ਹੰਗਰੀ ਦੀ ਰਾਜਧਾਨੀ ਬੁਡਾਪੇਸਟ ਵਿਚ ਖੇਡੇ ਗਏ 45ਵੇਂ ਚੈੱਸ ਉਲੰਪਿਆਡ ਵਿਚ ਭਾਰਤ ਦੀ ਪ੍ਰਾਪਤੀ ਨੇ ਪੈਰਿਸ ਉਲੰਪਿਕ ਖੇਡਾਂ ਵਿਚ ਸੋਨ ਤਮਗਾ ਨਾ ਜਿੱਤ ਸਕਣ ਦਾ ਦਰਦ ਕਾਫੀ ਘਟਾ ਦਿੱਤਾ, ਜਦੋਂ ਐਤਵਾਰ ਭਾਰਤ ਨੇ ਮਰਦਾਂ ਤੇ ਮਹਿਲਾਵਾਂ ਦੇ ਮੁਕਾਬਲਿਆਂ ਵਿਚ ਸੋਨੇ ਦੇ ਤਮਗੇ ਜਿੱਤੇ। ਇਸ ਉਲੰਪਿਆਡ ਵਿਚ 195 ਦੇਸ਼ਾਂ ਦੀਆਂ 197 ਮਰਦਾਂ ਤੇ 181 ਦੇਸ਼ਾਂ ਦੀਆਂ 183 ਮਹਿਲਾਵਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਗਰੈਂਡ ਮਾਸਟਰ ਡੀ ਗੁਕੇਸ਼, ਅਰਜੁਨ ਐਰੀਗੇਸੀ ਤੇ ਆਰ ਪ੍ਰਗਯਾਨਾਨੰਦਾ ਨੇ ਓਪਨ ਵਰਗ ’ਚ ਸਲੋਵੇਨੀਆ ਖਿਲਾਫ ਗਿਆਰਵੇਂ ਦੌਰ ਵਿਚ ਆਪਣੇੇ ਮੈਚ ਜਿੱਤ ਕੇ ਸੋਨ ਤਮਗਾ ਜਿੱਤਿਆ, ਜਦਕਿ ਮਹਿਲਾਵਾਂ ਦੀ ਟੀਮ ਨੇ ਅਜ਼ਰਬਾਈਜਾਨ ਨੂੰ 3.5-0.5 ਨਾਲ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ। ਮਹਿਲਾਵਾਂ ਵਿਚ ਡੀ ਹਰਿਕਾ ਦ੍ਰੋਣਾਵੱਲੀ ਨੇ ਪਹਿਲੀ ਬਾਜ਼ੀ ਜਿੱਤੀ, ਆਰ ਵੈਸ਼ਾਲੀ ਰਮੇਸ਼ਬਾਬੂ ਬਰਾਬਰ ਖੇਡੀ ਤੇ ਵੰਤਿਕਾ ਅਗਰਵਾਲ ਨੇ ਜਿੱਤ ਹਾਸਲ ਕਰਕੇ ਸੋਨੇ ਦਾ ਤਮਗਾ ਪੱਕਾ ਕਰ ਦਿੱਤਾ।
ਇਸ ਤੋਂ ਪਹਿਲਾਂ ਭਾਰਤ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਸਿਰਫ ਦੋ ਕਾਂਸੀ ਤਮਗੇ ਜਿੱਤਣ ਦਾ ਰਿਹਾ ਹੈ। ਇਹ ਤਮਗੇ 2014 ਤੇ 2022 ਵਿਚ ਜਿੱਤੇ ਸਨ। ਸਾਬਕਾ ਸੋਵੀਅਤ ਯੂਨੀਅਨ 18 ਸੋਨੇ, ਅਮਰੀਕਾ 6 ਸੋਨੇ ਤੇ ਰੂਸ 6 ਸੋਨੇ ਦੇ ਤਮਗੇ ਜਿੱਤਣ ਵਾਲੇ ਹੁਣ ਤੱਕ ਦੇ ਸਭ ਤੋਂ ਕਾਮਯਾਬ ਦੇਸ਼ ਰਹੇ ਹਨ। ਚੈੱਸ (ਸ਼ਤਰੰਜ) ਉਲੰਪਿਆਡ ਉਲੰਪਿਕ ਖੇਡਾਂ ਵਰਗਾ ਹੀ। ਇਸ ਦਾ ਸਭ ਤੋਂ ਪਹਿਲਾ ਆਯੋਜਨ 1924 ਵਿਚ ਪੈਰਿਸ ਵਿਚ ਹੋਇਆ ਸੀ। ਉਸੇ ਸਾਲ ਉਲੰਪਿਕ ਖੇਡਾਂ ਦੀ ਸ਼ੁਰੂਆਤ ਹੋਈ ਸੀ। ਇਹ ਹਰ ਦੋ ਸਾਲ ਬਾਅਦ ਹੁੰਦਾ ਹੈ। ਟੂਰਨਾਮੈਂਟ ਵਿਚ ਭਾਰਤ ਨੇ ਨਾ ਸਿਰਫ ਮਰਦਾਂ ਤੇ ਮਹਿਲਾਵਾਂ ਦੇ ਟੀਮ ਈਵੈਂਟ ਵਿਚ ਸੋਨੇ ਤਮਗੇ ਜਿੱਤੇ, ਸਗੋਂ ਗੁਕੇਸ਼, ਅਰਜੁਨ, ਹਰਿਕਾ, ਦਿਵਿਆ ਦੇਸ਼ਮੁਖ ਤੇ ਵੰਤਿਕਾ ਨੇ ਵਿਅਕਤੀਗਤ ਸੋਨੇ ਦੇ ਤਮਗੇ ਵੀ ਜਿੱਤੇ। ਇਨ੍ਹਾਂ ਪ੍ਰਾਪਤੀਆਂ ਨੇ 2024 ਨੂੰ ਭਾਰਤੀ ਸ਼ਤਰੰਜ ਦਾ ਇਕ ਇਤਿਹਾਸਕ ਸਾਲ ਬਣਾ ਦਿੱਤਾ ਹੈ।