ਕਾਰਪੋਰੇਟ ਕੰਪਨੀਆਂ ਮੁਨਾਫੇ ਦੀ ਹਵਸ ਵਿੱਚ ਵਿਅਕਤੀ ਦੀ ਕਿਰਤ ਸ਼ਕਤੀ ਨੂੰ ਕਿਸ ਤਰ੍ਹਾਂ ਨਿਚੋੜਦੀਆਂ ਹਨ, ਇਸ ਦਾ ਜ਼ਿਕਰ ਅਸੀਂ ਕੇਰਲਾ ਦੀ 26 ਸਾਲਾ ਚਾਰਟਰਡ ਅਕਾਊਂਟੈਂਟ ਦੀ ਕੰਮ ਦੇ ਦਬਾਅ ਕਾਰਨ ਹੋਈ ਮੌਤ ਬਾਰੇ ਆਪਣੇ ਸੰਪਾਦਕੀ ਵਿੱਚ ਕੀਤਾ ਸੀ। ਅੰਨਾ ਦੀ ਮੌਤ ਤੋਂ ਬਾਅਦ ਉਸ ਦੀ ਮਾਂ ਵੱਲੋਂ ਕੰਪਨੀ ਦੇ ਚੇਅਰਮੈਨ ਨੂੰ ਲਿਖੇ ਪੱਤਰ ਦੇ ਲੀਕ ਹੋਣ ਬਾਅਦ ਸੋਸ਼ਲ ਮੀਡੀਆ ’ਤੇ ਭਾਰੀ ਗੁੱਸਾ ਪੈਦਾ ਹੋ ਗਿਆ ਸੀ। ਕਾਰਪੋਰੇਟ ਕੰਪਨੀਆਂ ਵਿੱਚ ਕੰਮ ਕਰਦੇ ਲੋਕਾਂ ਨੇ ਆਪਣੇ ਨਾਲ ਕੀਤੇ ਜਾ ਰਹੇ ਅਣਮਨੁੱਖੀ ਵਿਹਾਰ ਦਾ ਖੁੱਲ੍ਹ ਕੇ ਖੁਲਾਸਾ ਕੀਤਾ ਸੀ। ਇਹ ਕਾਰਪੋਰੇਟ ਕੰਪਨੀਆਂ ਵਿਅਕਤੀ ਦੀ ਕਿਰਤ ਸ਼ਕਤੀ ਹੀ ਨਹੀਂ, ਉਸ ਦੀ ਜ਼ਿੰਦਾ ਰਹਿਣ ਦੀ ਸ਼ਕਤੀ ਦੇ ਹਰ ਪਹਿਲੂ, ਇੱਥੋਂ ਤੱਕ ਕਿ ਸੋਚ ਸ਼ਕਤੀ ਨੂੰ ਵੀ ਤਹਿਸ-ਨਹਿਸ ਕਰ ਦਿੰਦੀਆਂ ਹਨ। ਇਸ ਦਾ ਅੰਦਾਜ਼ਾ ਝਾਂਸੀ ਦੇ 42 ਸਾਲਾ ਤਰੁਣ ਸਕਸੈਨਾ ਦੀ ਆਤਮ-ਹੱਤਿਆ ਤੋਂ ਸਹਿਜੇ ਹੀ ਲਾਇਆ ਜਾ ਸਕਦਾ ਹੈ। ਤਰੁਣ ਸਕਸੈਨਾ ਨੇ ਆਪਣੀ ਪਤਨੀ ਤੇ ਦੋ ਬੱਚਿਆਂ ਨੂੰ ਉਨ੍ਹਾਂ ਦੇ ਕਮਰੇ ’ਚ ਛੱਡ ਕੇ ਆਪਣੇ ਕਮਰੇ ਵਿੱਚ ਆ ਕੇ ਖੁਦਕੁਸ਼ੀ ਕਰ ਲਈ ਸੀ। ਉਸ ਦੇ ਪਰਵਾਰ ਵਿੱਚ ਮਾਤਾ-ਪਿਤਾ, ਪਤਨੀ ਮੇਘਾ ਤੇ ਦੋ ਬੱਚੇ, ਯਥਾਰਥ ਤੇ ਪੀਹੂ ਹਨ। ਐਨ ਡੀ ਟੀ ਵੀ ਦੀ ਰਿਪੋਰਟ ਅਨੁਸਾਰ ਤਰੁਣ ਸਕਸੈਨਾ ਬਜਾਜ ਫਾਈਨਾਂਸ ਵਿੱਚ ਏਰੀਆ ਮੈਨੇਜਰ ਸਨ। ਮਰਨ ਤੋਂ ਪਹਿਲਾਂ ਤਰੁਣ ਵੱਲੋਂ ਲਿਖਿਆ ਖੁਦਕੁਸ਼ੀ ਨੋਟ ਹਰ ਕਿਸੇ ਨੂੰ ਝੰਜੋੜ ਦੇਣਾ ਵਾਲਾ ਹੈ। ਆਪਣੀ ਪਤਨੀ ਨੂੰ ਸੰਬੋਧਤ 5 ਸਫਿਆਂ ਦੇ ਪੱਤਰ ਵਿੱਚ ਤਰੁਣ ਨੇ ਲਿਖਿਆ ਹੈ ਕਿ ਪਿਛਲੇ ਦੋ ਮਹੀਨਿਆਂ ਤੋਂ ਉਸ ਦੇ ਉੱਚ-ਅਧਿਕਾਰੀ ਉਸ ’ਤੇ ਟਾਰਗੈੱਟ ਪੂਰਾ ਕਰਨ ਲਈ ਦਬਾਅ ਪਾ ਰਹੇ ਹਨ ਤੇ ਤਨਖ਼ਾਹ ਕੱਟ ਲੈਣ ਦੀਆਂ ਧਮਕੀਆਂ ਦੇ ਰਹੇ ਹਨ। ਇਸ ਸਮੇਂ ਉਹ ਬਹੁਤ ਤਣਾਅ ਵਿੱਚ ਹੈ ਤੇ ਟਾਰਗੈੱਟ ਪੂਰਾ ਕਰਨ ਤੋਂ ਅਸਮਰੱਥ ਹੈ।
ਤਰੁਣ ਨੇ ਕਿਹਾ ਕਿ ਉਹ ਤੇ ਉਸ ਦੇ ਸਾਥੀਆਂ ਨੂੰ ਲੋਕਾਂ ਤੋਂ ਕਰਜ਼ੇ ਦੀਆਂ ਕਿਸ਼ਤਾਂ ਦੀ ਉਗਰਾਹੀ ਕਰਨ ਦਾ ਕੰਮ ਸੌਂਪਿਆ ਗਿਆ ਸੀ। ਜਿਹੜੇ ਲੋਕ ਕਿਸ਼ਤਾਂ ਦੇ ਪੈਸੇ ਨਹੀਂ ਸਨ ਦਿੰਦੇ ਉਨ੍ਹਾਂ ਦਾ ਭੁਗਤਾਨ ਉਨ੍ਹਾਂ ਨੂੰ ਆਪਣੀ ਤਨਖ਼ਾਹ ’ਚੋਂ ਕਰਨਾ ਪੈਂਦਾ ਸੀ। ਉਨ੍ਹਾਂ ਕਈ ਵਾਰ ਕਿਸ਼ਤਾਂ ਉਗਰਾਹੁਣ ਦੌਰਾਨ ਆਉਂਦੀਆਂ ਮੁਸ਼ਕਲਾਂ ਤੋਂ ਅਧਿਕਾਰੀਆਂ ਨੂੰ ਜਾਣੂੰ ਕਰਵਾਇਆ, ਪਰ ਉਹ ਕੋਈ ਹੱਲ ਕਰਨ ਦੀ ਥਾਂ ਉਨ੍ਹਾਂ ਦੀ ਬੇਇੱਜ਼ਤੀ ਕਰ ਦਿੰਦੇ ਸਨ। ਉਸ ਨੂੰ ਡਰ ਹੈ ਕਿ ਉਸ ਦੀ ਨੌਕਰੀ ਚਲੀ ਜਾਵੇਗੀ। ਤਰੁਣ ਨੇ ਲਿਖਿਆ ਕਿ ਉਹ 45 ਦਿਨਾਂ ਤੋਂ ਸੁੱਤਾ ਨਹੀਂ। ਉਸ ਦੇ ਖਾਣਾ ਵੀ ਨਹੀਂ ਲੰਘਦਾ। ਮੁੱਖ ਪ੍ਰਬੰਧਕ ਉਸ ’ਤੇ ਟਾਰਗੈੱਟ ਪੂਰਾ ਕਰਨ ਜਾਂ ਨੌਕਰੀ ਛੱਡ ਦੇਣ ਲਈ ਦਬਾਅ ਪਾ ਰਿਹਾ ਹੈ। ਇਸ ਤੋਂ ਬਾਅਦ ਤਰੁਣ ਨੇ ਲਿਖਿਆ, ‘‘ਮੈਂ ਬਹੁਤ ਤਣਾਅ ਵਿੱਚ ਹਾਂ। ਮੈਂ ਸੋਚਣ ਦੀ ਸ਼ਕਤੀ ਗੁਆ ਚੁੱਕਾ ਹਾਂ। ਮੈਂ ਜਾ ਰਿਹਾ ਹਾਂ। ਰਿਪੋਰਟ ਅਨੁਸਾਰ ਤਰੁਣ ਨੇ ਲਿਖਿਆ, ‘‘ਮੈਂ ਬੱਚਿਆਂ ਦੀ ਸਾਰੇ ਸਾਲ ਦੀ ਫੀਸ ਭਰ ਦਿੱਤੀ ਹੈ। ਮੰਮੀ-ਪਾਪਾ ਮੈਂ ਤੁਹਾਥੋਂ ਕਦੇ ਕੁਝ ਨਹੀਂ ਮੰਗਿਆ। ਕ੍ਰਿਪਾ ਕਰਕੇ ਉੱਪਰਲੀ ਮੰਜ਼ਲ ਬਣਵਾ ਦੇਣਾ ਤਾਂ ਕਿ ਮੇਰਾ ਪਰਵਾਰ ਅਰਾਮ ਨਾਲ ਰਹਿ ਸਕੇ। ਆਪ ਮੇਘਾ, ਯਥਾਰਥ ਤੇ ਪੀਹੂ ਦਾ ਖਿਆਲ ਰੱਖਣਾ। ਤਰੁਣ ਦੇ ਵੱਡੇ ਭਰਾ ਗੌਰਵ ਸਕਸੈਨਾ ਨੇ ਪ੍ਰੈੱਸ ਨੂੰ ਕਿਹਾ, ‘‘ਉਸ ਦੇ ਅਧਿਕਾਰੀਆਂ ਵੱਲੋਂ ਉਸ ’ਤੇ ਕਰਜ਼ਾ ਵਸੂਲੀ ਦਾ ਲਗਾਤਾਰ ਦਬਾਅ ਪਾਇਆ ਜਾ ਰਿਹਾ ਸੀ। ਘਟਨਾ ਵਾਲੇ ਦਿਨ ਸਵੇਰੇ ਛੇ ਵਜੇ ਵੀਡੀਓ ਕਾਨਫਰੰਸ ਰਾਹੀਂ ਉਸ ਨੂੰ ਫਿਰ ਕਿਹਾ ਗਿਆ ਕਿ ਤੂੰ ਕੰਮ ਨਹੀਂ ਕਰ ਸਕਦਾ, ਇਸ ਲਈ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ। ਤਰੁਣ ਨੇ ਖੁਦਕੁਸ਼ੀ ਨੋਟ ਵਿੱਚ ਅਧਿਕਾਰੀਆਂ ਦਾ ਨਾਂਅ ਵੀ ਲਿਖਿਆ ਹੈ ਤੇ ਕਿਹਾ ਕਿ ਮੇਰੇ ਇਸ ਫੈਸਲੇ ਲਈ ਉਹ ਜ਼ਿੰਮੇਵਾਰ ਹਨ। ਰੌਂਗਟੇ ਖੜ੍ਹੇ ਕਰ ਦੇਣ ਵਾਲੀ ਇਸ ਖੁਦਕੁਸ਼ੀ ਤੋਂ ਬਾਅਦ ਇਹ ਜ਼ਰੂਰੀ ਹੋ ਗਿਆ ਹੈ ਕਿ ਹੁਣ ਕਿਹਾ ਜਾਵੇ ਕਿ ਬਸ ਹੁਣ ਹੋਰ ਬਰਦਾਸ਼ਤ ਨਹੀਂ ਕਰਾਂਗੇ।