ਚੀਨ ਦਾ ਗੁਸਤਾਖ਼ ਰਵੱਈਆ

ਚੀਨੀ ਵਾਰਤਾਕਾਰਾਂ ਨੇ ਭਾਰਤ ਨੂੰ ਕਿਹਾ ਹੈ ਕਿ ਉਨ੍ਹਾਂ ਦੇ ਸੈਨਿਕਾਂ ਨੂੰ ਅਰੁਣਾਚਲ ਪ੍ਰਦੇਸ਼ ਦੇ ਨਾਲ ਲੱਗਦੇ ਦੋ ਸੰਵੇਦਨਸ਼ੀਲ ਇਲਾਕਿਆਂ ਵਿੱਚ ਗਸ਼ਤ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਜਦੋਂਕਿ ਖ਼ੁਦ ਚੀਨ ਦੇ ਸੈਨਿਕ ਭਾਰਤੀ ਸੈਨਿਕਾਂ ਨੂੰ ਪਿਛਲੇ ਚਾਰ ਸਾਲਾਂ ਤੋਂ ਪੂਰਬੀ ਲੱਦਾਖ ਵਿੱਚ ਗਸ਼ਤ ਵਾਲੀਆਂ ਚਾਰ ਥਾਵਾਂ ’ਤੇ ਘੁੰਮਣ ਤੋਂ ਰੋਕ ਰਹੇ ਹਨ। ਇਹ ਦੋਵੇਂ ਸਥਿਤੀਆਂ ਇੱਕ-ਦੂਜੇ ’ਤੇ ਵਿਅੰਗ ਕਸਦੀਆਂ ਹਨ। ਅਰੁਣਾਚਲ ਦੀਆਂ ਇਹ ਥਾਵਾਂ ਜਿਨ੍ਹਾਂ ਵਿੱਚ ਤਵਾਂਗ ਦੇ ਉੱਤਰ-ਪੂਰਬ ਵਿੱਚ ਪੈਂਦਾ ਯਾਂਗਸੇ ਇਲਾਕਾ ਵੀ ਸ਼ਾਮਿਲ ਹੈ, ਦਹਾਕਿਆਂ ਤੋਂ ਭਾਰਤ ਦੇ ਕਬਜ਼ੇ ਵਿੱਚ ਹੈ। ਇੱਥੇ ਹੀ ਦਸੰਬਰ 2022 ਵਿੱਚ ਦੋਵਾਂ ਧਿਰਾਂ ਵਿਚਾਲੇ ਟਕਰਾਅ ਹੋਇਆ ਸੀ। ਦਿੱਲੀ ਚੰਗੀ ਤਰ੍ਹਾਂ ਜਾਣਦਾ ਹੈ ਕਿ ਜੇ ਪੇਈਚਿੰਗ ਨੂੰ ਇੱਕ ਇੰਚ ਵੀ ਦਿੱਤਾ ਗਿਆ ਤਾਂ ਇਹ ਅਖ਼ੀਰ ਵਿੱਚ ਪੂਰਾ ਮੀਲ ਖਿੱਚ ਲਏਗਾ। ਇਹ ਗ਼ੈਰ-ਵਾਜਬ ਮੰਗ ਚੀਨ ਦੇ ਸ਼ੱਕੀ ਇਰਾਦਿਆਂ ਬਾਰੇ ਬਹੁਤ ਕੁਝ ਕਹਿੰਦੀ ਹੈ। ਇਸ ਲਈ ਇਸ ਮਾਮਲੇ ਵਿੱਚ ਭਾਰਤ ਨੂੰ ਕਿਸੇ ਵੀ ਤਰ੍ਹਾਂ ਦੇ ਲੈਣ-ਦੇਣ ਜਾਂ ਸੌਦੇਬਾਜ਼ੀ ਵਿੱਚ ਬਿਲਕੁਲ ਹੀ ਨਹੀਂ ਪੈਣਾ ਚਾਹੀਦਾ। ਗਲਵਾਨ ਟਕਰਾਅ ਵਾਪਰਨ ਤੋਂ ਬਾਅਦ ਅਜੇ ਤੱਕ ਵੀ ਭਾਰਤ-ਚੀਨ ਦੇ ਰਿਸ਼ਤਿਆਂ ਵਿੱਚ ਭਰੋਸੇ ਦੀ ਕਮੀ ਹੈ, ਭਾਵੇਂ ਦੋਵੇਂ ਮੁਲਕ ਜੂਨ 2020 ਤੋਂ ਲੈ ਕੇ ਹੁਣ ਤੱਕ ਪੂਰਬੀ ਲੱਦਾਖ ਦੇ ਐੱਲਏਸੀ ਵਿਵਾਦ ਬਾਰੇ ਕੋਰ ਕਮਾਂਡਰ ਪੱਧਰ ਦੀ 21 ਗੇੜਾਂ ਦੀ ਵਾਰਤਾ ਕਰ ਚੁੱਕੇ ਹਨ। ਇਸ ਤੋਂ ਇਲਾਵਾ ਭਾਰਤ-ਚੀਨ ਸਰਹੱਦੀ ਮਾਮਲਿਆਂ ’ਤੇ ਸਲਾਹ ਤੇ ਸਹਿਯੋਗ ਬਾਰੇ ਕਾਰਜਕਾਰੀ ਢਾਂਚੇ ਸਬੰਧੀ ਵੀ 31 ਬੈਠਕਾਂ ਹੋ ਚੁੱਕੀਆਂ ਹਨ। ਸੰਵਾਦ ਅਤੇ ਸੰਚਾਰ ਉੱਤੇ ਚੁਫੇਰਿਓਂ ਜ਼ੋਰ ਦੇਣ ਦੇ ਬਾਵਜੂਦ ਡੇਮਚੌਕ ਤੇ ਦੇਪਸਾਂਗ ਦੀਆਂ ਟਕਰਾਅ ਵਾਲੀਆਂ ਥਾਵਾਂ ਤੋਂ ਸੈਨਾ ਵਾਪਸ ਨਹੀਂ ਬੁਲਾਈ ਜਾ ਸਕੀ ਹੈ।

