
ਬਲਵਿੰਦਰ ਕੌਰ ਨੂੰ ਹਸਪਤਾਲ ਵਿਚ ਦਾਖਲ ਹੋਈ ਨੂੰ ਅੱਜ ਤੀਸਰਾ ਦਿਨ ਸੀ ਉਸ ਨੇ ਅੱਜ ਮਾੜੀ ਜਿਹੀ ਅੱਖ ਪੱਟੀ ਸੀ ਅਤੇ ਚਾਰ ਚੁਫੇਰੇ ਨਜ਼ਰ ਘੁਮਾਈ | ਆਪਣੇ ਖਸਮ ਹਰਪਾਲ ਸਿੰਘ ਵਲ ਦੇਖਿਆ ਤੇ ਫੇਰ ਅੱਖਾਂ ਮੀਚ ਲਈਆਂ ਸਨ | ਹਰਪਾਲ ਨੇ ਸੋਚਿਆ ਕਿ ਬਿੰਦੀ ਨੂੰ ਕੁਝ ਹੋਸ਼ ਆਈ ਹੈ | ਉਸ ਨੇ ਪਾਣੀ ਦਾ ਗਿਲਾਸ ਬਿੰਦੀ ਦੇ ਨੇੜੇ ਕੀਤਾ ਤੇ ਪਾਣੀ ਪੁੱਛਿਆ ਪਰ ਬਿੰਦੀ ਨੇ ਨਾਂਹ ਵਿਚ ਸਿਰ ਫੇਰ ਦਿਤਾ | ਡਾਕਟਰ ਥੋੜੀ ਦੇਰ ਪਿੱਛੋਂ ਆਈ ਉਸ ਨੇ ਹਰਪਾਲ ਨੂੰ ਬਿੰਦੀ ਦਾ ਹਾਲ ਪੁੱਛਿਆ ਤਾਂ ਹਰਪਾਲ ਨੇ ਦੱਸਿਆ ਕਿ ਲਗਦਾ ਹੈ ਦਵਾਈ ਨੇ ਅਸਰ ਕੀਤਾ ਹੈ ਤੇ ਬਿੰਦੀ ਨੇ ਅੱਖਾਂ ਖੋਲੀਆਂ ਸਨ | ਡਾਕਟਰ ਚਾਹੁੰਦੀ ਸੀ ਕਿ ਬਲਵਿੰਦਰ ਨੂੰ ਇਕੱਲਿਆਂ ਕਰ ਉਸ ਤੋਂ ਬਰੀਕੀ ਨਾਲ ਪੁੱਛਿਆ ਜਾਵੇ | ਉਸ ਨੇ ਹਰਪਾਲ ਨੂੰ ਕਮਰੇ ਤੋਂ ਬਾਹਰ ਜਾਣ ਲਈ ਆਖਿਆ | ਹਰਪਾਲ ਚੁੱਪ ਚਾਪ ਉੱਠ ਕੇ ਬਾਹਰ ਵੱਲ ਜਾਣ ਲੱਗਿਆ ਤਾਂ ਉਸ ਨੂੰ ਨਰਸ ਨੇ ਆਖਿਆ ਕਿ ਜਦੋਂ ਤਕ ਤੁਹਾਨੂੰ ਬੁਲਾਇਆ ਨਾ ਜਾਵੇ ਤੁਸੀਂ ਬਾਹਰ ਹੀ ਇੰਤਜ਼ਾਰ ਕਰਨਾ ਹੈ | ਹਰਪਾਲ ਸੋਚਾਂ ਵਿਚ ਗੁੰਮ ਬਾਹਰ ਆ ਗਿਆ |
ਬਾਹਰ ਆ ਕੇ ਉਸ ਦੇਖਿਆ ਕਿ ਬੱਦਲੀਆਂ ਛਟ ਰਹੀਆਂ ਸਨ ,ਸੂਰਜ ਦੀ ਟਿੱਕੀ ਬੱਦਲਾਂ ਵਿਚੋਂ ਝਾਤੀ ਮਾਰ ਰਹੀ ਸੀ | ਸੰਘਣੇ ਨੀਲੇ ਅਸਮਾਨ ਦੇ ਟੁਕੜੇ ਹੇਠਾਂ ਇਧਰੋਂ ਉਧਰੋਂ ਉਡਦੇ ਪੰਛੀ ਆਪਣੇ ਭਿੱਜੇ ਹੋਏ ਖੰਭਾਂ ਨੂੰ ਝਾੜਦੇ ਉਡਾਰੀਆਂ ਭਰ ਰਹੇ ਸਨ | ਇੰਜ ਪ੍ਰਤੀਤ ਹੋ ਰਿਹਾ ਸੀ ਕਿ ਕਈ ਦਿਨਾਂ ਦੇ ਸੁੰਗੜੇ ਸਰੀਰਾਂ ਦੀ ਸਤਿਆ ਅਜ਼ਮਾ ਰਹੇ ਹੋਵਣ | ਹਰਪਾਲ ਵੀ ਬਾਹਰ ਕੁਦਰਤ ਦਾ ਇਹ ਨਜ਼ਾਰਾ ਤਕ ਰਿਹਾ ਸੀ ਪ੍ਰੰਤੂ ਉਹ ਸੋਚਾਂ ਦੇ ਸਮੁੰਦਰ ਵਿਚ ਗੋਤੇ ਖਾ ਰਿਹਾ ਸੀ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਸਵੇਰੇ ਤਾਂ ਉਹ ਬਲਵਿੰਦਰ ਦੇ ਹੱਥੋਂ ਪੱਕੇ ਹੋਏ ਪਰੌਠੇਂ ਖਾ ਕੇ ਆਪਣੇ ਲੜਕੇ ਸਾਧੂ ਨਾਲ ਹੀ ਖੇਤ ਗਿਆ ਸੀ | ਸਾਧੂ ਨੇ ਵੀ ਉਸ ਦੇ ਨਾਲ ਬੈਠ ਕੇ ਪਰੌਠੇਂ ਛੱਕੇ ਸਨ | ਸਾਧੂ ਦੀ ਘਰ ਵਾਲੀ ਕੁਲਵਿੰਦਰ ਨਲਕੇ ਦੇ ਲਾਗੇ ਧੋਣ ਵਾਲੇ ਕਪੜੇ ਇਕੱਠੇ ਕਰ ਰਹੀ ਸੀ | ਹਰਪਾਲ ਤੇ ਸਾਧੂ ਖੇਤ ਵਿਚ ਦੁਪਹਿਰੀ ਦੀ ਉਡੀਕ ਵਿਚ ਸਨ ਕਿ ਘਰ ਤੋਂ ਉਨ੍ਹਾਂ ਨੂੰ ਸਨੇਹਾ ਮਿਲਿਆ ਸੀ ਕਿ ਬਲਵਿੰਦਰ ਬੇਹੋਸ਼ ਹੋ ਗਈ ਹੈ ਤੇ ਕੁਲਵਿੰਦਰ ਆਪਣੇ ਗੁਆਂਢੀਆਂ ਦੀ ਮਦਦ ਨਾਲ ਉਸ ਨੂੰ ਹਸਪਤਾਲ ਲੈ ਗਈ ਹੈ ਡਾਕਟਰ ਨੇ ਦਾਖਲ ਕਰ ਲਿਆ ਹੈ ਪ੍ਰੰਤੂ ਹਾਲੇ ਤਕ ਹੋਸ਼ ਨਹੀਂ ਆਇਆ ਹੈ | ਉਹ ਹਾਲੇ ਸੋਚਾਂ ਵਿਚ ਹੀ ਸੀ ਕਿ ਬਲਵਿੰਦਰ ਨੂੰ ਕੀ ਹੋਇਆ ਹੋਵੇਗਾ ਕਿ ਨਰਸ ਨੇ ਹਰਪਾਲ ਨੂੰ ਅਵਾਜ਼ ਲਗਾਈ ਕਿ ਸਰਦਾਰ ਜੀ ਜਾਓ ਤੇ ਸਾਹਮਣੇ ਦਵਾਈਆਂ ਵਾਲੀ ਦੁਕਾਨ ਤੋਂ ਆਹ ਦਵਾਈਆਂ ਲੈ ਕੇ ਆਓ | ਇਹਨਾ ਆਖਦੇ ਹੋਏ ਨਰਸ ਨੇ ਦਵਾਈਆਂ ਵਾਲੀ ਪਰਚੀ ਹਰਪਾਲ ਦੇ ਹੱਥ ਫੜਾਈ ਤੇ ਛੇਤੀ ਮੁੜ ਆਉਣ ਦੀ ਤਾਕੀਦ ਕੀਤੀ |
