ਕੰਨਾਂ ਲਈ ਖ਼ਤਰਨਾਕ ਹੋ ਸਕਦੇ ਹਨ ਈਅਰਫੋਨ

ਅਜੋਕੇ ਸਮੇਂ ਵਿਚ ਤਕਨਾਲੋਜੀ ਵਰਦਾਨ ਦੇ ਨਾਲ-ਨਾਲ ਸਰਾਪ ਵੀ ਸਾਬਿਤ ਹੋ ਰਹੀ ਹੈ। ਸਭ ਤੋਂ ਵਧੀਆ ਉਦਾਹਰਨਾਂ ਵਿੱਚੋਂ ਇਕ ਹੈ ਈਅਰਫੋਨ/ਹੈੱਡਫੋਨ (Earphones/Headphones), ਜਿਸ ਦੀ ਵਰਤੋਂ ਹਰ ਉਮਰ ਵਰਗ ਦੇ ਵਿਅਕਤੀ ਵੱਲੋਂ ਕੀਤੀ ਜਾਂਦੀ ਹੈ। ਸਵੇਰ ਦੀ ਸੈਰ ਕਰਦਿਆਂ, ਸੜਕ ਪਾਰ ਕਰਦੇ ਸਮੇਂ, ਕਾਰ ’ਚ ਸਵਾਰ, ਬੱਸ ’ਚ ਯਾਤਰਾ ਕਰਦਿਆਂ, ਚਾਹ-ਕੌਫੀ ਪੀਂਦਿਆਂਜਾਂ ਦਫ਼ਤਰ ਵਿਚ ਕੰਮ ਕਰਦਿਆਂ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਸਾਰਾ ਦਿਨ ਸੰਗੀਤ ਸੁਣਦਿਆਂ ਜਾਂ ਈਅਰਫੋਨ ਰਾਹੀਂ ਗੱਲ ਕਰਦਿਆਂ ਵੇਖਦੇ ਹੋਵੋਗੇ। ਹਾਲਾਂਕਿ ਈਅਰਫੋਨ (Earphones) ਲਗਾਉਣ ਨਾਲ ਹੋ ਸਕਦਾ ਕਿ ਤੁਸੀਂ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਪਰੇਸ਼ਾਨ ਨਾ ਕਰ ਰਹੇ ਹੋਵੋ ਪਰ ਯਕੀਨੀ ਤੌਰ ‘ਤੇ ਇਸ ਵੱਲ ਧਿਆਨ ਨਾ ਦੇ ਕੇ ਖ਼ੁਦ ਨੂੰ ਕਾਫ਼ੀ ਨੁਕਸਾਨ ਪਹੁੰਚਾ ਰਹੇ ਹੋ। ਈਅਰਫੋਨ ਕੰਨ ਦੇ ਬਹੁਤ ਨੇੜੇ ਉੱਚ ਪੱਧਰ ਦੀ ਆਵਾਜ਼ ਪੈਦਾ ਕਰਨ ਦੇ ਸਮਰੱਥ ਹਨ, ਇਸ ਲਈ ਬਹੁਤ ਖ਼ਤਰਨਾਕ ਹਨ।

ਕਿਵੇਂ ਪਹੁੰਚਾਉਂਦੇ ਹਨ ਨੁਕਸਾਨ?

ਈਅਰਫੋਨ ਆਵਾਜ਼ ਦੀਆਂ ਲਹਿਰਾਂ ਪੈਦਾ ਕਰਦੇ ਹਨ, ਜੋ ਸਾਡੇ ਕੰਨਾਂ ਤਕ ਪਹੁੰਚਦੀਆਂ ਹਨ, ਜਿਸ ਨਾਲ ਕੰਨ ਦਾ ਪਰਦਾ ਕੰਬ ਜਾਂਦਾ ਹੈ। ਇਹ ਕੰਬਣੀ ਛੋਟੀਆਂ ਹੱਡੀਆਂ ਰਾਹੀਂ ਅੰਦਰੂਨੀ ਕੰਨ ਵਿਚ ਫੈਲਦੀ ਹੈ ਤੇ ਕੋਕਲੀਅਰ ਤਕ ਪਹੁੰਚਦੀ ਹੈ ,ਜੋ ਅੰਦਰੂਨੀ ਕੰਨ ਵਿਚ ਇਕ ਕਮਰਾ ਹੈ ਤੇ ਇਹ ਤਰਲ ਨਾਲ ਭਰਿਆ ਹੁੰਦਾ ਹੈ। ਇਸ ’ਚ ਹਜ਼ਾਰਾਂ ਛੋਟੇ ਵਾਲ ਹੁੰਦੇ ਹਨ। ਜਦੋਂ ਇਹ ਕੰਬਣੀ ਕੋਕਲੀਅਰ ਤਕ ਪਹੁੰਚਦੀ ਹੈ, ਤਾਂ ਤਰਲ ਕੰਬਦੀ ਹੈ ਅਤੇ ਵਾਲਾਂ ਨੂੰ ਹਿਲਾਉਂਦੀ ਹੈ। ਆਵਾਜ਼ ਜਿੰਨੀ ਉੱਚੀ ਹੁੰਦੀ ਹੈ, ਵਾਲਾਂ ਦੀ ਗਤੀ ਨਾਲ ਕੰਬਣੀ ਓਨੀ ਹੀ ਤੇਜ਼ ਹੁੰਦੀ ਹੈ। ਉੱਚੀ ਆਵਾਜ਼ ਦੇ ਨਿਰੰਤਰ ਤੇ ਲੰਬੇ ਸਮੇਂ ਤਕ ਸੰਪਰਕ ’ਚ ਰਹਿਣ ਨਾਲ ਵਾਲਾਂ ਦੇ ਸੈੱਲ ਕੰਬਣੀ ਪ੍ਰਤੀ ਆਪਣੀ ਸੰਵੇਦਨਸ਼ੀਲਤਾ ਗੁਆ ਲੈਂਦੇ ਹਨ। ਕਈ ਵਾਰ ਉੱਚੀ ਆਵਾਜ਼ ਵਿਚ ਸੰਗੀਤ ਦੇ ਨਤੀਜੇ ਵਜੋਂ ਸੈੱਲ ਝੁਕਦੇ ਜਾਂ ਫੋਲਡ ਹੁੰਦੇ ਹਨ, ਜਿਸ ਨਾਲ ਅਸਥਾਈ ਤੌਰ ‘ਤੇ ਸੁਣਨ ਦੀ ਘਾਟ ਮਹਿਸੂਸ ਹੁੰਦੀ ਹੈ। ਵਾਲਾਂ ਦੇ ਸੈੱਲ ਇਨ੍ਹਾਂ ਅਤਿਅੰਤ ਕੰਬਣਾਂ ਤੋਂ ਠੀਕ ਹੋ ਸਕਦੇ ਹਨ ਜਾਂ ਨਹੀਂ ਵੀ। ਹਾਲਾਂਕਿ ਜਦੋਂ ਉਹ ਠੀਕ ਹੋ ਜਾਂਦੇ ਹਨ, ਤਾਂ ਜ਼ਿਆਦਾਤਰ ਕੰਮ ਕਰਨ ਵਿਚ ਅਸਮਰੱਥ ਹੁੰਦੇ ਹਨ, ਜਿਸ ਨਾਲ ਸਥਾਈ ਸੁਣਨ ਦੀ ਘਾਟ ਜਾਂ ਬੋਲ਼ਾਪਨ ਵੀ ਹੋ ਸਕਦਾ ਹੈ। ਇਸ ਤੋਂ ਠੀਕ ਹੋਣਾ ਲਗਭਗ ਅਸੰਭਵ ਹੈ।

