ਨਿਤਿਨ ਗਡਕਰੀ ਦੇ ਬਿਆਨ

ਕੇਂਦਰੀ ਮੰਤਰੀ ਤੇ ਭਾਜਪਾ ਦੇ ਸਾਬਕਾ ਪ੍ਰਧਾਨ ਨਿਤਿਨ ਗਡਕਰੀ ਆਏ ਦਿਨ ਸਰਕਾਰ ਬਾਰੇ ਜਿਸ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਹਨ, ਉਸ ਤੋਂ ਇਹ ਕਿਆਸ-ਅਰਾਈਆਂ ਤੇਜ਼ ਹੁੰਦੀਆਂ ਜਾ ਰਹੀਆਂ ਹਨ ਕਿ ਉਹ ਅਜਿਹਾ ਆਰ ਐੱਸ ਐੱਸ ਦੇ ਕਹਿਣ ’ਤੇ ਕਰ ਰਹੇ ਹਨ, ਕਿਉਕਿ ਭਾਜਪਾ ਦੀ ਅਸਲੀ ਹਾਈਕਮਾਨ ਮੋਦੀ-ਸ਼ਾਹ ਜੋੜੀ ਤੋਂ ਆਰ ਐੱਸ ਐੱਸ ਨਰਾਜ਼ ਹੈ। ਦੀਵਾਲੀ ਤੋਂ ਬਾਅਦ ਮਹਾਰਾਸ਼ਟਰ ਦੀਆਂ ਅਸੰਬਲੀ ਚੋਣਾਂ ਦੇ ਮੌਕੇ ਸੂਬਾ ਸਰਕਾਰ ਦੀ ਵੋਟ-ਬਟੋਰੂ ਯੋਜਨਾ ‘ਮੁੱਖ ਮੰਤਰੀ ਮਾਝੀ ਲੜਕੀ ਬਹਿਨ ਯੋਜਨਾ’ ਅਤੇ ਸੂਬੇ ਦੀ ਵਿੱਤੀ ਹਾਲਤ ਬਾਰੇ ਗਡਕਰੀ ਨੇ ਸੋਮਵਾਰ ਇਕ ਜਨਤਕ ਪ੍ਰੋਗਰਾਮ ਵਿਚ ਕਿਹਾ ਕਿ ਕੀ ਨਿਵੇਸ਼ਕਾਂ ਨੂੰ ਸਮੇਂ ’ਤੇ ਸਬਸਿਡੀ ਮਿਲੇਗੀ? ਕੌਣ ਜਾਣਦਾ ਹੈ? ਸਾਨੂੰ ਲੜਕੀ ਬਹਿਨ ਯੋਜਨਾ ਲਈ ਵੀ ਫੰਡ ਦੇਣਾ ਪੈਣਾ। ਦੂਜੇ ਸ਼ਬਦਾਂ ਵਿਚ ਗਡਕਰੀ ਨੂੰ ਡਰ ਹੈ ਕਿ ਪਹਿਲੀਆਂ ਸਬਸਿਡੀਆਂ ਦੇ ਨਹੀਂ ਹੋ ਰਹੀਆਂ ਤੇ ਨਵੀਂਆਂ ਦਾ ਜੁਗਾੜ ਕਿੱਥੋਂ ਕਰਨਾ। ਗਡਕਰੀ ਦੇ ਬਿਆਨਾਂ ਤੋਂ ਬਾਅਦ ਆਪੋਜ਼ੀਸ਼ਨ ਦੇ ਮਹਾਰਾਸ਼ਟਰ ਦੀ ਸ਼ਿਵ ਸੈਨਾ-ਭਾਜਪਾ-ਐੱਨ ਸੀ ਪੀ ਸਰਕਾਰ ’ਤੇ ਹਮਲੇ ਤੇਜ਼ ਹੁੰਦੇ ਜਾ ਰਹੇ ਹਨ। ਕਾਂਗਰਸ ਦਾ ਕਹਿਣਾ ਹੈ ਕਿ ਕੇਂਦਰੀ ਮੰਤਰੀ ਗਡਕਰੀ ਜਨਤਕ ਤੌਰ ’ਤੇ ਮੰਨ ਰਹੇ ਹਨ ਕਿ ਸੂਬਾ ਮਾਲੀ ਸੰਕਟ ਵਿੱਚੋਂ ਲੰਘ ਰਿਹਾ ਹੈ। ਫੰਡ ਦੀ ਕਮੀ ਕਾਰਨ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਵਾਰਾਂ ਲਈ ਸਹਾਇਤਾ ਰੋਕ ਦਿੱਤੀ ਗਈ। ਜਦੋਂ ਆਪੋਜ਼ੀਸ਼ਨ ਨੇ ਰੌਲਾ ਪਾਇਆ ਤਾਂ ਬਹਾਲ ਕੀਤੀ।

