ਨਵੀਂ ਦਿੱਲੀ, 30 ਸਤੰਬਰ – ਅੱਜਕੱਲ੍ਹ ਬਾਜ਼ਾਰ ‘ਚ ਮਿਲਾਵਟ ਦਾ ਖੇਡ ਆਮ ਹੋ ਗਈ ਹੈ। ਖਾਣ-ਪੀਣ ਦੀਆ ਚੀਜ਼ਾਂ ‘ਚ ਵੀ ਮਿਲਾਵਟ ਹੋਣ ਦਾ ਖ਼ਤਰਾ ਰਹਿੰਦਾ ਹੈ। ਇਸ ਸਥਿਤੀ ‘ਚ ਜਦੋਂ ਵੀ ਘਰ ਲਈ ਖਾਣ ਦੀਆਂ ਵਸਤਾਂ ਖਰੀਦਦੇ ਹੋ ਤਾਂ ਹਮੇਸ਼ਾ ਇਕ ਸਵਾਲ ਸਾਡੇ ਮਨ ‘ਚ ਰਹਿੰਦਾ ਹੈ ਕਿ ਇਹ ਚੀਜ਼ ਅਸਲੀ ਹੈ ਜਾਂ ਨਕਲੀ?ਸਰ੍ਹੋਂ ਦਾ ਤੇਲ ਸਾਡੀ ਰਸੋਈ ਦਾ ਅਹਿਮ ਹਿੱਸਾ ਹੈ, ਪਰ ਕੀ ਅਸੀਂ ਜਾਣਦੇ ਹਾਂ ਕਿ ਕਈ ਵਾਰ ਅਸੀਂ ਮਿਲਾਵਟੀ ਸਰ੍ਹੋਂ ਦਾ ਤੇਲ ਖ਼ਰੀਦ ਲੈਂਦੇ ਹਾਂ। ਇਹ ਨਾ ਸਿਰਫ਼ ਸਾਡੀ ਸਿਹਤ ਲਈ ਹਾਨੀਕਾਰਕ ਹੁੰਦਾ ਹੈ ਸਗੋਂ ਸਾਡੀ ਜੇਬ੍ਹ ‘ਤੇ ਵੀ ਬੋਝ ਪੈਂਦਾ ਹੈ। ਹੁਣ ਤੁਹਾਨੂੰ ਪਰੇਸ਼ਾਨ ਹੋਣ ਦੀ ਜ਼ਿਆਦਾ ਜ਼ਰੂਰਤ ਨਹੀਂ ਹੈ ਕਿਉਂਕਿ ਇਸ ਆਰਟੀਕਲ ‘ਚ ਅਸੀਂ ਤੁਹਾਨੂੰ 5 ਤਰੀਕੇ ਦੱਸਦੇ ਹਾਂ ਜਿਨ੍ਹਾਂ ਦੀ ਮਦਦ ਨਾਲ ਸਰ੍ਹੋਂ ਦੇ ਤੇਲ ‘ਚ ਹੋ ਰਹੀ ਮਿਲਾਵਟ ਦਾ ਆਸਾਨੀ ਨਾਲ ਪਤਾ ਲਗਾਇਆ ਜਾ ਸਕਦਾ ਹੈ।
ਤਰੀਕਾ ਨੰਬਰ-1
ਸਭ ਤੋਂ ਪਹਿਲਾਂ ਇਕ ਛੋਟੀ ਜਿਹੀ ਕੋਲੀ ਜਾਂ ਬੋਤਲ ‘ਚ ਥੋੜਾ ਜਿਹਾ ਸਰ੍ਹੋਂ ਦਾ ਤੇਲ ਪਾ ਲਓ। ਉਸ ਕੋਲੀ ਜਾਂ ਬੋਤਲ ਨੂੰ ਫਰਿੱਜ ‘ਚ ਰੱਖ ਦਿਓ ਤੇ ਇਸ ਨੂੰ ਘੱਟ ਤੋਂ ਘੱਟ 2-3 ਘੰਟੇ ਠੰਢਾ ਹੋਣ ਦਿਓ। ਕੁਝ ਘੰਟੇ ਬਾਅਦ ਤੇਲ ਫਰਿੱਜ ‘ਚੋਂ ਕੱਢ ਲਓ ਤੇ ਧਿਆਨ ਨਾਲ ਦੇਖੋ। ਜੇ ਤੇਲ ਜੰਮ ਜਾਂਦਾ ਹੈ ਤੇ ਉਸ ਦੀ ਸਤ੍ਹਾ ‘ਤੇ ਚਿੱਟੇ ਰੰਗ ਦਾ ਪਦਾਰਥ ਦਿਖਾਈ ਦਿੰਦਾ ਹੈ ਤਾਂ ਮੰਨ ਲਓ ਇਹ ਤੇਲ ਨਕਲੀ ਹੈ।
ਤਰੀਕਾ ਨੰਬਰ-2
ਥੋੜਾ ਜਿਹਾ ਸਰ੍ਹੋਂ ਦਾ ਤੇਲ ਆਪਣੇ ਹੱਥ ‘ਤੇ ਲਓ ਤੇ ਉਸ ਨੂੰ ਚੰਗੀ ਤਰ੍ਹਾਂ ਰਗੜੋ। ਇਸ ਤਰ੍ਹਾਂ ਕਰਨ ਨਾਲ ਜੇ ਤੁਹਾਡੇ ਹੱਥ ‘ਤੇ ਕੋਈ ਰੰਗ ਨਿਕਲਦਾ ਹੈ ਜਾਂ ਤੇਲ ‘ਚੋਂ ਕਿਸੇ ਤਰ੍ਹਾਂ ਦੇ ਕੈਮੀਕਲ ਦੀ ਬਦਬੂ ਆਉਂਦੀ ਹੈ ਤਾਂ ਸਮਝ ਜਾਓ ਕਿ ਇਹ ਤੇਲ ਨਕਲੀ ਹੈ। ਸ਼ੁੱਧ ਸਰ੍ਹੋਂ ਦਾ ਤੇਲ ਹੱਥਾਂ ‘ਤੇ ਕੋਈ ਰੰਗ ਨਹੀਂ ਛੱਡੇਗਾ ਤੇ ਉਸ ਦੀ ਖੁਸ਼ਬੂ ਵੀ ਤਿੱਖੀ ਹੋਵੇਗੀ, ਕੈਮੀਕਲ ਵਰਗੀ ਨਹੀਂ ਹੋਵੇਗੀ।
ਤਰੀਕਾ-3
ਸਰ੍ਹੋਂ ਦੇ ਤੇਲ ਦੀ ਸ਼ੁੱਧਤਾ ਦਾ ਪਤਾ ਲਗਾਉਣ ਦੇ ਤਰੀਕਿਆਂ ‘ਚ ਬੈਰੋਮੀਟਰ ਟੈਸਟ ਵੀ ਇਕ ਹੈ। ਅਸਲੀ ਸਰ੍ਹੋਂ ਦੇ ਤੇਲ ਦੀ ਬੈਰੋਮੀਟਰ ਰੀਡਿੰਗ ਆਮਤੌਰ ‘ਤੇ 58 ਤੋਂ 60.5 ਦੇ ਵਿੱਚ ਹੁੰਦੀ ਹੈ। ਜੇਕਰ ਤੇਲ ਦੀ ਰੀਡਿੰਗ ਇਸ ਸੀਮਾ ਤੋਂ ਵਧ ਹੈ ਤਾਂ ਇਹ ਸੰਕੇਤ ਹੈ ਕਿ ਮਿਲਾਵਟ ਹੋ ਸਕਦੀ ਹੈ। ਇਸ ‘ਚ ਸਸਤਾ ਤੇਲ ਜਾਂ ਹੋਰ ਪਦਾਰਥ ਮਿਲਾਏ ਗਏ ਹਨ, ਜਿਸ ਨਾਲ ਤੇਲ ਦੀ ਘਣਤਾ ਵੱਧ ਜਾਂਦੀ ਹੈ।
ਤਰੀਕਾ ਨੰਬਰ-4
