-ਰਿਪੋਰਟ ਅੱਜ ਦਾ ਪੰਜਾਬ
ਕੈਲੇਫੋਰਨੀਆਂ ਦਾ ਖੇਤੀਬਾੜੀ ਪ੍ਰਧਾਨ ਸ਼ਹਿਰ ਯੂਬਾ ਸਿਟੀ ਤੇ ਉਸ ਸ਼ਹਿਰ ਦੀ ਬੁੱਕਲ ਵਿੱਚ ਵਸਦਾ ਸ਼ਹਿਰ ਲਾਈਵਓਕ, ਜਿਥੋਂ ਦੀ ਪੰਜਾਬੀ ਹੈਰੀਟੇਜ ਐਸੋਸੀਏਸ਼ਨ ਵੱਲੋਂ ਇਸ ਸਾਲ ਪੰਦਰਾਂ ਸਤੰਬਰ ਨੂੰ ਹਰ ਸਾਲ ਦੀ ਤਰ੍ਹਾਂ ਬੀਬੀਆਂ ਦਾ ਮਨੋਰੰਜਨ ਮੇਲਾ ਤੀਆਂ ਬਹੁਤ ਹੀ ਧੂਮ ਧਾਮ ਨਾਲ ਯੂਬਾ ਸਿਟੀ ਦੇ ਬਹੁਤ ਵੱਡੇ ਤੇ ਬਹੁਤ ਸੁੰਦਰ ਹਾਲ ‘ਵਾਲਨੱਟ ਕਮਿਊਨਿਟੀ ਸੈਂਟਰ’ ਵਿਖੇ ਮਨਾਇਆ ਗਿਆ। ਖੁੱਲ੍ਹੀ ਪਾਰਕਿੰਗ, ਏ.ਸੀ. ਹਾਲ, ਆਲੇ-ਦੁਆਲੇ ਸੁੰਦਰ ਹਰੇ ਭਰੇ ਰੁੱਖ ਬਹੁਤ ਹੀ ਸੁੰਦਰ ਨਜ਼ਾਰਾ ਪੇਸ਼ ਕਰ ਰਹੇ ਸਨ। ਹਾਲ ਦੇ ਬਾਹਰ ਬਹੁਤ ਹੀ ਚੋਣਵੇਂ ਸਟਾਲ ਲੱਗੇ ਸਨ ਜੋ ਕਿ ਪੰਜਾਬ ਵਿਚਲੇ ਵੱਡੇ ਸ਼ਹਿਰਾਂ ਦੇ ਮੀਨਾ-ਬਜ਼ਾਰਾਂ ਦਾ ਭੁਲੇਖਾ ਪਾ ਰਹੇ ਸਨ। ਸਟੇਜ ਤੇ ਕਮਾਲ ਦੀ ਸਜ ਧਜ। ਬੈਠਣ ਲਈ ਸੁੰਦਰ ਸਾਫ਼ ਕੁਰਸੀਆਂ। ਖਾਣਾ ਖਾਣ ਲਈ ਲੱਗੇ ਟੇਬਲ ਵੀ ਕਿਸੇ ਵਿਆਹ ਸ਼ਾਦੀ ਦੀ ਪਾਰਟੀ ਵਾਂਗ ਲੱਗ ਰਹੇ ਸਨ। ਬੈਕ ਸਟੇਜ ਗਿਫ਼ਟਾਂ ਤੇ ਟਰਾਫੀਆਂ ਨਾਲ ਭਰਿਆ ਪਿਆ ਸੀ। ਉਥੇ ਸਜੀਆਂ ਗਿਫ਼ਟ ਬਾਸਕਿੱਟਸ ਦੇ ਤਾਂ ਕਿਆ ਕਹਿਣੇ। ਸੋਹਣੇ ਸੁੰਦਰ ਸੂਟਾਂ ਦੇ ਟੋਕਰੇ ਭਰੇ ਪਏ ਫੁਲਕਾਰੀਆਂ ਨੂੰ ਵੇਖ ਭੁੱਖ ਲਹਿੰਦੀ ਸੀ। ਇਹ ਸਾਰਾ ਪ੍ਰਬੰਧ ਇਹਨਾ ਤੀਆਂ ਦੀ ਜਿੰਦ ਜਾਨ ਸਫ਼ਲ ਕਾਰੋਬਾਰੀ ‘ਜਸਮਿੰਦਰ ਕੌਰ ਮੱਟੂ’ ਵੱਲੋਂ ਕੀਤਾ ਗਿਆ। ਪ੍ਰਬੰਧਕੀ ਕਮੇਟੀ ਵਿੱਚ ਸਤਿਕਾਰਯੋਗ ਮਹਿੰਦਰਜੀਤ ਕੌਰ ਥਿਆੜਾ, ਸੰਦੀਪ ਕੌਰ, ਸੁੱਖੀ ਧਾਲੀਵਾਲ ਦੇ ਨਾਂ ਜ਼ਿਕਰਯੋਗ ਹਨ। ਕੀਤੇ ਵਾਅਦੇ ਮੁਤਾਬਿਕ ਠੀਕ ਗਿਆਰਾ ਵਜੇ ਆਸ਼ਾ ਸ਼ਰਮਾ ਤੇ ਹਰਜੀਤ ਉਪਲ ਨੇ ਸਭ ਨੂੰ ਜੀ ਆਇਆਂ ਕਹਿ ਕੇ ਗੀਤ, ਬੋਲੀਆਂ, ਸੁਹਾਗ, ਘੋੜੀਆਂ, ਸਿੱਠਣੀਆਂ ਦਾ ਹੋਕਾ ਦਿੱਤਾ ਤਾਂ ਅਨੇਕਾਂ ਮਾਵਾਂ ਤੇ ਧੀਆਂ ਨੇ ਕਮਾਲ ਦਾ ਮਾਹੌਲ ਸਿਰਜ ਦਿੱਤਾ। ਟੋਕਰਿਆਂ ‘ਚ ਪਏ ਸੂਟ ਇਹਨਾ ਵਿੱਚ ਵੰਡੇ ਜਾਣ ਲੱਗੇ ਸਾਰੇ ਸੂਟ ਪਹਿਨਣਯੋਗ ਸਨ ਤੇ ਬੀਬੀਆਂ ਦੇ ਚਿਹਰੇ ਖਿੜ ਗਏ। ਦੇਖਦੇ ਹੀ ਦੇਖਦੇ ਗਿੱਧੇ ਦਾ ਪਿੜ ਭੱਖਿਆ ਤੇ ਬਸ ਫੇਰ ਕੀ ਸੀ ਇੱਕ ਘੰਟੇ ਦੇ ਅੰਦਰ ਹੀ ਹਾਲ ਖਚਾਖਚ ਭਰ ਗਿਆ। ਚਾਰੇ ਪਾਸੇ ਪੈਲਾਂ ਪੈਣ ਲੱਗੀਆਂ। ਨੌ ਮਹੀਨਿਆਂ ਦੀ ਬੱਚੀ ਤੋਂ ਲੈ ਕੇ ਨੱਬੇ ਸਾਲ ਤੱਕ ਦੀਆਂ ਮਾਵਾਂ, ਭੈਣਾਂ, ਧੀਆਂ ਨੇ ਤੀਆਂ ਨੂੰ ਚਾਰ ਚੰਨ ਲਾ ਦਿੱਤੇ।
ਚੋਣਵੀਆਂ ਪੇਸ਼ਕਾਰੀਆਂ ਸਟੇਜ ਤੇ ਪੇਸ਼ ਕੀਤੀਆਂ ਗਈਆਂ। ਨਿੱਕੇ ਬੱਚਿਆਂ ਦਾ ਗਰੁੱਪ, ਟੀਮ ਯੂਬਾ ਸਿਟੀ, ਪੰਜਾਬੀ ਮੁਟਿਆਰਾਂ, ਸ਼ਾਨ ਮੁਟਿਆਰਾਂ ਦੀ, ਭੰਗੜਾ ਰਜ਼ੀਮ, ਭੰਗੜਾ ਰਜ਼ੀਮ ਰਾਈਜ਼ਿੰਗ ਸਟਾਰਜ, ਸ਼ੁਕੀਨ ਪੰਜਾਬਣਾਂ, ਗਿੱਧਾ ਮੁਟਿਆਰਾਂ ਦਾ ਤੇ ਗਿੱਧਾ ਮਾਵਾਂ ਧੀਆਂ ਦਾ। ਸਾਰੀ ਕੋਰੀਓਗ੍ਰਾਫੀ ਕਮਾਲ ਦੀ ਸੀ। ਸਟੇਜ ਤੇ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਕਿਸੇ ਵੱਡੀ ਪੰਜਾਬੀ ਫਿਲਮ ਦੀ ਸ਼ੂਟਿੰਗ ਹੋ ਰਹੀ ਹੋਵੇ। ਟਿੱਕੇ, ਬਿੰਦੀਆਂ ਚਮਕ ਰਹੀਆਂ ਸਨ। ਵਿਚੋ ਵਿੱਚ ਸਰਪਰਾਈਜ਼ ਆਇਟਮਾਂ ਹੋ ਰਹੀਆਂ ਸਨ। ਯੂਬਾ ਸਿਟੀ ਲਾਈਵਓਕ ਤੇ ਗਰਿਡਲੀ ਦੀਆਂ ਬੀਬੀਆਂ ਵੱਲੋਂ ਗਾਏ ਲੋਕ ਗੀਤ ਇਸ ਸਮਾਗਮ ਦੀ ਪ੍ਰਾਪਤੀ ਸਨ। ਛੀਨਾ ਜਿਊਲਰਜ਼ ਵੱਲੋਂ ਤਿੰਨ ਹੀਰੇ ਦੀਆਂ ਮੁੰਦਰੀਆਂ ਤੇ ਤਿੰਨ ਜੋੜੀ ਕੰਨਾਂ ਦੇ ਈਅਰ ਰਿੰਗਜ਼ ਉਹ ਵੀ ਹੀਰੇ ਦੇ। ਹੌਰੀਜ਼ੋਨ ਵੈਲਨੈਸ ਤੇ ਸਕਿਨ ਕੇਅਰ ਵੱਲੋਂ ਗਿਫ਼ਟ ਸਰਟੀਫੀਕੇਟ ਤੇ ਬਰੋਜ ਬਾਇ ਰਾਜ ਵੱਲੋਂ ਗਿਫ਼ਟ ਸਰਟੀਫਿਕੇਟ ਸਮੇਤ ਹੋਰ ਅਨੇਕਾਂ ਰੈਫ਼ਲ ਕੱਢੇ ਗਏ। ਸਾਰੇ ਸਪਾਂਸਰਾਂ ਤੇ ਵਿਸ਼ੇਸ਼ ਮਹਿਮਾਨਾਂ ਦਾ ਮਾਨ ਸਨਮਾਨ ਕੀਤਾ ਗਿਆ। ਇਸ ਮੌਕੇ ਪੁਸ਼ਪਾ ਸਿਆਟਲ ਤੇ ਰੂਬੀ ਬਾਸੀ (ਟਿੱਕ ਟਾਕ) ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ ਤੇ ਉਹਨਾ ਨੇ ਵੀ ਸਟੇਜ ਤੇ ਵਿਸ਼ੇਸ਼ ਹਾਜ਼ਰੀ ਲਗਵਾਈ। ਫਿਰ ਵਾਰੀ ਆਈ ਅੱਜ ਦੇ ਹਰਮਨ ਪਿਆਰੇ ਗਾਇਕ ਤੇ ਅਦਾਕਾਰ ‘ਗੁਰਨਾਮ ਭੁੱਲਰ’ ਦੀ ਜਿਸਨੇ ਆਪਣੇ ਲਾਈਵ ਬੈਂਡ ਸਮੇਤ ਇੱਕ ਤੋਂ ਇੱਕ ਵੱਧ ਕੇ ਗੀਤ ਗਾਏ ਤੇ ਸਾਰਾ ਹਾਲ ਨੱਚ ਉੱਠਿਆ। ਹਜ਼ਾਰਾਂ ਦੀ ਗਿਣਤੀ ਵਿੱਚ ਪੱਬਾਂ ਦੀ ਤਾਲ ਉਸਦੇ ਸੁਰਾਂ ਨਾਲ ਮਿਲ ਰਹੀ ਸੀ। ਇਹ ਨਜ਼ਾਰਾ ਦੇਖਦਿਆਂ ਹੀ ਬਣਦਾ ਸੀ। ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ‘ਚ ਪੜਦੀਆਂ ਮੁਟਿਆਰਾਂ ਦੇ ਨਾਲੋਂ ਨਾਲ ਬੱਚੀਆਂ, ਕੰਮਕਾਰੀ ਬੀਬੀਆਂ ਤੇ ਕਾਰੋਬਾਰੀ ਬੀਬੀਆਂ ਦਾ ਤਾਂ ਜਿਵੇਂ ਹੜ੍ਹ ਹੀ ਆ ਗਿਆ ਹੋਵੇ। ਆਲ-ਪ੍ਰੋ ਸਾਊਂਡ ਤੇ ਚਾਹਲ ਫੋਟੋ ਤੇ ਵੀਡੀਓ ਵਾਲੇ ਜੇਸਨ ਚਾਹਲ ਸਾਰਾ ਦਿਨ ਪੱਬਾਂ ਭਾਰ ਰਹੇ। ਫਲਮਿੰਗੋ ਵਾਲੇ ਪ੍ਰਦੀਪ ਸ਼ਰਮਾ ਤੇ ਨਿੱਕੀ ਸ਼ਰਮਾ ਵੱਲੋਂ ਲਗਾਇਆ ਖਾਣੇ ਦਾ ਬੂਥ ਤਾਂ ਹਰ ਵਕਤ ਭਰਿਆ ਰਿਹਾ। ਬੀਬੀਆਂ ਨੇ ਰੱਜ ਕੇ ਖ੍ਰੀਦੋ ਫ਼ਰੋਖਤ ਕੀਤੀ। ਬਾਅਦ ਦੇ ਵਿੱਚ ਇਸੇ ਹਾਲ ‘ਚ ਮੀਟ ਐਂਡ ਗ੍ਰੀਟ ਹੋਈ ਗੁਰਨਾਮ ਭੁੱਲਰ ਨਾਲ। ਸਾਰੇ ਪ੍ਰੋਗਰਾਮ ਦੀ ਸਫ਼ਲਤਾ ਦਾ ਸਿਹਰਾ ‘ਜਸਮਿੰਦਰ ਕੌਰ ਮੱਟੂ’ ਤੇ ਈਵੈਂਟ ਪਲੈਨਰ ‘ਜੇ ਪਗਾਨੀ ‘ ਨੂੰ ਜਾਂਦਾ ਹੈ। ਇਹ ਤੀਆਂ ਦੀ ਪ੍ਰਸੰਸਾ ਸ਼ਬਦਾਂ ਦੇ ਬਿਆਨਾਂ ਤੋਂ ਬਾਹਰ ਹੈ। ਇਹਨਾਂ ਤੀਆਂ ਵਿਚਲੀਆਂ ਪੇਸ਼ਕਾਰੀਆਂ ਦਾ ਸਿਹਰਾ ਯੂਬਾ ਸਿਟੀ ਦੀ ਗੁਰਮੀਤ ਕੌਰ ਤੇ ਉਸਦੀਆਂ ਹੋਣਹਾਰ ਬੇਟੀਆਂ ਨੂੰ ਜਾਂਦਾ ਹੈ, ਜਿਨ੍ਹਾਂ ਨੇ ਤਿੰਨ ਮਹੀਨੇ ਆਪਣੇ ਘਰ ਏਥੇ ਜੰਮੀਆਂ ਪਲੀਆਂ ਬੱਚੀਆਂ ਤੇ ਮੁਟਿਆਰਾਂ ਨੂੰ ਪੰਜਾਬੀ ਰੰਗ ਵਿੱਚ ਰੰਗਿਆ।