ਲੋੜ ਪੇੈਣ ਤੇ ਇਜ਼ਰਾਈਲ ’ਤੇ ਦੁਬਾਰਾ ਹਮਲਾ ਕਰਾਂਗੇ : ਸੁਪਰੀਮ ਲੀਡਰ ਖਾਮੇਨੇਈ

ਤੇਹਰਾਨ, 5 ਅਕਤੂਬਰ – ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਨੇ ਸ਼ੁਕਰਵਾਰ ਨੂੰ ਇਜ਼ਰਾਈਲ ’ਤੇ ਅਪਣੇ ਦੇਸ਼ ਦੇ ਤਾਜ਼ਾ ਮਿਜ਼ਾਈਲ ਹਮਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੇਕਰ ਲੋੜ ਪਈ ਤਾਂ ਉਹ ਦੁਬਾਰਾ ਅਜਿਹਾ ਕਰਨ ਲਈ ਤਿਆਰ ਹੈ। ਇਹ ਜਾਣਕਾਰੀ ਸਰਕਾਰੀ ਟੈਲੀਵਿਜ਼ਨ ਦੀਆਂ ਖ਼ਬਰਾਂ ’ਚ ਦਿਤੀ ਗਈ। ਪੰਜ ਸਾਲਾਂ ਵਿਚ ਪਹਿਲੀ ਵਾਰ ਸ਼ੁਕਰਵਾਰ ਦੀ ਨਮਾਜ਼ ਦੌਰਾਨ ਨੇਤਾ ਦੇ ਤੌਰ ’ਤੇ ਅਪਣੀ ਮੌਜੂਦਗੀ ਦਰਜ ਕਰਨ ਵਾਲੇ ਖਾਮੇਨੇਈ ਨੇ ਮਿਜ਼ਾਈਲ ਹਮਲੇ ਨੂੰ ਈਰਾਨ ਦੇ ਹਥਿਆਰਬੰਦ ਬਲਾਂ ਦਾ ‘ਸ਼ਾਨਦਾਰ’ ਕੰਮ ਦਸਿਆ।ਮੰਗਲਵਾਰ ਨੂੰ ਈਰਾਨ ਨੇ ਇਜ਼ਰਾਈਲ ’ਤੇ ਘੱਟੋ-ਘੱਟ 180 ਮਿਜ਼ਾਈਲਾਂ ਦਾਗੀਆਂ, ਜੋ ਦੋਹਾਂ ਦੇਸ਼ਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਵਿਚਾਲੇ ਤੇਜ਼ੀ ਨਾਲ ਚੱਲ ਰਹੇ ਹਮਲਿਆਂ ਦੀ ਲੜੀ ਵਿਚ ਤਾਜ਼ਾ ਹੈ। ਇਸ ਦੇ ਨਾਲ ਹੀ ਪਛਮੀ ਏਸ਼ੀਆ ਪੂਰੇ ਇਲਾਕੇ ’ਚ ਫੈਲੀ ਜੰਗ ਦੇ ਕੰਢੇ ’ਤੇ ਹੈ। ਇਜ਼ਰਾਈਲ ਨੇ ਕਿਹਾ ਕਿ ਉਸ ਨੇ ਕਈ ਮਿਜ਼ਾਈਲਾਂ ਨੂੰ ਤਬਾਹ ਕਰ ਦਿਤਾ ਹੈ। ਜਦਕਿ ਵਾਸ਼ਿੰਗਟਨ ਵਿਚ ਅਧਿਕਾਰੀਆਂ ਨੇ ਕਿਹਾ ਕਿ ਅਮਰੀਕੀ ਜੰਗੀ ਜਹਾਜ਼ਾਂ ਨੇ ਇਜ਼ਰਾਈਲ ਦੀ ਰੱਖਿਆ ਵਿਚ ਸਹਾਇਤਾ ਕੀਤੀ। ਈਰਾਨ ਨੇ ਕਿਹਾ ਕਿ ਉਸ ਦੀਆਂ ਜ਼ਿਆਦਾਤਰ ਮਿਜ਼ਾਈਲਾਂ ਨੇ ਉਨ੍ਹਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਖਾਮੇਨੇਈ (80) ਨੇ ਤਹਿਰਾਨ ਦੀ ਮੁੱਖ ਨਮਾਜ਼ ਸਥਾਨ ਮੁਸੱਲਾ ਮਸਜਿਦ ’ਚ ਹਜ਼ਾਰਾਂ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ 40 ਮਿੰਟ ਦੇ ਭਾਸ਼ਣ ’ਚ ਕਿਹਾ ਕਿ ਕਰੀਬ ਇਕ ਸਾਲ ਪਹਿਲਾਂ 7 ਅਕਤੂਬਰ 2023 ਨੂੰ ਦਖਣੀ ਇਜ਼ਰਾਈਲ ’ਤੇ ਹਮਾਸ ਦੀ ਅਗਵਾਈ ਵਾਲਾ ਹਮਲਾ ਫਲਸਤੀਨੀ ਲੋਕਾਂ ਦੀ ਜਾਇਜ਼ ਕਾਰਵਾਈ ਸੀ। ਉਨ੍ਹਾਂ ਕਿਹਾ ਕਿ ਮੰਗਲਵਾਰ ਦਾ ਮਿਜ਼ਾਈਲ ਹਮਲਾ ਕੌਮਾਂਤਰੀ ਕਾਨੂੰਨ, ਸੂਬੇ ਦੇ ਕਾਨੂੰਨ ਅਤੇ ਇਸਲਾਮਿਕ ਵਿਸ਼ਵਾਸਾਂ ’ਤੇ ਅਧਾਰਤ ਸੀ। ਉਨ੍ਹਾਂ ਨੇ ਅਫਗਾਨਿਸਤਾਨ ਤੋਂ ਲੈ ਕੇ ਯਮਨ ਅਤੇ ਈਰਾਨ ਤੋਂ ਲੈ ਕੇ ਗਾਜ਼ਾ ਅਤੇ ਯਮਨ ਤਕ ਦੇ ਦੇਸ਼ਾਂ ਨੂੰ ਦੁਸ਼ਮਣ ਵਿਰੁਧ ਕਾਰਵਾਈ ਕਰਨ ਲਈ ਤਿਆਰ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਨੇ ਅਜਿਹੀ ਕਾਰਵਾਈ ਕਰਦਿਆਂ ਅਪਣੀਆਂ ਜਾਨਾਂ ਗੁਆਉਣ ਵਾਲਿਆਂ ਦੀ ਵੀ ਸ਼ਲਾਘਾ ਕੀਤੀ।

ਉਨ੍ਹਾਂ ਕਿਹਾ, ‘‘ਲੇਬਨਾਨ ਅਤੇ ਫਲਸਤੀਨ ’ਚ ਵਿਰੋਧ ਕਰ ਰਹੇ ਸਾਡੇ ਲੋਕ, ਤੁਸੀਂ ਬਹਾਦਰ ਲੜਾਕੇ, ਵਫ਼ਾਦਾਰ ਅਤੇ ਸ਼ਾਂਤ ਹੋ। ਇਹ ਸ਼ਹਾਦਤਾਂ ਅਤੇ ਜੋ ਖੂਨ ਵਹਾਇਆ ਗਿਆ ਹੈ, ਉਹ ਤੁਹਾਡੇ ਦ੍ਰਿੜ ਇਰਾਦੇ ਨੂੰ ਨਹੀਂ ਹਿਲਾ ਸਕਦਾ, ਬਲਕਿ ਤੁਹਾਨੂੰ ਮਜ਼ਬੂਤ ਬਣਾਉਣਾ ਚਾਹੀਦਾ ਹੈ।ਆਪਣੇ ਭਾਸ਼ਣ ’ਚ ਖਾਮੇਨੇਈ ਨੇ ਕਿਹਾ ਕਿ ਜੇਕਰ ਮੁਸਲਮਾਨ ਇਕੱਠੇ ਰਹਿਣਗੇ ਤਾਂ ਰੱਬ ਉਨ੍ਹਾਂ ਦੇ ਨਾਲ ਹੋਵੇਗਾ। ਉਨ੍ਹਾਂ ਨੇ ਸਾਰੇ ਮੁਸਲਮਾਨਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੁਰਾਨ ਮੁਤਾਬਕ ਜੇਕਰ ਮੁਸਲਮਾਨ ਇਕਜੁੱਟ ਹੋ ਜਾਂਦੇ ਹਨ ਤਾਂ ਉਹ ਆਪਣੇ ਦੁਸ਼ਮਣਾਂ ’ਤੇ ਜਿੱਤ ਹਾਸਲ ਕਰ ਸਕਦੇ ਹਨ। ਖਾਮੇਨੇਈ ਨੇ ਅਰਬ ਦੇਸ਼ਾਂ ਨੂੰ ਸੰਬੋਧਨ ਕਰਦਿਆਂ ਅਪਣਾ ਅੱਧਾ ਭਾਸ਼ਣ ਅਰਬੀ ਭਾਸ਼ਾ ਵਿਚ ਦਿਤਾ। ਖਾਮੇਨੇਈ ਨੇ ਪਿਛਲੀ ਵਾਰ ਰੈਵੋਲਿਊਸ਼ਨਰੀ ਗਾਰਡ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਤੋਂ ਬਾਅਦ ਸ਼ੁਕਰਵਾਰ ਦੀ ਨਮਾਜ਼ ਵਿਚ ਹਿੱਸਾ ਲਿਆ ਸੀ। ਸੁਲੇਮਾਨੀ 2020 ’ਚ ਬਗਦਾਦ ’ਚ ਅਮਰੀਕੀ ਡਰੋਨ ਹਮਲੇ ’ਚ ਮਾਰਿਆ ਗਿਆ ਸੀ। ਖਾਮੇਨੀ ਦੇ ਭਾਸ਼ਣ ਤੋਂ ਪਹਿਲਾਂ ਇਜ਼ਰਾਇਲੀ ਹਮਲੇ ’ਚ ਮਾਰੇ ਗਏ ਹਿਜ਼ਬੁੱਲਾ ਨੇਤਾ ਹਸਨ ਨਸਰੱਲਾ ਦੀ ਯਾਦ ’ਚ ਇਕ ਯਾਦਗਾਰੀ ਪ੍ਰੋਗਰਾਮ ਕੀਤਾ ਗਿਆ। ਇਸ ਵਿਚ ਰਾਸ਼ਟਰਪਤੀ ਮਸੂਦ ਪੇਜੇਸ਼ਕੀਅਨ ਅਤੇ ਰੈਵੋਲਿਊਸ਼ਨਰੀ ਗਾਰਡ ਦੇ ਚੋਟੀ ਦੇ ਅਧਿਕਾਰੀਆਂ ਸਮੇਤ ਈਰਾਨ ਦੇ ਉੱਚ ਅਧਿਕਾਰੀਆਂ ਨੇ ਹਿੱਸਾ ਲਿਆ। ਈਰਾਨ ਹਿਜ਼ਬੁੱਲਾ ਦਾ ਮੁੱਖ ਸਮਰਥਕ ਹੈ ਅਤੇ ਉਸ ਨੇ ਹਾਲ ਹੀ ਦੇ ਸਾਲਾਂ ਵਿਚ ਇਸ ਨੂੰ ਹਥਿਆਰ ਅਤੇ ਅਰਬਾਂ ਅਮਰੀਕੀ ਡਾਲਰ ਦਿਤੇ ਹਨ। ਇਸ ਤੋਂ ਇਲਾਵਾ ਸ਼ੁਕਰਵਾਰ ਨੂੰ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਬੇਰੂਤ ਪਹੁੰਚੇ। ਉਮੀਦ ਕੀਤੀ ਜਾ ਰਹੀ ਹੈ ਕਿ ਉਹ ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਾਲੇ ਚੱਲ ਰਹੀ ਲੜਾਈ ’ਤੇ ਲੇਬਨਾਨ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ।  ਬੁਲਾਰੇ ਇਸਮਾਈਲ ਬਾਗੇਹੀ ਨੇ ਕਿਹਾ ਕਿ ਈਰਾਨ ਨੇ ਅਪਣੀ ਪਹਿਲੀ ਖੇਪ ਲੇਬਨਾਨ ਭੇਜੀ ਹੈ, ਜਿਸ ਵਿਚ 10 ਟਨ ਭੋਜਨ ਅਤੇ ਦਵਾਈਆਂ ਹਨ।

ਇਜ਼ਰਾਈਲ ਨੇ ਬੇਰੂਤ ਦੇ ਦਖਣੀ ਉਪਨਗਰਾਂ ਵਿਚ ਰਾਤ ਭਰ ਕਈ ਦੌਰ ਦੇ ਹਵਾਈ ਹਮਲੇ ਕੀਤੇ, ਜਿਸ ਨਾਲ ਲੇਬਨਾਨ ਅਤੇ ਸੀਰੀਆ ਵਿਚਾਲੇ ਮੁੱਖ ਸੜਕ ਸੰਪਰਕ ਟੁੱਟ ਗਿਆ। ਇਜ਼ਰਾਈਲ ਨੇ ਦਖਣੀ ਲੇਬਨਾਨ ਵਿਚ ਉਨ੍ਹਾਂ ਲੋਕਾਂ ਨੂੰ ਬਾਹਰ ਕੱਢਣ ਦੀ ਚੇਤਾਵਨੀ ਤੋਂ ਬਾਅਦ ਨਵੇਂ ਹਮਲੇ ਸ਼ੁਰੂ ਕੀਤੇ ਜੋ ਸੰਯੁਕਤ ਰਾਸ਼ਟਰ ਵਲੋਂ ਐਲਾਨ ਬਫਰ ਜ਼ੋਨ ਤੋਂ ਬਾਹਰ ਹਨ। ਇਜ਼ਰਾਈਲ ਅਤੇ ਲੇਬਨਾਨ ਦੇ ਕੱਟੜਪੰਥੀ ਸਮੂਹ ਹਿਜ਼ਬੁੱਲਾ ਵਿਚਾਲੇ ਸਾਲ ਭਰ ਚੱਲੀ ਜੰਗ ਤੇਜ਼ ਹੋ ਗਈ ਹੈ। ਇਜ਼ਰਾਈਲ ਨੇ ਮੰਗਲਵਾਰ ਨੂੰ ਲੈਬਨਾਨ ’ਚ ਜ਼ਮੀਨੀ ਫੌਜੀ ਹਮਲਾ ਸ਼ੁਰੂ ਕੀਤਾ ਅਤੇ ਸਰਹੱਦ ਦੇ ਇਕ ਤੰਗ ਹਿੱਸੇ ’ਚ ਹਿਜ਼ਬੁੱਲਾ ਅਤਿਵਾਦੀਆਂ ਨਾਲ ਮੁਕਾਬਲਾ ਕੀਤਾ। ਜ਼ਮੀਨੀ ਫੌਜੀ ਕਾਰਵਾਈ ਤੋਂ ਪਹਿਲਾਂ, ਇਜ਼ਰਾਈਲ ਨੇ ਕਈ ਹਮਲਿਆਂ ’ਚ ਅਤਿਵਾਦੀ ਸਮੂਹ ਦੇ ਕੁੱਝ ਪ੍ਰਮੁੱਖ ਮੈਂਬਰਾਂ ਨੂੰ ਮਾਰ ਦਿਤਾ ਸੀ, ਜਿਸ ’ਚ ਇਸਦੇ ਲੰਮੇ ਸਮੇਂ ਤੋਂ ਨੇਤਾ ਹਸਨ ਨਸਰਾਲਾ ਵੀ ਸ਼ਾਮਲ ਸੀ।

ਬੇਰੂਤ ਦੇ ਦਖਣੀ ਉਪਨਗਰਾਂ ਵਿਚ ਰਾਤ ਭਰ ਹੋਏ ਧਮਾਕੇ ਹੋਏ। ਹਵਾਈ ਬੰਬਾਰੀ ਕਾਰਨ ਰਾਤ ਦੇ ਅਸਮਾਨ ’ਚ ਧੂੰਆਂ ਅਤੇ ਅੱਗ ਦੀਆਂ ਲਪਟਾਂ ਉੱਠਦੀਆਂ ਵੇਖੀਆਂ ਗਈਆਂ। ਧਮਾਕੇ ਇੰਨੇ ਸ਼ਕਤੀਸ਼ਾਲੀ ਸਨ ਕਿ ਲੇਬਨਾਨ ਦੀ ਰਾਜਧਾਨੀ ਤੋਂ ਕਈ ਕਿਲੋਮੀਟਰ ਦੂਰ ਇਮਾਰਤਾਂ ਹਿੱਲ ਗਈਆਂ। ਇਜ਼ਰਾਈਲੀ ਫੌਜ ਨੇ ਅਜੇ ਤਕ ਇਹ ਨਹੀਂ ਦਸਿਆ ਹੈ ਕਿ ਉਸ ਦਾ ਨਿਸ਼ਾਨਾ ਕੀ ਸੀ। ਜਾਨੀ ਨੁਕਸਾਨ ਬਾਰੇ ਅਜੇ ਕੋਈ ਜਾਣਕਾਰੀ ਉਪਲਬਧ ਨਹੀਂ ਹੈ। ਲੇਬਨਾਨ ਦੀ ਸਰਕਾਰੀ ਸਮਾਚਾਰ ਏਜੰਸੀ ਨੇ ਕਿਹਾ ਕਿ ਵੀਰਵਾਰ ਦੇਰ ਰਾਤ ਖੇਤਰ ਵਿਚ ਲਗਾਤਾਰ 10 ਤੋਂ ਵੱਧ ਹਵਾਈ ਹਮਲੇ ਕੀਤੇ ਗਏ। ਏਜੰਸੀ ਨੇ ਕਿਹਾ ਕਿ ਇਜ਼ਰਾਇਲੀ ਹਵਾਈ ਹਮਲੇ ਨੇ ਵਿਅਸਤ ਮਸਨਾ ਸਰਹੱਦੀ ਕਰਾਸਿੰਗ ਨੇੜੇ ਸੜਕ ਸੰਪਰਕ ਤੋੜ ਦਿਤਾ, ਜਿੱਥੋਂ ਲੈਬਨਾਨ ਵਿਚ ਲੜਾਈ ਕਾਰਨ ਪਿਛਲੇ ਦੋ ਹਫਤਿਆਂ ਵਿਚ ਹਜ਼ਾਰਾਂ ਲੋਕ ਸੀਰੀਆ ਭੱਜ ਗਏ ਹਨ। ਇਜ਼ਰਾਇਲੀ ਫੌਜ ਦੇ ਇਕ ਬੁਲਾਰੇ ਨੇ ਕਿਹਾ ਸੀ ਕਿ ਹਿਜ਼ਬੁੱਲਾ ਸਰਹੱਦ ਪਾਰ ਫੌਜੀ ਸਾਜ਼ੋ-ਸਾਮਾਨ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਹੈ। ਮੰਨਿਆ ਜਾਂਦਾ ਹੈ ਕਿ ਹਿਜ਼ਬੁੱਲਾ ਨੇ ਅਪਣੇ ਜ਼ਿਆਦਾਤਰ ਹਥਿਆਰ ਸੀਰੀਆ ਦੇ ਰਸਤੇ ਈਰਾਨ ਤੋਂ ਪ੍ਰਾਪਤ ਕੀਤੇ ਸਨ। ਇਸ ਸੰਗਠਨ ਦੀ ਸਰਹੱਦ ਦੇ ਦੋਵੇਂ ਪਾਸੇ ਮੌਜੂਦਗੀ ਹੈ, ਇਕ ਅਜਿਹਾ ਖੇਤਰ ਜਿੱਥੇ ਇਹ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਸਦ ਦੀਆਂ ਫੌਜਾਂ ਨਾਲ ਲੜ ਰਿਹਾ ਹੈ।

ਸਰਕਾਰ ਸਮਰਥਕ ਸੀਰੀਆਈ ਮੀਡੀਆ ਆਊਟਲੈਟ ਦਾਮਾ ਪੋਸਟ ਨੇ ਕਿਹਾ ਕਿ ਇਜ਼ਰਾਇਲੀ ਲੜਾਕੂ ਜਹਾਜ਼ਾਂ ਨੇ ਦੋ ਮਿਜ਼ਾਈਲਾਂ ਦਾਗੀਆਂ, ਜਿਸ ਨਾਲ ਲੇਬਨਾਨ ਵਿਚ ਮਾਸਨਾ ਸਰਹੱਦ ਪਾਰ ਕਰਨ ਅਤੇ ਸੀਰੀਆ ਦੇ ਕ੍ਰਾਸਿੰਗ ਪੁਆਇੰਟ ਜਡੇਟ ਯਾਬੋਸ ਵਿਚਾਲੇ ਸੜਕ ਨੂੰ ਨੁਕਸਾਨ ਪਹੁੰਚਿਆ। ਜੰਗ ਦੀ ਸ਼ੁਰੂਆਤ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਇਸ ਵੱਡੇ ਸਰਹੱਦ ਪਾਰ ਸੰਪਰਕ ਨੂੰ ਕੱਟਿਆ ਗਿਆ ਹੈ। ਲੇਬਨਾਨ ਦੀ ਜਨਰਲ ਸਕਿਓਰਿਟੀ ਨੇ ਰੀਕਾਰਡ ਕੀਤਾ ਹੈ ਕਿ 23 ਸਤੰਬਰ ਤੋਂ 30 ਸਤੰਬਰ ਦੇ ਵਿਚਕਾਰ (ਜਦੋਂ ਇਜ਼ਰਾਈਲ ਨੇ ਦਖਣੀ ਅਤੇ ਪੂਰਬੀ ਲੇਬਨਾਨ ’ਤੇ ਭਾਰੀ ਬੰਬਾਰੀ ਕੀਤੀ), 256,614 ਸੀਰੀਆਈ ਨਾਗਰਿਕ ਅਤੇ 82,264 ਲੇਬਨਾਨੀ ਨਾਗਰਿਕ ਸੀਰੀਆ ਦੇ ਖੇਤਰ ’ਚ ਦਾਖਲ ਹੋਏ।

ਸਾਂਝਾ ਕਰੋ

ਪੜ੍ਹੋ