ਹਰਪਾਲ ਛੇਤੀ ਨਾਲ ਦਵਾਈਆਂ ਵਾਲੀ ਦੁਕਾਨ ਤੇ ਜਾ ਕੇ ਪਰਚੀ ਦੁਕਾਨ ਵਾਲੇ ਨੂੰ ਦੇ ਕੇ ਦਵਾਈ ਦੇਣ ਲਈ ਆਖਿਆ | ਉਸ ਨੇ ਵੀ ਦਵਾਈਆਂ ਕੱਢ ਹਰਪਾਲ ਨੂੰ ਫੜਾਈਆਂ | ਹਰਪਾਲ ਨੇ ਕਿਹਾ ਕਿ ਪੈਸੇ ਲਿਖ ਲਵੇ ਹੁਣੇ ਆ ਕੇ ਦੇ ਜਾਵਾਂਗਾ | ਹਰਪਾਲ ਨੇ ਕੋਈ ਸਮਾਂ ਨਾ ਗਵਾਇਆ ਤੇ ਦਵਾਈ ਲਿਜਾ ਕੇ ਨਰਸ ਨੂੰ ਦੇ ਦਿਤੀ | ਅੰਦਰ ਜਾ ਉਸ ਨੇ ਦੇਖਿਆ ਕਿ ਬਲਵਿੰਦਰ ਫਿਰ ਬੇਸੁਰਤ ਪਈ ਸੀ | ਨਰਸ ਨੇ ਦਵਾਈਆਂ ਵਿਚੋਂ ਇਕ ਟੀਕਾ ਬਲਵਿੰਦਰ ਦੇ ਲਗਾ ਦਿਤਾ ਤੇ ਦੂਸਰਾ ਟੀਕਾ ਤਿਆਰ ਕਰਨ ਲੱਗ ਪਈ | ਦੂਸਰਾ ਟੀਕਾ ਲਗਾ ਉਸ ਨੇ ਹਰਪਾਲ ਨੂੰ ਆਖ ਦਿਤਾ ਕਿ ਧਿਆਨ ਰੱਖਣਾ ਜਦੋਂ ਹੋਸ਼ ਆਈ ਤੁਰੰਤ ਸਾਨੂੰ ਦੱਸ ਦੇਣਾ | ਡਾਕਟਰ ਤੇ ਨਰਸ ਹੋਰ ਮਰੀਜ਼ਾਂ ਨੂੰ ਦੇਖਣ ਲਈ ਚਲੇ ਗਏ |ਸ਼ਾਮ ਤਕ ਬਿੰਦੀ ਨੂੰ ਹੋਸ਼ ਨਾ ਆਈ | ਨਰਸ ਵੀ ਵਿਚੋਂ ਦੀ ਆ ਕੇ ਗੇੜਾ ਮਾਰ ਗਈ | ਹਰਪਾਲ ਨੇ ਸਾਰੀ ਰਾਤ ਅੱਖਾਂ ਵਿਚੋਂ ਕੱਢੀ | ਬਿੰਦੀ ਨੂੰ ਸਾਰੀ ਰਾਤ ਹੋਸ਼ ਨਾ ਆਇਆ | ਸਵੇਰੇ ਸਾਝਰੇ ਬਲਵਿੰਦਰ ਨੇ ਪਾਸਾ ਲਿਆ | ਹਰਪਾਲ ਨੇ ਉਸ ਨੂੰ ਬੁਲਾਉਣ ਦਾ ਯਤਨ ਕੀਤਾ ਪ੍ਰੰਤੂ ਉਸ ਨੇ ਕੋਈ ਹੁੰਗਾਰਾ ਨਾ ਭਰਿਆ ਤੇ ਪਾਸਾ ਲੈ ਕੇ ਫਿਰ ਪੈ ਗਈ | ਹਰਪਾਲ ਮਨ ਵਿਚ ਵਾਹਿਗੁਰੂ ਨੂੰ ਧਿਆ ਰਿਹਾ ਸੀ | ਉਸ ਨੂੰ ਉਸ ਦੇ ਘਰ ਦਾ ਪਾਸਾ ਮੂਧਾ ਪੈਂਦਾ ਜਾਪ ਰਿਹਾ ਸੀ ਫੇਰ ਵੀ ਉਸ ਨੂੰ ਆਪਣੇ ਦਾਤੇ ਤੇ ਭਰੋਸਾ ਸੀ | ਉਸ ਦੀ ਸਮਝ ਵਿਚ ਕੁਝ ਵੀ ਨਹੀਂ ਆ ਰਿਹਾ ਸੀ ਕਿ ਬਲਵਿੰਦਰ ਇਤਨੇ ਸਦਮੇ ਵਿਚ ਕਿਓਂ ਹੈ |
ਹਰਪਾਲ ਦੇ ਖਿਆਲਾਂ ਦੀ ਲੜੀ ਉਥੇ ਜਾ ਜੁੜੀ ਜਦੋਂ ਉਹ ਬਲਵਿੰਦਰ ਨੂੰ ਵਿਆਹ ਕੇ ਲਿਆਇਆ ਸੀ ਤੇ ਮਾਂ ਨੇ ਸੁਭਾਗ ਜੋੜੀ ਤੋਂ ਪਾਣੀ ਵਾਰਿਆ ਸੀ | ਸਾਰੇ ਸਾਕ ਸਬੰਧੀ ਵੇਖ ਕੇ ਖੁਸ਼ ਸਨ ਕਿ ਉਸ ਵਾਹਿਗੁਰੂ ਨੇ ਕਿਡੀ ਸੋਹਣੀ ਬਹੂ ਹਰਪਾਲ ਨੂੰ ਬਖਸ਼ੀ ਹੈ | ਹਰ ਜ਼ੁਬਾਨ ਤੇ ਬਲਵਿੰਦਰ ਦੇ ਸੁਹੱਪਣ ਦੇ ਚਰਚੇ ਸਨ | ਸਮਾਂ ਅਗਾਂਹ ਵਧਦਾ ਗਿਆ | ਵਾਹਿਗੁਰੂ ਨੇ ਪੁੱਤਰ ਦੀ ਦਾਤ ਬਖਸ਼ੀ ਸੀ | ਪੁੱਤਰ ਦਾ ਨਾਂ ਸਾਧੂ ਰਖਿਆ ਸੀ | ਲੜਕਾ ਬਿਲਕੁਲ ਹੀ ਸਾਧੂ ਸੁਭਾਵ ਦਾ ਸੀ | ਦਾਦਾ ,ਦਾਦੀ ਖੁਸ਼ੀ ਦੇ ਲੱਡੂ ਵੰਡ ਰਹੇ ਸੀ | ਰਿਸ਼ਤੇਦਾਰੀ ਵਿਚੋਂ ਹੋ ਵਾਪਿਸ ਆ ਰਹੇ ਸਨ ਕਿ ਕਾਰ ਇਕ ਰੁੱਖ ਨਾਲ ਟਕਰਾ ਗਈ ਦੋਹਾਂ ਦੇ ਸੱਟਾਂ ਵਜੀਆਂ ਸਨ | ਸਾਧੂ ਭੁੜਕ ਕੇ ਦੂਰ ਜਾ ਪਿਆ ਸੀ ਉਸ ਦੇ ਝਰੀਟ ਵੀ ਨਹੀਂ ਆਈ ਸੀ | ਪਿੰਡ ਦੇ ਨੇੜੇ ਹੋਣ ਕਾਰਨ ਰਾਹੀਆਂ,ਜੋ ਪਿੰਡ ਦੇ ਹੀ ਸਨ , ਨੇ ਪਛਾਣ ਲਿਆ ਹਰਪਾਲ ਨੂੰ ਖਬਰ ਕਰ ਦਿਤੀ ਤੇ ਸਾਧੂ ਤੇ ਉਸ ਦੇ ਦਾਦਾ ,ਦਾਦੀ ਨੂੰ ਹਸਪਤਾਲ ਪੁਚਾ ਦਿੱਤਾ ਗਿਆ ਸੀ | ਜਿਆਦਾ ਖੂਨ ਵਹਿ ਜਾਣ ਕਾਰਨ ਸਾਧੂ ਦੀ ਦਾਦੀ ਨੂੰ ਡਾਕਟਰ ਨੇ ਕਹਿ ਦਿੱਤਾ ਕਿ ਇਹ ਤਾਂ ਰੱਬ ਦੇ ਘਰ ਪੁੱਜ ਚੁਕੇ ਹਨ | ਦਾਦੇ ਦਾ ਇਲਾਜ ਸ਼ੁਰੂ ਕੀਤਾ ਗਿਆ | ਸ਼ਾਮ ਤਕ ਹਰਪਾਲ ਤੇ ਬਲਵਿੰਦਰ ਵੀ ਹਸਪਤਾਲ ਪੁੱਜ ਚੁਕੇ ਸਨ |
ਉਨ੍ਹਾਂ ਦੇ ਆਉਣ ਤੇ ਹਰਪਾਲ ਨੇ ਆਪਣੇ ਬਾਪ ਨੂੰ ਡਿੱਠਾ | ਉਸ ਨੂੰ ਉਸ ਦੀ ਹਾਲਤ ਗੰਭੀਰ ਲੱਗੀ ਉਸ ਨੇ ਡਾਕਟਰ ਨੂੰ ਪੁੱਛਿਆ ਕਿ ਜੇ ਤੁਸੀਂ ਠੀਕ ਸਮਝਦੇ ਹੋ ਤਾਂ ਬਾਪੂ ਜੀ ਨੂੰ ਕਿਤੇ ਹੋਰ ਲੈ ਜਾਂਦੇ ਹਾਂ | ਪ੍ਰੰਤੂ ਡਾਕਟਰ ਨੇ ਕਿਹਾ ਕਿ ਇਹਨਾਂ ਦੀ ਹਾਲਤ ਇਥੋਂ ਜਾਣ ਵਾਲੀ ਨਹੀਂ ਹੈ | ਅਸੀਂ ਯਤਨ ਕਰ ਰਹੇ ਹਾਂ | ਤੁਸੀਂ ਵਾਹਿਗੁਰੂ ਤੇ ਭਰੋਸਾ ਰੱਖੋ | ਹਰਪਾਲ ਨੇ ਆਪਣੀ ਮਾਂ ਦੀ ਲਾਸ਼ ਨੂੰ ਘਰ ਲੈ ਕੇ ਜਾਣ ਦਾ ਪ੍ਰਬੰਧ ਕਰਨਾ ਸ਼ੁਰੂ ਕਰ ਲਿਆ | ਹਾਲੇ ਤਿਆਰੀਆਂ ਚਲ ਹੀ ਰਹੀਆਂ ਸਨ ਕਿ ਡਾਕਟਰ ਨੇ ਹਰਪਾਲ ਨੂੰ ਆਪਣੇ ਕੋਲ ਬੁਲਾ ਕੇ ਦੱਸ ਦਿਤਾ ਕਿ ਤੁਹਾਡੇ ਪਿਤਾ ਜੀ ਨਹੀਂ ਰਹੇ ਅਫਸੋਸ ਅਸੀਂ ਉਨ੍ਹਾਂ ਨੂੰ ਬਚਾ ਨਹੀਂ ਸਕੇ | ਤੁਸੀਂ ਹੁਣ ਦੋਹਾਂ ਨੂੰ ਇਕੱਠੇ ਸਾਡੀ ਐਮਬੂਲੈਂਸ ਵਿਚ ਲਿਜਾ ਸਕਦੇ ਹੋ | ਹਰਪਾਲ ਤੇ ਬਲਵਿੰਦਰ ਦਾ ਰੋ ਰੋ ਕੇ ਬੁਰਾ ਹਾਲ ਸੀ | ਛੋਟੇ ਬਚੇ ਨੂੰ ਕੋਈ ਸਮਝ ਨਹੀਂ ਆ ਰਹੀ ਸੀ ਕਿ ਕੀ ਵਾਪਰਿਆ ਹੈ ਸਾਰੇ ਕਿਓਂ ਰੋ ਰਹੇ ਹਨ | ਪਿੰਡ ਵਾਲਿਆਂ ਦੀ ਮਦਦ ਨਾਲ ਅੰਤਿਮ ਰਸਮ ਨਿਭਾਈਆਂ ਗਈਆਂ | ਹਰਪਾਲ ਨੂੰ ਹੁਣ ਆਪਣਾ ਘਰ ਸੁੰਨਾ ਸੁੰਨਾ ਜਾਪਣ ਲੱਗਾ |
ਸਮਾਂ ਲੰਘਦਾ ਗਿਆ ਸਾਧੂ ਨੂੰ ਸਕੂਲ ਲਗਾ ਦਿਤਾ ਗਿਆ ਉਹ ਪੜ੍ਹਾਈ ਵਿਚ ਪੂਰਾ ਖਿਆਲ ਰੱਖ ਰਿਹਾ ਸੀ | ਹੋਲੀ ਹੋਲੀ ਅਗਲੇਰੀਆਂ ਜਮਾਤਾਂ ਵਿਚ ਹੋ ਰਿਹਾ ਸੀ | ਹਰਪਾਲ ਖੇਤੀ ਦੇ ਕੰਮਾਂ ਵਿਚ ਰੁੱਝਾ ਰਹਿੰਦਾ ਸੀ ਸਾਧੂ ਬਲਵਿੰਦਰ ਦਾ ਜੀ ਲਵਾਈ ਰੱਖਦਾ ਸੀ | ਸਮਾਂ ਲੰਘਦਾ ਗਿਆ | ਸਾਧੂ ਦੱਸ ਜਮਾਤਾਂ ਪਾਸ ਕਰ ਗਿਆ | ਹਰਪਾਲ ਨੇ ਉਸ ਨੂੰ ਆਪਣੇ ਨਾਲ ਖੇਤੀ ਦੇ ਕੰਮਾਂ ਵਿਚ ਹੀ ਲਗਾ ਲਿਆ | ਭਾਵੇਂ ਸਾਧੂ ਹੋਰ ਪੜ੍ਹਨਾ ਚਾਹੁੰਦਾ ਸੀ ਪ੍ਰੰਤੂ ਉਸ ਨੇ ਖੇਤੀ ਵਿਚ ਆਪਣੇ ਬਾਪ ਦਾ ਹੱਥ ਵਟਾਉਣ ਦਾ ਫੈਸਲਾ ਕਰ ਲਿਆ | ਹੁਣ ਉਹ ਸਵੇਰੇ ਸਾਝਰੇ ਹੀ ਖੇਤ ਚਲੇ ਜਾਂਦੇ ਸਨ ਅਤੇ ਬਲਵਿੰਦਰ ਰੋਟੀ ਪਾਣੀ ਕਰਨ ਤੋਂ ਬਾਅਦ ਦੁਪਹਿਰੀ ਲੈ ਕੇ ਖੇਤ ਚਲੀ ਜਾਂਦੀ ਸੀ | ਦੁਪਹਿਰੀ ਖਾਣ ਤੋਂ ਬਾਅਦ ਤਿੰਨੇ ਹੀ ਉਥੇ ਅਰਾਮ ਕਰ ਲੈਂਦੇ ਸਨ | ਸ਼ਾਮ ਦੀ ਚਾਹ ਇੱਟਾਂ ਦਾ ਆਰਜ਼ੀ ਚੁੱਲ੍ਹਾ ਬਣਾ ਉਸ ਉਪਰ ਬਣਾ ਲਈ ਜਾਂਦੀ ਸੀ | ਦੋਵੇਂ ਪਿਓ ਪੁੱਤ ਚਾਹ ਪੀ ਕੇ ਕੰਮ ਲੱਗ ਜਾਂਦੇ ਸਨ ਅਤੇ ਬਿੰਦੀ ਤਾਜ਼ਾ ਸਬਜ਼ੀ ਤੋੜ ਘਰ ਨੂੰ ਆ ਜਾਂਦੀ ਸੀ | ਇਸ ਤਰਾਂ ਸੋਹਣਾ ਸਮਾਂ ਲੰਘ ਰਿਹਾ ਸੀ |
ਇਕ ਦਿਨ ਹਰਪਾਲ ਸਾਧੂ ਨੂੰ ਘਰੇ ਛੱਡ ਇੱਕਲਾ ਹੀ ਖੇਤ ਚਲਾ ਗਿਆ ਕਿਓਂ ਜੋ ਖੇਤ ਵਿਚ ਕੋਈ ਖਾਸ ਕੰਮ ਕਰਨ ਵਾਲਾ ਨਹੀਂ ਸੀ | ਬਿੰਦੀ ਨੇ ਸਾਧੂ ਨੂੰ ਕਿਹਾ ਕਿ ਅੱਜ ਤੂੰ ਸ਼ਹਿਰ ਜਾ ਕੇ ਘਰ ਦਾ ਸੌਦਾ ਪਤਾ ਲੈ ਆ | ਉਹ ਸ਼ਹਿਰ ਲਈ ਤਿਆਰ ਹੋ ਕੇ ਚਲਾ ਗਿਆ | ਹਰਪਾਲ ਖੇਤੀ ਦਾ ਕੰਮ ਨਿਬੇੜ ਕੇ ਛੇਤੀ ਹੀ ਘਰ ਆ ਗਿਆ ਸੀ | ਹਰਪਾਲ ਨੇ ਰੋਟੀ ਖਾਧੀ ਅਤੇ ਆਪਣੀ ਢੂਈ ਸਿਧੀ ਕਰਨ ਲਈ ਲੇਟ ਗਿਆ | ਰੋਟੀ ਟੁੱਕ ਦਾ ਕੰਮ ਨਬੇੜ ਬਿੰਦੀ ਵੀ ਉਸ ਕੋਲ ਆ ਬੈਠੀ | ਦੋਵੇਂ ਜਣੇ ਸਲਾਹੀਂ ਪੈ ਗਏ ਕਿ ਹੁਣ ਆਪਣਾ ਸਾਧੂ ਜਵਾਨ ਹੋ ਗਿਆ ਹੈ ਇਸ ਦਾ ਵਿਆਹ ਕਰਨਾ ਚਾਹੀਦਾ ਹੈ | ਹਰਪਾਲ ਨੇ ਦੱਸਿਆ ਕਿ ਉਹ ਇਸ ਪਾਸੇ ਵੀ ਧਿਆਨ ਕਰੇਗਾ | ਕਰਨਾ ਤਾਂ ਸਭ ਕੁਝ ਉਸ ਵਾਹਿਗੁਰੂ ਨੇ ਹੀ ਹੈ ਫਿਰ ਵੀ ਹੀਲਾ ਵਸੀਲਾ ਤਾਂ ਕਰਨਾ ਹੀ ਪੈਂਦਾ ਹੈ | ਬਿੰਦੀ ਆਪਣੇ ਪੇਕਿਆਂ ਵਿਚੋਂ ਸਾਕ ਲਿਆਉਣਾ ਚਾਹੁੰਦੀ ਸੀ | ਉਸ ਨੇ ਆਪਣੀ ਭੈਣ ਦੀ ਲੜਕੀ ਬਾਰੇ ਦੱਸਿਆ ਤਾਂ ਹਰਪਾਲ ਨੇ ਕਿਹਾ ਕਿ ਤੂੰ ਉਨ੍ਹਾਂ ਨਾਲ ਗੱਲ ਕਰ ਲੈ | ਜੇ ਕਰ ਕੁੜੀ ਹਾਣ ਪ੍ਰਵਾਣ ਦੀ ਹੈ ਅਤੇ ਤੇਰੇ ਵਰਗੀ ਸੋਹਣੀ ਹੈ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਹੈ | ਹਾਲੇ ਉਹ ਇਨ੍ਹਾਂ ਵਿਚਾਰਾਂ ਵਿਚ ਸਨ ਕਿ ਦਰਵਾਜ਼ਾ ਖੜਕ ਗਿਆ ਜਦੋਂ ਬਿੰਦੀ ਨੇ ਬੂਹਾ ਖੋਲਿਆ ਤਾਂ ਉਸ ਨੇ ਬੂਹੇ ਤੇ ਸਾਧੂ ਨੂੰ ਅਤੇ ਉਸ ਦੇ ਨਾਲ ਇੱਕ ਸੋਹਣੀ ਜਿਹੀ ਲੜਕੀ ਨੂੰ ਦੇਖਿਆ | ਉਹ ਪੜ੍ਹੀ ਲਿਖੀ ਜਾਪਦੀ ਸੀ ਉਸ ਨੇ ਸਲੀਕੇ ਨਾਲ ਕਪੜੇ ਪਾਏ ਹੋਏ ਸਨ | ਉਹ ਹੈਰਾਨ ਹੋ ਕੇ ਸਾਧੂ ਵਲ ਤੱਕਣ ਲੱਗੀ |
ਮਾਂ ਨੂੰ ਅਚੰਭੇ ਵਿਚ ਦੇਖ ਸਾਧੂ ਹਾਲੇ ਬੋਲਣ ਹੀ ਲੱਗਾ ਸੀ ਕਿ ਲੜਕੀ ਨੇ ਬਿੰਦੀ ਦੇ ਪੈਰੀਂ ਹੱਥ ਲਾਏ | ਬਿੰਦੀ ਨੇ ਉਸ ਨੂੰ ਬਾਹਾਂ ਵਿਚ ਲੈ ਕੇ ਗੱਲ ਨਾਲ ਲਾ ਲਿਆ ਅਤੇ ਘੁੱਟ ਕੇ ਪਿਆਰ ਦਿੱਤਾ | ਸਾਧੂ ਬੋਲਿਆ ਕਿ ਮਾਂ ਇਹ ਲੜਕੀ ਕੁਲਵਿੰਦਰ ਹੈ ,ਸਕੂਲ ਵਿਚ ਮੇਰੇ ਨਾਲ ਹੀ ਪੜ੍ਹਦੀ ਸੀ ਹੁਣ ਇਸ ਨੇ ਬੀ ਏ ਕਰ ਲਈ ਹੈ | ਬਲਵਿੰਦਰ ਦੋਹਾਂ ਨੂੰ ਘਰ ਵਿਚ ਲੈ ਗਈ ਜਦੋਂ ਕੁਲਵਿੰਦਰ ਨੇ ਸਾਧੂ ਦੇ ਪਿਤਾ ਜੀ ਨੂੰ ਦੇਖਿਆ ਤਾਂ ਉਸ ਨੇ ਅੱਗੇ ਹੋ ਉਨ੍ਹਾਂ ਦੇ ਪੈਰੀ ਹੱਥ ਲਾਏ | ਦੋਵੇਂ ਜਣੇ ਕੁਲਵਿੰਦਰ ਦੇ ਇਸ ਵਤੀਰੇ ਤੋਂ ਥੋੜਾ ਹੈਰਾਨ ਹੋਏ | ਸਾਧੂ ਨੇ ਆਪਣੇ ਮਾਪਿਆਂ ਨੂੰ ਦੱਸਿਆ ਕਿ ਅਸੀਂ ਇਕ ਦੂਜੇ ਨੂੰ ਚਾਹੁੰਦੇ ਹਾਂ ਤੇ ਅਗਲੇਰੀ ਜ਼ਿੰਦਗੀ ਇਕੱਠਿਆਂ ਹੀ ਬਿਤਾਉਣ ਦਾ ਮਨ ਬਣਾਇਆ ਹੈ ਅਤੇ ਤੁਹਾਡੀ ਰਜ਼ਾਮੰਦੀ ਦੀ ਉਡੀਕ ਹੈ | ਇਸ ਲਈ ਹੀ ਇਹ ਮੇਰੇ ਨਾਲ ਘਰ ਵਿਚ ਆਈ ਹੈ ਤਾਂ ਜੋ ਤੁਸੀਂ ਇਸ ਨਾਲ ਗੱਲਾਂ ਬਾਤਾਂ ਕਰ ਸਕੋ | ਬਲਵਿੰਦਰ ਕਹਿਣ ਲੱਗੀ ਕਿ ਮੈਨੂੰ ਸ਼ੱਕ ਤਾਂ ਹੋਇਆ ਸੀ ਜਦੋਂ ਇਸ ਨੇ ਮੇਰੇ ਪੈਰਾਂ ਨੂੰ ਹੱਥ ਲਾਏ ਸਨ ਤੇ ਫਿਰ ਇਹ ਸ਼ੱਕ ਯਕੀਨ ਵਿਚ ਤਬਦੀਲ ਹੋ ਗਿਆ ਜਦੋਂ ਇਸ ਨੇ ਸਰਦਾਰ ਜੀ ਤੋਂ ਵੀ ਅਸ਼ੀਰਵਾਦ ਲਿਆ | ਹੁਣ ਤੂੰ ਦੱਸ ਕੇ ਸਾਨੂੰ ਹੈਰਾਨ ਕਰ ਦਿੱਤਾ ਹੈ | ਪ੍ਰੰਤੂ ਤੂੰ ਇਸ ਤੋਂ ਪਹਿਲਾਂ ਕਦੇ ਗੱਲ ਵੀ ਨਹੀਂ ਕੀਤੀ | ਅਸੀਂ ਵੀ ਸਮੇਂ ਸਮੇਂ ਤੇ ਤੇਰੇ ਵਿਆਹ ਦਾ ਫਿਕਰ ਕਰਦੇ ਰਹਿੰਦੇ ਹਾਂ | ਹੁਣ ਤੂੰ ਸਾਨੂੰ ਚਿੰਤਾ ਮੁਕਤ ਕੀਤਾ ਹੈ | ਪਰ ਇਹ ਦੱਸ ਕਿ ਕੀ ਤੂੰ ਕੁਲਵਿੰਦਰ ਨੂੰ ਦੱਸਿਆ ਹੈ ਕਿ ਅਸੀਂ ਮਜ਼੍ਹਬੀ ਜਾਤ ਨਾਲ ਸਬੰਧਿਤ ਹਾਂ ਤੇ ਇਹ ਲੜਕੀ ਤਾਂ ਜੱਟਾਂ ਦੀ ਜਾਪਦੀ ਹੈ | ਇਸ ਦੇ ਮਾਪਿਆਂ ਨੂੰ ਕੋਈ ਇਤਰਾਜ਼ ਤਾਂ ਨਹੀਂ ਹੈ ਅਸੀਂ ਕਿਸੇ ਨੂੰ ਵੀ ਭੁਲੇਖੇ ਵਿਚ ਨਹੀਂ ਰੱਖਣਾ ਚਾਹੁੰਦੇ |
ਸਾਡੇ ਸਮਾਜ ਵਿਚ ਜਾਤ ਪਾਤ ਦੀ ਇਕ ਉੱਚੀ ਕੰਧ ਹੈ ਜਿਸ ਨੂੰ ਟੱਪਣਾ ਅਸਾਨ ਨਹੀਂ ਹੈ | ਹਰਪਾਲ ਨੇ ਕਿਹਾ ਕਿ ਸਾਨੂੰ ਤਾਂ ਇਤਰਾਜ਼ ਨਹੀਂ ਹੈ ਆਮ ਤੌਰ ਤੇ ਉੱਚੀ ਜਾਤ ਵਾਲੇ ਇਸ ਕੰਧ ਨੂੰ ਉਲੰਘਣਾ ਨਹੀਂ ਚਾਹੁੰਦੇ | ਉਹ ਸਮਾਜ ਵਿਚ ਉਚਾ ਰੁਤਬਾ ਰੱਖਦੇ ਹਨ | ਭਾਵੇ ਮਾਇਕ ਹਾਲਤ ਵਿਚ ਮਜ਼੍ਹਬੀ ਜਾਤ ਵਾਲੇ ਚੰਗੀ ਹਾਲਤ ਵਿਚ ਹੋਣ | ਜਾਤ ਪਾਤ ਦਾ ਹੰਕਾਰ ਉਨ੍ਹਾਂ ਦੇ ਪੱਬ ਭੁੰਜੇ ਨਹੀਂ ਲੰਘਣ ਦਿੰਦਾ | ਅਸੀਂ ਚਾਹਵਾਂਗੇ ਕਿ ਕੁਲਵਿੰਦਰ ਆਪਣੇ ਮਾਪਿਆਂ ਨੂੰ ਇਹ ਦੱਸ ਦੇਵੇ ਤੇ ਇਹਨਾਂ ਦਾ ਪਰਿਵਾਰ ਸ਼ਾਂਤ ਮਨ ਨਾਲ ਦੁਬਾਰਾ ਸੋਚ ਲਵੇ | ਸਾਨੂੰ ਇਤਨੀ ਵੀ ਜਲਦੀ ਨਹੀਂ ਹੈ ਕਿ ਅਸੀਂ ਕਾਹਲੀ ਨਾਲ ਕੋਈ ਗਲਤ ਫੈਸਲਾ ਕਰ ਲਈਏ ਤੇ ਫਿਰ ਪਿਛੇ ਵਲ ਕਦਮ ਉਠਾਉਣੇ ਬਹੁਤ ਹੀ ਮੁਸ਼ਕਿਲ ਹੀ ਨਹੀਂ ਲਗਭਗ ਅਸੰਭਵ ਹੁੰਦੇ ਹਨ | ਕੁਲਵਿੰਦਰ ਸਾਰੀਆਂ ਗੱਲਾਂ ਬੜੇ ਧਿਆਨ ਨਾਲ ਸੁਣ ਰਹੀ ਸੀ | ਕੁਲਵਿੰਦਰ ਨੇ ਦੱਸਿਆ ਕਿ ਮੈਨੂੰ ਤੇ ਮੇਰੇ ਮਾਪਿਆਂ ਨੂੰ ਤੁਹਾਡੀ ਜਾਤ ਬਾਰੇ ਪਹਿਲਾਂ ਹੀ ਪਤਾ ਹੈ ਅਤੇ ਮੈਂ ਜਦੋਂ ਉਨ੍ਹਾਂ ਨੂੰ ਆਪਣੀ ਮਰਜ਼ੀ ਦਸੀ ਸੀ ਉਨ੍ਹਾਂ ਨੇ ਪੜਤਾਲ ਕਰ ਲਈ ਸੀ ਕਿ ਤੁਹਾਡਾ ਪਰਿਵਾਰ ਸਿੱਖੀ ਵਿਚ ਵਿਸ਼ਵਾਸ ਰੱਖਦਾ ਹੈ | ਮੇਰੇ ਮਾਤਾ ਪਿਤਾ ਦੋਨਾਂ ਨੇ ਹੀ ਅੰਮ੍ਰਿਤ ਛਕਿਆ ਹੋਇਆ ਹੈ ਅਤੇ ਮਾਨਸ ਕੀ ਜਾਤ ਸਭ ਏਕੇ ਹੀ ਪਹਿਚਾਨਬੋ ਵਿਚ ਵਿਸ਼ਵਾਸ਼ ਰੱਖਦੇ ਹਨ |
ਮੈਂ ਤੁਹਾਡੇ ਨਾਲ ਹੋਈਆਂ ਸਾਰੀਆਂ ਗੱਲਾਂ ਉਨ੍ਹਾਂ ਨੂੰ ਦੱਸ ਦੇਵਾਂਗੀ | ਹਰਪਾਲ ਸਿੰਘ ਫੇਰ ਬੋਲਿਆ ਕਿ ਠੀਕ ਹੈ ਲੇਕਿਨ ਅਸੀਂ ਤੁਹਾਡੇ ਮਾਪਿਆਂ ਨਾਲ ਵੀ ਗੱਲ ਕਰਨੀ ਚਾਹਾਂਗੇ ਤੇ ਅਗਲੇ ਪ੍ਰੋਗਰਾਮ ਉਲੀਕ ਲਵਾਂਗੇ | ਮੈਨੂੰ ਇਹ ਖੁਸ਼ੀ ਹੋਈ ਹੈ ਸਾਡੇ ਬੱਚੇ ਹੁਣ ਵੱਡੇ ਹੋ ਗਏ ਹਨ ਅਤੇ ਆਪਣਾ ਚੰਗਾ ਮੰਦਾ ਸੋਚ ਸਕਦੇ ਹਨ | ਮੈਂ ਉਨ੍ਹਾਂ ਨੂੰ ਅਗਲੇ ਐਤਵਾਰ ਆਪਣੇ ਘਰ ਆਉਣ ਲਈ ਸਦਾ ਦਿੰਦਾ ਹੈ | ਤੁਸੀਂ ਉਨ੍ਹਾਂ ਨੂੰ ਦੱਸ ਦੇਣਾ | ਵੈਸੇ ਮੈਂ ਉਨ੍ਹਾਂ ਨੂੰ ਫੋਨ ਉਪਰ ਸਦਾ ਦੇਵਾਂਗਾ ਜੇ ਉਨ੍ਹਾਂ ਨੂੰ ਇਸ ਐਤਵਾਰ ਵੇਹਲ ਨਹੀਂ ਹੈ ਤਾਂ ਉਨ੍ਹਾਂ ਨਾਲ ਸਲਾਹ ਕਰ ਕੋਈ ਹੋਰ ਦਿਨ ਵੀ ਰੱਖ ਸਕਦੇ ਹਾਂ | ਇਤਨੇ ਸਮੇਂ ਵਿਚ ਚਾਹ ਤਿਆਰ ਹੋ ਗਈ ਸੀ ਸਾਰਿਆਂ ਨੇ ਮਿਲ ਕੇ ਚਾਹ ਪੀਤੀ ਤੇ ਸਾਧੂ ਕੁਲਵਿੰਦਰ ਨੂੰ ਉਨ੍ਹਾਂ ਦੇ ਘਰ ਛੱਡਣ ਲਈ ਚਲਾ ਗਿਆ | ਹਰਪਾਲ ਨੇ ਫੋਨ ਕਰਕੇ ਕੁਲਵਿੰਦਰ ਦੇ ਬਾਪ ਨਾਲ ਗੱਲ ਕਰ ਲਈ ਅਗਲਾ ਪ੍ਰੋਗਰਾਮ ਬਣਾ ਲਿਆ ਗਿਆ | ਦੋਹਾਂ ਪਰਿਵਾਰਾਂ ਨੇ ਮਿਲ ਵਾਹਿਗੁਰੂ ਦੀ ਹਜ਼ੂਰੀ ਵਿਚ ਅਰਦਾਸ ਕੀਤੀ ਤੇ ਵਿਆਹ ਦੀ ਤਰੀਕ ਮਿਥ ਲਈ ਗਈ | ਕਿਸੇ ਕਿਸਮ ਦਾ ਕੋਈ ਨਿੰਦ ਵਿਚਾਰ ਨਹੀਂ ਕੀਤਾ ਗਿਆ | ਸਾਧੂ ਤੇ ਕੁਲਵਿੰਦਰ ਨੂੰ ਵਿਆਹ ਦੇ ਬੰਨ੍ਹਣ ਵਿਚ ਬੰਨ ਦਿੱਤਾ ਗਿਆ | ਸਾਰੇ ਖੁਸ਼ ਸਨ |ਕੁਲਵਿੰਦਰ ਨੇ ਆਉਂਦਿਆਂ ਹੀ ਰਸੋਈ ਬਣਾਉਣੀ ਸ਼ੁਰੂ ਕਰ ਦਿਤੀ ਬਲਵਿੰਦਰ ਨੂੰ ਪਾਠ ਭਜਨ ਕਰਨ ਲਈ ਸਮਾਂ ਮਿਲ ਗਿਆ | ਹਰਪਾਲ ਤੇ ਬਿੰਦੀ ਸਵੇਰੇ ਉੱਠ ਗੁਰਦਵਾਰੇ ਚਲੇ ਜਾਂਦੇ ਸੀ ਮਗਰੋਂ ਸਾਰਾ ਕੰਮ ਕੁਲਵਿੰਦਰ ਕਰ ਲੈਂਦੀ ਸੀ | ਇਸ ਤਰਾਂ ਸਮਾਂ ਖੁਸ਼ੀਆਂ ਨਾਲ ਲੰਘ ਰਿਹਾ ਸੀ | ਜਦੋਂ ਕੁਝ ਸਮਾਂ ਲੰਘ ਗਿਆ ਤਾਂ ਬਲਵਿੰਦਰ ਨੂੰ ਸਾਧੂ ਤੇ ਕੁਲਵਿੰਦਰ ਕੋਲ ਘਰ ਵਿਚ ਪੋਤਾ/ਪੋਤੀ ਸਬੰਧੀ ਗੱਲ ਕੀਤੀ | ਸਾਧੂ ਨੇ ਆਖਿਆ ਕਿ ਵਾਹਿਗੁਰੂ ਮੇਹਰ ਕਰੇਗਾ |