ਸੂਬੇ ’ਤੇ ਕੁਲ ਕਰਜ਼ਾ 7 ਲੱਖ ਕਰੋੜ ਰੁਪਏ ਤੱਕ ਪੁੱਜ ਚੁੱਕਾ ਹੈ, ਜੋ ਸੂਬੇ ਦੀ ਕੁਲ ਘਰੇਲੂ ਪੈਦਾਵਾਰ (ਜੀ ਡੀ ਪੀ) ਦਾ ਲਗਭਗ 20 ਫੀਸਦੀ ਹੈ। ‘ਮੁੱਖ ਮੰਤਰੀ ਮਾਝੀ ਲੜਕੀ ਬਹਿਨ ਯੋਜਨਾ’ ਤਹਿਤ 21-65 ਸਾਲ ਦੀਆਂ ਮਹਿਲਾਵਾਂ ਨੂੰ 1500 ਰੁਪਏ ਮਹੀਨਾ ਦਿੱਤੇ ਜਾਣੇ ਹਨ, ਭਾਵੇਂ ਉਹ ਵਿਆਹੀਆਂ ਹਨ ਜਾਂ ਨਹੀਂ। ਇਸ ਨਾਲ ਖਜ਼ਾਨੇ ’ਤੇ 46 ਹਜ਼ਾਰ ਕਰੋੜ ਦਾ ਭਾਰ ਪੈਣਾ ਹੈ। ਇਸ ਯੋਜਨਾ ਨੂੰ ਚੋਣਾਂ ਦੇ ਮੱਦੇਨਜ਼ਰ ਫਟਾਫਟ ਲਾਗੂ ਕੀਤਾ ਗਿਆ ਹੈ, ਇਹ ਹਿਸਾਬ ਲਾਏ ਬਿਨਾਂ ਕਿ ਪੈਸੇ ਦਾ ਪ੍ਰਬੰਧ ਕਿੱਥੋਂ ਕਰਨਾ ਹੈ। ਗਡਕਰੀ ਇਸ ਤੋਂ ਪਹਿਲਾਂ ਪੁਣੇ ਵਿਚ ਇਹ ਕਹਿ ਚੁੱਕੇ ਹਨ ਕਿ ਜਿਸ ਫਾਈਲ ’ਤੇ ਪੈਸੇ ਰੱਖੇ ਹੁੰਦੇ ਹਨ, ਉਹ ਸਾਡੇ ਸਿਸਟਮ ਵਿਚ ਤੇਜ਼ੀ ਨਾਲ ਚਲਦੀ ਹੈ। ਉਹ ਸਿਆਸਤ ਨੂੰ ਕੈਰੀਅਰ ਬਣਾਉਣ ਲਈ ਵਰਤਣ ਦਾ ਵੀ ਵਿਰੋਧ ਕਰਦੇ ਰਹਿੰਦੇ ਹਨ। ਦਰਅਸਲ ਜਦੋਂ ਤੋਂ ਭਾਜਪਾ ਪ੍ਰਧਾਨ ਜੇ ਪੀ ਨੱਢਾ ਨੇ ਕਿਹਾ ਹੈ ਕਿ ਭਾਜਪਾ ਹੁਣ ਏਨੀ ਤਕੜੀ ਹੋ ਗਈ ਹੈ ਕਿ ਚੋਣਾਂ ਜਿੱਤਣ ਲਈ ਉਸ ਨੂੰ ਆਰ ਐੱਸ ਐੱਸ ਦੀ ਪਹਿਲਾਂ ਵਰਗੀ ਲੋੜ ਨਹੀਂ ਰਹੀ, ਆਰ ਐੱਸ ਐੱਸ ਖਿਝਿਆ ਹੋਇਆ ਹੈ। ਉਸ ਦੇ ਵਰਕਰਾਂ ਵੱਲੋਂ ਲੋਕ ਸਭਾ ਚੋਣਾਂ ਵਿਚ ਖੁੱਲ੍ਹ ਕੇ ਹਿੱਸਾ ਨਾ ਲੈਣ ਕਾਰਨ ਭਾਜਪਾ ਸਪੱਸ਼ਟ ਬਹੁਮਤ ਹਾਸਲ ਨਹੀਂ ਸੀ ਕਰ ਸਕੀ। ਆਰ ਐੱਸ ਐੱਸ ਮੋਦੀ-ਸ਼ਾਹ ਜੋੜੀ ਦੀਆਂ ਮਨਮਾਨੀਆਂ ਤੋਂ ਵੀ ਨਾਰਾਜ਼ ਹੈ। ਮੋਦੀ ਵਿਰੁੱਧ ਕੋਈ ਵੱਡਾ ਫੈਸਲਾ ਲੈਣ ਤੋਂ ਪਹਿਲਾਂ ਉਹ ਭਾਜਪਾ, ਜਿਸ ਨੂੰ ਉਸ ਦੀ ਔਲਾਦ ਮੰਨਿਆ ਜਾਂਦਾ ਹੈ, ਉੱਤੇ ਪੂਰਾ ਕੰਟਰੋਲ ਕਰਨਾ ਚਾਹੁੰਦਾ ਹੈ। ਇਸ ਲਈ ਉਹ ਗਡਕਰੀ ਜਾਂ ਉਸ ਵਰਗੇ ਕਿਸੇ ਆਗੂ ਨੂੰ ਮੁੜ ਪ੍ਰਧਾਨ ਬਣਾਉਣਾ ਚਾਹੁੰਦਾ ਹੈ, ਜੋ ਆਰ ਐੱਸ ਐੱਸ ਦਾ ਕਹਿਣਾ ਮੰਨੇ।

ਸਾਂਝਾ ਕਰੋ

ਪੜ੍ਹੋ

ਸਰਬ ਨੌਜਵਾਨ ਸਭਾ ਵਲੋਂ ਐਤਵਾਰ ਨੂੰ ਹੋਣ

* 13 ਅਕਤੂਬਰ ਨੂੰ ਖੇੜਾ ਰੋਡ ਵਿਖੇ ਹੋਵੇਗੀ ਮਾਂ ਭਗਵਤੀ...