ਸ਼ਤਰੰਜ ਚੈਂਪੀਅਨਾਂ ਦਾ ਵਤਨ ਪਰਤਣ ’ਤੇ ਸਵਾਗਤ

ਚੇਨੱਈ, 25 ਸਤੰਬਰ – ਸ਼ਤਰੰਜ ਓਲੰਪਿਆਡ ’ਚ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਰਚਣ ਤੋਂ ਬਾਅਦ ਦੇਸ਼ ਪਰਤੇ ਭਾਰਤੀ ਸ਼ਤਰੰਜ ਟੀਮਾਂ ਦੇ ਮੈਂਬਰਾਂ ਦਾ ਇੱਥੇ ਪ੍ਰਸ਼ੰਸਕਾਂ, ਅਧਿਕਾਰੀਆਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਸਵਾਗਤ ਕੀਤਾ ਗਿਆ। ਡੀ. ਗੁਕੇਸ਼, ਆਰ. ਪ੍ਰਗਨਾਨੰਦਾ, ਆਰ. ਵੈਸ਼ਾਲੀ ਅਤੇ ਪੁਰਸ਼ ਟੀਮ ਦਾ ਕਪਤਾਨ ਸ੍ਰੀਨਾਥ ਨਾਰਾਇਣਨ ਅੱਜ ਸਵੇਰੇ ਚੇਨੱਈ ਪਹੁੰਚੇ। ਭਾਰਤੀ ਪੁਰਸ਼ ਅਤੇ ਮਹਿਲਾ ਦੋਵਾਂ ਟੀਮਾਂ ਨੇ ਐਤਵਾਰ ਨੂੰ ਸ਼ਤਰੰਜ ਓਲੰਪਿਆਡ ਵਿੱਚ ਪਹਿਲੀ ਵਾਰ ਸੋਨ ਤਗ਼ਮੇ ਜਿੱਤ ਕੇ ਇਤਿਹਾਸ ਰਚ ਦਿੱਤਾ। ਜਿਵੇਂ ਹੀ ਚਾਰੋਂ ਹਵਾਈ ਅੱਡੇ ਤੋਂ ਬਾਹਰ ਆਏ, ਪ੍ਰਸ਼ੰਸਕਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਭਾਰਤੀ ਪੁਰਸ਼ ਟੀਮ ਦਾ ਦਬਦਬਾ ਬਣਾਉਣ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਗੁਕੇਸ਼ ਨੇ ਟੀਮ ਦੇ ਨਾਲ-ਨਾਲ ਵਿਅਕਤੀਗਤ ਪੱਧਰ ’ਤੇ ਵੀ ਸੋਨ ਤਗ਼ਮਾ ਆਪਣੇ ਨਾਮ ਕੀਤਾ। ਅਪਰੈਲ ’ਚ ਕੈਂਡੀਡੇਟਸ ਟੂਰਨਾਮੈਂਟ ਜਿੱਤ ਕੇ ਵਿਸ਼ਵ ਚੈਂਪੀਅਨਸ਼ਿਪ ਲਈ ਚੁਣੌਤੀ ਦੇਣ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ 18 ਸਾਲਾ ਗੁਕੇਸ਼ ਹੁਣ ਨਵੰਬਰ ’ਚ ਚੀਨ ਦੇ ਡਿੰਗ ਲਿਰੇਨ ਖ਼ਿਲਾਫ਼ ਵਿਸ਼ਵ ਚੈਂਪੀਅਨਸ਼ਿਪ ਦੇ ਮੈਚ ਲਈ ਤਿਆਰ ਹੈ।

ਗੁਕੇਸ਼ ਨੇ ਇਸ ਬਾਰੇ ਕਿਹਾ, ‘ਦੋਵਾਂ ਟੀਮਾਂ ਨੇ ਸੋਨ ਤਗ਼ਮੇ ਜਿੱਤੇ। ਇਹ ਸਾਡੇ ਲਈ ਬਹੁਤ ਖਾਸ ਮੌਕਾ ਹੈ।’ ਇਸੇ ਤਰ੍ਹਾਂ ਪ੍ਰਗਨਾਨੰਦਾ ਨੇ ਕਿਹਾ, ‘ਓਲੰਪਿਆਡ ਵਿੱਚ ਪਹਿਲੀ ਵਾਰ ਸੋਨ ਤਗ਼ਮਾ ਜਿੱਤਣ ’ਤੇ ਮੈਂ ਬਹੁਤ ਖੁਸ਼ ਹਾਂ। ਇਸ ਤੋਂ ਪਹਿਲਾਂ ਅਸੀਂ ਸਿਰਫ ਕਾਂਸੇ ਦਾ ਤਗਮਾ ਜਿੱਤਿਆ ਸੀ।’ ਮਹਿਲਾ ਟੀਮ ਦੀ ਜਿੱਤ ਦੀ ਨੀਂਹ ਰੱਖਣ ਵਾਲੀ ਪ੍ਰਗਨਾਨੰਦਾ ਦੀ ਭੈਣ ਵੈਸ਼ਾਲੀ ਨੇ ਕਿਹਾ ਕਿ ਪਿਛਲੀ ਵਾਰ ਚੇਨੱਈ ਵਿਚ ਸੋਨ ਤਗ਼ਮੇ ਤੋਂ ਖੁੰਝ ਜਾਣ ਤੋਂ ਉਹ ਬਹੁਤ ਨਿਰਾਸ਼ ਸੀ ਪਰ ਇਸ ਵਾਰ ਸੋਨ ਤਗ਼ਮਾ ਜਿੱਤ ਕੇ ਉਸ ਨੂੰ ਬਹੁਤ ਖ਼ੁਸ਼ੀ ਹੋਈ। ਪੁਰਸ਼ ਟੀਮ ਦੇ ਕਪਤਾਨ ਨਾਰਾਇਣਨ ਨੇ ਕਿਹਾ, ‘ਅਸੀਂ ਓਲੰਪਿਆਡ ਵਿੱਚ ਸੋਨ ਤਗ਼ਮਾ ਜਿੱਤ ਲਿਆ ਹੈ। ਹੁਣ ਅਸੀਂ ਵਿਸ਼ਵ ਚੈਂਪੀਅਨ ਵੀ ਭਾਰਤ ਤੋਂ ਹੀ ਚਾਹੁੰਦੇ ਹਾਂ, ਜਿਸ ਲਈ ਅਸੀਂ ਗੁਕੇਸ਼ ਨੂੰ ਉਤਸ਼ਾਹਿਤ ਕਰਾਂਗੇ।

ਸਾਂਝਾ ਕਰੋ

ਪੜ੍ਹੋ