ਕੁਝ ਦੇਰ ਪਿੱਛੋਂ ਕੁਲਵਿੰਦਰ ਨੇ ਆਪਣਾ ਅਸਲੀ ਰੂਪ ਦਿਖਾਉਣਾ ਸ਼ੁਰੂ ਕਰ ਦਿਤਾ | ਜਦੋਂ ਦੋਵੇਂ ਪਿਓ ਪੁੱਤ ਖੇਤ ਲਈ ਚਲੇ ਜਾਂਦੇ ਤਾਂ ਕੁਲਵਿੰਦਰ ਆਪਣੀ ਸੱਸ ਨਾਲ ਝਗੜਾ ਕਰਨ ਲੱਗ ਪਈ | ਉਸ ਤੋਂ ਘਰ ਦਾ ਸਾਰਾ ਕੰਮ ਕਰਵਾਣ ਲੱਗ ਪਈ | ਜੇ ਕਰ ਉਹ ਕਿਸੇ ਕੰਮ ਨੂੰ ਕਰਨ ਵਿਚ ਅਸਮਰਥ ਮਹਿਸੂਸ ਕਰਦੀ ਤੇ ਆਪਣੀ ਨੂੰਹ ਨੂੰ ਕੁਝ ਆਖਦੀ ਤਾਂ ਉਹ ਅੱਗੋਂ ਮੰਦਾ ਬੋਲਦੀ ਸੀ ਤੇ ਉਸ ਉਪਰ ਹੱਥ ਵੀ ਚੁਕਦੀ ਸੀ ਅਤੇ ਨਾਲ ਹੀ ਆਖਦੀ ਸੀ ਕਿ ਜੇ ਤੂੰ ਕਿਸੇ ਨੂੰ ਦੱਸਿਆ ਤਾਂ ਤੇਰੇ ਘਰ ਵਿਚ ਹੀ ਤੇਲ ਪਾ ਸੜ ਜਾਵਾਂਗੀ ਤੇ ਸਾਰਾ ਟੱਬਰ ਜੇਲ ਅੰਦਰ ਚੱਕੀ ਪਿਸਦਾ ਰਹੇਗਾ | ਬਿੰਦੀ ਇਹ ਸੁਣ ਡਰ ਗਈ ਤੇ ਉਹ ਚੁੱਪ ਚਾਪ ਕੰਮ ਕਰਦੀ ਰਹਿੰਦੀ ਸੀ | ਜਦੋਂ ਪਿਓ ਪੁੱਤਰ ਦਾ ਵਾਪਿਸ ਆਉਣ ਦਾ ਸਮਾਂ ਹੁੰਦਾ ਤਾਂ ਉਹ ਸੱਸ ਨੂੰ ਪਾਠ ਕਰਨ ਲਈ ਆਖ ਦਿੰਦੀ ਸੀ ਤੇ ਆਪ ਸਾਰਾ ਕੰਮ ਕਰਨ ਦਾ ਡਰਾਮਾ ਕਰਦੀ ਸੀ ਤੇ ਸਾਧੂ ਨੂੰ ਆਖਦੀ ਸੀ ਕਿ ਮੈਂ ਤਾਂ ਸਾਰਾ ਕੰਮ ਕਰਦੀ ਥੱਕ ਜਾਂਦੀ ਹਾਂ |
ਬਿੰਦੀ ਦਿਨੋ ਦਿਨ ਕੰਮਜ਼ੋਰ ਹੋ ਰਹੀ ਸੀ ਕਿਓਂ ਜੋ ਸਾਰਾ ਕੰਮ ਧੰਦਾ ਕਰਦੀ ਸੀ ਅਤੇ ਖਾਣ ਨੂੰ ਵੀ ਕੁਲਵਿੰਦਰ ਉਸ ਨੂੰ ਆਪਣੀ ਮਰਜ਼ੀ ਨਾਲ ਦਿੰਦੀ ਸੀ | ਇਕ ਦਿਨ ਉਹ ਕੰਮ ਕਰਦੀ ਹੋਈ ਬੇਹੋਸ਼ ਹੋ ਗਈ ਪਹਿਲਾਂ ਤਾਂ ਕੁਲਵਿੰਦਰ ਨੇ ਸੋਚਿਆ ਕਿ ਬੁੜ੍ਹੀ ਖੇਖਣ ਕਰਦੀ ਹੈ ਜਦੋਂ ਉਸ ਨੂੰ ਮਹਿਸੂਸ ਹੋਇਆ ਕਿ ਹਾਲਤ ਜ਼ਿਆਦਾ ਵਿਗੜ ਰਹੀ ਸੀ ਤਾਂ ਉਸ ਨੇ ਰੌਲਾ ਪਾ ਆਂਢ ਗੁਆਂਢ ਇਕੱਠਾ ਕਰ ਲਿਆ ਤੇ ਉਨ੍ਹਾਂ ਦੀ ਮਦਦ ਨਾਲ ਬਿੰਦੀ ਨੂੰ ਸ਼ਹਿਰ ਦੇ ਹਸਪਤਾਲ ਪੁੱਜਦਾ ਕਰ ਦਿੱਤਾ ਜਿਥੇ ਡਾਕਟਰ ਨੇ ਉਸ ਨੂੰ ਦਾਖਲ ਕਰ ਲਿਆ ਸੀ |
ਹਰਪਾਲ ਨੂੰ ਨਰਸ ਨੇ ਆਵਾਜ਼ ਦਿਤੀ ਤਾਂ ਉਹ ਇਕ ਦਮ ਉਠਿਆ ,ਉਸ ਨੂੰ ਜਾਪਿਆ ਕਿ ਉਹ ਕੋਈ ਸੁਪਨਾ ਦੇਖ ਰਿਹਾ ਸੀ ,ਨਰਸ ਨੇ ਪੁੱਛਿਆ ਕਿ ਮਰੀਜ਼ ਰਾਤ ਨੂੰ ਕਿਵੇਂ ਰਿਹਾ | ਉਸ ਨੇ ਸੁਭਾਵ ਮੁਤਾਬਿਕ ਕਿ ਦੱਸਿਆ ਵਾਹਿਗੁਰੂ ਦੀ ਕਿਰਪਾ ਨਾਲ ਰਾਤ ਠੀਕ ਲੰਘੀ ਹੈ ਕਦੇ ਕਦੇ ਪਾਸਾ ਲੈਂਦੀ ਰਹੀ ਹੈ ਪ੍ਰੰਤੂ ਉਠੀ ਨਹੀਂ ਹੈ | ਨਰਸ ਨੇ ਚੈਕ ਕਰ ਦੱਸਿਆ ਕਿ ਮਰੀਜ਼ ਪਹਿਲਾਂ ਨਾਲੋਂ ਠੀਕ ਹੈ ਉਮੀਦ ਹੈ ਇਕ ਦੋ ਦਿਨਾਂ ਵਿਚ ਹੋਰ ਠੀਕ ਮਹਿਸੂਸ ਕਰੇਗੀ ਤੇ ਉੱਠਣ ਲੱਗ ਜਾਵੇਗੀ | ਦਿਨ ਵੇਲੇ ਡਾਕਟਰ ਨੇ ਵੀ ਦੇਖਿਆ ਤੇ ਆਖਿਆ ਕਿ ਹੁਣ ਕਾਫੀ ਠੀਕ ਹੈ | ਉਮੀਦ ਹੈ ਅੱਜ ਇਨ੍ਹਾਂ ਨੂੰ ਅੱਜ ਭੁੱਖ ਵੀ ਲਗੇਗੀ ਤੁਸੀਂ ਦੁੱਧ ਤੇ ਡਬਲ ਰੋਟੀ ਦੇ ਸਕਦੇ ਹੋ ਜ਼ਬਰਦਸਤੀ ਨਹੀਂ ਕਰਨੀ ਜਿਨ੍ਹਾਂ ਇਹ ਖਾਣਾ ਚਾਹੁਣ ਉਤਨਾ ਹੀ ਦੇਣਾ | ਸਮੇਂ ਸਮੇਂ ਤੇ ਹਾਲਤ ਬੇਹਤਰ ਹੋ ਰਹੀ ਸੀ ਦੁਪਹਿਰ ਸਮੇਂ ਜਦੋਂ ਹਰਪਾਲ ਨੇ ਪੁੱਛਿਆ ਤਾਂ ਬਿੰਦੀ ਨੇ ਕਿਹਾ ਕਿ ਮੈਨੂੰ ਕੁਝ ਖਾਣ ਨੂੰ ਤਲਬ ਹੈ ਤਾਂ ਹਰਪਾਲ ਨੇ ਦੱਸਿਆ ਕਿ ਡਾਕਟਰ ਨੇ ਦੁੱਧ ਡਬਲ ਰੋਟੀ ਖਾਣ ਲਈ ਆਖਿਆ ਹੈ ਜੇ ਤੂੰ ਕਹੇਂ ਤਾਂ ਮੈਂ ਲੈ ਆਓਂਦਾ ਹਾਂ | ਬਿੰਦੀ ਨੇ ਹਾਂ ਵਿਚ ਸਿਰ ਹਿਲਾਇਆ | ਹਰਪਾਲ ਨੇ ਕੰਟੀਨ ਤੋਂ ਡਬਲ ਰੋਟੀ ਤੇ ਦੁੱਧ ਲੈ ਆਇਆ | ਥੋੜੀ ਜਿਹੀ ਬਿੰਦੀ ਨੇ ਖਾ ਲਈ ਬਾਕੀ ਦੀ ਹਰਪਾਲ ਨੇ ਖਾ ਲਈ |