ਨਾਈਟ੍ਰਿਕ ਐਸਿਡ ਟੈਸਟ ਨਾਲ ਤੁਸੀਂ ਸਰ੍ਹੋਂ ਦੇ ਤੇਲ ਦੀ ਸ਼ੁੱਧਤਾ ਦੀ ਜਾਂਚ ਕਰ ਸਕਦੇ ਹੋ, ਜਦਕਿ ਮਿਲਾਵਟੀ ਤੇਲ ਨਾਲ ਪ੍ਰਤੀਕਿਰਿਆ ਕਰਨ ‘ਤੇ ਰੰਗ ‘ਚ ਬਦਲਾਅ ਜਾਂ ਹੋਰ ਪਰਿਵਰਤਨ ਨਹੀਂ ਹੋ ਸਕਦਾ ਹੈ। ਇਸ ਟੈਸਟ ਲਈ ਟਿਊਬ ‘ਚ 5 ਗ੍ਰਾਮ ਸਰ੍ਹੋਂ ਦਾ ਤੇਲ ਲਓ ਤੇ ਇਸ ‘ਚ ਕੁਝ ਬੂੰਦਾਂ ਨਾਈਟ੍ਰਿਕ ਐਸਿਡ ਮਿਲਾਓ। ਜੇ ਤੇਲ ਸ਼ੁੱਧ ਹੋਵੇਗਾ ਤਾਂ ਉਸ ਦੇ ਰੰਗ ‘ਚ ਕੋਈ ਬਦਲਾਅ ਨਹੀਂ ਆਵੇਗਾ। ਜੇ ਰੰਗ ‘ਚ ਕੋਈ ਬਦਲਾਅ ਹੁੰਦਾ ਹੈ ਜਿਵੇਂ ਕਿ ਲਾਲ ਜਾਂ ਭੂਰਾ ਰੰਗ ਤਾਂ ਇਹ ਸੰਕੇਤ ਹੈ ਕਿ ਤੇਲ ‘ਚ ਮਿਲਾਵਟ ਹੋਈ ਹੈ।
ਤਰੀਕਾ ਨੰਬਰ -5
ਇਕ ਛੋਟੀ ਕੜਾਈ ‘ਚ ਥੋੜਾ ਜਿਹਾ ਤੇਲ ਲਓ। ਇਸ ਤੋਂ ਬਾਅਦ ਤੇਲ ਨੂੰ ਘੱਟ ਗੈਸ ‘ਤੇ ਗਰਮ ਕਰੋ। ਜਿਵੇਂ ਹੀ ਤੇਲ ਗਰਮ ਹੁੰਦਾ ਹੈ ਧੂੰਆਂ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਧੂੰਏ ਦੇ ਰੰਗ ਤੇ ਉਸ ਦੀ ਮਹਿਕ ਨੂੰ ਧਿਆਨ ਨਾਲ ਦੇਖੋ। ਜੇ ਤੇਲ ‘ਚੋਂ ਤੇਜ਼ ਧੂੰਆਂ ਨਿਕਲਦਾ ਹੈ ਤੇ ਉਸ ਦੀ ਮਹਿਕ ਥੋੜੀ ਘੱਟ ਹੋ ਜਾਂਦੀ ਹੈ ਤਾਂ ਸੰਭਾਵਨਾ ਹੈ ਕਿ ਤੇਲ ਸ਼ੁੱਧ ਹੋਵੇ, ਪਰ ਜੇ ਧੂੰਆਂ ਘੱਟ ਨਿਕਲਦਾ ਹੈ ਜਾਂ ਤੇਲ ਦੀ ਮਹਿਕ ‘ਚ ਕੋਈ ਬਦਲਾਅ ਨਹੀਂ ਹੁੰਦਾ ਤਾਂ ਇਹ ਸੰਕੇਤ ਹੈ ਕਿ ਤੇਲ ‘ਚ ਮਿਲਾਵਟ ਹੋ ਸਕਦੀ ਹੈ।