ ਨੂੰ ਜਿੱਤਣ ’ਤੇ ਉਹ ਵਰਤ ਸਕਦੀ ਹੈ।

ਇੰਜੀਨੀਅਰ ਰਸ਼ੀਦ ਨੇ ਲੋਕ ਸਭਾ ਚੋਣਾਂ ਵਿੱਚ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਹਰਾਇਆ ਸੀ। ਲੋਕ ਸਭਾ ਦੀ ਮੈਂਬਰੀ ਦੀ ਸਹੁੰ ਚੁੱਕਣ ਲਈ ਉਸ ਨੂੰ ਥੋੜ੍ਹੀ ਦੇਰ ਲਈ ਜੇਲ੍ਹ ਵਿੱਚੋਂ ਛੱਡਿਆ ਗਿਆ ਸੀ, ਪਰ ਸੰਸਦ ਦੀ ਕਾਰਵਾਈ ’ਚ ਹਿੱਸਾ ਲੈਣ ਲਈ ਉਸ ਦੀ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਗਈ ਸੀ। ਅਚਾਨਕ ਪਤਾ ਨਹੀਂ ਕੀ ਹੋਇਆ ਕਿ ਅਸੰਬਲੀ ਚੋਣਾਂ ਵਿਚ ਪ੍ਰਚਾਰ ਲਈ ਉਸ ਨੂੰ ਜ਼ਮਾਨਤ ਮਿਲ ਗਈ। ਹੇਠਲੀ ਅਦਾਲਤ ਨੇ ਉਸ ਨੂੰ ਦੋ ਅਕਤੂਬਰ ਤੱਕ ਲਈ ਜ਼ਮਾਨਤ ਦਿੱਤੀ, ਕਿਉਕਿ ਇੱਕ ਅਕਤੂਬਰ ਨੂੰ ਪੋਲਿੰਗ ਹੋਣੀ ਸੀ। ਇਸ ਦੇ ਬਾਅਦ ਉਸ ਨੂੰ ਜੇਲ੍ਹ ਜਾਣਾ ਪੈਣਾ ਸੀ, ਪਰ ਅਦਾਲਤ ਨੇ ਉਸ ਦੀ ਅੰਤਰਮ ਜ਼ਮਾਨਤ 10 ਦਿਨ ਹੋਰ ਵਧਾ ਦਿੱਤੀ। ਦਿਲਚਸਪ ਗੱਲ ਹੈ ਕਿ ਹੇਮੰਤ ਸੋਰੇਨ ਤੇ ਅਰਵਿੰਦ ਕੇਜਰੀਵਾਲ ਵਰਗੇ ਆਪੋਜ਼ੀਸ਼ਨ ਆਗੂਆਂ ਦੀ ਕਿਸੇ ਕੇਸ ’ਚ ਹੇਠਲੀ ਅਦਾਲਤ ’ਚ ਜ਼ਮਾਨਤ ਹੁੰਦੇ ਹੀ ਕੇਂਦਰੀ ਏਜੰਸੀਆਂ ਜ਼ਮਾਨਤ ਰੁਕਵਾਉਣ ਲਈ ਸੁਪਰੀਮ ਕੋਰਟ ਤੱਕ ਜਾਂਦੀਆਂ ਹਨ, ਪਰ ਰਸ਼ੀਦ ਦੇ ਮਾਮਲੇ ਵਿੱਚ ਚੁੱਪ ਰਹੀਆਂ। ਰਸ਼ੀਦ ਦੀ ਅੰਤਰਮ ਜ਼ਮਾਨਤ 10 ਦਿਨ ਹੋਰ ਵਧਣ ਨੂੰ ਤਿ੍ਰਸ਼ੰਕੂ ਅਸੰਬਲੀ ਬਣਨ ਦੀ ਸੂਰਤ ਵਿੱਚ ਭਾਜਪਾ ਵੱਲੋਂ ਕੀਤੇ ਜਾਣ ਵਾਲੇ ਜੋੜ-ਤੋੜ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਭਾਜਪਾ ਨੂੰ ਲਗਦਾ ਹੈ ਕਿ ਉਹ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੇਗੀ ਤੇ ਫਿਰ ਬਹੁਮਤ ਜੁਟਾਉਣ ਲਈ ਰਸ਼ੀਦ ਵਰਗੇ ਬੰਦੇ ਕੰਮ ਆਉਣਗੇ। ਜਿਸ ਦਿਨ ਰਸ਼ੀਦ ਦੀ ਜ਼ਮਾਨਤ 10 ਦਿਨ ਵਧੀ, ਉਸੇ ਦਿਨ ਬਲਾਤਕਾਰ ਤੇ ਹੱਤਿਆ ਦੇ ਕੇਸਾਂ ’ਚ ਕੈਦ ਭੁਗਤ ਰਹੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਪੈਰੋਲ ’ਤੇ ਰਿਹਾਅ ਕਰ ਦਿੱਤਾ ਗਿਆ, ਤਾਂ ਕਿ ਉਹ ਆਪਣੇ ਸੇਵਾਦਾਰਾਂ ਰਾਹੀਂ ਆਪਣੇ ਪੈਰੋਕਾਰਾਂ ਤੱਕ ਇਹ ਸੁਨੇਹਾ ਪਹੁੰਚਾ ਸਕੇ ਕਿ ਭਾਜਪਾਈਆਂ ਨੂੰ ਜਿਤਾਉਣਾ ਹੈ। ਚੋਣ ਨਤੀਜੇ ਜੋ ਵੀ ਰਹਿਣ, ਪਰ ਇਨ੍ਹਾਂ ਚੋਣਾਂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਦਹਿਸ਼ਤਗਰਦੀ ਦਾ ਹਮਾਇਤੀ ਹੋਵੇ ਜਾਂ ਹੱਤਿਆ ਤੇ ਬਲਾਤਕਾਰ ਦਾ ਦੋਸ਼ੀ, ਚੋਣਾਂ ਵਿੱਚ ਲੋੜ ਪੈਣ ’ਤੇ ਭਾਜਪਾ ਨੂੰ ਕਿਸੇ ਤੋਂ ਵੀ ਮਦਦ ਲੈਣ ਵਿੱਚ ਕੋਈ ਸ਼ਰਮ ਨਹੀਂ।

ਸਾਂਝਾ ਕਰੋ

ਪੜ੍ਹੋ