ਵਿਸ਼ਵ ਬੌਧਿਕ ਸੰਪਦਾ ਸੰਗਠਨ (ਡਬਲਯੂਆਈਪੀਓ) ਦੁਆਰਾ ਪ੍ਰਕਾਸ਼ਿਤ ਗਲੋਬਲ ਇਨੋਵੇਸ਼ਨ ਇੰਡੈਕਸ (ਜੀਆਈਆਈ) ਦੀ 133 ਅਰਥਚਾਰਿਆਂ ਦੀ ਹਾਲੀਆ ਰੈਂਕਿੰਗ ਵਿਚ ਭਾਰਤ ਨੇ 39ਵਾਂ ਸਥਾਨ ਹਾਸਲ ਕੀਤਾ ਹੈ। ਇਹ ਕੋਈ ਛੋਟੀ ਗੱਲ ਨਹੀਂ ਹੈ ਕਿਉਂਕਿ ਇਸ ਰੈਂਕਿੰਗ ਵਿਚ 2015 ਵਿਚ ਭਾਰਤ 81ਵੇਂ ਸਥਾਨ ’ਤੇ ਸੀ। ਜੀਆਈਆਈ ਦਰਜਾਬੰਦੀ ਵਿਚ ਭਾਰਤੀ ਦੀ ਉੱਨਤੀ ਦੁਨੀਆ ਭਰ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਉੱਚੀ ਰੈਂਕਿੰਗ ਨੂੰ ਪ੍ਰਧਾਨ ਮੰਤਰੀ ਨੇ ਦੇਸ਼ ਦੇ ਵਾਈਬ੍ਰੈਂਟ ਇਨੋਵੇਟਿਵ ਈਕੋ-ਸਿਸਟਮ ਦੀ ਪ੍ਰਾਪਤੀ ਦੱਸਿਆ ਹੈ। ਇਸ ਰੈਂਕਿੰਗ ਵਿਚ ਭਾਰਤ ਨਿਮਨ-ਦਰਮਿਆਨੀ ਆਮਦਨ ਵਾਲੇ ਅਰਥਚਾਰਿਆਂ ਦੇ ਨਾਲ ਹੀ ਮੱਧ ਤੇ ਦੱਖਣੀ ਏਸ਼ਿਆਈ ਦੇਸ਼ਾਂ ਵਿਚ ਪਹਿਲੇ ਸਥਾਨ ’ਤੇ ਰਿਹਾ ਜਦਕਿ ਵਿਗਿਆਨ ਤੇ ਟੈਕਨਾਲੋਜੀ ਕਲਸਟਰ ਰੈਂਕਿੰਗ ਵਿਚ ਚੌਥੇ ਨੰਬਰ ’ਤੇ ਹੈ। ਭਾਰਤ ਦੇ ਮੁੱਖ ਸ਼ਹਿਰ ਮੁੰਬਈ, ਦਿੱਲੀ, ਬੈਂਗਲੁਰੂ ਅਤੇ ਚੇਨਈ ਦੁਨੀਆ ਦੇ ਚੋਟੀ ਦੇ 100 ਵਿਗਿਆਨ ਅਤੇ ਟੈਕਨਾਲੋਜੀ ਕਲਸਟਰਾਂ ’ਚ ਸੂਚੀਬੱਧ ਹਨ। ਦਰਜਾਬੰਦੀ ਮੁਤਾਬਕ ਸਵਿਟਜ਼ਰਲੈਂਡ, ਸਵੀਡਨ, ਅਮਰੀਕਾ, ਸਿੰਗਾਪੁਰ ਅਤੇ ਯੂਕੇ ਦੁਨੀਆ ਦੇ ਸਭ ਤੋਂ ਵੱਧ ਉੱਨਤੀ ਵਾਲੇ ਅਰਥਚਾਰੇ ਹਨ ਜਦਕਿ ਚੀਨ, ਤੁਰਕੀ, ਭਾਰਤ, ਵੀਅਤਨਾਮ ਅਤੇ ਫਿਲਪੀਨ ਬੀਤੇ ਇਕ ਦਹਾਕੇ ਵਿਚ ਸਭ ਤੋਂ ਤੇਜ਼ੀ ਨਾਲ ਉੱਪਰ ਉੱਠਣ ਵਾਲੇ ਦੇਸ਼ ਹਨ।
