ਤੀਜਾ ਦੁਖਾਂਤ

ਲਖਨਊ ਵਿਚ ਐੱਚ ਡੀ ਐੱਫ ਸੀ ਬੈਂਕ ਦੀ ਵਿਭੂਤੀ ਖੰਡ ਬਰਾਂਚ ਦੀ 45 ਸਾਲਾ ਐਡੀਸ਼ਨਲ ਡਿਪਟੀ ਪ੍ਰੈਜ਼ੀਡੈਂਟ ਸਦਾਫ ਫਾਤਿਮਾ ਮੰਗਲਵਾਰ ਦਫਤਰ ਵਿਚ ਕੁਰਸੀ ਤੋਂ ਡਿਗ ਪਈ ਤੇ ਉਸ ਦੀ ਮੌਤ ਹੋ ਗਈ। ਸ਼ੁਰੂਆਤੀ ਮੈਡੀਕਲ ਰਿਪੋਰਟ ਮੁਤਾਬਕ ਉਸ ਨੂੰ ਦਿਲ ਦਾ ਦੌਰਾ ਪਿਆ। ਸਾਥੀ ਮੁਲਾਜ਼ਮਾਂ ਦੀ ਮੰਨੀਏ ਤਾਂ ਉਹ ਕੰਮ ਦੇ ਬੋਝ ਦਾ ਸ਼ਿਕਾਰ ਹੋਈ। ਇਸ ਤੋਂ ਪਹਿਲਾਂ ਹਾਲ ਹੀ ਵਿਚ ਬਹੁਕੌਮੀ ਕੰਪਨੀ ‘ਅਰਨੈੱਸਟ ਐਂਡ ਯੰਗ’ ਦੇ ਪੁਣੇ ਦਫਤਰ ਦੀ 26 ਸਾਲਾ ਮੁਲਾਜ਼ਮ ਅੰਨਾ ਸੇਬੇਸਿਟਾਈਨ ਤੇ ਟੀ ਵੀ ਪੱਤਰਕਾਰ ਰਣਵਿਜੇ ਗੌਤਮ ਵੀ ਕੰਮ ਦੇ ਬੋਝ ਥੱਲੇ ਦੱਬ ਕੇ ਜਹਾਨੋਂ ਕੂਚ ਕਰ ਗਏ। ਸਦਾਫ ਦੇ ਰਿਸ਼ਤੇਦਾਰ ਮੁਹੰਮਦ ਮਜ਼ਹਰ ਨੇ ਦੱਸਿਆ ਕਿ ਉਸ ਦੇ ਪਿਤਾ ਇਸ਼ਰਤ ਅਲੀ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ ਤੇ ਉਹ ਆਪਣੀ ਮਾਤਾ ਕਨੀਜ਼ਾ ਤੇ ਛੋਟੀ ਭੈਣ ਸਾਦੀਆ ਨਾਲ ਰਹਿੰਦੀ ਸੀ। ਕੁਝ ਦਿਨ ਪਹਿਲਾਂ ਉਸ ਦੀ ਛਾਤੀ ਵਿਚ ਦਰਦ ਹੋਇਆ ਸੀ ਤੇ ਉਹ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਦੇ ਲਾਰੀ ਹਸਪਤਾਲ ਵਿਚ ਦਾਖਲ ਰਹੀ ਸੀ। ਸ਼ਨੀਵਾਰ ਹੀ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਸੀ ਤੇ ਮੰਗਲਵਾਰ ਪਹਿਲੇ ਦਿਨ ਹੀ ਉਹ ਕੰਮ ’ਤੇ ਗਈ ਸੀ। ਦਰਅਸਲ ਨਿੱਜੀ ਕੰਪਨੀਆਂ ਵਿਚ ਤੁਸੀਂ ਬਹੁਤੀਆਂ ਛੁੱਟੀਆਂ ਨਹੀਂ ਕਰ ਸਕਦੇ ਤੇ ਤੁਹਾਨੂੰ ਆਪਣੀ ਸਿਹਤ ਤੇ ਹੋਰ ਕੰਮਾਂ ਨੂੰ ਪਿੱਛੇ ਰੱਖ ਕੇ ਕੰਮ ’ਤੇ ਰਿਪੋਰਟ ਕਰਨਾ ਹੀ ਪੈਂਦਾ ਹੈ।

