
ਗ਼ਜ਼ਲ
ਜਿਨ੍ਹਾਂ ਦੇ ਸਭ ਗਿਲੇ-ਸ਼ਿਕਵੇ,ਅਸੀਂ ਹੱਸ ਕੇ ਭੁਲਾਏ ਨੇ।
ਉਨ੍ਹਾਂ ਅੱਜ ਫੇਰ ਸਾਡੇ ‘ਤੇ, ਨਵੇਂ ਇਲਜ਼ਾਮ ਲਾਏ ਨੇ।
ਮੁਹੱਬਤ ਦਾ ਸਬੱਬ ਬਣਿਆ,ਉਨ੍ਹਾਂ ਦਾ ਮੁਸਕੁਰਾਉਣਾ ਸੀ।
ਫਿਰ ਉਸ ਤੋਂ ਬਾਅਦ ਨ ਪੁੱਛੋ,ਕਿਹੜੇ ਜ਼ਲਵੇ ਦਿਖਾਏ ਨੇ।
ਪਿਆਰਾਂ ਦੇ ਮਹਿਲ ਇਤਿਹਾਸ ਵਿੱਚ,ਮਿਲਦੇ ਟਿਕਾਊ ਨਈਂ।
ਕਦੇ ਤੋੜੇ ਹਾਲਾਤਾਂ ਨੇ, ਕਦੇ ਲੋਕਾਂ ਨੇ ਢਾਏ ਨੇ।
ਜਿਨ੍ਹਾਂ ਦੀ ਛਾਂ ਨਹੀਂ ਗੂੜ੍ਹੀ,ਨਾ ਫਲ਼ ਲਗਦੇ ਕਿਸੇ ਕੰਮ ਦੇ।
ਬਜ਼ੁਰਗਾਂ ਨੇ ਏ ਕਿਹੜੀ ਸੋਚ ਦੇ, ਬੂਟੇ ਲਗਾਏ ਨੇ।
ਜੇ ਆਦਤ ਹੈ ਗੁਲਾਮੀ ਦੀ,ਬਦਲਣਾ ਬਹੁਤ ਔਖਾ ਹੈ।
ਕਬੂਤਰ ਉਡ ਕੇ ਅੰਬਰ ਤਕ, ਪਰਤ ਛਤਰੀ ਤੇ ਆਏ ਨੇ।
ਜਿਨ੍ਹਾਂ ਨੂੰ ਸਮਝ ਆ ਜਾਂਦਾ,ਆਜ਼ਾਦੀ ਚੀਜ਼ ਕੀ ਹੁੰਦੀ।
ਓਹ ਤੋਤੇ ਚੂਰੀਆਂ ਖ਼ਾਤਰ,ਨਾ ਮੁੜ ਪਿੰਜਰੇ ‘ਚ ਆਏ ਨੇ।
ਵਫ਼ਾਦਾਰੀ ਤਾਂ ਕੁੱਤਿਆਂ ਦੀ ਵੀ,ਸੁਣਦੇ ਹਾਂ ਬਹੁਤ ਐਪਰ!
ਉਨ੍ਹਾਂ ਨੂੰ ਵੱਢ ਜਾਂਦੇ ਨੇ, ਜਿਨ੍ਹਾਂ ਵੱਢਣਾ ਸਿਖਾਏ ਨੇ।
ਮੈਂ ਸੁਣਿਆ ਹੈ ਵਕੀਲਾਂ ਨਾਲ,ਵੀ ਓਹ ਕਰ ਗਏ ਕਾਰਾ।
ਜਿਹੜੇ ਮੁਜ਼ਰਮ ਦਲੀਲਾਂ ਦੇ,ਬਹਿਸ ਕਰਕੇ ਛੁਡਾਏ ਨੇ।
ਜਿਨ੍ਹਾਂ ਦੀ ਸੋਚ ਕੱਟੜ ਹੈ,ਤਰਕ ਨਾ ਸਮਝਦੇ ‘ਮਹਿਮੀ’
ਅਸਾਡੇ ਪਿਆਰ ‘ਤੇ ਉਨ੍ਹਾਂ,ਸਖ਼ਤ ਲਹਿਜੇ ਦਿਖਾਏ ਨੇ।