ਹਰਪਾਲ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਿੰਦੀ ਨੇ ਕਿਹਾ ਮੈਂ ਥੱਕ ਗਈ ਹਾਂ ਤੇ ਅਰਾਮ ਕਰਨਾ ਹੈ | ਹਰਪਾਲ ਨੇ ਉਸ ਨੂੰ ਅਰਾਮ ਕਰਨ ਲਈ ਕਿਹਾ | ਥੋੜੀ ਦੇਰ ਪਿੱਛੋਂ ਡਾਕਟਰ ਚੈਕ ਕਰਨ ਲਈ ਆਈ | ਹਰਪਾਲ ਨੇ ਦੱਸਿਆ ਕਿ ਥੋੜੀ ਜਿਹੀ ਡਬਲ ਰੋਟੀ ਦੁੱਧ ਨਾਲ ਖਾ ਲਈ ਹੈ | ਡਾਕਟਰ ਨੂੰ ਹਾਲੇ ਵੀ ਸਮਝ ਨਹੀਂ ਆਈ ਸੀ ਕਿ ਬਲਵਿਦਰ ਨੂੰ ਕੀ ਹੋਇਆ ਹੈ ਭਾਵੇਂ ਉਹ ਇਲਾਜ ਕਰ ਰਹੀ ਸੀ ਪ੍ਰੰਤੂ ਅਸਲ ਕਾਰਨ ਵੀ ਸਮਝਣ ਦੇ ਯਤਨ ਵਿਚ ਸੀ | ਉਹ ਬਲਵਿੰਦਰ ਨਾਲ ਗੱਲਾਂ ਕਰ ਰਹੀ ਸੀ ਕਿ ਉਧਰੋਂ ਸਾਧੂ ਤੇ ਕੁਲਵਿੰਦਰ ਪਤਾ ਲੈਣ ਲਈ ਅੰਦਰ ਆ ਗਏ | ਬਲਵਿੰਦਰ ਨੇ ਜਦੋਂ ਉਨ੍ਹਾਂ ਨੂੰ ਦੇਖਿਆ ਤਾਂ ਉਹ ਫਿਰ ਇਕ ਦਮ ਬੇਹੋਸ਼ ਹੋ ਗਈ | ਹੁਣ ਡਾਕਟਰ ਨੂੰ ਸ਼ੱਕ ਹੋਇਆ ਕਿ ਨੂੰਹ ਸੱਸ ਦੇ ਰਿਸ਼ਤੇ ਵਿਚ ਕੋਈ ਗੜਬੜ ਹੋ ਸਕਦੀ ਹੈ | ਡਾਕਟਰ ਨੇ ਨਰਸ ਨੂੰ ਸੱਦ ਬਲਵਿੰਦਰ ਨੂੰ ਟੀਕਾ ਲਾਉਣ ਲਈ ਆਖ ਦਿਤਾ ਤੇ ਆਪ ਹੋਰ ਮਰੀਜ਼ਾਂ ਨੂੰ ਦੇਖਣ ਲੱਗ ਪਈ | ਜਦੋਂ ਡਾਕਟਰ ਮਰੀਜ਼ਾਂ ਤੋਂ ਥੋੜੀ ਜਿਹੀ ਵੇਹਲ ਮਿਲੀ ਤਾਂ ਉਸ ਨੇ ਨਰਸ ਰਾਹੀਂ ਕੁਲਵਿੰਦਰ ਨੂੰ ਆਪਣੇ ਕੋਲ ਬੁਲਾ ਲਿਆ | ਡਾਕਟਰ ਨੇ ਨਰਸ ਨੂੰ ਉਥੋਂ ਜਾਣ ਲਈ ਆਖਿਆ | ਹੁਣ ਕਮਰੇ ਅੰਦਰ ਡਾਕਟਰ ਤੇ ਕੁਲਵਿੰਦਰ ਤੋਂ ਬਿਨਾ ਕੋਈ ਨਹੀਂ ਸੀ | ਡਾਕਟਰ ਨੇ ਕੁਲਵਿੰਦਰ ਨੂੰ ਕਿਹਾ ਕਿ ਤੇਰਾ ਆਪਣੀ ਸੱਸ ਨਾਲ ਕੀ ਝਗੜਾ ਹੈ | ਕੁਲਵਿੰਦਰ ਇਕ ਦਮ ਘਬਰਾ ਗਈ ਤੇ ਉਸ ਨੇ ਕਿਹਾ ਕਿ ਸਾਡਾ ਤਾਂ ਕੋਈ ਝਗੜਾ ਨਹੀਂ ਹੈ ਇਹ ਸਾਰਾ ਦਿਨ ਪਾਠ ਕਰਦੇ ਰਹਿੰਦੇ ਹਨ | ਵੇਲੇ ਸਿਰ ਮੇਰੇ ਸਹੁਰਾ ਸਾਹਿਬ ਨਾਲ ਗੁਰਦਵਾਰੇ ਜਾਂਦੇ ਹਨ ਵਾਪਿਸ ਆ ਕੇ ਅਰਾਮ ਕਰਦੇ ਹਨ |
ਡਾਕਟਰ ਨੇ ਉਸ ਨੂੰ ਦੁਬਾਰਾ ਕਿਹਾ ਕਿ ਤੂੰ ਝੂਠ ਬੋਲ ਰਹੀ ਹੈਂ | ਮੈਨੂੰ ਸੱਚੋ ਸੱਚ ਦੱਸ ਦੇ ਨਹੀਂ ਤਾਂ ਮੈਨੂੰ ਤੇਰੇ ਘਰ ਦਿਆਂ ਨੂੰ ਦੱਸਣਾ ਪਵੇਗਾ ਕਿ ਮੈਨੂੰ ਤੁਹਾਡੀ ਨੂੰਹ ਤੇ ਸ਼ੱਕ ਹੈ ਉਸ ਨੇ ਆਪਣੀ ਸੱਸ ਨਾਲ ਕੁਝ ਮਾੜਾ ਕੀਤਾ ਹੈ | ਕੁਲਵਿੰਦਰ ਨੇ ਡਾਕਟਰ ਨੂੰ ਦੱਸਿਆ ਕਿ ਮੇਰੀ ਸੱਸ ਮੈਨੂੰ ਤੰਗ ਕਰਦੀ ਸੀ ਮੈਂ ਹੁਣ ਉਸ ਨੂੰ ਧਮਕੀ ਦਿਤੀ ਹੋਈ ਹੈ ਤੇ ਉਹ ਡਰਦੀ ਹੈ ਤੇ ਇਹ ਸੋਚ ਕਿ ਬੇਹੋਸ਼ ਹੋ ਗਈ ਹੋਵੇਗੀ | ਜਦੋਂ ਧਮਕੀ ਬਾਰੇ ਵਿਸਥਾਰ ਵਿਚ ਪੁੱਛਿਆ ਤਾਂ ਕੁਲਵਿੰਦਰ ਨੇ ਕਿਹਾ ਕਿ ਮੈਂ ਕਿਹਾ ਕਿ ਜੇ ਕਰ ਮੇਰੀ ਸੱਸ ਨੇ ਕਿਸੇ ਨੂੰ ਕੁਝ ਦਸਿਆ ਤਾਂ ਮੈਂ ਸੜ ਕੇ ਮਰ ਜਾਵਾਂਗੀ | ਇਸ ਗੱਲ ਤੋਂ ਇਹ ਬਹੁਤ ਹੀ ਪ੍ਰੇਸ਼ਾਨ ਰਹਿੰਦੀ ਹੈ | ਜਦੋਂ ਡਾਕਟਰ ਨੇ ਪੁੱਛਿਆ ਕਿ ਅਜਿਹਾ ਤੂੰ ਕਿਓਂ ਕਿਹਾ ਹੈ | ਉਸ ਨੇ ਦੱਸਿਆ ਕਿ ਇਕ ਤਾਂ ਇਹ ਮਜ਼੍ਹਬੀ ਜਾਤ ਦੇ ਹਨ ਮੈਂ ਇਹਨਾਂ ਦਾ ਰਹਿਣ ਸਹਿਣ ਪਸੰਦ ਨਹੀਂ ਕਰਦੀ ਕੇਵਲ ਸਾਧੂ ਨਾਲ ਹੀ ਰਹਿਣਾ ਚਾਹੁੰਦੀ ਹਾਂ ਤੇ ਦੂਸਰਾ ਮੇਰੀ ਸੱਸ ਪੋਤਾ /ਪੋਤੀ ਭਾਲਦੀ ਹੈ ਜੋ ਅਜੇ ਅਸੀਂ ਨਹੀਂ ਚਾਹੁੰਦੇ | ਡਾਕਟਰ ਨੇ ਕਿਹਾ ਕਿ ਮੈਂ ਇਹਨਾਂ ਨੂੰ ਦੱਸ ਕੇ ਤੈਨੂੰ ਵੱਖਰਾ ਕਰਵਾ ਸਕਦੀ ਹਾਂ ਪਰ ਤੈਨੂੰ ਇਹ ਵਤੀਰਾ ਬਦਲਣਾ ਪਵੇਗਾ ਨਹੀਂ ਤਾਂ ਬਲਵਿੰਦਰ ਮਰ ਜਾਵੇਗੀ ਤੇ ਸਾਰਾ ਇਲਜ਼ਾਮ ਤੇਰੇ ਉਪਰ ਹੀ ਲੱਗੇਗਾ | ਤੂੰ ਫੈਸਲਾ ਕਰ ਕੇ ਦੱਸ ਕਿ ਕੀ ਕਰਨਾ ਹੈ | ਕੁਲਵਿੰਦਰ ਬਹੁਤ ਹੀ ਡਰ ਚੁਕੀ ਸੀ ਕਿ ਜੇ ਅਸਲੀਅਤ ਬਾਹਰ ਆਈ ਤਾਂ ਇਹ ਮੈਨੂੰ ਘਰੋਂ ਕੱਢ ਦੇਣਗੇ ਤੇ ਮੇਰੀ ਜ਼ਿੰਦਗੀ ਬਰਬਾਦ ਹੋ ਜਾਵੇਗੀ |
