ਅੰਨਾ ਦੀ ਮੌਤ ਦੀ ਵੰਗਾਰ

ਸਰਮਾਏਦਾਰੀ ਸੁਭਾਅ ਪੱਖੋਂ ਅੱਤ ਦਰਜੇ ਦੀ ਬੇਰਹਿਮ ਹੁੰਦੀ ਹੈ। ਉਹ ਕਿਸੇ ਦੀ ਹਾਲਤ ’ਤੇ ਦਯਾ ਕਰਕੇ ਕੰਮ ਨਹੀਂ ਦਿੰਦੀ, ਸਗੋਂ ਉਹ ਉਸ ਦੇ ਖ਼ੂਨ ਦੀ ਇੱਕ-ਇੱਕ ਬੂੰਦ ਨਿਚੋੜ ਲੈਣਾ ਚਾਹੁੰਦੀ ਹੈ। ਪੌਣੇ ਦੋ ਸੌ ਸਾਲ ਪਹਿਲਾਂ ਮਾਰਕਸ ਨੇ ਲਿਖਿਆ ਸੀ ਕਿ ਪੂੰਜੀਪਤੀ ਮਜ਼ਦੂਰ ਦੀ ਮਿਹਨਤ ਦੀ ਕੀਮਤ ਦਾ ਵੱਡਾ ਹਿੱਸਾ ਹੜੱਪ ਕੇ ਦਿਨੋ-ਦਿਨ ਮੋਟਾ ਹੁੰਦਾ ਰਹਿੰਦਾ ਹੈ। ਪੂੰਜੀਪਤੀ ਲੁੱਟ ਇੱਕ ਮਨੁੱਖਤਾ ਵਿਰੋਧੀ ਵਰਤਾਰਾ ਹੈ, ਜਿਸ ਨੂੰ ਕੇਰਲਾ ਦੀ ਅੰਨਾ ਸੇਬੇਸਿਟਾਇਨ ਨੇ ਏਜੰਡੇ ’ਤੇ ਲੈ ਆਂਦਾ ਹੈ। ਕੇਰਲਾ ਦੀ ਰਹਿਣ ਵਾਲੀ 26 ਸਾਲਾ ਅੰਨਾ ਚਾਰਟਡ ਅਕਾਊਂਟੈਂਟ ਸੀ। ਅੰਨਾ ਨੇ ਬੀਤੇ ਮਾਰਚ ਵਿੱਚ ਦੁਨੀਆ ਦੀਆਂ 4 ਵੱਡੀਆਂ ਅਕਾਊਂਟੈਂਟ ਕੰਪਨੀਆਂ ਵਿੱਚ ਸ਼ੁਮਾਰ ਅਰਨਸਟ ਐਂਡ ਯੰਗ (ਈ ਵਾਈ) ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ। ਬੀਤੀ 20 ਜੂਨ ਨੂੰ ਉਸ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ। ਅੰਨਾ ਦੀ ਮੌਤ ਨੂੰ ਵੀ ਇੱਕ ਆਮ ਮੌਤ ਮੰਨ ਲਿਆ ਜਾਂਦਾ, ਜੇਕਰ ਉਸ ਦੀ ਮਾਂ ਅਨੀਤਾ ਵੱਲੋਂ ਕੰਪਨੀ ਦੇ ਸੀ ਈ ਓ ਰਾਜੀਵ ਮੇਮਾਨੀ ਨੂੰ ਲਿਖਿਆ ਪੱਤਰ ਲੀਕ ਹੋ ਕੇ ਸਾਹਮਣੇ ਨਾ ਆਉਂਦਾ। ਅਨੀਤਾ ਦੇ ਪੱਤਰ ਵਿੱਚ ਲਿਖਿਆ ਇੱਕ-ਇੱਕ ਸ਼ਬਦ ਅੰਨਾ ਦੇ ਕੰਮ ਪ੍ਰਤੀ ਸਮਰਪਣ ਤੇ ਕੰਪਨੀ ਵੱਲੋਂ ਉਸ ਦੇ ਸਰੀਰ ਨੂੰ ਨਿਚੋੜ ਲੈਣ ਦੀ ਗਵਾਹੀ ਭਰਦਾ ਹੈ।

ਅਨੀਤਾ ਨੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਕੰਪਨੀ ਵਿੱਚ ਉਸ ਦੀ ਬੇਟੀ ’ਤੇ ਏਨਾ ਬੋਝ ਲੱਦਿਆ ਗਿਆ, ਜਿਸ ਦੇ ਭਾਰ ਹੇਠ ਦੱਬ ਕੇ ਉਸ ਦੀ ਮੌਤ ਹੋ ਗਈ। ਉਹ ਲਿਖਦੀ ਹੈ, ‘‘ਅੰਨਾ ਆਪਣੇ ਮੈਨੇਜਰਾਂ ਨੂੰ ਦੋਸ਼ ਨਹੀਂ ਸੀ ਦਿੰਦੀ, ਕਿਉਂਕਿ ਉਹ ਦਿਆਲੂ ਸੀ, ਪਰ ਮੈਂ ਚੁੱਪ ਨਹੀਂ ਬੈਠਾਂਗੀ। ਅੰਨਾ ਦੇਰ ਰਾਤ ਤੱਕ ਕੰਮ ਕਰਦੀ ਸੀ, ਇਥੋਂ ਤੱਕ ਕਿ ਛੁੱਟੀ ਵਾਲੇ ਦਿਨ ਵੀ ਉਸ ਨੂੰ ਸਾਹ ਲੈਣ ਦੀ ਵਿਹਲ ਨਹੀਂ ਸੀ।’’ ਅਨੀਤਾ ਅੱਗੇ ਲਿਖਦੀ ਹੈ, ‘‘ਅੰਨਾ ਦੇ ਤਜਰਬੇ ਤੋਂ ਉਸ ਕੰਮ ਸੱਭਿਆਚਾਰ ਦੀ ਝਲਕ ਮਿਲਦੀ ਹੈ, ਜਿਹੜਾ ਬਿਨਾਂ ਅਰਾਮ ਦੇ ਕੰਮ ਕਰਨ ਨੂੰ ਉਤਸ਼ਾਹਤ ਕਰਦਾ ਹੈ, ਪਰ ਕੰਮ ਕਰਨ ਵਾਲੇ ਇਨਸਾਨ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ। ਮੇਰੀ ਬੇਟੀ ਜ਼ਿੰਦਗੀ ਤੇ ਸੁਫ਼ਨਿਆਂ ਨਾਲ ਭਰਪੂਰ ਸੀ। ਉਹ ਕੰਮ ਤੋਂ ਅੱਧੀ ਰਾਤ ਮੁੜਦੀ ਸੀ। ਆਉਂਦਿਆਂ ਹੀ ਬਿਨਾਂ ਕੱਪੜੇ ਬਦਲੇ ਪਲੰਘ ’ਤੇ ਢੇਰੀ ਹੋ ਜਾਂਦੀ ਸੀ, ਜਿਵੇਂ ਉਸ ਵਿੱਚ ਜਾਨ ਹੀ ਨਾ ਹੋਵੇ। ਸਵੇਰ ਹੁੰਦਿਆਂ ਹੀ ਅੰਨਾ ਕੋਲ ਦਰਜਨਾਂ ਮੈਸੇਜ ਆ ਜਾਂਦੇ ਕਿ ਢੇਰ ਸਾਰੀਆਂ ਰਿਪੋਰਟਾਂ ਤਿਆਰ ਕਰਨੀਆਂ ਹਨ। ਅੰਨਾ ਦੀ ਮੌਤ ਇੱਕ ‘ਜਾਗਣ ਦਾ ਸੁਨੇਹਾ’ ਹੈ।’’

