ਕੋਲੰਬੋ, 22 ਸਤੰਬਰ – ਖੱਬੇ-ਪੱਖੀ ਆਗੂ ਅਨੂਰਾ ਕੁਮਾਰਾ ਦੀਸਾਨਾਇਕੇ ਨੇ ਸ੍ਰੀਲੰਕਾ ਦੇ ਰਾਸ਼ਟਰਪਤੀ ਦੀ ਚੋਣ ਜਿੱਤ ਲਈ ਹੈ ਅਤੇ ਉਹ ਭਲਕੇ ਸੋਮਵਾਰ ਨੂੰ ਦੇਸ਼ ਦੇ ਨੌਵੇਂ ਰਾਸ਼ਟਰਪਤੀ ਵਜੋਂ ਹਲਫ਼ ਲੈਣਗੇ। ਚੋਣ ਕਮਿਸ਼ਨ ਨੇ ਇਤਿਹਾਸਕ ਦੂਜੇ ਗੇੜ ਤੱਕ ਖਿੱਚੀ ਵੋਟਾਂ ਦੀ ਗਿਣਤੀ ਮਗਰੋਂ ਦੀਸਾਨਾਇਕੇ ਨੂੰ ਜੇਤੂ ਐਲਾਨ ਦਿੱਤਾ ਹੈ। ਮਾਰਕਸਵਾਦੀ ਜਨਤਾ ਵਿਮੁਕਤੀ ਪੇਰਾਮੁਨਾ ਪਾਰਟੀ ਦੇ ਮੋਰਚੇ ਨੈਸ਼ਨਲ ਪੀਪਲਜ਼ ਪਾਵਰ (ਐੱਨਪੀਪੀ) ਦੇ ਆਗੂ ਦੀਸਾਨਾਇਕੇ (56) ਨੇ ਦੂਜੇ ਗੇੜ ਦੀ ਵੋਟਿੰਗ ਵਿੱਚ ਆਪਣੇ ਨਜ਼ਦੀਕੀ ਵਿਰੋਧੀ ਸਾਮਗੀ ਜਨ ਬਾਲਵੇਗਾਯਾ (ਐਸਜੇਬੀ) ਤੇ ਸਜਿਤ ਪ੍ਰੇਮਦਾਸਾ ਨੂੰ ਹਰਾ ਦਿੱਤਾ। ਉਹ ਮਾਰਕਸਵਾਦੀ ਪਾਰਟੀ ਦੇ ਪਹਿਲੇ ਨੇਤਾ ਹਨ ਜੋ ਦੇਸ਼ ਦੀ ਵਾਗਡੋਰ ਸੰਭਾਲ ਰਹੇ ਹਨ। ਮੌਜੂਦਾ ਰਾਸ਼ਟਰਪਤੀ ਰਾਨਿਲ ਵਿਕਰਮਾਸਿੰਘੇ ਪਹਿਲੇ ਗੇੜ ਦੀਆਂ ਵੋਟਾਂ ਦੀ ਗਿਣਤੀ ਵਿੱਚੋਂ ਹੀ ਬਾਹਰ ਹੋ ਗਏ ਸਨ।
ਉਹ ਚੋਟੀ ਦੇ ਦੋ ਉਮੀਦਵਾਰਾਂ ਵਿੱਚ ਥਾਂ ਬਣਾਉਣ ਵਿੱਚ ਨਾਕਾਮ ਰਹੇ। ਐੱਨਪੀਪੀ ਨੇ ਕਿਹਾ ਕਿ ਦੀਸਾਨਾਇਕੇ ਸੋਮਵਾਰ ਨੂੰ ਦੇਸ਼ ਦੇ ਨੌਵੇਂ ਰਾਸ਼ਟਰਪਤੀ ਵਜੋਂ ਹਲਫ਼ ਲੈਣਗੇ। ‘ਏਕੇਡੀ’ ਵਜੋਂ ਮਸ਼ਹੂਰ ਦੀਸਾਨਾਇਕੇ ਦੇ ਭ੍ਰਿਸ਼ਟਾਚਾਰ ਵਿਰੋਧੀ ਸੁਨੇਹੇ ਅਤੇ ਸਿਆਸੀ ਸਭਿਆਚਾਰ ਵਿੱਚ ਬਦਲਾਅ ਦੇ ਉਨ੍ਹਾਂ ਦੇ ਵਾਅਦੇ ਨੇ ਨੌਜਵਾਨ ਵੋਟਰਾਂ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਜੋ ਆਰਥਿਕ ਸੰਕਟ ਦੇ ਝੰਬੇ ਦੇਸ਼ ਵਿੱਚ ਬਦਲਾਅ ਦੀ ਮੰਗ ਕਰ ਰਹੇ ਸਨ। ਸ੍ਰੀਲੰਕਾ ਵਿੱਚ 2022 ਦੇ ਆਰਥਿਕ ਸੰਕਟ ਮਗਰੋਂ ਰਾਸ਼ਟਰਪਤੀ ਅਹੁਦੇ ਲਈ ਪਹਿਲੀ ਵਾਰ ਸ਼ਨਿਚਰਵਾਰ ਨੂੰ ਵੋਟਾਂ ਪਈਆਂ ਸਨ। ਇਸ ਦੌਰਾਨ ਰਾਸ਼ਟਰਪਤੀ ਚੁਣੇ ਗਏ ਦੀਸਾਨਾਇਕੇ ਨੂੰ ਸੰਬੋਧਨ ਕਰਦਿਆਂ ਰਾਨਿਲ ਵਿਕਰਮਾਸਿੰਘੇ (75) ਨੇ ਕਿਹਾ, ‘‘ਰਾਸ਼ਟਰਪਤੀ ਅਨੁਰਾ ਦਿਸਾਨਾਇਕ, ਮੈਂ ਪਿਆਰੇ ਸ੍ਰੀਲੰਕਾ ਦੀ ਦੇਖਭਾਲ ਲਈ ਤੁਹਾਡੇ ਹਵਾਲੇ ਕਰ ਰਿਹਾ ਹਾਂ।’’ ਆਰਥਿਕ ਸੰਕਟ ਦੇ ਮੱਦੇਨਜ਼ਰ ਵੱਡੇ ਪੱਧਰ ’ਤੇ ਵਿਰੋਧ ਪ੍ਰਦਰਸ਼ਨਾਂ ਕਾਰਨ ਗੋਟਬਾਯਾ ਰਾਜਪਕਸ਼ੇ ਨੂੰ ਸੱਤਾ ਤੋਂ ਬੇਦਖ਼ਲ ਕੀਤੇ ਜਾਣ ਮਗਰੋਂ ਇਹ ਪਹਿਲੀਆਂ ਚੋਣਾਂ ਸਨ।
ਇਸ ਤੋਂ ਪਹਿਲਾਂ, ਚੋਣ ਕਮਿਸ਼ਨ ਨੇ ਇਨ੍ਹਾਂ ਚੋਣਾਂ ਵਿੱਚ ਕਿਸੇ ਵੀ ਉਮੀਦਵਾਰ ਨੂੰ ਜਿੱਤ ਲਈ ਲੋੜੀਂਦੀਆਂ 50 ਫੀਸਦ ਤੋਂ ਵੱਧ ਵੋਟਾਂ ਨਾ ਮਿਲਣ ਮਗਰੋਂ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਦੂਸਰੇ ਗੇੜ ਦੀਆਂ ਵੋਟਾਂ ਦੀ ਗਿਣਤੀ ਕਰਵਾਉਣ ਦਾ ਆਦੇਸ਼ ਦਿੱਤਾ ਸੀ। ਸ੍ਰੀਲੰਕਾ ਵਿੱਚ ਵੋਟਾਂ ਦੀ ਗਿਣਤੀ ਕਦੇ ਵੀ ਦੂਜੇ ਗੇੜ ਤੱਕ ਨਹੀਂ ਪਹੁੰਚੀ ਕਿਉਂਕਿ ਪਹਿਲੇ ਗੇੜ ਵਿੱਚ ਤਰਜੀਹੀ ਆਧਾਰ ’ਤੇ ਕੋਈ ਨਾ ਕੋਈ ਉਮੀਦਵਾਰ ਜਿੱਤਦਾ ਰਿਹਾ ਹੈ। ਸ੍ਰੀਲੰਕਾ ਦੀ ਰਾਸ਼ਟਰਪਤੀ ਚੋਣ ਵਿੱਚ ਦਰਜਾ ਆਧਾਰਿਤ ਵੋਟ ਪ੍ਰਣਾਲੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤਹਿਤ ਵੋਟਰ ਤਰਜੀਹ ਦੇ ਆਧਾਰ ’ਤੇ ਵੱਧ ਤੋਂ ਵੱਧ ਤਿੰਨ ਉਮੀਦਵਾਰਾਂ ਨੂੰ ਸ਼੍ਰੇਣੀਬੱਧ ਕਰਦੇ ਹਨ। ਜੇ ਕਿਸੇ ਉਮੀਦਵਾਰ ਨੂੰ ਪਹਿਲੀ ਪਸੰਦ ਵਜੋਂ 50 ਫੀਸਦੀ ਤੋਂ ਵੱਧ ਵੋਟਾਂ ਯਾਨੀ ਪੂਰਨ ਬਹੁਮਤ ਮਿਲਦਾ ਹੈ ਤਾਂ ਉਹ ਜੇਤੂ ਐਲਾਨ ਦਿੱਤਾ ਜਾਂਦਾ ਹੈ।