ਮੇਰੇ ਮਾਪੇ ਮਰ ਚੁਕੇ ਹਨ ਮੈਨੂੰ ਭਰਜਾਈ ਕੋਲ ਜਾ ਕੇ ਉਸ ਦੀ ਗੁਲਾਮੀ ਕਰਨੀ ਪਵੇਗੀ | ਇਹ ਸੋਚ ਉਸ ਨੇ ਡਾਕਟਰ ਦੀ ਮਿੰਨਤ ਕੀਤੀ ਕਿ ਮੈਨੂੰ ਬਚਾ ਲਵੋ | ਮੈਂ ਅਗੇ ਤੋਂ ਸੁਧਰ ਜਾਵਾਂਗੀ | ਮੈਂ ਸੱਸ ਨਾਲ ਬੁਰਾ ਵਰਤਾਵ ਨਹੀਂ ਕਰਾਂਗੀ | ਸੱਸ ਸਹੁਰੇ ਦੀ ਸਿਹਤ ਦਾ ਪੂਰਾ ਧਿਆਨ ਰੱਖਾਂਗੀ | ਅਸੀਂ ਯਤਨ ਕਰਾਂਗੇ ਪੋਤਾ/ਪੋਤੀ ਛੇਤੀ ਹੀ ਇਹਨਾਂ ਨੂੰ ਖੇਡਣ ਲਈ ਦੇ ਸਕੀਏ | ਉਸ ਵਿਚ ਮੈਂ ਤੁਹਾਡੀ ਮਦਦ ਵੀ ਲਵਾਂਗੀ | ਹੁਣ ਮੈਨੂੰ ਬਚਾ ਲਵੋ ਮੇਰੇ ਘਰ ਕੁਝ ਵੀ ਨਾ ਦਸਣਾ | ਮੈਂ ਸਾਰੀ ਉਮਰ ਤੁਹਾਡੀ ਐਹਸਾਨਮੰਦ ਰਹਾਂਗੀ | ਜਦੋਂ ਵਾਪਿਸ ਆਈ ਤਾਂ ਡਾਕਟਰ ਨਾਲ ਹੀ ਸੀ | ਡਾਕਟਰ ਨੇ ਸਮਝਾਇਆ ਕਿ ਬਲਵਿੰਦਰ ਨੂੰ ਸਮੇਂ ਸਿਰ ਦਵਾਈ ਦਿੰਦੇ ਰਹਿਣਾ | ਇਹਨਾਂ ਦੀ ਖੁਰਾਕ ਦਾ ਖਾਸ ਧਿਆਨ ਰੱਖਣਾ | ਹਰਪਾਲ ਜਾਂ ਸਾਧੂ ਹਰ ਸਮੇਂ ਘਰ ਰਹਿਣ ਤੇ ਖਾਸ ਧਿਆਨ ਰੱਖਣ ਜੇ ਫੇਰ ਕੋਈ ਤਕਲੀਫ ਹੋਵੇ ਤਾਂ ਮੈਨੂੰ ਦੱਸਦੇ ਰਹਿਣਾ | ਦਵਾਈ ਵਿਚ ਭੁੱਲ ਚੁੱਕ ਨਹੀਂ ਕਰਨੀ ਹੈ | ਕਲ ਨੂੰ ਤੁਸੀਂ ਬਲਵਿੰਦਰ ਨੂੰ ਘਰ ਲੈ ਕੇ ਜਾ ਸਕਦੇ ਹੋ | ਇਹ ਆਖ ਡਾਕਟਰ ਚਲੀ ਗਈ | ਸਾਧੂ ਤੇ ਕੁਲਵਿੰਦਰ ਵੀ ਘਰ ਨੂੰ ਚਲੇ ਗਏ | ਥੋੜੀ ਦੇਰ ਪਿੱਛੋਂ ਬਲਵਿੰਦਰ ਨੇ ਅੱਖਾਂ ਖੋਲੀਆਂ ਸਾਰੇ ਪਾਸੇ ਦੇਖਿਆ | ਹਰਪਾਲ ਨੇ ਪੁੱਛਿਆ ਕਿ ਕੁਝ ਖਾਣ ਲਈ ਚਾਹੀਦਾ ਹੈ | ਘਰੋਂ ਤੇਰੇ ਲਈ ਦੁੱਧ ਆਇਆ ਹੈ |
ਪ੍ਰੰਤੂ ਡਾਕਟਰ ਨੇ ਦੁੱਧ ਮਨਾ ਕੀਤਾ ਹੈ ਚਾਹ ਦਿਤੀ ਜਾ ਸਕਦੀ ਹੈ | ਜੇ ਤੂੰ ਕਹੇ ਤਾਂ ਮੈਂ ਦੁੱਧ ਪੱਤੀ ਬਣਵਾ ਲਿਓੰਦਾ ਹਾਂ | ਉਸ ਨੇ ਹਾਂ ਵਿਚ ਸਰ ਹਿਲਾਇਆ | ਹਰਪਾਲ ਚਲਾ ਗਿਆ | ਡਾਕਟਰ ਆ ਗਈ ਉਸ ਨੇ ਬਲਵਿੰਦਰ ਨੂੰ ਪੁੱਛਿਆ ਕਿ ਹੁਣ ਕੀ ਹਾਲ ਹੈ | ਬਲਵਿੰਦਰ ਨੇ ਦਸਿਆ ਕਿ ਸਰੀਰ ਥੱਕਿਆ ਹੋਇਆ ਲਗਦਾ ਹੈ | ਡਾਕਟਰ ਨੇ ਦਸਿਆ ਕਿ ਮੈਂ ਤੁਹਾਨੂੰ ਕਲ੍ਹ ਨੂੰ ਘਰ ਜਾਣ ਲਈ ਆਖਿਆ ਹੈ ਤੁਸੀਂ ਹੁਣ ਕੁਲਵਿੰਦਰ ਦੀ ਪ੍ਰਵਾਹ ਨਹੀਂ ਕਰਨੀਂ ਪ੍ਰਮਾਤਮਾ ਦਾ ਸਿਮਰਨ ਕਰਨਾ ਹੈ ਖਾਣ ਪੀਣ ਦਾ ਖਾਸ ਧਿਆਨ ਰੱਖਣਾ ਹੈ | ਕੁਲਵਿੰਦਰ ਨੂੰ ਮੈਂ ਸਮਝ ਦਿਤਾ ਹੈ ਉਹ ਤੁਹਾਨੂੰ ਸਮੇਂ ਸਿਰ ਖਾਣ ਨੂੰ ਦੇਵੇਗੀ | ਕੁਝ ਦਿਨ ਕੋਈ ਕੰਮ ਨਹੀਂ ਕਰਨਾ | ਮੈਂ ਹਫਤੇ ਬਾਅਦ ਫੇਰ ਦੇਖਾਂਗੀ ਤੇ ਦੱਸ ਦੇਵਾਂਗੀ | ਕਿਸੇ ਵੀ ਗੱਲ ਦੀ ਚਿੰਤਾ ਨਹੀਂ ਕਰਨੀ ਹੈ | ਤੁਸੀਂ ਛੇਤੀ ਠੀਕ ਹੋ ਜਾਵੋਗੇ | ਗੁਰਦਵਾਰੇ ਨਾ ਜਾ ਸਕੋ ਤਾਂ ਘਰੇ ਹੀ ਪਾਠ ਕਰ ਲੈਣਾ ਜਦੋਂ ਪੂਰੇ ਠੀਕ ਹੋ ਗਏ ਤਾਂ ਗੁਰਦਵਾਰੇ ਚਲੇ ਜਾਇਆ ਕਰਨਾ | ਪਰਮਾਤਮਾ ਸਭ ਜਾਣੀ ਜਾਣ ਹੈ | ਅਗਲੇ ਦਿਨ ਹਰਪਾਲ ਬਲਵਿੰਦਰ ਨੂੰ ਕਾਰ ਵਿਚ ਘਰ ਲੈ ਗਿਆ | ਘਰੇ ਬਲਵਿੰਦਰ ਤੇ ਸਾਧੂ ਸਿੰਘ ਨੇ ਕੁਝ ਫਲ ਆਦਿ ਲਿਆ ਰੱਖੇ ਸਨ | ਪਤਲਾ ਪਤਲਾ ਸੇਬ ਕੱਟ ਕੇ ਖਾਣ ਨੂੰ ਦਿੱਤਾ ਗਿਆ | ਬਿੰਦੀ ਘਰ ਦੇ ਮਾਹੌਲ ਦੇਖ ਸ਼ਾਂਤ ਸੀ ਤੇ ਹੋਲੀ ਹੋਲੀ ਕੁਲਵਿੰਦਰ ਤੋਂ ਸੇਬ ਖਾਣ ਲੱਗ ਪਈ

ਡਾਕਟਰ ਅਜੀਤ ਸਿੰਘ ਕੋਟਕਪੂਰਾ