ਦ ਲੈਂਸੇਟ ਨਾਂ ਦੇ ਜਨਤਕ ਸਿਹਤ ਰਸਾਲੇ ਵਿਚ ਛਪੇ ਹਾਲੀਆ ਅਧਿਐਨ ਮੁਤਾਬਕ 2050 ਤੱਕ ਧੂੰਆਂਨੋਸ਼ੀ ਨੂੰ ਮੌਜੂਦਾ ਦਰ ਦੇ ਪੰਜ ਫ਼ੀਸਦੀ ਤੱਕ ਘੱਟ ਕਰਨ ਨਾਲ ਮਰਦਾਂ ਵਿਚ ਜੀਵਨ ਉਮੀਦ ਇਕ ਸਾਲ ਤੇ ਔਰਤਾਂ ਵਿਚ 0.2 ਸਾਲ ਵੱਧ ਜਾਏਗੀ। ਖੋਜਕਰਤਾਵਾਂ ਨੇ ਪਾਇਆ ਹੈ ਕਿ ਮੌਜੂਦਾ ਰੁਝਾਨਾਂ ਦੇ ਆਧਾਰ ’ਤੇ ਦੁਨੀਆ ਭਰ ਵਿਚ ਧੂੰਆਂਨੋਸ਼ੀ ਦੀ ਦਰ 2050 ਤੱਕ ਮਰਦਾਂ ਵਿਚ 21 ਫ਼ੀਸਦੀ ਤੇ ਔਰਤਾਂ ਵਿਚ ਚਾਰ ਫ਼ੀਸਦੀ ਤੱਕ ਘੱਟ ਹੋ ਸਕਦੀ ਹੈ।ਗਲੋਬਲ ਬਰਡਨ ਆਫ ਡਿਜ਼ੀਜ਼, ਇੰਜਰੀਜ਼ ਐਂਡ ਰਿਸਕ ਫੈਕਟਰਸ ਟੋਬੈਕੋ ਫੋਰਕਾਸਟਿੰਗ ਕੋਲੈਬੋਰੇਟਰਸ ਨੇ ਕਿਹਾ ਕਿ ਧੂੰਆਂਨੋਸ਼ੀ ਖਤਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰਨ ਨਾਲ ਜ਼ਿੰਦਗੀ ਦੇ 876 ਮਿਲੀਅਨ ਸਾਲਾਂ ਦਾ ਨੁਕਸਾਨ ਰੋਕਿਆ ਜਾ ਸਕੇਗਾ। 2095 ਤੱਕ ਸਿਗਰੇਟ ਦੀ ਵਿਕਰੀ ’ਤੇ ਪਾਬੰਦੀ ਲਗਾਉਣ ਨਾਲ 185 ਦੇਸ਼ਾਂ ਵਿਚ ਫੇਫੜਿਆਂ ਦੇ ਕੈਂਸਰ ਨਾਲ 12 ਲੱਖ ਮੌਤਾਂ ਰੋਕੀਆਂ ਜਾ ਸਕਦੀਆਂ ਹਨ।
ਇਨ੍ਹਾਂ ਵਿੱਚੋਂ ਦੋ ਤਿਹਾਈ ਘੱਟ ਆਮਦਨ ਵਾਲੇ ਤੇ ਮੱਧਮ ਆਮਦਨ ਵਾਲੇ ਦੇਸ਼ਾਂ ਵਿਚ ਹੋਣਗੀਆਂ। ਇਕ ਸੀਨੀਅਰ ਲੇਖਕ ਸਟੀਨ ਏਮਿਲ ਵੋਲਸੈਟ ਨੇ ਕਿਹਾ ਹੈ ਕਿ ਦੁਨੀਆ ਭਰ ’ਚ ਧੂੰਆਂਨੋਸ਼ੀ ਘੱਟ ਕਰਨ ਤੇ ਆਖਰ ਇਸ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ’ਚ ਰਫਤਾਰ ਨਹੀਂ ਰੁਕਣੀ ਚਾਹੀਦੀ। ਅਧਿਐਨ ਮੁਤਾਬਕ ਰੋਕੀਆਂ ਜਾ ਸਕਦੀਆਂ ਮੌਤਾਂ ਬਾਰੇ ਅਨੁਮਾਨ 2006 ਤੇ 2010 ਵਿਚਾਲੇ ਪੈਦਾ ਹੋਏ ਲੋਕਾਂ ਲਈ ਤੰਬਾਕੂ ਵਿਕਰੀ ’ਤੇ ਰੋਕ ਦੇ ਅਸਰ ਦਾ ਵਿਸ਼ਲੇਸ਼ਣ ਕਰ ਕੇ ਪ੍ਰਾਪਤ ਕੀਤੇ ਗਏ ਸਨ। ਇਸ ਵਿਚ ਤੰਬਾਕੂ ਮੁਕਤ ਪੀੜ੍ਹੀ ਨੀਤੀ ਦੇ ਸੰਭਾਵਤ ਅਸਰ ਦੀ ਵੀ ਜਾਂਚ ਕੀਤੀ ਗਈ ਹੈ। ਇਸ ਕਾਰਜ ਦਾ ਉਦੇਸ਼ ਇਕ ਤੈਅ ਸਾਲ ਤੋਂ ਬਾਅਦ ਪੈਦਾ ਹੋਣ ਵਾਲੇ ਵਿਅਕਤੀਆਂ ਲਈ ਤੰਬਾਕੂ ਦੀ ਵਿਕਰੀ ’ਤੇ ਰੋਕ ਲਾਉਣਾ ਹੈ।