*ਬਲੱਡ ਸੇਵਾ ਸੁਸਾਇਟੀ ਫਰੀਦਕੋਟ ਸ. ਇੰਦਰਜੀਤ ਸਿੰਘ ਖਾਲਸਾ ਯਾਦਗਰੀ ਅਵਾਰਡ ਨਾਲ ਸਨਮਾਨਿਤ
ਫ਼ਰੀਦਕੋਟ, 24 ਸਤੰਬਰ (ਗਿਆਨ ਸਿੰਘ) – ਬਾਬਾ ਫ਼ਰੀਦ ਜੀ ਦੇ 55ਵੇਂ ਆਗਮਨ ਪੁਰਬ 2024 ਦੇ ਆਖ਼ਰੀ ਦਿਨ ਵਿਸ਼ਾਲ ਨਗਰ-ਕੀਰਤਨ ਸਜਾਏ ਗਏ । ਗੁਰੂਦੁਆਰਾ ਗੋਦੜੀ ਸਾਹਿਬ ਅਤੇ ਬਾਬਾ ਫ਼ਰੀਦ ਸੁਸਾਇਟੀ ਫ਼ਰੀਦਕੋਟ ਦੇ ਪ੍ਰੈਜੀਡੈਂਟ ਸਿਮਰਜੀਤ ਸਿੰਘ ਸੇਖੋ ਅਤੇ ਸਮੂਹ ਮੈਂਬਰ ਸਾਹਿਬਾਨ ਦੀਪਇੰਦਰ ਸਿੰਘ ਸੇਖੋ ਸੀਨੀਅਰ ਵਾਈਸ ਪ੍ਰੈਜੀਡੈਂਟ, ਡਾ. ਗੁਰਇੰਦਰ ਮੋਹਨ ਸਿੰਘ ਪ੍ਰਬੰਧਕ ਅਤੇ ਖਜ਼ਾਨਚੀ, ਅੇਡਵੋਕੇਟ ਕੁਲਿੰਦਰ ਸਿੰਘ ਸੇਖੋ, ਜੇ ਪੀ ਅੇਸ ਵੈਹਣੀਵਾਲ ਸਾਬਕਾ ਅੇਡੀਸਨਲ ਜਿਲਾ ਸੈਸਨਜ ਜੱਜ, ਸੁਰਿੰਦਰ ਸਿੰਘ ਰੋਮਾਣਾ ਜਨਰਲ ਸੈਕਟਰੀ ਅਤੇ ਐਕਜੀਕਿਊਟਿਵ ਮੈਂਬਰਜ਼ ਚਰਨਜੀਤ ਸਿੰਘ ਸੇਖੋ, ਗੁਰਜਾਪ ਸਿੰਘ ਸੇਖੋ ਅਤੇ ਨਰਿੰਦਰਪਾਲ ਸਿੰਘ ਬਰਾੜ ਦੀ ਦੇਖ-ਰੇਖ ਹੇਠ ਗੁਰਦੁਆਰਾ ਟਿੱਲਾ ਬਾਬਾ ਫ਼ਰੀਦ ਜੀ ਵਿਖੇ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਸਜਾਏ ਗਏ ਇਹ ਵਿਸ਼ਾਲ ਨਗਰ-ਕੀਰਤਨ ਟਿੱਲਾ ਬਾਬਾ ਫ਼ਰੀਦ ਤੋਂ ਆਰੰਭ ਹੋਏ ਜੋ ਕਿ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਜਾ ਕੇ ਸਮਾਪਤ ਹੋਏ। ਜਿੱਥੇ ਅਲੌਕਿਕ ਦੀਵਾਨ ਸਜਾਏ ਗਏ। ਸਿਮਰਜੀਤ ਸਿੰਘ ਸੇਖੋ ਵੱਲੋਂ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਆਵਰਡ ਡਾ. ਐੱਸ. ਪੀ. ਐੱਸ. ਓਬਰਾਏ ਨੂੰ ਦਿੱਤਾ ਗਿਆ, ਜੋ ਆਪਣਾ ਕਾਰੋਬਾਰ ਤਾਂ ਦੁਬਈ ਵਿੱਚ ਕਰਦੇ ਹਨ ਪਰ ਸਮਾਜ ਸੇਵਾ ਪੂਰੇ ਦੁਨੀਆਂ ਵਿੱਚ ਕਰ ਰਹੇ ਹਨ।
ਉਹ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਚਲਾਉਂਦੇ ਹਨ ਜਿਸ ਦੀਆਂ ਬਰਾਂਚਾਂ ਸਾਰੇ ਜਿਲ੍ਹਾਂ ਹੈੱਡਕਆਰਟਰਾਂ ਵਿੱਚ ਹਨ ਅਤੇ ਕਈ ਥਾਵਾਂ ਤੇ ਤਹਿਸੀਲ ਪੱਧਰ ਤੱਕ ਵੀ ਯੂਨਿਟ ਸਫਲਤਾ ਪੂਰਵਕ ਸਮਾਜ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਹੋਰ ਵੀ ਬਹੁਤ ਰਾਜਾਂ ਹਿਮਾਚਲ, ਹਰਿਆਣਾ,ਰਾਜਸਥਾਨ ਆਦਿ ਵਿੱਚ ਉਹ ਸਮਾਜ ਸੇਵਾ ਦੇ ਕਾਰਜ ਕਰ ਰਹੇ ਹਨ। ਇਹ ਟਰੱਸਟ ਪਰਮਾਤਮਾ ਦੀ ਅਪਾਰ ਬਖਸ਼ਿਸ਼ ਨਾਲ ਇਮਾਨਦਾਰੀ, ਦਿੜ੍ਰਤਾ ਅਤੇ ਨਿਸ਼ਕਾਮ ਭਾਵਨਾ ਨਾਲ ਮਨੁੱਖਤਾ ਦੀ ਸੇਵਾ ਵਿੱਚ ਦਿਨ–ਰਾਤ ਲੱਗਿਆ ਹੋਇਆ ਹੈ। ਇਸ ਟਰੱਸਟ ਵੱਲੋਂ ਕਈ ਵਿਧਵਾਂ ਔਰਤਾਂ ਨੂੰ ਪੈਨਸ਼ਨ, ਕਈ ਬਿਮਾਰਾਂ ਦਾ ਇਲਾਜ, ਬੱਚਿਆ ਨੂੰ ਮੁਫਤ ਵਿੱਦਿਆ ਦਾਨ ਵਰਗੇ ਹੋਰ ਬਹੁਤ ਸਾਰੇ ਅਣਗਿਣਤ ਕਾਰਜ ਕੀਤੇ ਜਾ ਰਹੇ ਹਨ। ਗੁਰਦੁਆਰਾ ਗੋਦੜੀ ਸਾਹਿਬ ਵਿਖੇ ਸਮਾਗਮ ਵਿੱਚ ਸਟੇਜ ‘ਤੇ 1 ਲੱਖ ਰੁਪਏ ਦੀ ਨਗਦ ਰਾਸ਼ੀ, ਦੁਸ਼ਾਲਾ, ਸਿਰੋਪਾ ਅਤੇ ਸਾਈਟੇਸ਼ਨ ਦੇ ਕੇ ਓਬਰਾਏ ਨੂੰ ਸਨਮਾਨਿਤ ਕੀਤਾ ਗਿਆ।
ਬਾਬਾ ਫਰੀਦ ਬਲੱਡ ਸੇਵਾ ਸੁਸਾਇਟੀ ਨੂੰ ਇੰਦਰਜੀਤ ਸਿੰਘ ਖਾਲਸਾ ਯਾਦਗਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਤੇ ਆਗਮਨ ਪੁਰਬ ਮੌਕੇ ਕਰਵਾਏ ਗਏ ਵਿੱਦਿਅਕ ਮੁਕਾਬਲਿਆਂ ਵਿੱਚੋਂ ਜੇਤੂ ਵਿਦਿਆਰਥੀਆਂ ਨੂੰ 10000, 7000, 5000 ਅਤੇ 2100 ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਵਿਨੀਤ ਕੁਮਾਰ ਆਈ. ਏ. ਐੱਸ. ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਵਿਸ਼ੇਸ਼ ਮਹਿਮਾਨ ਅਤੇ ਕੁਸ਼ਲ ਪ੍ਰਬੰਧਕ ਵਜੋਂ ਸਨਮਾਨਿਤ ਕੀਤਾ ਗਿਆ। ਲੱਖਾਂ ਦੀ ਗਿਣਤੀ ਵਿੱਚ ਬਾਬਾ ਫਰੀਦ ਜੀ ਦੇ ਨਾਮਲੇਵਾ ਸ਼ਰਧਾਲੂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਪਹੁੰਚੇ। ਇਸ ਆਗਮਨ-ਪੁਰਬ ਨੂੰ ਸਫਲ ਬਣਾਉਣ ਲਈ ਇਲਾਕੇ ਦੀਆਂ ਵੱਖ-ਵੱਖ ਅਤੇ ਸਮਾਜਕ ਸੰਸਥਾਵਾਂ ਤੋਂ ਇਲਾਵਾ ਬਾਬਾ ਫਰੀਦ ਪਬਲਿਕ ਸਕੂਲ ਅਤੇ ਬਾਬਾ ਫ਼ਰੀਦ ਲਾਅ ਕਾਲਜ ਦੇ ਪ੍ਰਿੰਸੀਪਲ ਅਤੇ ਸਟਾਫ਼ ਨੇ ਮਹੱਤਵਪੂਰਨ ਸੇਵਾਵਾਂ ਨਿਭਾਈਆਂ । ਬਾਬਾ ਫ਼ਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਪ੍ਰੈਜੀਡੈਂਟ ਸਿਮਰਜੀਤ ਸਿੰਘ ਸੇਖੋ ਨੇ ਸਮੂਹ ਸੇਵਾਦਾਰਾਂ ਅਤੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜ-ਰੋਜ਼ਾ ਆਗਮਨ ਪੁਰਬ ਦੇ ਸਮੂਹ ਸਮਾਗਮ ਸਫ਼ਲਤਾਪੂਰਵਕ ਅਤੇ ਪੂਰੀ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਏ ਹਨ ।
ਬਾਬਾ ਫ਼ਰੀਦ ਜੀ ਦੀ ਅਪਾਰ ਬਖਸ਼ਿਸ਼ ਸਦਕਾ ਇਹ ਸਮਾਗਮ ਯਾਦਗਾਰੀ ਅਤੇ ਬੇਮਿਸਾਲ ਯਾਦਗਾਰੀ ਹੋ ਨਿੱਬੜੇ ਹਨ। ਉਹਨਾਂ ਨੇ ਸਮੂਹ ਮੈਂਬਰ ਸਾਹਿਬਾਨਾਂ, ਸੇਵਾਦਾਰਾਂ ਅਤੇ ਸੰਗਤਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਸ ਐੱਸ ਪੀ ਐੱਸ ਓਬਰਾਏ ਨੇ ਬਾਬਾ ਫਰੀਦ ਸੁਸਾਇਟੀ ਦਾ ਧੰਨਵਾਦ ਕਰਦਿਆਂ ਬਾਬਾ ਫਰੀਦ ਜੀ ਨੂੰ ਸਿਜ਼ਦਾ ਕਰਦੇ ਹੋਏ ਕਿਹਾ ਕਿ ਮਨੁੱਖਤਾ ਦੀ ਸੇਵਾ ਅਵਾਰਡ ਉਹਨਾਂ ਨੂੰ ਹੋਰ ਸਮਾਜ ਸੇਵਾ ਕਰਨ ਦਾ ਬਲ ਬਖਸੇਗਾ। ਵਨੀਤ ਕੁਮਾਰ ਡਿਪਟੀ ਕਮਿਸ਼ਨਰ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਜਿਨਾਂ ਸਰਧਾਲੂਆਂ ਲਈ ਸਹੂਲਤਾਂ ਪ੍ਰਦਾਨ ਕਰਨ ਲਈ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ। ਕੁਲਤਾਰ ਸਿੰਘ ਬਰਾੜ ਸਾਬਕਾ ਚੇਅਰਮੈਨ ਜਿਲਾ ਪ੍ਰੀਸ਼ਦ ਨੇ ਬਾਬਾ ਫਰੀਦ ਆਗਮਨ ਪੁਰਬ ਬਾਰੇ ਸੰਗਤਾਂ ਨੂੰ ਜਾਣੂੰ ਜਰਵਾਇਆ।ਮੰਚ ਦਾ ਸੰਚਾਲਨ ਪ੍ਰੋਫੈਸਰ ਦਲਬੀਰ ਸਿੰਘ ਨੇ ਬਾਖੂਬੀ ਕੀਤਾ। ਇਸ ਮੌਕੇ ਨਗਰ ਕੀਰਤਨ ਦੀ ਅਗਵਾਈ ਕਰਨ ਵਾਲੇ ਪੰਜ ਪਿਆਰਿਆਂ ਨੂੰ ਸਨਮਾਨਿਤ ਕੀਤਾ ਗਿਆ।