ਪਹਿਲਾਂ-ਪਹਿਲ ਕੰਪਨੀ ਨੇ ਇਹ ਭਰਮ ਫੈਲਾਇਆ ਕਿ ਅੰਨਾ ਨੂੰ ਕੋਈ ਗੰਭੀਰ ਬਿਮਾਰੀ ਸੀ। ਇਸ ਬਾਰੇ ਅਨੀਤਾ ਲਿਖਦੀ ਹੈ, ‘‘ਜਦੋਂ ਅਸੀਂ ਪੁਣੇ ਗਏ ਤਾਂ ਅੰਨਾ ਨੇ ਕਿਹਾ ਕਿ ਮੇਰੇ ਸੀਨੇ ਵਿੱਚ ਜਕੜਨ ਮਹਿਸੂਸ ਹੁੰਦੀ ਹੈ। ਅਸੀਂ ਉਸ ਨੂੰ ਲੈ ਕੇ ਡਾਕਟਰ ਪਾਸ ਗਏ ਤਾਂ ਡਾਕਟਰ ਨੇ ਕਿਹਾ ਕਿ ਇਹ ਬਹੁਤ ਤਣਾਅ ਵਿੱਚ ਹੈ ਤੇ ਖਾਣਾ ਵੀ ਘੱਟ ਤੇ ਸਮੇਂ ਸਿਰ ਨਹੀਂ ਖਾਂਦੀ। ਇਸ ਨੂੰ ਅਰਾਮ ਦੀ ਸਖ਼ਤ ਜ਼ਰੂਰਤ ਹੈ। ਅੰਨਾ ਨੇ ਇਸ ਬਾਰੇ ਆਪਣੇ ਸੀਨੀਅਰ ਨਾਲ ਗੱਲ ਕੀਤੀ। ਅਸੀਂ ਵੀ ਕੰਪਨੀ ਦੇ ਮਾਲਕ ਨਾਲ ਗੱਲ ਕੀਤੀ, ਪਰ ਸਾਡੀ ਗੱਲ ਵੱਲ ਕਿਸੇ ਨੇ ਧਿਆਨ ਨਾ ਦਿੱਤਾ। ਅਨੀਤਾ ਦਾ ਖਤ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਦੇਸ਼-ਭਰ ਦੇ ਕਾਰਪੋਰੇਟ ਅਦਾਰਿਆਂ ’ਚ ਕੰਮ ਕਰਦੇ ਨੌਜਵਾਨਾਂ ਦਾ ਗੁੱਸਾ ਜਵਾਲਾਮੁਖੀ ਵਾਂਗ ਫੁੱਟ ਪਿਆ ਹੈ। ਇੱਕ ਚਾਰਟਡ ਅਕਾਊਂਟੈਂਟ ਨਾਸਿਰ ਕਾਜ਼ੀ ਕੰਪਨੀ ਮਾਲਕ ਨੂੰ ਕਹਿੰਦੀ ਹੈ, ‘‘ਤੁਸੀਂ ਕਹਿੰਦੇ ਹੋ ਕਿ ਅਸੀਂ ਈ ਵਾਈ ’ਚ ਹੋ ਰਹੀਆਂ ਦਿੱਕਤਾਂ ਬਾਰੇ ‘ਐਥਿਕਸ ਹਾਟਲਾਈਨ’ ਉੱਤੇ ਸ਼ਿਕਾਇਤ ਕਰੀਏ। ਮੈਂ ਤੇ ਮੇਰੇ ਸਾਥੀਆਂ ਨੇ ਕਈ ਮਹੀਨੇ ਪਹਿਲਾਂ ਸ਼ਿਕਾਇਤਾਂ ਕੀਤੀਆਂ ਸਨ। ਅਸੀਂ ਦੇਖਿਆ ਕਿ ਇਸ ਹਾਟਲਾਈਨ ਦੀ ਵਰਤੋਂ ਸ਼ਿਕਾਇਤ ਕਰਨ ਵਾਲਿਆਂ ਦਾ ਪਤਾ ਲਾ ਕੇ ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਕੀਤੀ ਜਾਂਦੀ ਹੈ।’’
ਇੱਕ 27 ਸਾਲਾ ਲੜਕੀ ਨੇ ਲਿਖਿਆ ਹੈ, ‘‘ਮੈਂ ਇੰਫੋਸਿਸ ਦੀ ਇੱਕ ਕੰਪਨੀ ਨਾਲ ਦੋ ਸਾਲ ਕੰਮ ਕੀਤਾ ਤਾਂ ਸਮਝ ਆਇਆ ਕਿ 25 ਲੋਕਾਂ ਦਾ ਕੰਮ 6 ਲੋਕਾਂ ਤੋਂ ਕਰਵਾਇਆ ਜਾ ਰਿਹਾ ਹੈ। ਮੈਂ 2 ਵਜੇ ਕੰਮ ਤੋਂ ਵਿਹਲੇ ਹੋ ਕੇ ਸੌਂਦੀ ਸੀ। ਨੀਂਦ ਪੂਰੀ ਵੀ ਨਹੀਂ ਸੀ ਹੁੰਦੀ ਕਿ ਸਵੇਰੇ 7.30 ਵਜੇ ਫੋਨ ਆ ਜਾਂਦਾ ਸੀ ਕਿ 8 ਵਜੇ ਆਨਲਾਈਨ ਆਉਣਾ ਹੈ।

