ਜੈਸ਼ੰਕਰ ਨੇ ਐਂਟਨੀ ਬਲਿੰਕਨ ਨਾਲ ਕੀਤੀ ਮੁਲਾਕਾਤ

ਵਾਸ਼ਿੰਗਟਨ, 2 ਅਕਤੂਬਰ – ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਅਮਰੀਕਾ ਦੇ ਆਪਣੇ ਹਮਰੁਤਬਾ ਐਂਟਨੀ ਬਲਿੰਕਨ ਨਾਲ ਬੈਠਕ ਕੀਤੀ ਹੈ। ਦੋਵਾਂ ਆਗੂਆਂ ਨੇ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ, ਪੱਛਮੀ ਏਸ਼ੀਆ ਦੇ ਹਾਲਾਤ, ਭਾਰਤੀ ਉਪ ਮਹਾਦੀਪ ਦੀਆਂ ਹਾਲੀਆ ਘਟਨਾਵਾਂ, ਹਿੰਦ ਪ੍ਰਸ਼ਾਂਤ ਤੇ ਯੂਕਰੇਨ ਬਾਰੇ ਵਿਚਾਰ ਚਰਚਾ ਕੀਤੀ। ਭਾਰਤ ਵਿਚ ਮੋਦੀ ਸਰਕਾਰ ਦੇ ਤੀਜੀ ਵਾਰ ਸੱਤਾ ਵਿਚ ਆਉਣ ਮਗਰੋਂ ਜੈਸ਼ੰਕਰ ਦੀ ਅਮਰੀਕੀ ਰਾਜਧਾਨੀ ਦੀ ਇਹ ਪਲੇਠੀ ਫੇਰੀ ਹੈ। ਜੈਸ਼ੰਕਰ ਮੰਗਲਵਾਰ ਨੂੰ ਅਮਰੀਕੀ ਵਿਦੇਸ਼ ਵਿਭਾਗ ਦੇ ਫੌਗੀ ਬੌਟਮ ਹੈੱਡਕੁਆਰਟਰਜ਼ ਵਿਖੇ ਬਲਿੰਕਨ ਨੂੰ ਮਿਲੇ ਸਨ।

ਜੈਸ਼ੰਕਰ ਨੇ ਐਕਸ ਉੱਤੇ ਪੋਸਟ ਵਿਚ ਕਿਹਾ, ‘ਵਾਸ਼ਿੰਗਟਨ ਡੀਸੀ ਵਿਚ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਗੱਲਬਾਤ ਕਰਕੇ ਬਹੁਤ ਖੁਸ਼ੀ ਹੋਈ। ਅਸੀਂ ਡੈਲਾਵੇਅਰ ਦੁਵੱਲੀ ਗੱਲਬਾਤ ਤੇ ਕੁਆਡ ਬੈਠਕਾਂ ਦੀ ਗੱਲਬਾਤ ਨੂੰ ਜਾਰੀ ਰੱਖਿਆ। ਸਾਡੀ ਵਿਚਾਰ ਚਰਚਾ ਵਿਚ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ, ਪੱਛਮੀ ਏਸ਼ੀਆ ਦੇ ਹਾਲਾਤ, ਭਾਰਤੀ ਉਪ ਮਹਾਦੀਪ ਦੀਆਂ ਹਾਲੀਆ ਘਟਨਾਵਾਂ, ਹਿੰਦ-ਪ੍ਰਸ਼ਾਂਤ ਤੇ ਯੂਕਰੇਨ ਸ਼ਾਮਲ ਸੀ।’ ਉਧਰ ਬਲਿੰਕਨ ਨੇ ਵੀ ਐਕਸ ’ਤੇ ਪੋਸਟ ਵਿਚ ਕਿਹਾ, ‘ਭਾਰਤ ਤੇ ਅਮਰੀਕਾ ਮਿਲ ਕੇ ਖੇਤਰੀ ਤੇ ਆਲਮੀ ਚੁਣੌਤੀਆਂ ’ਤੇ ਕੰਮ ਕਰ ਰਹੇ ਹਨ। ਭਾਰਤ ਦੇ ਵਿਦੇਸ਼ ਮੰਤਰੀ ਡਾ.ਐੱਸ. ਜੈਸ਼ੰਕਰ ਤੇ ਮੈਂ ਬੈਠਕ ਕਰਕੇ ਵਾਤਾਵਰਨ ਸੰਕਟ ਬਾਰੇ ਸਹਿਯੋਗ ਜਾਰੀ ਰੱਖਣ ਅਤੇ ਖੇਤਰੀ ਸੁਰੱਖਿਆ ਤੇ ਖ਼ੁਸ਼ਹਾਲੀ ਦੇ ਪ੍ਰਚਾਰ ਪਾਸਾਰ ਦੇ ਢੰਗ ਤਰੀਕਿਆਂ ਉੱਤੇ ਚਰਚਾ ਕੀਤੀ।’

ਦੋਵਾਂ ਆਗੂਆਂ ਨੇ ਆਲਮੀ ਚੁਣੌਤੀਆਂ ਖ਼ਿਲਾਫ਼ ਮਿਲ ਕੇ ਚੱਲਣ ਦਾ ਅਹਿਦ ਲਿਆ

ਅਮਰੀਕੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਮੈਥਿਊ ਮਿੱਲਰ ਨੇ ਕਿਹਾ ਕਿ ਜੈਸ਼ੰਕਰ ਤੇ ਬਲਿੰਕਨ ਨੇ ਖੇਤਰੀ ਤੇ ਆਲਮੀ ਚੁਣੌਤੀਆਂ ਖਿਲਾਫ਼ ਮਿਲ ਕੇ ਕੰਮ ਕਰਨ ਤੇ ਆਧੁਨਿਕ ਤੇ ਉਭਰਦੀਆਂ ਤਕਨਾਲੋਜੀਆਂ ਵਿਚ ਸਹਿਯੋਗ ਬਾਰੇ ਚਰਚਾ ਕੀਤੀ ਤੇ ਮਿਲ ਕੇ ਚੱਲਣ ਦਾ ਅਹਿਦ ਲਿਆ। ਇਸ ਤੋਂ ਪਹਿਲਾਂ ਅੱਜ ਦਿਨੇ ਜੈਸ਼ੰਕਰ ਸਿਖਰਲੇ ਅਮਰੀਕੀ ਥਿੰਕ ਟੈਂਕ ਕਾਰਨੇਜੀ ਐਨਡੋਅਮੈਂਟ ਫਾਰ ਇੰਟਰਨੈਸ਼ਨਲ ਪੀਸ ਵਿਖੇ ਵਿਚਾਰ ਚਰਚਾ ਵਿਚ ਵੀ ਸ਼ਾਮਲ ਹੋਏ।

ਸਾਂਝਾ ਕਰੋ

ਪੜ੍ਹੋ