ਸਦਾਫ ਨਾਲ ਕੰਮ ਕਰਦੇ ਇਕ ਮੁਲਾਜ਼ਮ ਨੇ ਕਿਹਾ ਕਿ ਹਰੇਕ ਮੁਲਾਜ਼ਮ ਨੂੰ ਟੀਚਾ ਪੂਰਾ ਕਰਨਾ ਹੁੰਦਾ ਹੈ ਤੇ ਜੇ ਉਹ ਟੀਚਾ ਪੂਰਾ ਨਹੀਂ ਕਰਦਾ ਤਾਂ ਨੌਕਰੀ ਤੋਂ ਛੁੱਟੀ ਸਮਝੋ। ਅੰਨਾ ਤੇ ਰਣਵਿਜੇ ਗੌਤਮ ਵਾਂਗ ਸਦਾਫ ਦੀ ਮੌਤ ਨੇ ਵੀ ਇਸ ਹਕੀਕਤ ਨੂੰ ਉਘਾੜਿਆ ਹੈ ਕਿ ਨਿੱਜੀ ਕੰਪਨੀਆਂ ਵਿਚ ਕੰਮ ਹਾਲਤਾਂ ਕਿੰਨੀਆਂ ਘਿਨਾਉਣੀਆਂ ਹਨ। ਦਿਲ ਦੀ ਮਰੀਜ਼ ਹੋਵੇ ਤੇ ਹਸਪਤਾਲ ਤੋਂ ਡਿਸਚਾਰਜ ਹੋਣ ਦੇ ਦੋ ਕੁ ਦਿਨਾਂ ਬਾਅਦ ਹੀ ਕੰਮ ’ਤੇ ਜਾਣ ਲਈ ਮਜਬੂਰ ਹੋ ਜਾਵੇ! ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਹੈ ਕਿ ਕੇਂਦਰੀ ਵਿੱਤ ਮੰਤਰੀ ਕੰਮ ਦਾ ਦਬਾਅ ਝੱਲਣ ਲਈ ਰੂਹਾਨੀ ਸ਼ਕਤੀ ਹਾਸਲ ਕਰਨ ਦੀ ਸਲਾਹ ਦੇ ਰਹੀ ਹੈ, ਪਰ ਇਹ ਨਹੀਂ ਦੇਖ ਰਹੀ ਕਿ ਨਿੱਜੀ ਕੰਪਨੀਆਂ ਦੇ ਮੁਲਾਜ਼ਮ ਕਿਵੇਂ ਬੰਧੂਆ ਮਜ਼ਦੂਰਾਂ ਵਾਂਗ ਕੰਮ ਕਰ ਰਹੇ ਹਨ। ਉਹ ਕਿਸੇ ਸਮੱਸਿਆ ਬਾਰੇ ਨਾ ਦਫਤਰ ਵਿਚ ਤੇ ਨਾ ਹੀ ਦਫਤਰ ਦੇ ਬਾਹਰ ਗੱਲ ਕਰ ਸਕਦੇ ਹਨ। ਹਾਲਾਂਕਿ ਅਖਿਲੇਸ਼ ਨੇ ਬੰਧੂਆ ਮਜ਼ਦੂਰੀ ਦੀ ਗੱਲ ਕੀਤੀ ਹੈ, ਪਰ ਇਸ ਤੋਂ ਛੁਟਕਾਰਾ ਮੁਲਾਜ਼ਮ ਖੁਦ ਨਹੀਂ ਹਾਸਲ ਕਰ ਸਕਦੇ, ਕਿਉਕਿ ਸਰਕਾਰੀ ਨੌਕਰੀਆਂ ਨਾ ਹੋਣ ਕਾਰਨ ਉਹ ਨਿੱਜੀ ਨੌਕਰੀਆਂ ਕਰਨ ਲਈ ਮਜਬੂਰ ਹਨ। ਸਾਰੀਆਂ ਪਾਰਟੀਆਂ ਤੇ ਟਰੇਡ ਯੂਨੀਅਨਾਂ ਨੂੰ ਮਿਲ ਕੇ ਕੰਮ ਹਾਲਤਾਂ ਵਿਚ ਸੁਧਾਰ ਲਈ ਅੰਦੋਲਨ ਵਿੱਢਣਾ ਪੈਣਾ ਹੈ। ਕੇਂਦਰ ਸਰਕਾਰ ਤੋਂ ਰਾਹਤ ਦੀ ਉਮੀਦ ਨਹੀਂ ਕੀਤੀ ਜਾ ਸਕਦੀ, ਕਿਉਕਿ ਪ੍ਰਧਾਨ ਮੰਤਰੀ ਮੋਦੀ ਤਾਂ ਹਰ ਵਿਦੇਸ਼ੀ ਦੌਰੇ ਦੌਰਾਨ ਬਹੁਕੌਮੀ ਕੰਪਨੀਆਂ ਨੂੰ ਭਾਰਤ ਵਿਚ ਨਿਵੇਸ਼ ਕਰਨ ਲਈ ਸੱਦੇ ਦੇ ਕੇ ਆਉਦੇ ਹਨ।

ਸਾਂਝਾ ਕਰੋ

ਪੜ੍ਹੋ

ਸੰਪਾਦਕੀ : ਪੰਜਾਬੀ ਕਾਨਫਰੰਸਾਂ ਦਾ ਪੰਜਾਬੀ ਲਈ

       ਵਿਸ਼ਵ ਪੱਧਰ ‘ਤੇ ਅਮਰੀਕਾ,ਕਨੇਡਾ,ਭਾਰਤ,ਪਾਕਿਸਤਾਨ ‘ਚ ਪੰਜਾਬੀ ਬੋਲੀ...