ਇਹ ਪੱਖ ਕਿ ਚੀਨੀਆਂ ਨੇ ਇਸ ਵਾਰ ਬੇਸ਼ਰਮੀ ਨਾਲ ਘੁਸਪੈਠ ਕਰਨ ਦੀ ਬਜਾਇ ਮੰਗ ਸਾਹਮਣੇ ਰੱਖੀ ਹੈ, ਨੂੰ ਵਿਚਾਰ ਕੇ ਦਿੱਲੀ ਨੂੰ ਸ਼ਾਂਤੀ ਨਾਲ ਨਹੀਂ ਬੈਠ ਜਾਣਾ ਚਾਹੀਦਾ ਕਿ ਚੀਨ ਹੁਣ ਸ਼ਾਂਤ ਹੋ ਗਿਆ ਹੈ। ਉੱਤਰ-ਪੂਰਬੀ ਸੂਬੇ ਅਰੁਣਾਚਲ ਪ੍ਰਦੇਸ਼ ਵਿੱਚ ਚੀਨ ਦੀ ਫ਼ੌਜ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਵੱਲੋਂ ਸਥਿਤੀ ਬਦਲਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ ਭਾਰਤੀ ਸੈਨਾ ਨੂੰ ਪੂਰੀ ਤਿਆਰੀ ਰੱਖਣੀ ਚਾਹੀਦੀ ਹੈ। ਭਾਰਤ ਦੀ ਪਰਬਤਾਰੋਹੀ ਟੀਮ ਵੱਲੋਂ ਅਰੁਣਾਚਲ ਪ੍ਰਦੇਸ਼ ਦੀ ਇੱਕ ਪਰਬਤੀ ਚੋਟੀ ਦਾ ਨਾਂ ਛੇਵੇਂ ਦਲਾਈਲਾਮਾ ਦੇ ਨਾਂ ਉੱਤੇ ਰੱਖੇ ਜਾਣ ’ਤੇ ਤਿੱਖੀ ਪ੍ਰਤੀਕਿਰਿਆ ਦੇ ਕੇ ਪੇਈਚਿੰਗ ਨੇ ਇੱਕ ਵਾਰ ਫਿਰ ਪ੍ਰਤੱਖ ਤੌਰ ’ਤੇ ਹੱਦ ਪਾਰ ਕੀਤੀ ਹੈ। ਚੀਨ ਦਾ ਗੁਸਤਾਖ਼ ਰਵੱਈਆ ਅੰਸ਼ਕ ਤੌਰ ’ਤੇ ਵਪਾਰਕ ਮੋਰਚੇ ਉੱਤੇ ਇਸ ਦੇ ਦਬਦਬੇ ’ਚੋਂ ਉਪਜਦਾ ਹੈ। ਦਰਾਮਦ ਦੇ ਮਾਮਲੇ ਵਿੱਚ ਭਾਰਤ ਆਪਣੇ ਇਸ ਉੱਤਰੀ ਗੁਆਂਢੀ ’ਤੇ ਵੱਡੀ ਨਿਰਭਰਤਾ ਘਟਾਉਣ ਦੇ ਪੱਖ ਤੋਂ ਲਾਚਾਰ ਜਾਪਦਾ ਹੈ। ਇਸ ਵਕਤ ਭਾਰਤ ਸੈਨਿਕ ਅਤੇ ਆਰਥਿਕ ਪੱਖ ਤੋਂ ਚੀਨ ਅੱਗੇ ਡਟਣ ਦੀ ਦੋਹਰੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ। ਇਹ ਉਹ ਦੌਰ ਹੈ ਜਿਸ ਵਿਚ ਚੀਨ ਨੇ ਕਈ ਮਾਮਲਿਆਂ ਵਿੱਚ ਅਮਰੀਕਾ ਵਰਗੀ ਮਹਾਂ ਸ਼ਕਤੀ ਨੂੰ ਵੀ ਵਕਤ ਪਾਇਆ ਹੋਇਆ ਹੈ। ਸ਼ਾਇਦ ਇਸੇ ਕਰ ਕੇ ਅਮਰੀਕਾ ਪਿਛਲੇ ਕੁਝ ਸਮੇਂ ਤੋਂ ਚੀਨ ਦੇ ਟਾਕਰੇ ਲਈ ਕੁਝ ਖੇਤਰਾਂ ਵਿਚ ਭਾਰਤ ਨਾਲ ਤਾਲਮੇਲ ਵਧਾ ਰਿਹਾ ਹੈ।

ਸਾਂਝਾ ਕਰੋ

ਪੜ੍ਹੋ

ਸੰਪਾਦਕੀ : ਪੰਜਾਬੀ ਕਾਨਫਰੰਸਾਂ ਦਾ ਪੰਜਾਬੀ ਲਈ

       ਵਿਸ਼ਵ ਪੱਧਰ ‘ਤੇ ਅਮਰੀਕਾ,ਕਨੇਡਾ,ਭਾਰਤ,ਪਾਕਿਸਤਾਨ ‘ਚ ਪੰਜਾਬੀ ਬੋਲੀ...