ਮਾੜੇ ਪ੍ਰਭਾਵ

– ਜ਼ਿਆਦਾ ਉੱਚੀ ਆਵਾਜ਼ ਨਾਲ ਸੁਣਨ ਸ਼ਕਤੀ ਹੁੰਦੀ ਪ੍ਰਭਾਵਿਤ।

– ਸਾਂ-ਸਾਂ ਦੀ ਆਵਾਜ਼ ਆਉਣ ਲੱਗਣਾ।

– ਟਿੰਨੀਟਸ।

– ਹਾਈਪਰੈਕਸਿਸ।

– ਸੁਣਨ ਦੀ ਘਾਟ।

– ਚੱਕਰ ਆਉਣਾ।

– ਕੰਨਾਂ ਦੀ ਲਾਗ ।

– ਦਿਮਾਗ਼ ’ਤੇ ਪ੍ਰਭਾਵ ਪੈਣਾ।

– ਕੰਨਾਂ ’ਚ ਦਰਦ (Pain in Ears)।

ਬਚਾਅ

ਕੰਨਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਆਦਤਾਂ ’ਚ ਤਬਦੀਲੀ ਲਿਆਉਣ ਨਾਲ ਹੋਣ ਵਾਲੇ ਕਿਸੇ ਵੀ ਗੰਭੀਰ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।

– ਆਵਾਜ਼ ਨੂੰ ਬਹੁਤ ਉੱਚੀ ਨਾ ਰੱਖੋ।

– ਹੈੱਡਫੋਨ ਦੀ ਵਰਤੋਂ ਕਰਦਿਆਂ ਸਪੀਕਰ ਦੀ ਆਵਾਜ਼ ਨੂੰ ਮੱਧਮ ਰੱਖਿਆ ਜਾਵੇ।

– ਸ਼ੋਰ ਰੱਦ ਕਰਨ ਵਾਲੇ ਹੈੱਡਫੋਨ ਦੀ ਵਰਤੋ ਕਰੋ।

– ਕਾਰ, ਬੱਸ, ਰੇਲ ਗੱਡੀ ਜਾਂ ਪੈਦਲ ਜਾਂਦਆਂ ਈਅਰਫੋਨ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰੋ ਕਿਉਂਕਿ ਇਸ ਨਾਲ ਧਿਆਨ ਭੰਗ ਹੋਣ ਕਰਕੇ ਹਾਦਸਾ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।

ਤਕਨਾਲੋਜੀ ਨੇ ਬਿਨਾਂ ਸ਼ੱਕ ਸਾਡੀ ਜ਼ਿੰਦਗੀ ਨੂੰ ਕਈ ਤਰੀਕਿਆਂ ਨਾਲ ਸੌਖਾ ਤੇ ਸਹੂਲਤਪੂਰਵਕ ਬਣਾ ਦਿੱਤਾ ਹੈ ਪਰ ਕਿਸੇ ਵੀ ਚੀਜ਼ ਦੀ ਜ਼ਿਆਦਾ ਵਰਤੋਂ ਹਮੇਸ਼ਾ ਮਾੜੀ ਤੇ ਨੁਕਸਾਨਦੇਹ ਹੁੰਦੀ ਹੈ। ਇਸ ਲਈ ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਸੋਚੋ।

ਸਾਂਝਾ ਕਰੋ

ਪੜ੍ਹੋ

ਕੰਨਾਂ ਲਈ ਖ਼ਤਰਨਾਕ ਹੋ ਸਕਦੇ ਹਨ ਈਅਰਫੋਨ

ਅਜੋਕੇ ਸਮੇਂ ਵਿਚ ਤਕਨਾਲੋਜੀ ਵਰਦਾਨ ਦੇ ਨਾਲ-ਨਾਲ ਸਰਾਪ ਵੀ ਸਾਬਿਤ...