ਜੇ ਅਸੀਂ ਬੌਧਿਕ ਸੰਪਦਾ, ਖੋਜ ਤੇ ਇਵੋਵੇਸ਼ਨ ਨਾਲ ਜੁੜੇ ਹੋਰ ਆਲਮੀ ਸੰਗਠਨਾਂ ਦੀ ਰਿਪੋਰਟ ਵੀ ਦੇਖੀਏ ਤਾਂ ਭਾਰਤ ਇਸ ਖੇਤਰ ਵਿਚ ਲਗਾਤਾਰ ਅੱਗੇ ਵਧ ਰਿਹਾ ਹੈ। ਯੂਐੱਸ ਚੈਂਬਰਜ਼ ਆਫ ਕਾਮਰਸ ਦੇ ਗਲੋਬਲ ਇਨੋਵੇਸ਼ਨ ਪਾਲਿਸੀ ਸੈਂਟਰ ਦੁਆਰਾ ਜਾਰੀ ਵਿਸ਼ਵ ਪੱਧਰੀ ਬੌਧਿਕ ਸੰਪਦਾ ਯਾਨੀ ਆਈਪੀ ਸੂਚਕ ਅੰਕ 2024 ਵਿਚ ਭਾਰਤ ਦੁਨੀਆ ਦੇ 55 ਮੁੱਖ ਅਰਥਚਾਰਿਆਂ ’ਚੋਂ 42ਵੇਂ ਸਥਾਨ ’ਤੇ ਹੈ। ਹੁਣ ਇਹ ਹੋਰ ਚੰਗੀ ਤਰ੍ਹਾਂ ਸਪਸ਼ਟ ਹੈ ਕਿ ਖੋਜ ਤੇ ਇਨੋਵੇਸ਼ਨ ਜਾਂ ਬੌਧਿਕ ਸੰਪਦਾ ਦੀ ਦੁਨੀਆ ਵਿਚ ਭਾਰਤ ਦੀ ਦਰਜਾਬੰਦੀ ਇਹ ਦਰਸਾਅ ਰਹੀ ਹੈ ਕਿ ਭਾਰਤ ਇਨੋਵੇਸ਼ਨ ਦੀ ਹੱਬ ਬਣਦਾ ਜਾ ਰਿਹਾ ਹੈ। ਵਿਗਿਆਨ ਤੇ ਇੰਜੀਨੀਅਰਿੰਗ ਗ੍ਰੈਜੂਏਟ ਤਿਆਰ ਕਰਨ ਵਿਚ ਵੀ ਭਾਰਤ ਦੁਨੀਆ ਵਿਚ ਸਭ ਤੋਂ ਅੱਗੇ ਹੈ। ਇਸ ਦੇ ਉਦਯੋਗ-ਕਾਰੋਬਾਰ ਸਮੇਂ ਦੇ ਨਾਲ ਤੇਜ਼ੀ ਨਾਲ ਆਧੁਨਿਕ ਹੁੰਦੇ ਜਾ ਰਹੇ ਹਨ। ਕੇਂਦਰੀ ਖੇਤੀ ਅਤੇ ਕਿਸਾਨ ਕਲਿਆਣ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਮੁਤਾਬਕ ਖੇਤੀ ਨਾਲ ਸਬੰਧਤ ਚੁਣੌਤੀਆਂ ਦੇ ਹੱਲ ਲਈ ਭਾਰਤ ਨੇ ਜਿਸ ਤਰ੍ਹਾਂ ਵਿਗਿਆਨ ਅਤੇ ਟੈਕਨਾਲੋਜੀ ਦਾ ਤਰਜੀਹੀ ਆਧਾਰ ’ਤੇ ਇਸਤੇਮਾਲ ਕੀਤਾ, ਉਸ ਨਾਲ ਭਾਰਤ ਖੇਤੀ ਵਿਕਾਸ ਦੇ ਰਾਹ ’ਤੇ ਤੇਜ਼ੀ ਨਾਲ ਅੱਗੇ ਵਧਿਆ ਹੈ। ਬੁਨਿਆਦੀ ਢਾਂਚਾ, ਸਿਹਤ, ਖੇਤੀ, ਸਿੱਖਿਆ ਅਤੇ ਰੱਖਿਆ ਸਹਿਤ ਵੱਖ-ਵੱਖ ਖੇਤਰਾਂ ਵਿਚ ਤੇਜ਼ ਤਰੱਕੀ ਹੋ ਰਹੀ ਹੈ। ਉਮੀਦ ਕਰਨੀ ਬਣਦੀ ਹੈ ਕਿ ਸਰਕਾਰ ਜੀਆਈਆਈ ਦੀ 39ਵੀਂ ਦਰਜਾਬੰਦੀ ਨੂੰ ਨਵੀਂ ਬੁਲੰਦੀ ’ਤੇ ਲੈ ਕੇ ਜਾਣ ਲਈ ਰਣਨੀਤਕ ਤੌਰ ’ਤੇ ਅੱਗੇ ਵਧੇਗੀ।