ਈ ਵਾਈ ਵਿੱਚ ਤਾਂ ਇਸ ਤੋਂ ਵੀ ਬੁਰਾ ਹਾਲ ਸੀ। ਮੈਨੇਜਰ ਖੁਦ ਕ੍ਰਿਕਟ ਮੈਚ ਦੇਖਦਾ ਤੇ ਰਾਤ ਨੂੰ ਅਚਾਨਕ ਸਾਰਾ ਕੰਮ ਵਰਕਰਾਂ ਨੂੰ ਦੇ ਦਿੰਦਾ ਸੀ। ਅੰਨਾ ਨੇ ਪੂੰਜੀਵਾਦ ਵੱਲੋਂ ਕੀਤੀ ਜਾਂਦੀ ਲੁੱਟ ਦੀ ਵਿਵਸਥਾ ਵਿੱਚ ਆਪਣੇ ਆਪ ਦੀ ਅਹੂਤੀ ਦੇ ਦਿੱਤੀ ਹੈ। ਉਸ ਦੀ ਮਾਂ ਦੇ ਖ਼ਤ ਤੋਂ ਜ਼ਾਹਰ ਹੈ ਕਿ ਅੰਨਾ ਦੀ ਕਿਰਤ ਸੁਖਦਾਇਕ ਨਹੀਂ ਸੀ। ਮਾਰਕਸ ਨੇ ਲਿਖਿਆ ਹੈ ਕਿ ਕਿਰਤ ਦੀ ਕੀਮਤ ਤੈਅ ਕਰਨ ਵਿੱਚ ਜਦੋਂ ਤੱਕ ਕਿਰਤੀ ਦੀ ਭੂਮਿਕਾ ਨਾ ਹੋਵੇ, ਕੰਮ ਕਰਨਾ ਉਸ ਲਈ ਅਣਸਰਦੀ ਲੋੜ ਹੁੰਦਾ ਹੈ। ਅਜਿਹੀ ਕਿਰਤ ਕਿਰਤੀ ਦੀ ਦੁਸ਼ਮਣ ਬਣ ਕੇ ਉਸ ਦੇ ਸਾਹਮਣੇ ਖੜ੍ਹੀ ਹੋ ਜਾਂਦੀ ਹੈ। ਅੰਨਾ ਦੀ ਮੌਤ ਨੇ ਕੰਮ ਦੇ ਘੰਟਿਆਂ ਦੀ ਲੜਾਈ ਨੂੰ ਉਠਾ ਦਿੱਤਾ ਹੈ। ਇਸ ਸਮੇਂ ਲੋਕਾਂ ਤੋਂ 20-20 ਘੰਟੇ ਕੰਮ ਲਿਆ ਜਾਂਦਾ ਹੈ। ਤੁਸੀਂ ਮੋਬਾਇਲ ਫੋਨ ਤੇ ਵਟਸਅਪ ਰਾਹੀਂ 24 ਘੰਟੇ ਕੰਪਨੀ ਮਾਲਕ ਦੀ ਗਿ੍ਰਫ਼ਤ ਵਿੱਚ ਹੁੰਦੇ ਹੋ। ਫੋਨ ਨਾ ਚੁੱਕਣ ਤੇ ਮੈਸੇਜ ਨਾ ਦੇਖਣ ਦੀ ਅਗਲੇ ਦਿਨ ਹੀ ਕੀਮਤ ਤਾਰਨੀ ਪੈਂਦੀ ਹੈ। ਏਨਾ ਕੁਝ ਹੋ ਜਾਣ ਦੇ ਬਾਵਜੂਦ ਪੂੰਜੀਪਤੀ ਕਿਰਤ ਕਾਨੂੰਨਾਂ ਨੂੰ ਹੋਰ ਸੋਧਣ ਦੀ ਮੰਗ ਕਰ ਰਹੇ ਹਨ। ਅੰਨਾ ਦੀ ਮੌਤ ਪੂੰਜੀਵਾਦ ਦੀ ਬੇਰਹਿਮ ਲੁੱਟ ਤੋਂ ਨਿਜਾਤ ਪਾਉਣ ਲਈ ਹਰ ਜਾਗਰੂਕ ਇਨਸਾਨ ਲਈ ਇੱਕ ਵੰਗਾਰ ਹੈ। ਪੂੰਜੀਵਾਦ ਦੇ ਦਲਾਲ ਹਾਕਮਾਂ ’ਤੇ ਆਸ ਰੱਖਣੀ ਆਪਣੇ-ਆਪ ਨੂੰ ਧੋਖਾ ਦੇਣਾ ਹੈ। ਕਿਰਤ ਦੀ ਇਸ ਗੁਲਾਮੀ ਦੇ ਚੁੰਗਲ ਵਿੱਚੋਂ ਸਿਰਫ਼ ਜਨਤਕ ਸੰਘਰਸ਼ਾਂ ਰਾਹੀਂ ਹੀ ਨਿਕਲਿਆ ਜਾ ਸਕਦਾ ਹੈ, ਤਾਂ ਜੋ ਕਿਸੇ ਹੋਰ ਅੰਨਾ ਨੂੰ ਆਪਣੀ ਬਲੀ ਨਾ ਦੇਣੀ ਪਵੇ।

ਸਾਂਝਾ ਕਰੋ

ਪੜ੍ਹੋ

ਸੰਪਾਦਕੀ : ਪੰਜਾਬੀ ਕਾਨਫਰੰਸਾਂ ਦਾ ਪੰਜਾਬੀ ਲਈ

       ਵਿਸ਼ਵ ਪੱਧਰ ‘ਤੇ ਅਮਰੀਕਾ,ਕਨੇਡਾ,ਭਾਰਤ,ਪਾਕਿਸਤਾਨ ‘ਚ ਪੰਜਾਬੀ ਬੋਲੀ...